Sunday, December 27, 2009

"21ਵੀਂ ਸਦੀ ਦਾ ਵਾਰਿਸ ਸ਼ਾਹ-ਸਤਿੰਦਰ ਸਰਤਾਜ"

ਰਿਸ਼ੀ ਗੁਲਾਟੀ,ਐਡੀਲੇਡ (ਆਸਟ੍ਰੇਲੀਆ)

ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ।ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸ ਦੇ ਨੌਂ ਰਤਨਾਂ ਵਿੱਚ ਸ਼ਾਮਲ ਸੀ,ਉੱਥੇ ਔਰੰਗਜ਼ੇਬ ਦੇ ਸਾਸ਼ਨਕਾਲ ਵਿੱਚ ਸੰਗੀਤ ਦਾ ਪਤਨ ਸ਼ੁਰੂ ਹੋਇਆ।ਔਰੰਗਜ਼ੇਬ ਦਾ ਵਿਚਾਰ ਸੀ ਕਿ ਸੰਗੀਤ ਬੰਦੇ ਨੂੰ ਰੱਬ ਤੋਂ ਦੂਰ ਕਰਦਾ ਹੈ।ਉਸ ਨੇ ਆਪਣੇ ਰਾਜ 'ਚੋਂ ਸੰਗੀਤ 'ਤੇ ਸੰਗੀਤਕਾਰਾਂ ਨੂੰ ਖਤਮ ਕਰਨ ਲਈ ਫਰਮਾਨ ਤੱਕ ਦੀ ਸਜ਼ਾ ਹੋ ਸਕਦੀ ਸੀ।ਵਿਆਹਾਂ ਸ਼ਾਦੀਆਂ ਆਦਿ ਵਿੱਚ ਵੀ ਨੱਚਣ ਟੱਪਣ 'ਤੇ ਰੋਕ ਲਗਾ ਦਿੱਤੀ ਗਈ।

ਸੰਗੀਤ ਦੇ ਚਹੇਤੇ ਸ਼ਹਿਰ ਛੱਡ ਕੇ ਵੀਰਾਨਿਆਂ 'ਚ ਜਾ ਲੁਕੇ 'ਤੇ ਉੱਥੇ ਲੁਕ ਛਿਪ ਕੇ ਰਿਆਜ਼ ਕਰਦੇ।ਅਕਬਰ ਤੋਂ ਬਾਅਦ ਔਰੰਗਜ਼ੇਬ ਵੀ ਇਸ ਦੁਨੀਆ ਤੋਂ ਚਲਾ ਗਿਆ ਪਰ ਸੰਗੀਤ 'ਤੇ ਪਾਬੰਦੀ ਜ਼ਾਰੀ ਰਹੀ।ਮੁੜ ਇੱਕ ਅਜਿਹਾ ਸਮਾਂ ਆਇਆ,ਜਦ ਕਿ ਸੰਗੀਤ ਨੂੰ ਜ਼ਿੰਦਾ ਰੱਖਣ ਲਈ ਅੱਲ੍ਹਾ ਤਾਲਾ ਨੇ ਇੱਕ ਸਖਸ਼ ਦੀ ਜ਼ਿੰਮੇਵਾਰੀ ਲਗਾਈ,ਜੋ ਕਿ ਵਾਰਿਸ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਉਸ ਨੇ ਸੂਫ਼ੀ ਸੰਗੀਤ ਦੀ ਅਜਿਹੀ ਲੀਹ ਤੋਰੀ,ਜਿਸ ਤੇ ਚੱਲਦਿਆਂ ਮੌਜੂਦਾ ਸਮੇਂ ਦੇ ਕਈ ਗਾਇਕ ਬੜਾ ਨਾਮਣਾ ਖੱਟ ਚੁੱਕੇ ਹਨ।ਮੌਜੂਦਾ ਸਮੇਂ ਵਿੱਚ ਕਿਸੇ ਸ਼ਹਿਨਸ਼ਾਹ ਵੱਲੋਂ ਨਾ ਤਾਂ ਸੰਗੀਤ 'ਤੇ ਪਾਬੰਦੀ ਲਗਾਈ ਗਈ ਹੈ ਤੇ ਨਾ ਹੀ ਸੰਗੀਤ ਜਾਂ ਗਾਇਕਾਂ ਦੇ ਖਿਲਾਫ਼ ਕਿਸੇ ਕਿਸਮ ਦਾ ਫਰਮਾਨ ਜ਼ਾਰੀ ਹੋਇਆ ਹੈ ਪਰ ਪੰਜਾਬੀ ਸੰਗੀਤ ਲਗਾਤਾਰ ਆਪਣੇ ਪਤਨ ਵੱਲ ਵਧ ਰਿਹਾ ਹੈ।

ਇਸ ਦਾ ਪ੍ਰਮੁੱਖ ਕਾਰਣ ਗੀਤਾਂ ਤੇ ਗਾਇਕੀ ਦੇ ਮਿਆਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਹੈ।ਅਜਿਹੇ ਗੀਤ ਵੱਡੀ ਗਿਣਤੀ ਵਿੱਚ ਗਾਏ ਜਾ ਰਹੇ ਹਨ,ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਨਣਯੋਗ ਨਹੀਂ ਹਨ।ਗਾਇਕੀ ਦੇ ਆਸਮਾਨ ਵਿੱਚ ਲਗਾਤਾਰ ਛਾ ਰਹੀ ਕਾਲੀ ਬੋਲੀ ਰਾਤ ਵਿੱਚ ਇੱਕ ਸਿਤਾਰੇ ਨੇ ਆਪਣੀ ਚਮਕ ਦਾ ਅਹਿਸਾਸ ਕਰਵਾਇਆ ਹੈ,ਜਿਸ ਦਾ ਨਾਮ ਹੈ ਸਤਿੰਦਰ ਸਰਤਾਜ।ਸਤਿੰਦਰ ਸਰਤਾਜ,ਜਿਸ ਦੇ ਸਰੋਤੇ ਉਸ ਨੂੰ "ਅੱਜ ਦਾ ਵਾਰਿਸ ਸ਼ਾਹ" ਦੀ ਉਪਾਧੀ ਉਸ ਸਮੇਂ ਹੀ ਦੇ ਚੁੱਕੇ ਹਨ,ਜਦ ਕਿ ਉਸ ਦੀ ਇੱਕ ਵੀ ਕੈਸਿਟ ਮਾਰਕਿਟ ਵਿੱਚ ਨਹੀਂ ਆਈ। "ਢੋਲ - ਢਮੱਕਿਆ" ਦੇ ਵੱਧਦੇ ਜਾ ਰਹੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਉਸ ਨੇ ਮਧੁਰ ਸੰਗੀਤ 'ਤੇ ਆਨੰਦ ਦਾਇਕ ਸ਼ਾਇਰੀ ਦਾ ਅਹਿਸਾਸ ਕਰਵਾਇਆ ਹੈ।ਸਤਿੰਦਰ,ਜਿਸ ਦੇ ਇੱਕ - ਇੱਕ ਸ਼ਿਅਰ 'ਤੇ ਲੱਖਾਂ ਦੁਆਵਾਂ ਦੇਣ ਨੂੰ ਜੀਅ ਕਰਦਾ ਹੈ,ਜਦ ਗਾਇਣ ਕਰਦਾ ਹੈ ਤਾਂ ਜਾਪਦਾ ਹੈ,ਜਿਵੇਂ ਵਰ੍ਹਿਆ ਤੋਂ ਤਪ ਰਹੇ ਰੇਗਿਸਤਾਨ ਵਿੱਚ ਨਿੱਕੀਆਂ - ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੋਵੇ, ਮਾਰੂਥਲ ਦੀ ਤਪਦੀ ਹਿੱਕ ਦਾ ਸੇਕ ਮੱਠਾ ਪੈ ਰਿਹਾ ਹੋਵੇ।ਇੱਕ ਅਜੀਬ ਜਿਹੇ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ।

ਸਤਿੰਦਰ ਦਾ ਜਨਮ ਪੰਜਾਬ ਦੇ ਪਿੰਡ ਬਜਰੌਰ (ਹੁਸ਼ਿਆਰਪੁਰ) ਵਿਖੇ 31 ਅਗਸਤ ਨੂੰ ਹੋਇਆ।ਜਦ ਪਿਤਾ ਸ੍ਰ.ਬਲਵਿੰਦਰ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਸੁੱਖਾਂ ਲੱਧੇ ਇਸ ਪੁੱਤਰ ਦਾ ਨਾਮ ਸਤਿੰਦਰ ਸਿੰਘ ਰੱਖਿਆ ਸੀ ਤਾਂ ਕੌਣ ਜਾਣਦਾ ਸੀ ਕਿ ਜਵਾਨੀ ਦੀ ਦੇਹਰੀ ਤੇ ਪੈਰ ਧਰਦਿਆਂ ਹੀ ਸਤਿੰਦਰ,ਸਤਿੰਦਰ ਸਰਤਾਜ ਬਣਕੇ ਮਾਪਿਆਂ ਨੂੰ ਏਨਾਂ ਮਾਣ,ਏਨੀ ਇੱਜ਼ਤ ਤੇ ਏਨੀਆ ਖੁਸ਼ੀਆਂ ਦੇਵੇਗਾ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ।ਸਤਿੰਦਰ ਨੇ ਬਚਪਨ ਵਿੱਚ ਹੀ ਬਾਲ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।ਸਮਾਂ ਵਿਹਾ ਕੇ,ਅੰਝਾਣੀ ਓਮਰ 'ਚ ਲੱਗੇ ਗਾਉਣ ਦੇ ਸ਼ੋਂਕ ਤੋਂ,ਸੂਫ਼ੀ ਗਾਇਨ ਦੀ ਅਜਿਹੀ ਚੇਟਕ ਲੱਗੀ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ,ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਐਮ.ਫਿਲ. ਤੇ ਪੀ.ਐਚ.ਡੀ ਕੀਤੀ।ਇਸ ਤੋਂ ਪਹਿਲਾਂ ਸੰਗੀਤ ਵਿੱਚ ਗ੍ਰੌਜੂਏਸ਼ਨ ਕਰਨ ਦੇ ਨਾਲ ਨਾਲ ਕਲਾਸੀਕਲ ਮਿਊਜ਼ਕ ਦਾ ਪੰਜ ਸਾਲਾ ਡਿਪਲੋਮਾ ਕੀਤਾ ਤੇ ਸੰਗੀਤ ਵਿੱਚ ਹੀ ਮਾਸਟਰ ਡਿਗਰੀ ਹਾਸਲ ਕੀਤੀ।

ਹੁਣ ਉਹ ਪਿਛਲੇ ਕੁੱਝ ਵਰ੍ਹਿਆਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਹੀ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ।ਡਾਕਟਰ ਸਤਿੰਦਰ ਸਰਤਾਜ ਗਾਉਣ ਤੋਂ ਇਲਾਵਾ ਸ਼ਾਇਰੀ ਦਾ ਵੀ ਸ਼ੌਂਕੀ ਹੈ।ਉਹ ਸੂਫ਼ੀਆਨਾ ਦੇ ਆਸ਼ਕਾਂ ਦੀ ਰੂਹ ਨੂੰ ਆਪਣੇ ਹੀ ਲਿਖੇ ਸੱਜਰੇ ਗੀਤਾਂ ਤੇ ਨਜ਼ਮਾਂ ਦੇ ਗਾਇਨ ਰਾਹੀ ਸ਼ਰਸ਼ਾਰ ਕਰਦਾ ਹੈ।ਸਰਤਾਜ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਗਾਇਕ ਖੁਦ ਸ਼ਾਇਰੀ ਵੀ ਕਰਦਾ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਰੂਪ ਵਿੱਚ ਪੇਸ਼ ਕਰ ਸਕਦਾ ਹੈ।ਸ਼ਾਇਰੀ ਵਿੱਚ ਹੋਰ ਜ਼ਿਆਦਾ ਪਰਪੱਕਤਾ ਲਿਆਉਣ ਅਤੇ ਸੂਫ਼ੀ ਸ਼ਾਇਰੀ ਦੀਆਂ ਡੂੰਘਾਈਆਂ ਸਮਝਣ ਲਈ ਉਸਨੇ ਫਾਰਸੀ ਜੁਬਾਨ ਦਾ ਸਰਟੀਫਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ।ਗੌਰਤਲਬ ਹੈ ਕਿ ਸਰਤਾਜ ਪਹਿਲਾ ਉਹ ਗਾਇਕ ਹੈ,ਜੋ ਕਿ ਵਿੱਦਿਅਕ ਤੌਰ ਤੇ ਏਨਾ ਅਮੀਰ ਹੈ,ਤੇ ਉਸ ਨੇ ਸਮੁੱਚੀ ਵਿੱਦਿਆ ਸੰਗੀਤ ਦੀ ਹਾਸਿਲ ਕੀਤੀ।

ਜ਼ਾਹਿਰ ਜਿਹੀ ਗੱਲ ਹੈ ਕਿ ਜਿਸ ਗਾਇਕ ਜਾਂ ਸ਼ਾਇਰ ਨੇ ਏਨੀ ਉੱਚਕੋਟੀ ਦੀ ਵਿੱਦਿਆ ਹਾਸਿਲ ਕੀਤੀ ਹੋਵੇ,ਉਹ ਸਾਡੀ ਸਰੋਤਿਆਂ ਦੀ ਭੁੱਖ,ਉਮੀਦ ਨਾਲੋਂ ਵੱਧ ਤੇ ਸਿੰਗਰ ਜਾਂ ਫਿਲਮੀ ਗਾਇਕੀ ਦੇ ਰਸਤੇ 'ਤੇ ਚੱਲ ਸਕਦਾ ਸੀ,ਜਿੱਥੇ ਸ਼ੌਹਰਤ ਦੇ ਨਾਲ - ਨਾਲ ਦੌਲਤ ਵੀ ਬੇਹਿਸਾਬ ਹੈ,ਪ੍ਰੰਤੂ ਉਸ ਨੇ ਆਪਣੀ ਅੰਤਰ-ਆਤਮਾ ਦੀ ਗੱਲ ਸੁਣਦਿਆਂ ਮਹਾਨ ਸੂਫ਼ੀ ਸੰਤਾਂ ਬਾਬਾ ਫ਼ਰੀਦ ਜੀ,ਬੁੱਲ੍ਹੇ ਸ਼ਾਹ ਜੀ,ਸੁਲਤਾਨ ਬਾਹੂ ਜੀ ਤੇ ਬਾਬਾ ਸ਼ਾਹ ਹੁਸੈਨ ਜੀ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਫੈਸਲਾ ਕੀਤਾ ਤੇ ਸੂਫ਼ੀਆਨਾ ਨੂੰ ਛੋਂਹਦੀ ਹੋਈ ਸ਼ਾਇਰੀ ਤੇ ਸੰਗੀਤ ਨੂੰ ਚੁਣਿਆ।

ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ।ਸਭ ਨੂੰ ਆਪਣੀ ਸੋਚ ਬਦਲਣੀ ਪਵੇਗੀ।ਇੱਕ ਗੱਲ ਹੋਰ ਹੈ ਕਿ ਜੇਕਰ ਸਰੋਤੇ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਨਗੇ ਤਾਂ ਹੋ ਸਕਦਾ ਹੈ ਕਿ ਹੋਰ ਗਾਇਕ ਵੀ ਅਜਿਹੀ ਸਾਫ਼ - ਸੁਥਰੀ ਗਾਇਕੀ ਦੇ ਰਾਹ 'ਤੇ ਤੁਰ ਪੈਣ ਤੇ ਪੰਜਾਬੀ ਗਾਇਕੀ ਦੇ ਮਿਆਰ ਦਾ ਲਗਾਤਾਰ ਗਿਰਦਾ ਜਾ ਰਿਹਾ ਗ੍ਰਾਫ਼ ਸੰਭਲ ਜਾਵੇ।ਸਰਤਾਜ ਅਨੁਸਾਰ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਕਰਨ ਦੀ ਲੋੜ ਹੈ।ਜਿਸ ਦੇ ਤਹਿਤ ਬੱਚਿਆਂ ਨੂੰ ਉਹਨਾਂ ਦੀ ਪਸੰਦ ਅਨੁਸਾਰ ਪੰਜਾਬੀ ਵਿੱਚ ਕਿਤਾਬਾਂ ਮੁਹੱਈਆ ਕਰਵਾਉਣਾ ਪਹਿਲਾ ਤੇ ਮਹੱਤਵਪੂਰਣ ਕੰਮ ਹੈ।

ਜਿੱਥੇ ਕਿ ਸ਼ਾਇਰ ਜਾਂ ਲੇਖਕ ਆਪਣੇ ਨਾਮ ਨਾਲ "ਨਿਮਾਣਾ" ਜਾਂ "ਵਿਚਾਰਾ" ਆਦਿ ਤਖੱਲਸ ਲਗਾਉਂਦੇ ਹਨ,ਡਾਕਟਰ ਸਤਿੰਦਰ ਸਿੰਘ ਨੇ ਆਪਣੇ ਨਾਮ ਨਾਲ "ਸਰਤਾਜ" ਲਿਖ ਕੇ ਆਪਣੇ ਆਪ ਨੂੰ ਚੁਣੌਤੀ ਪੇਸ਼ ਕੀਤੀ ਤੇ ਥੋੜੇ ਸਮੇਂ ਦੌਰਾਨ ਲੋਕਾਂ ਦੇ ਦਿਲਾਂ 'ਚ ਵੱਸ ਕੇ ਵਾਕਈ ਹੀ ਸਭ ਦੇ "ਸਿਰ ਦਾ ਤਾਜ" ਬਣ ਬੈਠਾ।ਜਿਸ ਅੱਲ੍ਹੜ ਉਮਰੇ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਹਸੀਨ ਪਲਾਂ ਦਾ ਆਨੰਦ ਉਠਾਉਂਦੇ ਹਨ,ਸਤਿੰਦਰ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸ ਨੇ ਵਕਤ ਜ਼ਾਇਆ ਨਾ ਕਰਕੇ,ਉਸ ਦੀ ਕਦਰ ਤੇ ਭਰਪੂਰ ਇਸਤੇਮਾਲ ਕੀਤਾ ਤੇ ਅੱਜ ਵਕਤ ਉਸ ਦੀ ਕਦਰ ਕਰ ਰਿਹਾ ਹੈ।ਅੱਜ ਸੰਜੀਦਾ ਉਮਰ ਦੇ ਸਰੋਤਿਆਂ ਦੇ ਨਾਲ - ਨਾਲ ਨੌਜਵਾਨ ਪੀੜ੍ਹੀ ਵੀ ਸਰਤਾਜ ਨੂੰ ਪਸੰਦ ਕਰ ਰਹੀ ਹੈ,ਕਿਉਂ ਜੋ ਉਹ ਆਪਣੀ ਸ਼ਾਇਰੀ ਤੇ ਧੁਨਾਂ ਵਿੱਚ ਅਜਿਹੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਰ ਉਮਰ ਵਰਗ ਨੂੰ ਆਪਣੇ ਨਾਲ ਜੋੜ ਸਕੇ।

ਸਰਤਾਜ ਨੂੰ 2003 ਵਿੱਚ ਦੁਬਈ ਵਿਖੇ ਹੋਏ 32 ਦੇਸ਼ਾਂ ਦੇ ਸੱਭਿਆਚਾਰਕ ਮੇਲੇ ਵਿੱਚ "ਬੈਸਟ ਸੂਫ਼ੀ ਸਿੰਗਰ" ਦਾ ਐਵਾਰਡ ਮਿਲ ਚੁੱਕਿਆ ਹੈ।ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਮੇਲੇ "ਮੋਹਨ ਸਿੰਘ ਯਾਦਗਾਰੀ ਮੇਲਾ" ਵਿੱਚ ਨਜ਼ਾਕਤ ਅਲੀ ਸਲਾਮਤ ਅਲੀ (ਕਲਾਸੀਕਲ ਸਿੰਗਰ) ਐਵਾਰਡ,ਰੋਂਟਰੈਕਟ ਕਲੱਬ ਵੱਲੋਂ ਯੂਥ ਆਇਕਨ ਐਵਾਰਡ 'ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਉਸਦਾ ਸਨਮਾਨ ਹੋਇਆ ਹੈ।ਉਸ ਨੇ ਜ਼ੀ ਟੈਲੀਵੀਜ਼ਨ ਦੇ ਮਸ਼ਹੂਰ ਪ੍ਰੋਗਰਾਮ "ਜ਼ੀ ਅੰਤਾਕਸ਼ਰੀ" ਵਿੱਚ ਅਨੂੰ ਕਪੂਰ ਦੇ ਨਾਲ ਮਹਿਮਾਨ ਕਲਾਕਾਰ ਦੇ ਤੌਰ 'ਤੇ ਸ਼ਿਰਕਤ ਕੀਤੀ।

ਸਰਤਾਜ ਨੇ ਭਾਰਤ ਸਰਕਾਰ ਦੇ ਭਾਰਤੀ ਸੱਭਿਆਚਾਰ ਨਾਲ ਸਬੰਧਤ ਅਦਾਰੇ ਤੋਂ ਸਕਾਲਰਸ਼ਿਪ ਹਾਸਲ ਕੀਤੀ ਤੇ 24ਵੇਂ ਸਰਬ - ਭਾਰਤੀ ਸੰਗੀਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਵੱਖ-ਵੱਖ ਅਦਾਰਿਆਂ,ਕਾਲਜ਼ਾਂ ਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲਿਆਂ ਵਿੱਚ ਉਹ ਜੱਜ ਦੀ ਭੂਮਿਕਾ ਅਦਾ ਕਰ ਚੁੱਕਾ ਹੈ।ਸਤਿੰਦਰ ਸਰਤਾਜ ਨੇ ਪੰਜਾਬ ਹੈਰੀਟੇਜ਼ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਉਸ ਨੇ ਵਾਰਿਸ਼ ਸ਼ਾਹ ਤੇ ਬਣੀ ਡਾਕੂਮੈਂਟਰੀ ਫ਼ਿਲਮ ਵਿੱਚ ਵੀ ਗਾਇਨ ਕੀਤਾ।

ਮਧੁਰ ਆਵਾਜ਼ ਦਾ ਮਾਲਕ ਸਤਿੰਦਰ ਜਦ ਮਹਿਫ਼ਿਲ ਦਾ ਆਗਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟੇਜ ਤੇ ਸਜਾਏ ਗਈ ਸਾਜ਼ਾ ਨੂੰ ਸਿਰ ਨਿਵਾਂ ਕੇ ਨਮਸਕਾਰ ਕਰਦਾ ਹੈ।ਮੁੜ ਚੌਂਕੜਾ ਮਾਰ ਸਮਾਧੀ 'ਚ ਬੈਠੇ ਕਿਸੇ ਗਿਆਨੀ ਧਿਆਨੀ ਸਾਧੂ ਵਾਂਗ ਆਪਣਾ ਸੰਗੀਤ ਰੂਪੀ ਧੂਣਾ ਧੁਖਾਉਂਦਾ ਹੈ।ਵਾਰਿਸ਼ ਸ਼ਾਹ ਵਰਗੀ ਪੁਸ਼ਾਕ ਪਹਿਨੀ ਬੈਠਾ ਸਰਤਾਜ਼ ਅਜਿਹੇ ਸਮੇਂ ਜਦ ਸ਼ਿਅਰ ਬੋਲਦਾ ਹੈ ਤਾਂ ਸਾਖਸ਼ਾਤ "ਵਾਰਿਸ ਸ਼ਾਹ" ਦਾ ਵਾਰਿਸ ਹੀ ਜਾਪਦਾ ਹੈ।ਧੀਰ ਗੰਭੀਰ ਸਰਤਾਜ ਦੇ ਚਿਹਰੇ ਤੇ ਕਦੀ ਗੰਭੀਰਤਾ ਆਪਣਾ ਪ੍ਰਛਾਵਾਂ ਦਿਖਾਉਂਦੀ ਹੈ ਅਤੇ ਕਦੇ ਚੰਚਲ ਮੁਸਕਾਨ ਆਪਣਾ ਡੇਰਾ ਪਾ ਲੈਂਦੀ ਹੈ।ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪ੍ਰਮੇਸ਼ਵਰ ਦੇ ਚਰਨ - ਕਮਲਾਂ ਵਿੱਚ ਆਪਣੀ ਪ੍ਰਾਰਥਨਾ ਕਰਦਾ ਹੈ,ਆਪਣੇ ਕਲਾਮ "ਸਾਈਂ" ਨਾਲ.....

ਸਾਈਂ ਵੇ.... ਸਾਡੀ ਫਰਿਆਦ ਤੇਰੇ ਤਾਈਂ
ਸਾਈਂ ਵੇ....ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ.....ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ....ਹਾਜ਼ਰਾ ਹਜ਼ੂਰ ਵੇ ਤੂੰ ਆਈਂ

ਕਲਾਮ ਜਦ ਆਪਣੇ ਸਿਖਰ ਤੇ ਪਹੁੰਚਦਾ ਹੈ ਤਾਂ ਮਹਿਫ਼ਿਲ 'ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ।ਆਪਣੇ ਪਹਿਲੇ ਹੀ ਕਲਾਮ ਨਾਲ ਸਭ ਨੂੰ ਕੀਲ ਲੈਂਦਾ ਹੈ ਸਰਤਾਜ।ਮੁੜ ਤਾਂ ਆਨੰਦ ਹੀ ਆਨੰਦ।ਦੋ ਹੀ ਗੱਲਾਂ ਹੁੰਦੀਆਂ ਨੇ,ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ।ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ।ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ 'ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ।ਬੱਸ! ਸਮਾਂ ਹੀ ਰੁੱਕ ਜਾਂਦਾ ਹੈ।ਕਿਸੇ ਵੀ ਫ਼ਨਕਾਰ ਦੀ ਜ਼ਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ,ਜਦ ਮਹਿਫ਼ਲਾਂ ਵਿੱਚ ਹੌਂਸਲਾ ਅਫ਼ਜ਼ਾਈ ਹੁੰਦੀ ਹੈ,ਤਾੜੀਆਂ ਵੱਜਦੀਆਂ ਹਨ।ਸਰਤਾਜ ਦੀ ਜ਼ਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ,ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ।

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ 'ਕੱਲੇ ਬੈਠ,ਉਸ ਨੂੰ ਬਹੁਤ ਵਾਰੀ ਸੁਣਿਆ,ਮਹਿਸੂਸ ਕੀਤਾ।ਆਪਣੇ ਦਿਲੋ ਦਿਮਾਗ ਨੂੰ ਖੁੱਲਾ ਛੱਡ ਦਿੱਤਾ,ਸਰਤਾਜ ਦੇ ਵਹਿਣ ਵਿੱਚ ਵਹਿਣ ਲਈ।ਸਰਤਾਜ ਦੇ ਨਾਲ - ਨਾਲ ਫੁੱਲਾਂ ਦੇ ਬਾਗਾਂ,ਜੰਗਲਾਂ,ਬੇਲਿਆਂ 'ਚ ਖੂਬ ਘੁੰਮਿਆ,ਖੁੱਲੇ ਆਸਮਾਨ 'ਚ ਖੂਬ ਉਡਾਰੀਆਂ ਲਾਈਆਂ,ਡੂੰਘੇ ਸਮੁੰਦਰਾਂ 'ਚ ਖੂਬ ਤਾਰੀਆਂ ਲਾਈਆਂ।ਬੱਸ ਉਸ ਦੀ ਗਾਇਕੀ ਸੀ ਤੇ ਮੈਂ ਸਾਂ।ਜਦ ਉਸ ਦਾ "ਅੰਮੀ" ਕਲਾਮ ਸੁਣਿਆ ਤਾਂ ਫੁੱਟ -ਫੁੱਟ ਮਹਿਸੂ ਕਰ ਸਕਦਾ ਸਾਂ,ਪਰ ਉਸ ਨੂੰ ਛੁਹ ਨਹੀਂ ਸਕਦਾ ਸਾਂ,ਮਾਂ ਦਾ ਹੱਥ ਆਪਣੇ ਸਿਰ 'ਤੇ,ਆਪਣੇ ਚਿਹਰੇ 'ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ।ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ,ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ।

ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾ ਕੁੱਝ ਹੋ ਜਾਏ,ਡਰਦੀ ਅੰਮੀ

ਪੰਜਾਬ 'ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ 'ਚ ਉਸ ਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਉਣੇ ਚਾਹੀਦੇ ਨੇ,ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ।

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ

'ਤੇ ਜਦ ਸਰਤਾਜ ਗਾਉਂਦਾ ਹੈ.....

ਮੇਰੀ ਹੀਰੀਏ,ਫ਼ਕੀਰੀਏ,ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿੱਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ

....ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ।ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ।ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ।ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ।ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ।

ਉਸ ਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ।ਦੇਸ਼ ਜਾਂ ਵਿਦੇਸ਼ ਵਿੱਚ ਉਸ ਦੀਆਂ ਮਹਿਫ਼ਿਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸ ਦੀ ਪਹੁੰਚ ਹਰ ਸ਼ਹਿਰ,ਹਰ ਪਿੰਡ,ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ।ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜੁਬਾਨ ਤੇ "ਹੀਰ" ਨੇ ਆਪਣੀ ਪਹੁੰਚ ਕੀਤੀ ਸੀ,ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ......

ਮੇਰੀ ਹੀਰੀਏ,ਫ਼ਕੀਰੀਏ,ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ.....

ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ।


ਸਰਤਾਜ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਦਿਖਾ ਚੁੱਕਿਆ ਹੈ,ਤੇ ਸੰਗੀਤ ਦੀ ਦੁਨੀਆਂ ਵਿੱਚ ਗੰਭੀਰਤਾ ਨਾਲ ਸੋਚਣ ਵਾਲਾ ਨਾਮ ਬਣ ਚੁੱਕਿਆ ਹੈ।ਪਿੱਛੇ ਜਿਹੇ ਕੈਨੇਡਾ 'ਚ ਹੋਏ ਉਸ ਦੇ ਅਠਾਰਾਂ ਦੇ ਅਠਾਰਾਂ ਸ਼ੋਅ "ਹਾਊਸ ਫੁੱਲ" ਗਏ ਹਨ।

ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ 'ਚ ਕਿਸੇ ਕਲਾਕਾਰ ਦੇ ਇਕੱਠੇ ਪੰਜ ਸ਼ੋਅ ਹੋਏ ਹੋਣ ਤੇ ਉਹ ਵੀ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੋਣ।ਉਸ ਦੇ ਸ਼ੋਅ ਦੀਆਂ ਟਿਕਟਾਂ ਸਿਰਫ਼ 1 ਘੰਟਾ 35 ਮਿੰਟ ਦੇ ਰਿਕਾਰਡ ਟਾਈਮ 'ਚ ਵਿਕ ਗਈਆਂ।ਜਦੋਂ ਕੈਨੇਡਾ ਵਾਸੀਆਂ ਦੀ ਰੂਹ ਦੀ ਭੁੱਖ ਅਠਾਰਾਂ ਸ਼ੋਆਂ ਨਾਲ ਵੀ ਸ਼ਾਂਤ ਨਾ ਹੋਈ ਤਾਂ ਉਨ੍ਹਾਂ ਨੇ ਡਿਨਰ ਪਾਰਟੀਆਂ ਆਯੋਜਿਤ ਕੀਤੀਆਂ,ਜਿਨ੍ਹਾ 'ਚ ਸਰਤਾਜ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ।ਇਨ੍ਹਾਂ ਡਿਨਰ ਪਾਰਟੀਆਂ 'ਚ ਵੀ ਐਂਟਰੀ ਟਿਕਟ ਰਾਹੀਂ ਸੀ। ਹੁਣ "ਵਿਰਾਸਤ ਇਨਕੌਰਪ੍ਰੇਸ਼ਨ" ਵੱਲੋਂ ਸਰਤਾਜ ਦੇ ਆਸਟ੍ਰੇਲੀਆ ਵਿਖੇ ਚਾਰ ਤੇ ਨਿਊਜ਼ੀਲੈਂਡ ਵਿਖੇ ਇੱਕ ਸ਼ੋਅ ਆਯੋਜਿਤ ਕੀਤੇ ਜਾ ਰਹੇ ਹਨ।

ਸਰਤਾਜ ਸਾਦਗੀ ਪਸੰਦ ਸਖਸ਼ੀਅਤ ਦਾ ਨਾਮ ਹੈ।ਇਹ ਅਟਲ ਸਚਾਈ ਹੈ ਕਿ ਔਖੀ ਸ਼ਬਦਾਵਲੀ ਦੀ ਵਰਤੋ ਕਰਕੇ ਸ਼ਾਇਰੀ ਕਰਨੀ ਸੌਖੀ ਹੈ ਤੇ ਸੌਖੀ ਸ਼ਬਦਾਵਲੀ ਦੀ ਵਰਤੋ ਕਰਕੇ ਆਮ ਸਰੋਤੇ ਤੱਕ ਪਹੁੰਚ ਕਰਨੀ ਔਖਾ ਕੰਮ ਹੈ।ਕਈ ਸ਼ਾਇਰ ਸਮਝ ਤੋਂ ਬਾਹਰ ਹੋ ਜਾਂਦੇ ਹਨ ਪਰ ਸਰਤਾਜ ਦੀ ਕੋਸ਼ਿਸ ਹੈ ਕਿ ਮਹਿਫ਼ਿਲ ਵਿੱਚ ਬੈਠਿਆਂ ਹਰ ਕੋਈ ਉਸ ਨਾਲ ਗਾ ਸਕੇ।ਉਸ ਦੀ ਸ਼ਾਇਰੀ ਬੜੀ ਅਸਾਨੀ ਨਾਲ ਆਮ ਬੰਦੇ ਦੀ ਸਮਝ ਵਿੱਚ ਆ ਜਾਂਦੀ ਹੈ।ਸਰਤਾਜ ਸੋਚਦਾ ਹੈ ਕਿ ਗਾਇਕੀ ਵਿੱਚ ਸਾਦਗੀ ਸਰੋਤਿਆਂ ਨੂੰ ਆਕਰਸ਼ਿਤ ਕਰਦੀ ਹੈ।ਉਸ ਅਨੁਸਾਰ ਸ਼ਾਇਰੀ ਸਿੱਖੀ ਨਹੀਂ ਜਾ ਸਕਦੀ।ਇਹ ਤਾਂ ਆਪਣੇ ਅੰਦਰ ਪੈਦਾ ਹੁੰਦੀ ਹੈ,ਉਨ੍ਹਾ ਵਿੱਚ ਸੁਨਣ ਦਾ ਜਜ਼ਬਾ ਹੋਣਾ ਚਾਹੀਦਾ ਹੈ।

ਭਾਵੇਂ ਲੱਖ ਲਫ਼ਜ਼ਾਂ ਨੂੰ ਪੀੜਾਂ 'ਚ ਪਰੋ ਲਵੇ
ਲੱਖ ਸੁਰਾਂ ਵੀ ਵੈਰਾਗ ਦੀਆਂ ਛੋਹ ਲਵੇ
ਭਾਵੇਂ ਗਾਵੇ 'ਸਰਤਾਜ' ਪੂਰਾ ਭਿੱਜ ਕੇ
ਭਾਵੇਂ ਗੀਤ ਨਾਲ ਇੱਕ ਮਿਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ
ਗਵੱਈਆ ਮਾਣ ਮੱਤਾ ਕੀ ਕਰੂ?

ਦੇਸ਼ ਵਿਦੇਸ਼ ਦੇ ਲੱਖਾਂ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸਰਤਾਜ ਖੁਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਪ੍ਰਭਾਵਿਤ ਹੈ।ਖੁਦ ਸ਼ਾਇਰੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਖਾਨ ਸਾਹਿਬ ਦੇ ਗੀਤ ਗਾ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ।ਲੋਕਾਂ ਦੁਆਰਾ ਸਰਤਾਜ ਨੂੰ ਮਿਲਣ ਦੀ ਚਾਹਤ ਫੋਟੋਗਰਾਫ਼ੀ ਤੇ ਆਟੋਗ੍ਰਾਫ਼ ਆਦਿ ਦੇ ਪਲਾਂ ਨੂੰ ਉਹ ਪ੍ਰਮਾਤਮਾ ਦੀ ਬਖਸ਼ਿਸ਼ ਮੰਨਦਾ ਹੈ।ਲੋਕਾਂ ਦੁਆਰਾ ਦਿੱਤੇ ਜਾ ਰਹੇ ਪਿਆਰ ਤੇ ਸਤਿਕਾਰ ਕਾਰਣ,ਉਹ ਉਮੀਦਾਂ 'ਤੇ ਖਰਾ ਉਤਰਣ ਦੇ ਵਾਅਦੇ ਆਪਣੇ ਆਪ ਨਾਲ ਕਰਦਾ ਹੈ।ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਦਿਨ - ਬ- ਦਿਨ ਆ ਰਹੇ ਨਿਘਾਰ ਕਾਰਣ "ਸੋਚ" ਹੈ।ਉਸ ਦੇ ਵਿਚਾਰ ਅਨੁਸਾਰ ਜੇਕਰ ਲੋਕ ਸੁਣਦੇ ਹਨ ਤਾਂ ਹੀ ਗਾਇਕ ਗਾ ਰਹੇ ਹਨ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...