Sunday, June 28, 2009
ਮਿੱਟੀ ਦੇ ਸਾਂਚਿਆਂ ‘ਚ ਢੱਲਦੀਆਂ ਜ਼ਿੰਦਗੀਆਂ
ਫਲੈਟਾਂ ‘ਚ,ਪੱਕੇ ਘਰਾਂ ‘ਚ ਰਹਿਣ ਨੂੰ ਕਿਸਦਾ ਦਿਲ ਨਹੀਂ ਕਰਦਾ,ਬਾਬੂ ਜੀ,ਸਾਡਾ ਵੀ ਵਧੇਰਾ ਦਿਲ ਕਰਦਾ ਹੈ,ਪੱਕੇ ਘਰਾਂ ‘ਚ ਰਹਿਣ ਨੂੰ,ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਪਰ ਕੀ ਕਰੀਏ। ਸਾਡੇ ਪਰਿਵਾਰ ਦੇ ਸਾਰੇ ਦੇ ਸਾਰੇ ਮੈਂਬਰ ਮਿੱਟੀ ਨਾਲ ਮਿੱਟੀ ਹੋ ਕੇ ਮੁਸ਼ਕਿਲ ਨਾਲ ਢਿੱਡ ਭਰਨ ਜੋਗਾ ਪੈਸਾ ਕਮਾਉਂਦੇ ਹਨ।ਸਾਡਾ ਕੋਈ ਪੱਕਾ ਠਿਕਾਣਾ ਨਹੀਂ ਹੈ।
ਕਦੇ ਇੱਥੇ ਅਤੇ ਕਦੇ ਹੋਰ ਕੋਈ ਜਗ੍ਹਾ ਫੁੱਟਪਾਥ ‘ਤੇ ਬੈਠ ਕੇ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰੀ ਜਾਂਦੇ ਹਾਂ।ਜਦੋਂ ਕਿਸੇ ਦਿਲ ਕਰਦਾ,ਸਾਡਾ ਬੋਰੀਆ ਬਿਸਤਰਾ ਚੁਕਵਾ ਦਿੰਦੇ ਨੇ,15 ਸਾਲ ਹੋ ਗਏ ਮੈਨੂੰ ਰਾਜਸਥਾਨ ਤੋਂ ਮੱਧ ਪ੍ਰਦੇਸ਼ ਆਇਆਂ ਅਤੇ ਉਦੋਂ ਤੋਂ ਕਦੇ ਉਜੈਨ,ਦੇਵਾਸ ਅਤੇ ਹੁਣ ਫ਼ਿਰ ਇੰਦੌਰ ਦੇ ਫੁਟਪਾਥਾਂ ‘ਤੇ ਧੰਦਾ ਕਰਕੇ ਰੋਟੀ ਜੁਗਾੜ ਕਰਦਾ ਆ ਰਿਹਾ ਹਾਂ।
ਇਹ ਗੱਲਾਂ ਦਸ਼ਹਰਾ ਮੈਦਾਨ ਦੇ ਫੁੱਟਪਾਥ ‘ਤੇ ਆਪਣੀ ਕਲਾ ਨਾਲ ਮਿੱਟੀ ਦੇ ਸਾਂਚਿਆ ਨਾਲ ਬਣੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਲਿਸ਼ਕਾਉਣ ਅਤੇ ਆਪਣੇ ਦਿਲ ‘ਚ ਪੱਕੇ ਘਰਾਂ ‘ਚ ਰਹਿਣ ਦੀਆਂ ਆਪਣੀਆਂ ਖੁਆਇਸ਼ਾਂ ਨੂੰ ਸੰਜੋਈ ਬੈਠੇ ਵਿਜੇ ਰਾਮ ਨੇ ਉਦਾਸੀ ਭਰੇ ਲਫ਼ਜ਼ਾਂ ‘ਚ ਕਹੀਆਂ,ਜਿਹੜਾ ਕਿ ਰਾਜਸਥਾਨ ਤੋਂ ਇਹ ਕਲਾ ਸਿੱਖਕੇ 15 ਸਾਲ ਪਹਿਲਾਂ ਮੱਧਪ੍ਰਦੇਸ਼ ‘ਚ ਆਇਆ ਸੀ ਪਰੰਤੂ ਸਰਕਾਰਾਂ ਦੁਆਰਾ ਇਨ੍ਹਾ ਵੱਲ ਨਾ ਦਿੱਤੇ ਗਏ ਧਿਆਨ ਕਾਰਣ ਅੱਜ ਵੀ ਆਪਣੀ ਜ਼ਿੰਦਗੀ ਦੇ ਹਰ ਪਲ ਨੂੰ ਮਿੱਟੀ ਦੇ ਦੇਵਤਿਆਂ ਦੀਆਂ ਮੂਰਤੀਆਂ ਦੇ ਸਾਂਚਿਆਂ ਨੂੰ ਲਿਸ਼ਕਾ ਕੇ ਕਈ ਸ਼ਹਿਰਾਂ ਦੇ ਫੁੱਟਪਾਥਾਂ ‘ਤੇ ਕੰਮ ਕਰ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਮਜ਼ਬੂਰ ਹੈ।
ਹੱਥ ਕਲਾ ਨਾਲ ਮਿੱਟੀ ਦੀਆ ਸਾਂਚੇ ‘ਚ ਢਲੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਡਿਜ਼ਾਇਨਾਂ ਨਾਲ ਨਿਖਾਰਨ ਵਾਲੇ ਇਸ ਕਲਾਕਾਰ ਦਾ ਕਹਿਣਾ ਹੈ ਕਿ ਬਚਪਨ ਮੇਰਾ ਰਾਜਸਥਾਨ ਦੇ ਜੋਧਪੁਰ ਜਿਲ੍ਹੇ ਦੇ ਪਾਲਿਕਾ ‘ਚ ਬੀਤਿਆ,ਜਿੱਥੇ ਸਾਡੀ ਥੋੜ੍ਹੀ ਬਹੁਤੀ ਜ਼ਮੀਨ ਸੀ ਪਰ ਜ਼ਮੀਨ ਤੋਂ ਜ਼ਿਆਦਾ ਆਮਦਨ ਹੋਣ ਕਾਰਣ ਪਤਾ ਹੀ ਨਹੀਂ ਚੱਲਿਆ ਮੁੱਠੀ ਵਿੱਚੋਂ ਮਿੱਟੀ ਦੀ ਤਰ੍ਹਾਂ ਜ਼ਮੀਨ ਕਿਸ ਵੇਲੇ ਨਿਕਲ ਗਈ ਅਤੇ ਸਾਡੇ ਘਰਾਂ ‘ਚ ਦਾਦਾ ਜੀ ਮਾਲਾ ਰਾਮ ਭਾਂਡੇ ਬਨਾਉਣ ਦਾ ਕੰਮ ਕਰਦੇ ਸਨ।
ਬਚਪਨ ‘ਚ ਮੈਂ ਅਤੇ ਮੇਰਾ ਭਰਾ ਰਘੂਨਾਥ ਮੁਸ਼ਕਿਲ ਨਾਲ ਅੱਠ ਜਮਾਤਾਂ ਪੜ੍ਹ ਗਏ ਅਤੇ ਭਾਂਡੇ ਬਨਾਉਣਾ ਸਿੱਖ ਗਏ।ਇਸ ਤੋਂ ਇਲਾਵਾ ਥੋੜ੍ਹਾ ਬਹੁਤ ਮੂਰਤੀਆਂ ਨੂੰ ਡਿਜ਼ਾਇਨ ਕਰਨ ਸਿੱਖੇ।ਮੇਰਾ ਭਰਾ ਰਘੂਨਾਥ ਵੀ ਉਸ ਸਮੇਂ ਤੋਂ ਹੀ ਮੇਰੇ ਨਾਲ ਜਗ੍ਹਾ ਭਟਕ ਇਹ ਕੰਮ ਕਰੀ ਜਾਂਦਾ ਹੈ ਪਰੰਤੂ ਹੁਣ ਤਾਂ ਇੰਝ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਹੀ ਮਿੱਟੀ ਦੀਆਂ ਮੂਰਤੀਆਂ ਦੇ ਸਾਂਚਿਆਂ ਨੂੰ ਡਿਜ਼ਾਇਨ ਕਰਨ ‘ਚ ਢੱਲਦੀ ਜਾ ਰਹੀ ਹੈ।
ਪੱਛਮੀ ਬੰਗਾਲ,ਰਾਜਸਥਾਨ,ਗੁਜਰਾਤ ਅਤੇ ਮਹਾਰਾਸ਼ਟਰ ਤੋਂ ਇਲਾਵਾ ਹੋਰ ਵੀ ਕਈ ਰਾਜਾਂ ਤੋਂ ਲੋਕ ਇੱਥੇ ਝੋਂਪੜੀਆਂ ਬਣਾ ਕੇ ਵੱਸ ਗਏ ਹਨ।ਕਲਕੱਤਾ (ਪੱਛਮੀ ਬੰਗਾਲ),ਗਾਂਧੀਨਗਰ ,ਅਹਿਮਦਾਬਾਦ (ਗੁਜਰਾਤ),ਬੰਬਈ,ਪੂਣੇ (ਮਹਾਰਾਸ਼ਟਰ) ਅਤੇ ਇੰਦੌਰ,ਭੋਪਾਲ (ਮੱਧਪ੍ਰਦੇਸ਼) ‘ਚ ਇਹ ਕੰਮ ਥੋੜ੍ਹਾ ਚੰਗਾ ਚੱਲ ਜਾਂਦਾ ਹੈ।
ਰਾਜਸਥਾਨ ‘ਚ ਜੈਪੁਰ,ਜੋਧਪੁਰ ‘ਚ ਵੀ ਇਹ ਕਾਫ਼ੀ ਕੰਮ ਕੀਤਾ ਜਾਂਦਾ ਹੈ,ਇਸ ਲਈ ਸਾਨੂੰ ਇਧਰ ਮੱਧਪ੍ਰਦੇਸ਼ ਵੱਲ ਕੂਚ ਕਰਨਾ ਪਿਆ।ਪਹਿਲਾਂ ਅਸੀਂ ਰਾਜਸਥਾਨ ਤੋਂ ਜਾਂ ਪੱਛਮੀ ਬੰਗਾਲ ਦੇ ਇਹ ਲੋਕ ਕਲਕੱਤਾ ਆਦਿ ਤੋਂ ਮਿੱਟੀ ਦੇ ਸਾਂਚੇ ਲਿਆਉਂਦੇ ਹਨ,ਜਿਹਨਾਂ ਨੂੰ ਅਸੀਂ ਡਿਜ਼ਾਇਨ ਕਰਨਾ ਹੁੰਦਾ ਹੈ ਪਰੰਤੂ ਉੱਥੋਂ ਸਾਂਚੇ ਲਿਆਉਣ ‘ਤੇ ਕਾਫ਼ੀ ਪੈਸਾ ਖਰਚ ਆ ਜਾਂਦਾ ਹੈ,ਜਿਸ ਕਾਰਣ ਇਨ੍ਹਾ ਦੀ ਲਾਗਤ ਵੱਧ ਜਾਂਦੀ ਹੈ।ਗ੍ਰਾਹਕਾਂ ਤੋਂ ਮਸਾਂ ਗੁਜ਼ਾਰੇ ਜੋਗੇ ਪੈਸੇ ਮਿਲਦੇ ਹਨ,ਕਈ ਵਾਰੀ ਤਾਂ ਮੂਰਤੀ ਵਿੱਕਦੀ ਹੀ ਨਹੀਂ ਅਤੇ ਤਦ ਸਾਨੂੰ ਨਿਰਾਸ਼ਾ ਦੇ ਆਲਮ ‘ਚੋਂ ਗੁਜ਼ਰਨਾ ਪੈਂਦਾ ਹੈ ਪਰੰਤੂ ਇਹ ਜਰੂਰ ਹੈ ਕਿ ਗਣੇਸ਼ ਚਤੁਰਥੀ ਜਾਂ ਦੁਰਗਾ ਮਾਤਾ ਦੇ ਤਿਉਹਾਰ ‘ਤੇ ਮੂਰਤੀਆਂ ਚੰਗੇ ਦਾਮਾਂ ‘ਤੇ ਵਿਕ ਜਾਂਦੀਆਂ ਹਨ ।
ਸਾਡੇ ਬੱਚਿਆਂ ਦੀਆਂ ਵੀ ਖਾਇਸ਼ਾਂ ਹਨ,ਕੁੱਝ ਕਰਨ,ਉਹ ਵੀ ਖੇਡਣਾ ਚਾਹੁੰਦੇ ਹਨ,ਪੜ੍ਹਣਾ ਚਾਹੁੰਦੇ ਹਨ ਅਤੇ ਘੁੰਮਣਾ ਚਾਹੁੰਦੇ ਹਨ ਪਰੰਤੂ ਉਨ੍ਹਾ ਦਾ ਬਚਪਨ ਵੀ ਸਾਡੇ ਨਾਲ ਖੱਜਲ ਖੁਆਰ ਹੋਣ ‘ਚ ਬੀਤ ਰਿਹਾ ਹੈ।ਸਰਕਾਰ ਦੁਆਰਾ ਸਾਖਰਤਾ ਅਭਿਆਨ ਤਾਂ ਚਲਾਇਆ ਜਾਂਦਾ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਪਰੰਤੂ ਸਾਡੇ ਬੱਚਿਆਂ ਨੂੰ ਤਾਂ ਕਦੇ ਪੜ੍ਹਾਉਣ ਜਾਂ ਸਕੂਲ ‘ਚ ਲਗਾਉਣ ਲਈ ਕਿਸੇ ਦੁਆਰਾ ਪੁੱਛਿਆ ਨਹੀਂ ਗਿਆ।ਸਰਕਾਰੀ ਸਕੂਲ ‘ਚ ਮੈਂ ਇਹ ਛੇ ਸਾਲਾ ਬੱਚੇ ਨੂੰ ਲਗਾਉਣਾ ਸੀ ਪਰੰਤੂ ਸਕੂਲ ਵਾਲੇ ਕਹਿੰਦੇ ਪਹਿਚਾਣ ਪੱਤਰ ਲਿਆਉ।ਹੁਣ ਨਗਰ ਨਿਗਮ ‘ਚ ਸਾਨੂੰ ਗਰੀਬਾਂ ਨੂੰ ਪਤਾ ਨਹੀਂ ਕੋਈ ਪਹਿਚਾਣ ਪੱਤਰ ਕਿਨ੍ਹੇ ਸਮੇਂ ‘ਚ ਦੇਵੇਗਾ,ਮਿਲੇਗਾ ਜਾਂ ਨਹੀਂ।
ਹੱਥ ਕਲਾ ਦੇ ਮਾਹਿਰ ਵਿਜੇ ਵਰਗੇ ਪਤਾ ਨਹੀਂ ਹਜ਼ਾਰਾਂ ਹੀ ਮੱਧਪ੍ਰਦੇਸ਼ ਤੋਂ ਇਲਾਵਾ ਹੋਰ ਕਈ ਰਾਜਾਂ ‘ਚ ਕਈ-ਕਈ ਸਾਲਾਂ ਤੋਂ ਭਟਕ ਰਹੇ ਹਨ ਪਰੰਤੂ ਆਪਣੇ ਦਿਲਾਂ ‘ਚ ਪੱਕੇ ਘਰਾਂ ਦੇ ਸੁਪਨੇ ਸੰਜੋਈ ਜ਼ਿੰਦਗੀ ਦੇ ਹਰ ਪਲ ਨੂੰ ਸਾਂਚਿਆਂ ਨੂੰ ਡਿਜ਼ਾਇਨ ਕਰਨ ਲਈ ਮਜ਼ਬੂਰ ਹਨ।ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਰਵ ਸਿੱਖਿਆ ਅਭਿਆਨ ਦੀ ਮੁਹਿੰਮ ਤਹਿਤ ਇਨ੍ਹਾ ਬੱਚਿਆਂ ਨੂੰ ਸਕੂਲਾਂ ‘ਚ ਦਾਖਲੇ ਅਤੇ ਕਿਤਾਬਾਂ ਮੁਹੱਈਆ ਕਰਵਾਵੇ ਤਾਂ ਜੋ ਉਹ ਬੱਚਿਆਂ ਦੇ ਹੱਥਾਂ ‘ਚ ਬੁਰੱਸ਼ ਦੀ ਜਗ੍ਹਾ ਕਿਤਾਬਾਂ ਹੋਣ ਅਤੇ ਉਨ੍ਹਾ ਦਾ ਭਵਿੱਖ ਰੋਸ਼ਨੀ ਨਾਲ ਭਰ ਜਾਵੇ।
ਕਲਾਕਾਰ ਨੇ ਕਿਹਾ ਕਿ ਸਰਕਾਰਾਂ ਚਾਹੁਣ ਤਾਂ ਕੀ ਨਹੀਂ ਕਰ ਸਕਦੀਆਂ।ਉਹ ਨੈਸ਼ਨਲ ਰੁਜ਼ਗਾਰ ਗਾਰੰਟੀ ਸਕੀਮ (ਨਰੇਗਾ) ਵਰਗੀਆਂ ਸਕੀਮਾਂ ਸ਼ੁਰੂ ਕਰ ਜਾਂ ਘਰੇਲੂ ਉਦਯੋਗ ਲਗਵਾ ਸਕਦੀਆਂ ਹਨ,ਜਿਸ ਨਾਲ ਸਾਨੂੰ ਰੁਜ਼ਗਾਰ ਮਿਲੇਗਾ ਅਤੇ ਅਸੀਂ ਆਪਣੇ ਸਥਾਈ ਘਰਾਂ ‘ਚ ਰਹਿਣ ਦੇ ਸੁਪਨਿਆਂ ਨੂੰ ਪੂਰ੍ਹਾ ਕਰ ਸਕਾਂਗੇ,ਆਪਣੇ ਬੱਚਿਆਂ ਨੂੰ ਪੜ੍ਹਾ ਸਕਾਂਗੇ ਅਤੇ ਉਹ ਵੀ ਆਪਣੇ ਸੁਪਨੇ ਦੀਆਂ ਉਡਾਨਾਂ ਭਰ ਨੂੰ ਪੂਰ੍ਹਾ ਕਰ ਸਕਣ।
ਹਰਕ੍ਰਿਸ਼ਨ ਸ਼ਰਮਾਂ
098939-33321
ਇੰਦੌਰ (ਮੱਧਪ੍ਰਦੇਸ਼)
Friday, June 12, 2009
ਕੌਮੀ ਸਿਆਸਤ ‘ਚ ਸਮੀਕਰਣ ਵਿਗੜੇ
ਰਾਸ਼ਟਰੀ ਸਿਆਸਤ ‘ਚ ਲੋਕਸਭਾ ਸੀਟਾਂ ‘ਤੇ ਪਾਰਟੀਆਂ ਲਈ ਵਿਗੜੇ ਸਮੀਕਰਣਾਂ ਨੇ ਕਹਿਣ ਕਹਾਉਣ ਵਾਲੇ ਲੀਡਰਾਂ ਦੀ ਹਾਲਤ ਪਤਲੀ ਕਰ ਦਿੱਤੀ ਹੈ,ਯੂਪੀਏ ਨੇ ਦੇਸ਼ ਦੇ ਹਰ ਰਾਜ ‘ਚ ਕ੍ਰਿਸ਼ਮਾਈ ਲੋਕਸਭਾ ਸੀਟਾਂ ਹਾਸਿਲ ਕਰਦਿਆਂ ਬਹੁਮਤ ਲਈ 272 ਸੀਟਾਂ ਦੇ ਨਜ਼ਦੀਕੀ ਅੰਕੜੇ 274 ਨੂੰ ਪ੍ਰਾਪਤ ਕਰ ਲਿਆ,ਜਿਸ ਨਾਲ ਕਾਂਗਰਸ ਸਰਕਾਰ ਹੁਣ ਆਪਣੀ ਸਰਕਾਰ ਬਨਾਉਣ ਲਈ ਤਿਆਰ ਬੈਠੀ ਹੈ ਅਤੇ 22 ਮਈ ਨੂੰ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਦੁਆਰਾ ਪ੍ਰਧਾਨਮੰਤਰੀ ਅਹੁਦੇ ‘ਤੇ ਸੌਂਹ ਚੁੱਕ ਲੈਣਗੇ।
ਚੋਣਾਂ ਦੇ ਆਏ ਨਤੀਜਿਆਂ ਤੋਂ ਕਹਿਣ ਕਹਾਉਣ ਵਾਲੇ ਨੇਤਾ ਵੀ ਹੱਕੇ ਬੱਕੇ ਰਹਿ ਗਏ ਹਨ,ਕਾਂਗਰਸ ਤੋਂ ਬਿਨ੍ਹਾ ਕੋਈ ਵੀ ਪਾਰਟੀ ਜਨਤਾ ‘ਚ ਆਪਣਾ ਜ਼ਿਆਦਾ ਰਸੂਖ ਨਾ ਦਿਖਾ ਸਕੀ।ਕਾਂਗਰਸ ਸਭ ਤੋਂ ਮਜ਼ਬੂਤ ਪਾਰਟੀ ਬਣਕੇ ਉੱਭਰੀ ਹੈ,ਜਦੋਂਕਿ ਕੌਮੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਮੇਤ ਖੇਤਰੀ ਰਾਸ਼ਟਰੀ ਜਨਤਾ ਦਲ ਪਾਰਟੀ (ਰਾਜਦ),ਭਾਰਤੀ ਕਮਿਊਨਿਸਟ ਆਫ਼ ਇੰਡੀਆ (ਸੀਪੀਆਈ), ਸ਼ਿਵ ਸੈਨਾ ਆਦਿ ਪਾਰਟੀਆਂ ਵੀ ਇਸ ਵਾਰ ਕੋਈ ਜ਼ਿਆਦਾ ਕਮਾਲ ਨਾ ਦਿਖਾ ਸਕੀਆਂ,ਜਿਸ ਕਾਰਣ ਹੁਣ ਉਹ ਚੋਣ ਪ੍ਰਚਾਰ ਦੌਰਾਨ ਰਹਿ ਗਈਆਂ ਕਮੀਆਂ ‘ਤੇ ਵਿਚਾਰ ਵਟਾਂਦਰਾ ਕਰ ਰਹੇ ਹਨ।
ਅਡਵਾਨੀ ਬਨਾਮ ਮਨਮੋਹਨ ਸਿੰਘ
ਦੇਸ਼ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਕੌਮੀ ਪਾਰਟੀਆਂ ਸਪ੍ਰੰਗ ਅਤੇ ਭਾਜਪਾ ਹੀ ਆਹਮਣੇ ਸਾਹਮਣੇ ਦਿਖਦੀਆਂ ਰਹੀਆਂ ਹਨ,ਇਸ ਤੋਂ ਇਲਾਵਾ ਤੀਜੇ ਮੋਰਚੇ ਦੇ ਰੂਪ ‘ਚ ਜਾਂ ਕੁੱਝ ਖੇਤਰੀ ਪਾਰਟੀਆਂ ਨੇ ਕੇਂਦਰ ‘ਚ ਬੈਠਣ ਲਈ ਕਾਫ਼ੀ ਹੰਗਾਮਾ ਕੀਤਾ ਅਤੇ ਤੀਜਾ ਮੋਰਚਾ ਵੀ ਬਣਾਇਆ ਗਿਆ ਪਰੰਤੂ ਲੋਕਸਭਾ ਸੀਟਾਂ ਦੇ ਨਤੀਜਿਆਂ ਦੇ ਆਉਣ ਨਾਲ ਹੀ ਸਾਰੀਆਂ ਪਾਰਟੀਆਂ ਦੇ ਸਮੀਕਰਣ ਵਿਗੜ ਗਏ ਅਤੇ ਸਪ੍ਰੰਗ (ਸੰਯੁਕਤ ਪ੍ਰਗਤੀਸ਼ੀਲ ਗਠਬੰਧਨ) ਉੱਭਰਕੇ ਸਾਹਮਣੇ ਆਇਆ।
ਸਿਆਸਤ ‘ਚ ਖੁੱਭੇ ਨੇਤਾਵਾਂ ਦੁਆਰਾ ਚੋਣ ਪ੍ਰਚਾਰ ਦੌਰਾਨ ਦਿੱਤੇ ਭਾਜੜਾਂ ਦੀ ਉਸ ਸਮੇਂ ਫੂਕ ਨਿਕਲ ਗਈ,ਜਦੋਂ ਚੋਣ ਨਤੀਜਿਆਂ ਨਾਲ ਸਮੀਕਰਣ ਹੀ ਵਿਗੜ ਗਏ।ਇਨ੍ਹਾ ਚੋਣਾਂ ‘ਚ ਸਭ ਤੋਂ ਵੱਡਾ ਧੱਕਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨਮੰਤਰੀ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਲੱਗਾ ਕਿਉਂਕਿ ਇਨ੍ਹਾ ਚੋਣਾਂ ਦੇ ਹਾਰਨ ਨਾਲ ਹੀ ਉਨ੍ਹਾ ਦਾ ਪ੍ਰਧਾਨਮੰਤਰੀ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਅਤੇ ਅੱਜਕਲ੍ਹ ਉੱਖੜੇ-ਉੱਖੜੇ ਜਿਹੇ ਦਿਖ ਰਹੇ ਹਨ।
ਹੁਣ ਉੱਖੜਕੇ ਵੀ ਕੀ ਬਣਦਾ ਹੈ,ਇਸ ‘ਤੇ ਇਹ ਕਹਾਵਾਤ ਤਾਂ ਪੂਰ੍ਹੀ ਤਰ੍ਹਾਂ ਢੁੱਕਦੀ ਹੈ,’ਅਬ ਪਛਤਾਏ ਕਿਆ ਹੋਤ,ਜਬ ਚਿੜੀਆ ਚੁੱਗ ਗਈ ਖੇਤ,’।ਹੁਣ ਤਾਂ ਭਾਜਪਾ ਨੂੰ ਆਪਣੀ ਰਣਨੀਤੀ ‘ਚ ਰਹਿ ਗਈਆਂ ਕਮੀ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ।ਜੇਕਰ ਲੋਕਸਭਾ ਚੋਣ ਪ੍ਰਚਾਰ ‘ਤੇ ਝਾਤੀ ਵੀ ਮਾਰੀਏ ਤਾਂ ਕਈ ਤਰ੍ਹਾਂ ਦੇ ਪੱਖ ਅਜਿਹੇ ਦਿਖਾਈ ਦਿੰਦੇ ਹਨ,ਜਿਨ੍ਹਾ ਨੇ ਭਾਜਪਾ ਨੂੰ ਭੁੰਜੇ ਬਿਠਾ ਮਾਰਿਆ ਅਤੇ ਜਿੱਥੋਂ ਜ਼ਿਆਦਾ ਸੀਟਾਂ ਮਿਲਣ ਦੀ ਆਸ ਸੀ,ਉੱਥੇ ਵੀ ਕਈ ਪੱਖਾਂ ਕਾਰਣ ਸੀਟਾਂ ‘ਚ ਫੇਰ ਬਦਲ ਹੋ ਗਿਆ।
ਨਤੀਜਿਆਂ ‘ਚ ਫੇਰ ਬਦਲ ਹੁੰਦਿਆ ਹੀ ਲਾਲ ਕ੍ਰਿਸ਼ਨ ਅਡਵਾਨੀ ਵੀ ਖਫ਼ਾ ਹੀ ਦਿਖਾਈ ਦਿੱਤੇ ਕਿ ਉਨ੍ਹਾ ਵਿਰੋਧੀ ਧਿਰ ‘ਚ ਬੈਠਣਾ ਤੋਂ ਵੀ ਮਨ੍ਹਾ ਕਰ ਦਿੱਤਾ ਪਰੰਤੂ ਭਾਜਪਾਈ ਨੇਤਾਵਾਂ ਨੇ ਉਨ੍ਹਾ ਨੂੰ ਕਿਵੇਂ ਨਾ ਕਿਵੇਂ ਮੰਨਾ ਲਿਆ।
ਪਹਿਲਾਂ ਰੱਥ ਯਾਤਰਾ ਰਾਹੀਂ ਵਿਵਾਦਾਂ ‘ਚ ਘਿਰੇ ਰਹੇ ਲਾਲ ਕ੍ਰਿਸ਼ਨ ਅਡਵਾਨੀ,ਫ਼ਿਰ ਪਾਕਿਸਤਾਨ ‘ਚ ਕੇ ਜਿਨਾਹ ਦੀ ਦਰਗਾਹ ‘ਤੇ ਜਾ ਕੇ ਉਸ ਨੂੰ ਧਰਮ ਨਿਰਪੱਖ ਕਹਿਕੇ ਲੋਕਾਂ ਦੀਆਂ ਨਜ਼ਰਾਂ ‘ਚ ਵੱਡਾ ਬਨਣ ਦਾ ਸੁਪਨਾ ਵੀ ਉਨ੍ਹਾ ਨੂੰ ਮਹਿੰਗਾ ਪੈ ਚੁੱਕਿਆ ਹੈ,ਜਿਸ ਕਾਰਣ ਉਨ੍ਹਾ ਨੂੰ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਗਏ ਸਨ।ਹੁਣ ਪ੍ਰਧਾਨਮੰਤਰੀ ਬਨਣ ਦਾ ਸੁਪਨਾ ਤਾਂ ਚਕਨਾਚੂਰ ਹੋਇਆ ਹੀ ਨਾਲ ਹੀ ਭਾਜਪਾ ਨੂੰ ਲੋਕਸਭਾ ਚੋਣਾਂ ‘ਚ ਸਭ ਤੋਂ ਵੱਧ ਨੁਕਸਾਨ ਹੋਣ ਵਾਲੇ ਅਗਵਾਈ ਕਰਤਾ ਬਣ ਗਏ ਹਨ।
ਅਡਵਾਨੀ ਵੱਲੋਂ ਚੋਣ ਪ੍ਰਚਾਰ ਸਮੇਂ ਵਾਰ-ਵਾਰ ਡਾ.ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨਮੰਤਰੀ ਕਹਿਣਾ,ਇਕੱਲੇ ਸਵਿਸ ਬੈਂਕ ਦੇ ਮੁੱਦੇ ਨੂੰ ਜਾਂ ਆਪਣੇ ਆਪ ਨੂੰ ਪ੍ਰਧਾਨਮੰਤਰੀ ਬਨਾਉਣ ਦੀ ਅਪੀਲ ਹੀ ਕਰਨੀ ਰਾਸ ਨਹੀਂ ਆਈ,ਜਦੋਂਕਿ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਦੁਆਰਾ ਵਾਰ-ਵਾਰ ਇਹ ਤਾਂ ਜਨਤਾ ਹੀ ਦੱਸੇਗੀ ਵਰਗੇ ਬਿਆਨਾਂ ਨੇ ਜਨਤਾ ਦੇ ਦਿਲਾਂ ‘ਚ ਉਨ੍ਹਾ ਪ੍ਰਤਿ ਹਮਦਰਦੀ ਜਤਾਈ ਰੱਖੀ ਅਤੇ ਦੂਜੇ ਪਾਸੇ ਸੋਨੀਆ,ਰਾਹੁਲ ਗਾਂਧੀ ਨੇ ਵੀ ਉਨ੍ਹਾ ਨੂੰ ਪੰਜਾਬ ‘ਚ ਸਿੱਖ ਅਤੇ ਦੂਜੇ ਰਾਜਾਂ ਵਿੱਚ ਵਿਕਾਸਮਈ ਪ੍ਰਧਾਨਮੰਤਰੀ ਦੇ ਰੂਪ ‘ਚ ਉਭਾਰਦੇ ਹੋਏ ਚੋਣ ਪ੍ਰਚਾਰ ਕੀਤਾ,ਜਿਹੜਾ ਸਪ੍ਰੰਗ ਸਰਕਾਰ ਲਈ ਫ਼ਾਇਦੇਮੰਦ ਹੋਇਆ।
ਡਾ.ਮਨਮੋਹਨ ਸਿੰਘ ਨੇ ਆਪਣੀ ਮਸਤ ਹਾਥੀ ਚਾਲ ਚੱਲਦਿਆਂ ਸੋਨੀਆ,ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਮਿਲਕੇ ਚੋਣ ਪ੍ਰਚਾਰ ਕਰ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਦੂਜੇ ਪਾਸੇ ਲਾਲ ਕ੍ਰਿਸ਼ਨ ਅਡਵਾਨੀ ਵੱਲੋਂ ਨਰੇਂਦਰ ਮੋਦੀ,ਸੰਜੇ ਗਾਂਧੀ ਦੇ ਪੁੱਤਰ ਵਰੁਣ ਗਾਂਧੀ ਵੱਲੋਂ ਚੋਣ ਪ੍ਰਚਾਰ ਕਰਵਾਇਆ ਗਿਆ,ਜਿਹੜੇ ਅੱਗ ਬਬੂਲੇ ਹੋ ਕੇ ਭਾਸ਼ਣ ਦਿੰਦੇ ਰਹੇ,ਜੋ ਕਿ ਲੋਕਾਂ ਨੂੰ ਪਸੰਦ ਨਹੀਂ ਆਇਆ ਕਿਉਂਕਿ ਲੋਕ ਹੁਣ ਮਾਰ ਕਾਟ ਜਾਂ ਫ਼ਿਰਕੂ ਫਸਾਦਾਂ ਤੋਂ ਬਿਨ੍ਹਾ ਇੱਕ ਸ਼ਾਂਤਮਈ ਅਤੇ ਦੇਸ਼ ਦੇ ਵਿਕਾਸ ਨੂੰ ਅੱਗੇ ਤੋਰਨ ਵਾਲੀ ਜ਼ਿੰਦਗੀ ਚਾਹੁੰਦੇ ਹਨ।
ਸੋਨੀਆ,ਰਾਹੁਲ ਅਤੇ ਪ੍ਰਿਯੰਕਾ ਗਾਂਧੀ ਵੱਲੋਂ ਛੇੜੀ ਗਈ ਤੂਫ਼ਾਨੀ ਚੋਣ ਪ੍ਰਚਾਰ ਮੁਹਿੰਮ ਨੇ ਵੀ ਨਤੀਜਿਆਂ ਨੂੰ ਬਦਲ ਕੇ ਰੱਖ ਦਿੱਤਾ,ਜਿਸ ਨਾਲ ਜਿੱਥੇ ਕਾਂਗਰਸ ਸਰਕਾਰ ਨੂੰ ਚੰਗੇ ਨਤੀਜੇ ਨਾ ਆਉਣ ਦੀ ਉਮੀਦ ਸੀ,ਉੱਥੇ ਵੀ ਸੀਟਾਂ ਪੂਰ ਚੜ੍ਹੀਆਂ ਅਤੇ ਦਿੱਲੀ ‘ਚ ਜਿੱਥੇ ਕਾਂਗਰਸ ਸੱਤੇ ਦੀਆਂ ਸੱਤ ਸੀਟਾਂ ਲੈ ਕੇ ਗਈ,ਉੱਥੇ ਉੱਤਰ ਪ੍ਰਦੇਸ਼ ‘ਚ ਤਾਂ ਮਿਲੀਆਂ ਕਾਂਗਰਸ ਨੂੰ 20 ਸੀਟਾਂ ਨੇ ਉਨ੍ਹਾ ਦੇ ਹੌਂਸਲੇ ਹੀ ਬੁਲੰਦ ਕਰ ਦਿੱਤੇ,ਯੂਪੀ ‘ਚ ਹੀ ਨਹੀਂ,ਕਾਂਗਰਸ ਨੇ ਮਹਾਰਾਸ਼ਟਰ,ਆਂਧਰਾ ਪ੍ਰਦੇਸ਼,ਝਾਰਖੰਡ,ਪੰਜਾਬ,ਦਿੱਲੀ ‘ਚ ਵੀ ਫਤਿਹ ਹਾਸਿਲ ਕੀਤੀ।
ਰਾਹੁਲ ਗਾਂਧੀ ਦੁਆਰਾ ਕੀਤੇ 120 ਦੌਰਿਆਂ ਵਿੱਚੋਂ 75 ਲੋਕਸਭਾ ਸੀਟਾਂ ‘ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ।ਰਾਹੁਲ ਗਾਂਧੀ ਚੋਣ ਪ੍ਰਚਾਰ ਸਮੇਂ ਸਭ ਤੋਂ ਵੱਧ ਜਹਾਜ਼ਾਂ ਰਾਹੀਂ ਦੌਰੇ ਕਰਨ ਵਾਲੇ ਸਟਾਰ ਪ੍ਰਚਾਰਕ ਦੇ ਤੌਰ ‘ਤੇ ਉੱਭਰ ਕੇ ਆਏ,ਉੱਤਰ ਪ੍ਰਦੇਸ਼ ‘ਚ ਝੁੱਗੀ ਝੋਂਪੜੀਆਂ ‘ਚ ਰਹਿਣਾ,ਮਜ਼ਦੂਰਾਂ ਨਾਲ ਕੰਮ ਕਰਨਾ ਜਿੱਥੇ ਕਾਂਗਰਸ ਨੂੰ ਰਾਸ ਆਇਆ ਅਤੇ ਪੰਜਾਬ ‘ਚ ਸੋਨੀਆ,ਰਾਹੁਲ
ਦੇ ਦੌਰਿਆਂ ਦੁਆਰਾ ਮਨਮੋਹਨ ਸਿੰਘ ਨੂੰ ਸਿੱਖ ਅਤੇ ਕਾਂਗਰਸ ਸਰਕਾਰ ਵੱਲੋਂ ਪ੍ਰਧਾਨਮੰਤਰੀ ਦੇ ਅਹੁਦੇ ਵੱਜੋਂ ਉਭਾਰਨਾ ਵੀ ਕਾਂਗਰਸ ਲਈ ਫ਼ਾਇਦੇਮੰਦ ਸਾਬਤ ਹੋਇਆ।
ਦੂਜੇ ਪਾਸੇ ਨਰਿੰਦਰ ਵੱਲੋ ਕੀਤੇ 300 ਦੌਰਿਆਂ ‘ਚੋਂ ਭਾਜਪਾ ਸਿਰਫ਼ 37 ਲੋਕਸਭਾ ਸੀਟਾਂ ਹੀ ਲੈ ਸਕੀ।ਸਾਰੇ ਰਾਜਾਂ ਵਿੱਚ ਭਾਜਪਾ ਨੂੰ ਲੋਕਸਭਾ ਸੀਟਾਂ ‘ਤੇ ਨੁਕਸਾਨ ਹੀ ਝੱਲਣਾ ਪਿਆ। ਪਿੱਛਲੇ 2004 ਦੀਆਂ ਚੋਣਾਂ ਦੌਰਾਨ ਗੁਜਰਾਤ ‘ਚ ਭਾਜਪਾ ਨੂੰ 14 ਅਤੇ ਕਾਂਗਰਸ ਨੂੰ 12 ਸੀਟਾਂ ਮਿਲੀਆਂ ਸਨ,ਜਦੋਂਕਿ ਇਸ ਵਾਰ ਗੁਜਰਾਤ ‘ਚ ਭਾਜਪਾ ਨੂੰ ਸਿਰਫ਼ ਇੱਕ ਸੀਟ ਦਾ ਫ਼ਾਇਆ ਹੋਇਆ ਹੈ
ਕੌਮੀ ਪਾਰਟੀ ਭਾਜਪਾ,ਬਸਪਾ ਜਾਂ ਖੇਤਰੀ ਖੱਬੇ ਪੱਖੀ ਪਾਰਟੀਆਂ,ਰਾਜਦ,ਲੋਕਜਨਸ਼ਕਤੀ ਪਾਰਟੀ,ਲੋਕ ਭਲਾਈ ਪਾਰਟੀ ਆਦਿ ਦਾ ਇਨ੍ਹਾ ਚੋਣ ਨਤੀਜਿਆਂ ਨੇ ਸਾਰਾ ਹੰਕਾਰ ਹੀ ਤੋੜ ਦਿੱਤਾ ਹੈ।ਬੰਗਾਲ ‘ਚ ਕਈ ਸਾਲਾਂ ਤੋਂ ਰਾਜ ਕਰਦੀ ਆ ਰਹੀ ਕਮਿਊਨਿਸ ਪਾਰਟੀ ਨੂੰ ਵੀ ਤੱਕੜੀ ਹਾਰ ਦਾ ਸਾਹਮਣਾ ਕਰਨਾ ਪਿਆ,ਜਦੋਂਕਿ ਇੱਥੇ ਤ੍ਰੈਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜ਼ੀ ਨੇ 20 ਸੀਟਾਂ ਪ੍ਰਾਪਤ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ।
ਖੈਰ,ਜੇਕਰ ਕਈ ਪੱਖਾਂ ਤੋਂ ਦੇਖਿਆ ਜਾਵੇ ਤਾਂ ਇਨ੍ਹਾ ਚੋਣਾਂ ‘ਚ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਦੀ ਛਵੀ ਕਾਫ਼ੀ ਉੱਭਰਕੇ ਸਾਹਮਣੇ ਆਈ ਹੈ,ਜਦੋਂਕਿ ਭਾਜਪਾ ਦਾ ਜਨਤਾ ਸਾਹਮਣੇ ਅਕਸ ਕਾਫ਼ੀ ਮਾੜਾ ਪਿਆ ਹੈ।ਹੁਣ ਜੇਕਰ ਭਾਜਪਾ ਨੇ ਵੀ ਆਪਣੀ ਛਵੀ ਚੰਗੀ ਬਨਾਉਣੀ ਹੈ ਜਾਂ ਭਵਿੱਖ ‘ਚ ਦੁਆਰਾ ਸੱਤਾ ‘ਤੇ ਕਬਜ਼ਾ ਕਰਨਾ ਹੈ ਤਾਂ ਲੋਕਾਂ ਸਾਹਮਣੇ ਇੱਕ ਵਿਕਾਸਮਈ ਪਾਰਟੀ ਅਤੇ ਧਰਮ ਨਿਰਪੱਖ ਲੋਕਤੰਤਰ ਸਿਰਜਣ ਦੀ ਛਵੀ ਬਨਾਉਣੀ ਪਵੇਗੀ ਅਤੇ ਇੱਕ ਨਵੀਂ ਬ੍ਰਿਗੇਡ ਤਿਆਰ ਕਰਨੀ ਪਵੇਗੀ।
Tuesday, May 19, 2009
ਲਿੱਟੇ ਪ੍ਰਮੁੱਖ ਪ੍ਰਭਾਕਰਨ ਦਾ ਕਾਲਾ ਅਧਿਆਏ ਖਤਮ
ਰਾਜੀਵ ਗਾਂਧੀ ਕਾਤਲ ਮਾਰਿਆ ਗਿਆ
ਲਿਬਰੇਸ਼ਨ ਟਾਇਗਰਜ਼ ਆਫ਼ ਤਮਿਲ ਈਲਮ (ਲਿੱਟੇ) ਦਾ ਸੁਪ੍ਰੀਮੋ ਵੇਲੁਪਿੱਲੇ ਪ੍ਰਭਾਕਰਨ ਦਾ ਮਾਰਿਆ ਜਾਣਾ ਜਾਂ ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ‘ਚ ਆਧੁਨਿਕ ਕ੍ਰਾਂਤੀ ਲਿਆਉਣ ਵਾਲੇ ਪ੍ਰਧਾਨਮੰਤਰੀ ਰਾਜੀਵ ਗਾਂਧੀ ਅਤੇ ਹਜ਼ਾਰਾਂ ਬੇਗੁਨਾਹ ਲੋਕਾਂ ਦਾ ਕਤਲ ਕਰਨ ਵਾਲੇ ਦਾ ਸੈਨਾ ਦੀਆਂ ਗੋਲੀਆਂ ਬੋਛਾੜ ਨਾਲ ਇੱਕ ਕੌੜਾ ਅੰਤ ਹੋ ਗਿਆ ਹੈ,ਜਿਸ ਨਾਲ ਸ਼੍ਰੀਲੰਕਾ ਦੇ ਵਿਦਰੋਹੀ ਇਸ ਖੂੰਖਾਰ ਦਹਿਸ਼ਤਗਰਦ ਦਾ ਕਾਲਾ ਅਧਿਆਏ ਖਤਮ ਹੋ ਗਿਆ ਹੈ।
ਬਚਪਨ ਤੋਂ ਸਿੰਹਲੀਆਂ ਖਿਲਾਫ ਨਫ਼ਰਤ ਦਾ ਭਰਿਆ ਪ੍ਰਭਾਕਰਨ ਨੇ ਅਨੇਕਾਂ ਨੇਤਾਵਾਂ ਤੋਂ ਇਲਾਵਾ 70 ਹਜ਼ਾਰ ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ।1954 ‘ਚ ਸ਼੍ਰੀਲੰਕਾ ‘ਚ ਪੈਦਾ ਹੋਏ ਪ੍ਰਭਾਕਰਨ ਵਿੱਚ ਬਚਪਨ ਤੋਂ ਹੀ ਸਿੰਹਲੀਆਂ ਖਿਲਾਫ਼ ਨਫ਼ਰਤ ਘੁੱਟ ਘੁੱਟ ਕੇ ਭਰੀ ਹੋਈ ਸੀ ਅਤੇ ਉਹ ਆਪਣੇ ਆਪ ਨੂੰ ਮਜ਼ਬੂਤ ਬਨਾਉਣ ਲਈ ਮਿਰਚ ਦੀ ਬੋਰੀ ‘ਚ ਪਾ ਲੈਂਦਾ ਸੀ ਅਤੇ ਨਹੁੰਆਂ ‘ਚ ਸੂਈਆਂ ਚੁਭੋ ਲੈਂਦਾ ਸੀ ਅਤੇ ਬਾਅਦ ‘ਚ ਜ਼ਖਮਾਂ ‘ਤੇ ਨਮਕ ਛਿੜਕਦਾ ਸੀ।ਸਿਕੰਦਰ ਅਤੇ ਨੈਪੋਲੀਅਨ ਤੋਂ ਪ੍ਰਭਾਵਤ ਸੀ ਪ੍ਰਭਾਕਰਨ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਇਸ ਦੀ ਪ੍ਰੇਰਣਾ ਭਾਰਤ ਦੀ ਅਜ਼ਾਦੀ ਤੋ ਮਿਲੀ,ਜਿਸ ਵਿੱਚ ਉਹ ਸੁਭਾਸ਼ ਚੰਦਰ ਬੋਸ ਤੋਂ ਵੀ ਪ੍ਰਭਾਵਤ ਸੀ।
ਉਹ ਚਾਰ ਭੈਣ,ਭਰਾਵਾਂ ਚੋਂ ਸਾਰਿਆਂ ਤੋਂ ਛੋਟਾ ਸੀ।ਪ੍ਰਭਾਕਰਨ ਦਸਵੀਂ ਤੱਕ ਹੀ ਪੜ੍ਹਿਆ ਅਤੇ 1971 ਵਿੱਚ ਸ਼੍ਰੀਲੰਕਾ ‘ਚ ਇੱਕ ਅੱਤਵਾਦੀ ਗੁੱਟ ਉੱਭਰਿਆ,ਜਿਸ ਦੀ ਅਗਵਾਈ ਥਾਰਾਦੁਰਾਏ (ਨਡਰਾਜਾ ਥਾਰਾਂਵੇਲੂ) ਅਤੇ ਕੁਟੀਮਣੀ (ਸੇਲਵਰਾਜਾ ਯੋਗਾ ਚੰਦਰਨ) ਕਰ ਰਹੇ ਸੀ,ਜੋ ਬਾਅਦ ਵਿੱਚ ਤਮਿਲ ਈਲਮ ਲਿਬਰੇਸ਼ਨ ਆਰਗੇਨਾਈਜੇਸ਼ਨ (ਟੋਲ) ਬਣ ਗਈ।ਇਸ ਤੋਂ ਬਾਅਦ 1972 ‘ਚ 18 ਸਾਲਾ ਵੇਲੁਪਿਲੇ ਪ੍ਰਭਾਕਰਨ ਨੇ ਤਮਿਲ ਨਿਊ ਟਾਇਗਰਜ਼ ਬਣਾ ਲਈ,ਇਸ ਤੋਂ ਬਾਅਦ ਤਮਿਲ ਯੂਨਾਈਟਡ ਫਰੰਟ।27 ਜੁਲਾਈ 1975 ਨੂੰ ਤਮਿਲਾਂ ਵੱਲੋਂ ਪਹਿਲਾ ਵੱਡਾ ਸਿਆਸੀ ਕਤਲ ਕੀਤਾ ਗਿਆ,ਜਦੋਂ ਪ੍ਰਭਾਕਰਨ ਨੇ ਜਾਫਨਾ ਦੇ ਮੇਅਰ ਅਲਫਰਡ ਦੁਰਿਅੱਪਾ ਦਾ ਕਤਲ ਕੀਤਾ,ਉਸ ਵੇਲੇ ਪ੍ਰਭਾਕਰਨ ਸਾਥੀ ਬਹੁਤ ਘੱਟ ਸਨ।ਕਤਲ ਕਾਰਣ 21 ਸਾਲਾ ਪ੍ਰਭਾਕਰਨ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਅਤੇ ਉਸ ਨੇ 5 ਮਈ 1976 ਨੂੰ ਸੰਗਠਨ ਦਾ ਨਾਂ ਬਦਲ ਕੇ ਲਿਬਰੇਸ਼ਨ ਟਾਇਗਰਜ਼ ਆਫ਼ ਤਮਿਲ ਈਲਮ (ਲਿੱਟੇ) ਰੱਖ ਲਿਆ।ਅਪ੍ਰੈਲ 1978 ‘ਚ ਲਿੱਟੇ ਨੇ ਕਈ ਕਤਲਾਂ ਦੀ ਜ਼ਿੰਮੇਵਾਰੀ ਵੀ ਲਈ ਸਮੇਤ 1975 ਵਿੱਚ ਮਾਰੇ ਗਏ ਜਾਫਨਾ ਦੇ ਮੇਅਰ ਅਲਫਰਡ ਦੁਰਿਅੱਪਾ ਦੇ।ਉਸ ਨੂੰ ਇੱਕ ਕੋਰਟ ਵੱਲੋਂ 200 ਸਾਲ ਦੀ ਸਜ਼ਾ ਵੀ ਸੁਣਾਈ ਗਈ,ਜਿਹੜੀ ਕਿ ਇੱਕ 80 ਲੋਕਾਂ ਦੇ ਮਾਰੇ ਜਾਣ ਕਾਰਣ ਸੁਣਾਈ ਗਈ ਸੀ।
ਇਸ ਤਰ੍ਹਾਂ ਫ਼ਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਕਦਮ-ਦਰ-ਕਦਮ ਅੱਗੇ ਹੀ ਅੱਗੇ ਵੱਧਦਾ ਗਿਆ ਅਤੇ ਆਪਣਾ ਨੈਟਵਰਕ ਇਨ੍ਹਾ ਵਿਸ਼ਾਲ ਕਰ ਲਿਆ ਕਿ ਅਨੇਕਾਂ ਦੇਸ਼ਾਂ ‘ਚ ਬੈਠੇ ਤਮਿਲਾਂ ਨਾਲ ਉਸਦਾ ਸੰਪਰਕ ਬਨਣ ਲੱਗਿਆ।ਇੱਕ ਵਿਸ਼ਾਲ ਆਤਮਘਾਤੀ ਦਸਤਾ ਸੀ ਉਸ ਕੋਲ ਅਤੇ ਅਤਿਆਧੁਨਿਕ ਹਥਿਆਰ।ਜੋ ਵੀ ਉਸ ਦੇ ਸੰਗਠਨ ‘ਚ ਕੰਮ ਕਰਦੇ ਸਨ,ਉਹ ਮੌਤ ਨੂੰ ਆਪਣੇ ਗੱਲ ਨਾਲ ਲਗਾ ਕੇ ਰੱਖਦੇ ਸਨ ਭਾਵ ਸਾਇਨਾਈਡ ਦਾ ਕੈਪਸੂਲ ਗੱਲੇ ਨਾਲ ਬੰਨ੍ਹਕੇ ਰੱਖਦੇ ਸਨ।ਸ਼੍ਰੀਲੰਕਾ ਦੇ ਉੱਤਰ ਅਤੇ ਪੂਰਬ ਦੇ ਇਲਾਕਿਆਂ ‘ਤੇ ਤਮਿਲਾਂ ਵੱਲੋਂ ਕਬਜ਼ਾ ਕੀਤਾ ਗਿਆ।1983 ‘ਚ ਲਿੱਟੇ ਨੇ ਸ਼੍ਰੀਲੰਕਾ ਦੇ 13 ਸੈਨਿਕ ਕਰਮਚਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਇਸ ਤਰ੍ਹਾਂ ਦੋਨਾਂ ਸਿੰਹਲੀ ਅਤੇ ਤਮਿਲਾਂ ਵਿੱਚ ਹਮਲੇ ਵੱਧਣ ਲੱਗੇ।ਇਸ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ‘ਚ 1987 ‘ਚ ਭਾਰਤ ਦੇ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੂੰ ਗੁਹਾਰ ਲਗਾਈ ਅਤੇ ਭਾਰਤ ਅਤੇ ਸ਼੍ਰੀਲੰਕਾ ‘ਚ ਤਮਿਲ ਅਤੇ ਸਿੰਹਲੀਆਂ ‘ਚ ਸ਼ਾਂਤੀ ਸਥਾਪਤੀ ਲਈ ਇੱਕ ਸ਼ਾਂਤੀ ਸੈਨਾ ਦਾ ਦਲ ਭੇਜਿਆ ਗਿਆ ਪਰੰਤੂ 1989 ‘ਚ ਸਿੰਹਲੀਆਂ ਨੇ ਵਿਦਰੋਹ ਕਰ ਦਿੱਤਾ ਅਤੇ ਮਾਰਕਸਵਾਦੀ ਗੁੱਟ ਜੇਵੀਪੀ ਨੇ ਵੀ ਹੜਤਾਲ ਕਰ ਦਿੱਤੀ ਅਤੇ ਹਿੰਸਕ ਘਟਨਾਵਾਂ ਤੇਜ਼ ਕਰ ਦਿੱਤੀਆਂ ਹਜ਼ਾਰਾਂ ਲੋਕ ਮਾਰੇ ਗਏ।ਭਾਰਤ ਨੂੰ ਆਪਣੀ ਸੈਨਾ ਨੂੰ ਵਾਪਸ ਬੁਲਾਉਣਾ ਪਿਆ ਅਤੇ 1991 ਵਿੱਚ ਪ੍ਰਭਾਕਰਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਤਮਿਲਨਾਢੂ ਦੇ ਇੱਕ ਸਮਾਗਮ ਵਿੱਚ ਡੂੰਘੀ ਸਾਜਿਸ਼ ਰੱਚਕੇ ਆਤਮਘਾਤੀ ਹਮਲੇ ‘ਚ ਮਰਵਾ ਦਿੱਤਾ,ਜਿਸ ਦੀ ਛਾਣ ਬੀਨ ਵਿੱਚ ਕਈ ਪ੍ਰਭਾਕਰਨ ਦੇ ਸਾਥੀਆਂ ਨੇ ਫੜ੍ਹੇ ਜਾਣ ਮੌਕੇ ਹੀ ਸਾਈਨਾਈਡ ਦੇ ਕੈਪਸੂਲ ਖਾ ਆਤਮਹੱਤਿਆ ਕਰ ਲਈ ਅਤੇ ਕਈ ਫੜ੍ਹੇ ਗਏ ਪਰੰਤੂ ਪ੍ਰਭਾਕਰਨ ਹੱਥ ਨਾ ਆਇਆ।ਸ਼੍ਰੀਲੰਕਾ ਵੱਲੋਂ ਖੂੰਖਾਰ ਪ੍ਰਭਾਕਰਨ ਨਾਲ ਕਈ ਵਾਰ ਯੁੱਧ ਬੰਦ ਹੋਇਆ ਅਤੇ ਕਈ ਵਾਰ ਚੱਲਿਆ।ਅਖਿਰ ਸ਼੍ਰੀਲੰਕਾ ਨੇ ਹੁਣ ਪ੍ਰਭਾਕਰਨ ਦੇ ਸਾਰੇ ਇਲਾਕਿਆਂ ‘ਤੇ ਕਬਜ਼ਾ ਕਰ ਝੰਡਾ ਤਾਂ ਲਹਿਰਾ ਦਿੱਤਾ ਹੈ ਅਤੇ ਸੈਨਾ ਦੁਆਰਾ ਪ੍ਰਭਾਕਰਨ ਦੇ ਦੇ ਪੁੱਤਰ ਚਾਰਲਸ ਅਤੇ ਸੰਗਠਨ ਦੇ ਤਿੰਨ ਹੋਰ ਨੇਤਾਵਾਂ ਪੋਟਟੂ,ਅੰਮਾਨ ਸੂਸਾਈ ਤੋਂ ਇਲਾਵਾ ਹੋਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।ਸ਼੍ਰੀਲੰਕਾ ਦੇ ਰੱਖਿਆ ਵਿਭਾਗ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਭਾਕਰਨ ਨੂੰ ਮੌਤ ਦੇ ਘਾਟ ਉਤਾਰ ਉਸ ਦਾ ਕਾਲਾ ਅਧਿਆਏ ਖਤਮ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਠਿਕਾਣਿਆਂ ‘ਤੇ ਕਬਜ਼ਾ ਕਰ ਲਿਆ ਗਿਆ ਹੈ।ਇਸ ਤਰ੍ਹਾਂ ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲੇ ਦਾ ਕੌੜਾ ਅੰਤ ਹੋ ਗਿਆ ਹੈ।
Tuesday, May 12, 2009
ਬਾਈ 16 ਮਈ ਨੂੰ ਹੋਣਗੀਆਂ ਲੀਡਰਾਂ ਦੀਆਂ ਧੜਕਣਾਂ....
ਬਾਬਾ ਭੀੜ ਬੜੀ ਸੀ,ਮੈਂ ਤਾਂ ਪਹਿਲੀ ਵਾਰ ਦੇਖੀ ਬਾਬਾ ਵੋਟ ਪੋਣ ਵਾਲਿਆਂ ਦੀ ਇਨ੍ਹੀ ਭੀੜ,ਲਾਰਾਂ ਦੀਆਂ ਲਾਰਾਂ ਈ ਆਉਂਦੀਆਂ ਸੀ ਬੁੜੀਆਂ ਬੰਦਿਆ ਦੀਆਂ,ਚੱਲ ਫੇਰ ਕਾਕਾ ਦੱਸ ਏਸ ਵਾਰ ਕਿਹਦੀ ਕੇਂਦਰ ‘ਚ ਬਣੂ ਸਰਕਾਰ,ਬਾਬਾ ਇਹ ਤਾਂ ਕੁੱਝ ਕਹਿ ਨਹੀਂ ਸਕਦੇ,ਕੋਈ ਪੰਜੇ ਵਾਲਿਆਂ ਦੀ ਅਤੇ ਕੋਈ ਫੁੱਲ ਜਾਂ ਤੱਕੜੀ ਵਾਲਿਆਂ ਦੀ ਕਹਿੰਦਾ ਪਰ ਬਾਬਾ ਐਤਕੀਂ ਪੰਜਾਬ ਦੀ ਬਠਿੰਡਾ ਸੀਟ ‘ਤੇ ਨਜ਼ਰਾਂ ਨੇ ਸਾਰਿਆਂ ਦੀਆਂ,ਦੇਖੋ ਇੱਥੋਂ ਦੀ ਸੀਟ ‘ਤੇ ਬਾਦਲਕੇ ਜਾਂ ਫ਼ੇਰ ਕੈਪਟਨ ਕਰਦਾ ਫਤਿਹ,ਇਹ ਤਾਂ ਆਉਣ ਵਾਲਾ ਸਮਾਂ ਈ ਦੱਸੂ,16 ਮਈ ਨੂੰ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਤਾਂ ਲੀਡਰਾਂ ਦੇ ਸਾਂਹ ਤਾਂ ਉੱਤੇ,ਥੱਲੇ ਹੋਣਗੇ .
ਇਨ੍ਹੇ ‘ਚ ਉੱਥੇ ਹੀ ਬੈਠਾ ਕਿੱਕਰ ਸਿਉਂ ਬੋਲਿਆ,ਬਾਈ ਹੋਰ ਤਾਂ ਪਤਾ ਨਹੀਂ,ਕਿਹੜਾ ਬਾਜ਼ੀ ਮਾਰੂ ਤੇ ਕਿਹਦੀ ਢੇਰੀ ਢਹੂ,ਇਨ੍ਹਾ ਜਰੂਰ ਜਾਣਦੈਂ,ਜਦੋਂ ਦੀਆਂ ਕੇਂਦਰ ‘ਚ ਸਰਕਾਰ ਬਨਾਉਣ ਲਈ ਲੋਕਸਭਾ ਚੋਣਾਂ ਜੀਆਂ ਦੀਆਂ ਮਿਤੀਆਂ ਆਈਆਂ ਸਨ,ਬੱਸ ਜਿੱਧਰ ਦੇਖੋ,ਇਹ ਲਾਲ ਬੱਤੀਆਂ ਵਾਲੀਆਂ ਗੱਡੀਆਂ ਈ ਨਜ਼ਰ ਆਉਂਦੀਆਂ ਸੀ ਤੇ ਨਾਲ ਕਾਰਾਂ ਦੀਆਂ ਲਾਰਾਂ ਦੀਆਂ ਲਾਰਾਂ ਦਿੱਸਦੀਆਂ,ਕਦੇ ਕੋਈ ਕਹਿੰਦਾ ਯਾਰ ਬਾਦਲ ਉਨ੍ਹਾ ਦੇ ਘਰ ਆਇਆ,ਅਤੇ ਕਦੇ ਕੈਪਟਨ ਫਲਾਣੇ ਦੇ ਘਰ ਆਇਆ ਅਤੇ ਕਦੇ ਬਾਦਲ ਮੁੰਡਾ (ਸੁਖਬੀਰ),ਕਦੇ ਸੁਖਬੀਰ ਦੀ ਘਰ ਵਾਲੀ ਹਰਸਿਮਰਤ ਕੌਰ ਅਤੇ ਕਦੇ ਕੈਪਟਨ ਦਾ ਮੁੰਡਾ ਆਇਆ,ਪਰ ਵੋਟਾਂ ਤੋਂ ਪਹਿਲਾਂ ਤਾਂ ਕਦੇ ਇਨ੍ਹਾ ਗੇੜਾ ਵੀ ਨੀਂ ਮਾਰਿਆ,ਹੁਣ ਇਹ ਪਿੰਡ ਦੇ ਜੁਆਕਾਂ ਨੂੰ ਵੀ ਹੱਥ ਬੰਨ੍ਹਦੇ ਫਿਰਦੇ ਸੀ.
ਵਿੱਚੋਂ ਗੱਲ ਕੱਟਦਾ ਭੋਲਾ ਬੋਲਿਆ,ਯਾਰ ਕਿੱਕਰ ਸਿਆਂ ਗੱਲ ਤਾਂ ਤੇਰੇ ਸੋਲ੍ਹਾਂ ਆਣੇ ਠੀਕ ਐ,ਯਾਰ ਚੋਣਾਂ ਤੱਕ ਇਨ੍ਹਾ ਨੂੰ ਪਤਾ ਨਹੀਂ ਕੀ ਸੱਪ ਸੁੰਘ ਜਾਂਦਾ ਤੇ ਇਹ ਗੇੜਾ ਵੀ ਨੀਂ ਮਾਰਦੇ ਇੱਥੋਂ ਜਿੱਤਕੇ,ਜਦੋਂ ਵੋਟਾਂ ਲੈਣ ਦੀ ਵਾਰੀ ਆਉਂਦੀ ਐ ਤਾਂ ਹੱਥ ਬੰਨ੍ਹਦੇ ਫ਼ਿਰਦੇ ਨੇ,ਸੂਰਜ ਦੇਵਤਾ ਦੀ ਇਨ੍ਹੀ ਅੱਗ ਸੁਲਗਦੀ ਧੁੱਪ ‘ਚ ਪਸੀਨਾ ਵਹਾਉਂਦੇ ਫ਼ਿਰਦੇ ਨੇ,ਕਦੇ ਦਿੱਲੀ ਤੋਂ ਕੋਈ ਵੱਡਾ ਨੇਤਾ ਬੁਲਾਉਂਦੇ ਨੇ,ਕਦੇ ਗੁਜਰਾਤ ਦੇ ਮੋਦੀ ਤੇ ਕਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਰੈਲੀ ਕਰਵਾਉਂਦੇ ਨੇ,ਵੋਟਾਂ ਤੱਕ ਜਮ੍ਹਾ ਨੀਂ ਥੱਕੇ ਹੰਭੇ ਪਰੰਤੂ ਹੁਣ ਦੇਖਣਾ ਜਦੋਂ ਆਗੇ ਨਤੀਜੇ ਅਤੇ ਜਿਹੜੇ ਜਿੱਤਗੇ ਉਨ੍ਹਾ ਏਸੀ ਰੂਮਾਂ ‘ਚੋਂ ਬਾਹਰ ਨੀਂ ਆਉਣੈ,ਬੱਸ ਸਾਰਾ ਵੋਟਾਂ ਦਾ ਖੇਡ ਐ ਅਤੇ ਫ਼ਿਰ ਕਿੱਕਰ ਸਿਉਂ ਨੇ ਸਿਆਸੀ ਪਾਰਟੀ ਦੇ ਲੀਡਰਾਂ ‘ਤੇ ਤਵਾ ਧਰਦਿਆਂ ਕਿਹਾ ਕਿ ਬੱਸ ਵੋਟਾਂ ਦੇ ਨਤੀਜਿਆਂ ਬਾਅਦ ਸੱਚੀ ਇਨ੍ਹਾ ਦਿਖਣਾ ਵੀ ਨਹੀਂ ਕਿਸੇ ਨੇ.
ਇਨ੍ਹੇ ‘ਚ ਕਿੱਕਰ ਸਿਉਂ ਦੀ ਗੱਲ ਵਿਚੋਂ ਬਾਬਾ ਕੱਟਦਿਆਂ ਬੋਲਿਆ ਨਹੀਂ ਉਏ,ਇਹ ਗੱਲਤ ਗੱਲ ਐ,ਕਿਉਂ ਆਪਾਂ ਕਿਸੇ ‘ਤੇ ਆਰੋਪ ਲਾਈਏ,ਆਪਣਾ ਲੋਕਤੰਤਰ ਦੇਸ਼ ਐ,ਆਪਾਂ ਨੂੰ ਵੋਟ ਦਾ ਅਧਿਕਾਰ ਐ,ਤੁਸੀਂ ਉੱਸ ਉਮੀਦਵਾਰ ਨੂੰ ਵੋਟ ਪਾਉ,ਜਿਹੜਾ ਤੁਹਾਡੀ ਗੱਲ ਸੁਣੇ,ਤੁਹਾਡੇ ਵਿਚਾਰ ਸੁਣੇ ਅਤੇ ਤੁਹਾਡੇ ਹਲਕਿਆਂ ਦੇ ਕੰਮ ਕਰਵਾਵੇ,ਉੱਥੇ ਸੰਸਦ ‘ਚ ਵਾਧੂ ਦਾ ਰੋਲਾ ਪਾਉਣ ਦੀ ਬਜਾਏ,ਕੋਈ ਪੰਜਾਬ ਦੇ ਭਲੇ ਦਾ ਮੁੱਦਾ ਚੁੱਕੇ,ਇਹ ਤਾਂ ਯਾਰ ਸਾਰਿਆਂ ਨੂੰ ਸੰਭਲਣਾ ਪੈਣਾ ਐ.ਫ਼ਿਰ ਕਿਤੇ ਜਾ ਕੇ ਲੀਡਰ ਵੀ ਆਪਣੀਆਂ ਗੱਲਾਂ ਸੁਨਣਗੇ ਅਤੇ ਕੰਮ ਕਰਵਾਉਣਗੇ.ਪੜ੍ਹੇ ਲਿਖੇ ਸੂਝਵਾਨ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਲੋੜ ਐ,ਜਿਸ ਨਾਲ ਦੇਸ਼ ਤਰੱਕੀ ਕਰੇ ਨਾ ਕਿ ਪਹਿਲਾਂ ਵਰਗੇ ਉਹੋ ਜਿਹੇ ਲੀਡਰਾਂ ਨੂੰ ਜਿਹੜੇ ਸੰਸਦ ‘ਚ ਵਿਕਾਸ ਦੇ ਮੁੱਦੇ ਦੀ ਜਗ੍ਹਾ ਨੋਟ ਉਛਾਲਣ ‘ਚ ਜਾਂ ਫ਼ੇਰ ਰੋਲਾ ਰੱਪਾ ਪਾਉਣ ‘ਚ ਲੱਗੇ ਰਹਿਣ,ਨੌਜਵਾਨਾਂ ਨੂੰ ਚੰਗੀ ਪੜ੍ਹਾਈ ਕਰ ਰਾਜਨੀਤੀ ‘ਚ ਆਉਣੈ ਚਾਹੀਦਾ ਅਤੇ ਸੰਸਦ ‘ਚ ਚੰਗੇ ਮੁੱਦਿਆਂ ਨੂੰ ਉਠਾਉਣਾ ਚਾਹੀਦਾ.ਫ਼ੇਰ ਕਰੂ ਦੇਸ਼ ਤਰੱਕੀ,ਨਹੀਂ ਐਵੇਂ ਹੀ ਇੱਥੇ ਬੈਠੇ ਕਦੇ ਕਿਸੇ ਲੀਡਰ ਨੂੰ ਨਿੰਦ ਦੇਣਾ ਜਾਂ ਕਿਸੇ ਹੋਰ ਲੀਡਰ ਨੂੰ ਨਿੰਦ ਦੇਣਾ ਗੱਲਤ ਐ.ਬਾਬੇ ਨੇ ਬੋਲਣਾ ਜ਼ਾਰੀ ਰੱਖਿਆ ਅਤੇ ਕਿਹਾ ਕਿ ਤੁਸੀਂ ਦੇਖਿਆ ਪਿੱਛੇ ਜਿਹੇ ਪੰਜ ਵਿਧਾਨਸਭਾ ਹਲਕਿਆਂ ‘ਚ ਆਮ ਲੋਕਾਂ ਨੇ ਲਿਆਂਦੀਆਂ ਸਰਕਾਰਾਂ,ਜਿਨ੍ਹਾ ਕੰਮ ਕਰਵਾਏ ਉਨ੍ਹਾ ਨੂੰ ਹੀ ਵੋਟਾਂ ਪਾਈਆਂ ਨੇ ਉਨ੍ਹਾ ਨੂੰ,ਬੱਸ ਜਰੂਰਤ ਆਮ ਲੋਕਾਂ ਨੂੰ ਧਿਆਨ ਦੇਣ ਦੀ ਅਤੇ ਜਾਗਣ ਦੀ.
ਬਾਬਾ ਸੱਥ ‘ਚ ਇਹ ਬੋਲ ਕੇ ਉੱਠਣ ਈ ਲੱਗਾ ਸੀ ਕਿ ਇਨ੍ਹੇ ‘ਚ ਭੋਲਾ ਬੋਲਿਆ ਬਾਬਾ ਗੱਲ ਤਾਂ ਤੇਰੀ ਠੀਕ ਐ,ਆਪਣੇ ਕੋਲ ਵੋਟ ਦਾ ਅਧਿਕਾਰ,ਲੋਕਾਂ ਨੂੰ ਸਮਝਦਾਰ ਹੋਣ ਦੀ ਲੋੜ ਐ,ਚੱਲ ਬਾਬਾ ਦੇਖਦੇ ਆਂ,ਈਵੀਐਮ ਮਸ਼ੀਨਾਂ ‘ਚ ਆਮ ਲੋਕਾਂ ਨੇ ਕਿਹੜੇ ਸਰਕਾਰ ਨੂੰ ਦਿੱਤਾ ਫਤਵਾ,ਇਹ ਤਾਂ 16 ਨੂੰ ਰਾਜ ਖੁਲੂ ਕਿ ਕਿਹਦੀ ਬਣਦੀ ਏ ਸਰਕਾਰ.ਵਾਹ ਤਾਂ ਉਮੀਦਵਾਰਾਂ ਨੇ ਆਪਣੇ ਲਾ ਲਈ,16 ਨੂੰ ਹੋਣ ਗੀਆਂ ਧੜਕਣਾਂ ਤੇਜ਼.
’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,
ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ ਲੇਖਕ ਨਰਿੰਦਰ ਕੌਰ ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...
-
ਰਿਸ਼ੀ ਗੁਲਾਟੀ,ਐਡੀਲੇਡ (ਆਸਟ੍ਰੇਲੀਆ) ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ।ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸ ਦੇ ਨੌਂ ਰਤਨਾਂ ਵਿੱਚ ਸ਼...
-
ਬਠਿੰਡਾ ਸ਼ਹਿਰ 'ਚ ਇੱਕ ਪਾਸ ਜਿੱਥ ਬਠਿੰਡਾ ਵਾਸੀ ਗਰਮੀ ਦਾ ਕਹਿਰ ਝੱਲ ਰਹ ਹਨ, ਉਥ ਹੀ ਦੂਜ ਪਾਸ ਚੱਲ ਰਹੀ ਨਹਿਰੀ ਬੰਦੀ ਦ ਕਾਰਣ ਪਾਣੀ ਦੀ ਕਿੱਲਤ ਹੋ ਗਈ ਹੈ। ਹੁਣ ਬਠਿ...
-
ਉੱਤਰੀ ਅਮਰੀਕਾ ਦਾ ਕੀਤਾ ਪੱਤਰਕਾਰ ਵਰਿੰਦਰ ਸਿੰਘ ਨੇ ਦੌਰਾ ਕਈ ਸਿਆਸੀ ਹਸਤੀਆਂ ਨਾਲ ਕੀਤੀ ਮੁਲਾਕਾਤ ਉੱਤਰੀ ਅਮਰੀਕਾ ਦਾ ਹਾਲ ਹੀ ਦੇ ਦਿਨਾਂ 'ਚ ਸੀਨੀਅਰ ਪੱਤਰਕਾਰ ਵ...