Friday, August 28, 2009

ਸੱਤਾ 'ਚ ਆਏ ਤਾਂ ਕਮਜ਼ੋਰ ਵਰਗ ਦਾ ਰੱਖਾਂਗੇ ਖਿਆਲ:ਬਿੱਟੂ


ਚੌਥੇ ਥੰਮ ਮੀਡਿਆ ਨੂੰ ਉਠਾਉਣੀ ਚਾਹੀਦੀ ਹੈ ਅਵਾਜ਼:ਬਿੱਟੂ


ਸੂਬੇ ਦੇ ਵਿਕਾਸ,ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਆਪਣੇ ਸਵਰਗਵਾਸੀ ਦਾਦਾ ਸ੍ਰ.ਬੇਅੰਤ ਸਿੰਘ ਜੀ ਦੁਆਰਾ ਵੇਖੇ ਸੁਪਨਿਆਂ ਨੂੰ ਪੂਰ ਚੜ੍ਹਾਉਣ ਲਈ ਆਪਣੀਆਂ ਅੱਖਾਂ ‘ਚ ਸੁਪਨਾ ਸੰਜੋਈ ਅਤੇ ਦ੍ਰਿੜ੍ਹ ਜਜ਼ਬੇ ਨਾਲ ਸਿਆਸਤ ਦੇ ਮੈਦਾਨ ‘ਚ ਉੱਤਰ ਕੇ ਆਨੰਦਪੁਰ ਸਾਹਿਬ ਤੋਂ ਸਾਂਸਦ ਬਣ ਉੱਚੇ ਲੰਮੇ ਗੱਭਰੂ,ਮਿੱਠ ਬੋਲੜੇ ਅਤੇ ਸ਼ਾਂਤ ਸੁਭਾਅ ਦੇ ਰਵਨੀਤ ਸਿੰਘ ਬਿੱਟੂ ਨੇ ਸਿਆਸਤ ‘ਚ ਨਵੀਆਂ ਪੈੜਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।ਪੇਸ਼ ਹੈ ਪਿੱਛਲੇ ਦਿਨ੍ਹੀਂ ਇੰਦੌਰ ਪਹੁੰਚੇ ਸਾਂਸਦ ਰਵਨੀਤ ਸਿੰਘ ਬਿੱਟੂ ਨਾਲ ਵੈਬਦੁਨੀਆ ਦੇ ਸਬ ਐਡੀਟਰ ਹਰਕ੍ਰਿਸ਼ਨ ਸ਼ਰਮਾਂ ਦੀ ਵਿਸ਼ੇਸ ਮੁਲਾਕਾਤ ਦੇ ਕੁੱਝ ਅੰਸ਼:

ਸੁਆਲ: ਸਵਰਗਵਾਸੀ ਸਾਬਕਾ ਮੁੱਖਮੰਤਰੀ ਸ੍ਰ. ਬੇਅੰਤ ਸਿੰਘ ਜੀ ਨੇ ਖਾੜਕੂਵਾਦ ਨੂੰ ਖਤਮ ਕਰਨ ‘ਚ ਕਾਫ਼ੀ ਅਹਿਮ ਭੂਮਿਕਾ ਨਿਭਾਈ ਸੀ, ਕੀ ਤੁਸੀਂ ਉਨ੍ਹਾ ਦੇ ਸੁਪਨਿਆਂ ਨੂੰ ਪੂਰਾ ਕਰਨ ਜਾਂ ਉਨ੍ਹਾ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ‘ਚ ਪ੍ਰਵੇਸ਼ ਕੀਤਾ ਜਾਂ ਇਸ ਪਿੱਛੇ ਕੋਈ ਹੋਰ ਕਾਰਣ ਹੈ?

ਜਵਾਬ: ਸਿਆਸਤ ਦੀ ਗੁੜਤੀ ਤਾਂ ਅਸਲ 'ਚ ਦਾਦਾ ਜੀ ਸ੍ਰ.ਬੇਅੰਤ ਸਿੰਘ ਤੋਂ ਹੀ ਮਿਲੀ ਹੈ,ਪੰਜਾਬ 'ਚ ਜਦੋਂ ਲੋਕਾਂ ਦੇ ਮਨਾਂ 'ਚ ਤਰੇੜਾਂ ਆ ਗਈਆਂ ਸਨ ਅਤੇ ਪੰਜਾਬ 'ਚ ਖਾੜਕੂਵਾਦ ਬੁਰ੍ਹੀ ਤਰ੍ਹਾਂ ਪਨਪ ਚੁੱਕਿਆ ਸੀ ਤਾਂ ਉਨ੍ਹਾ ਨੇ ਉਸ ਸਮੇਂ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਕੇ.ਪੀ.ਐਸ ਗਿੱਲ ਨਾਲ ਮਿਲਕੇ ਈਮਾਨਦਾਰੀ ਨਾਲ ਕੰਮ ਕਰਦਿਆਂ ਉਸ ਸਮੇਂ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਸੁਧਾਰਨ 'ਚ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾ ਤੋਂ ਪ੍ਰੇਰਿਤ ਹੋ ਹੀ ਮੈਂ ਸਿਆਸਤ ਦੇ ਮੈਦਾਨ ‘ਚ ਉਤਰਿਆ ਤਾਂ ਜੋ ਉਨ੍ਹਾ ਦੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਪੂਰ੍ਹਾ ਕਰ ਸਕਾਂ।ਲੋਕਾਂ ਦਾ ਧੰਨਵਾਦੀ ਹਾਂ ਕਿ ਉਨ੍ਹਾ
ਮੈਨੂੰ ਆਪਣੀ ਅਤੇ ਦੇਸ਼ ਦੀ ਸੇਵਾ ਕਰਨ ਦੇ ਕਾਬਲ ਸਮਝਿਆ।ਕੋਸ਼ਿਸ ਕਰਾਂਗਾ ਕਿ ਉਨ੍ਹਾ ਦੀਆਂ ਉਮੀਦਾਂ ‘ਤੇ ਖਰਾ ਉੱਤਰਾਂ ਅਤੇ ਅਗਾਂਹਵਧੂ ਸੋਚ ਤਹਿਤ ਪੰਜਾਬ ਨੂੰ ਅੱਗੇ ਲਿਜਾਣ 'ਚ ਆਪਣਾ ਬਣਦਾ ਯੋਗਦਾਨ ਦੇਵਾਂ,ਜਿਸ ਲਈ ਮੈਨੂੰ ਲੋਕਾਂ ਅਤੇ ਗਾਂਧੀ ਪਰਿਵਾਰ ਅਤੇ ਕਾਂਗਰਸ ਦੇ ਨੌਜਵਾਨ ਆਗੂ ਰਾਹੁਲ ਗਾਂਧੀ ਨੇ ਅੱਗੇ ਲਿਆਂਦਾ ਹੈ।

ਸੁਆਲ: ਪੰਜਾਬ ਦੇ ਕੇਬਲ ਮੀਡਿਆ ਤੰਤਰ 'ਚ ਅਕਾਲੀ ਦਲ ਦਾ ਕਾਫ਼ੀ ਦਬਦਬਾ ਹੈ ਅਤੇ ਪੰਜਾਬੀ ਚੈਨਲ ਪੀਟੀਸੀ ਨੂੰ ਤਾਂ ਕਈਆਂ ਲੋਕਾਂ ਦੁਆਰਾ (ਪ੍ਰਕਾਸ਼ ਟ੍ਰੇਡਿੰਗ ਕਾਰਪੋਰੇਸ਼ਨ) ਵੀ ਕਿਹਾ ਜਾਂਦਾ ਹੈ।ਇਸ ਬਾਰੇ ਕੀ ਕਹੋਗੇ?

ਜਵਾਬ: ਸੱਚ ਹੈ ਕਿ ਪੰਜਾਬ ਦੀ ਕੇਬਲ ਅਤੇ ਚੈਨਲਾਂ ‘ਤੇ ਅਕਾਲੀ ਦਲ ਦਾ ਦਬਦਬਾ ਕਾਫ਼ੀ ਬਣਿਆ ਹੋਇਆ ਹੈ।ਅੱਵਲ ਕੀ ਤਾਂ ਕਾਂਗਰਸ ਦੀ ਕੋਈ ਖਬਰ ਪੰਜਾਬ ਦੇ ਚੈਨਲਾਂ ‘ਤੇ ਚੱਲਦੀ ਹੀ ਨਹੀਂ,ਜੇਕਰ ਕਦੀ ਕਦਾਈ ਕਿਸੇ ਚੈਨਲ ਦੁਆਰਾ ਦਿਖਾਈ ਵੀ ਜਾਂਦੀ ਹੈ ਤਾਂ ਕੇਬਲ ਦੁਆਰਾ ਉਹ ਚੈਨਲ ਨੂੰ ਕਈ-ਕਈ ਦਿਨ੍ਹਾ ਤੱਕ ਕੇਬਲ ਰਾਹੀਂ ਬੰਦ ਕਰ ਦਿੱਤਾ ਜਾਂਦਾ ਹੈ,ਜਿਹੜਾ ਕਿ ਮੀਡਿਆ ਨਾਲ ਸਰਾਸਰ ਧੱਕਾ ਹੋ ਰਿਹਾ ਹੈ।ਦੇਸ਼ ਦਾ ਚੌਥਾ ਥੰਮ ਮੰਨੇ ਜਾਣ ਵਾਲੇ ਮੀਡਿਆ ਲਈ ਇਹ ਬਹੁਤ ਵੱਡਾ ਖਤਰਾ ਹੈ ਅਤੇ ਇਸ ਨਾਲ ਮੀਡਿਆ ਦੀ ਵਿਸ਼ਵਸਨੀਅਤਾ 'ਤੇ ਵੀ ਅਸਰ ਪਵੇਗਾ,ਇਸ ਲਈ ਇਲੈਕਟ੍ਰਾਨਿਕ ਮੀਡਿਆ ਅਤੇ ਪ੍ਰਿੰਟ ਮੀਡਿਆ ਨੂੰ ਇਸ ਖਿਲਾਫ਼ ਅਵਾਜ਼ ਉਠਾਉਣੀ ਚਾਹੀਦੀ ਹੈ।

ਸੁਆਲ: ਹਰਿਆਣਾ ਦੇ ਸਿੱਖਾਂ ਵੱਲੋਂ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਲਈ ਕਾਫ਼ੀ ਜੱਦੋਜਹਿਦ ਕੀਤੀ ਜਾ ਰਹੀ ਹੈ ਮਗਰ ਮਾਮਲਾ ਵਿੱਚ ਹੀ ਲਟਕਿਆ ਹੋਇਆ ਹੈ,ਜਦੋਂਕਿ ਦਿੱਲੀ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ,ਇਸ ਤੋਂ ਇਲਾਵਾ ਹੁਣ ਰਾਜਸਥਾਨ ਵਿੱਚ ਅਲੱਗ ਕਮੇਟੀ ਦੀ ਮੰਗ ਉੱਠਣ ਲੱਗੀ ਹੈ,ਕੀ ਹਰਿਆਣਾ ‘ਚ ਅਲੱਗ ਕਮੇਟੀ ਬਣਾਈ ਜਾਣੀ ਚਾਹੀਦੀ ਹਾਂ ਜਾਂ ਨਹੀਂ?

ਜਵਾਬ: ਇਹ ਧਰਮ ਦਾ ਮਾਮਲਾ ਹੈ ਅਤੇ ਮੈਂ ਇਸ ਬਾਰੇ ਕੁੱਝ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ।ਇਸ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਅਤੇ ਸਰਕਾਰਾਂ ਨੂੰ ਆਪਸ ‘ਚ ਮਿਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ।

ਸੁਆਲ: ਪੰਜਾਬ ਕਾਂਗਰਸ 'ਚ ਭੱਠਲ,ਜਗਮੀਤ ਅਤੇ ਹਰਿਮੰਦਰ ਸਿੰਘ ਜੱਸੀ ਦੇ ਬਾਦਲ ਨਾਲ ਮਿਲੇ ਹੋਣ ਦੀਆਂ ਖਬਰਾਂ ਸੁਰਖੀਆਂ 'ਚ ਆਏ ਦਿਨ ਬਣੀਆਂ ਰਹਿੰਦੀਆਂ ਹਨ,ਜੇ ਇਨ੍ਹਾ ਵਿੱਚ ਰੱਤੀ ਭਰ ਵੀ ਸੱਚਾਈ ਹੈ ਤਾਂ ਇਹ ਸੱਚਾਈ ਬਾਰੇ ਹਾਈਕਮਾਂਡ ਨੂੰ ਕਿਉਂ ਨਹੀਂ ਜਾਣੂ ਕਰਵਾਇਆ ਜਾਂਦਾ ਹੈ?

ਜਵਾਬ: ਕਾਂਗਰਸ ਪੁਰਾਣੀ ਪਾਰਟੀ ਹੈ ਅਤੇ ਇਸ ਨੇ ਲਗਾਤਾਰ ਵਿਕਾਸ ਕੀਤਾ ਹੈ,ਜੇਕਰ ਕਦੇ ਰਜਿੰਦਰ ਕੌਰ ਭੱਠਲ,ਜਗਮੀਤ ਬਰਾੜ ਅਤੇ ਹਰਮੰਦਰ ਸਿੰਘ ਜੱਸੀ ਦੀਆਂ ਬਾਦਲ ਨਾਲ ਮਿਲੇ ਹੋਣ ਜਾਂ ਆਪਸ ‘ਚ ਕਦੇ ਕੋਈ ਮੱਤਭੇਦ ਹੋਣ ਦੀਆਂ ਖਬਰਾਂ ਅਖਬਾਰਾਂ 'ਚ ਛਪਦੀਆਂ ਹਨ ਪਰੰਤੂ ਇਹ ਕਾਂਗਰਸ 'ਚ ਦੇਖਣ ਵਾਲੀ ਗੱਲ ਹੈ ਕਿ ਜਦੋਂ ਵੀ ਹਾਈਕਮਾਨ ਵੱਲੋਂ ਚੋਣਾਂ ਵੇਲੇ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਕਿਸੇ ਨੂੰ ਵੀ ਦਿੱਤੀ ਜਾਂਦੀ ਹੈ ਤਾਂ ਸਾਰੇ ਇੱਕੋ ਮੰਚ 'ਤੇ ਇਕੱਠੇ ਹੋ ਕੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਦੇ ਹਨ,ਇਹ ਲੋਕਸਭਾ ਚੋਣਾਂ ‘ਚ ਦੇਖਣ ਨੂੰ ਵੀ ਮਿਲਿਆ ਹੈ ਅਤੇ ਇਸੇ ਕਰਕੇ ਚੰਡੀਗੜ੍ਹ ਸਮੇਤ 14 ਲੋਕਸਭਾ ਸੀਟਾਂ 'ਚੋਂ 9 ਸੀਟਾਂ ਕਾਂਗਰਸ ਨੇ ਸ਼ਾਨ ਨਾਲ ਜਿੱਤੀਆਂ ਹਨ।

ਸੁਆਲ:ਆਉਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਤੁਸੀਂ ਆਮ ਲੋਕਾਂ ਸਾਹਮਣੇ ਕਿਹੜੇ ਮੁੱਦੇ ਲੈ ਕੇ ਆਉਗੇ?

ਜਵਾਬ: ਕੋਈ ਸਮਾਂ ਸੀ,ਜਦੋਂ ਪੰਜਾਬ ਕਾਫ਼ੀ ਖੁਸ਼ਹਾਲ ਦਿਖਾਈ ਦਿੰਦਾ ਸੀ ਮਗਰ ਅੱਜ ਜੇਕਰ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਦੇਸ਼ 'ਚ ਪਹਿਲੇ ਨੰਬਰ 'ਤੇ ਗਿਣਿਆ ਜਾਣ ਵਾਲਾ ਪੰਜਾਬ 17ਵੇਂ ਨੰਬਰ 'ਤੇ ਦਿਖਾਈ ਦਿੰਦਾ ਹੈ।ਰਾਜ 'ਚ ਬਿਜਲੀ ਸਿਰਫ਼ ਚਾਰ ਘੰਟੇ ਮਸਾਂ ਕੁ ਆਉਂਦੀ ਹੈ ਅਤੇ ਪੰਜਾਬ ਦੀ ਸਥਿੱਤੀ ਅੱਜ ਬਿਹਾਰ ਅਤੇ ਯੂਪੀ ਵਰਗੀ ਜਾਪਣ ਲੱਗੀ ਹੈ।ਪੰਜਾਬ 'ਚ ਉਦਯੋਗਾਂ ਨੂੰ ਸੁਰੱਖਿਆ ਨਾ ਮਿਲਣ ਕਾਰਣ ਉਦਯੋਗ ਪੰਜਾਬ 'ਚੋਂ ਬਾਹਰ ਜਾ ਰਹੇ ਹਨ,ਜਿਸ ਕਾਰਣ ਨੌਜਵਾਨਾਂ ਨੂੰ ਨਾ ਮਿਲਣ ਕਾਰਣ ਉਹ ਨਿਰਾਸ਼ ਹਨ।ਪੰਜਾਬ ਸਰਕਾਰ ਮੰਤਰੀ ਮੰਡਲ 'ਚ ਬਾਦਲ ਪਰਿਵਾਰ ਦੇ ਹੀ ਮੰਤਰੀ ਭਰੇ ਪਏ ਹਨ ਅਤੇ ਲੋਕਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ।ਲੋਕ ਸਾਰਾ ਕੁੱਝ ਦੇਖ ਰਹੇ ਹਨ,ਸਮਾਂ ਫ਼ਿਰ ਬਦਲੇਗਾ।ਰਾਹੁਲ ਗਾਂਧੀ ਨੇ ਲੋਕਸਭਾ ਚੌਣਾਂ ‘ਚ ਨੌਜਵਾਨਾਂ ਨੂੰ ਅੱਗੇ ਲਿਆਂਦਾ ਹੈ ਅਤੇ ਆਮ ਲੋਕਾਂ ਨਾਲ ਤਾਲਮੇਲ ਵਧਾਇਆ ਅਤੇ ਉਹ ਆਪਣੇ ਮਕਸਦ ‘ਚ ਕਾਮਯਾਬ ਵੀ ਹੋਏ ਹਨ। ਆਮ ਲੋਕਾਂ ਨੇ ਵੀ ਕਾਂਗਰਸ ਪਾਰਟੀ ਦੀ ਕਾਬਲੀਅਤ ਅਤੇ ਕੀਤੇ ਗਏ ਵਿਕਾਸ ਨੂੰ ਦੇਖਦਿਆਂ ਵੱਡੀ ਜਿੱਤ ਦਿਵਾਈ ਹੈ।ਆਉਣ ਵਾਲੀਆਂ ਚੌਣਾਂ ‘ਚ ਅਸੀਂ ਸ਼ਹਿਰੀ ਨੌਜਵਾਨਾਂ ਦੇ ਨਾਲ-ਨਾਲ ਪੇਂਡੂ ਨੌਜਵਾਨਾਂ ਨੂੰ ਅੱਗੇ ਲਿਆਉਣ ਅਤੇ ਆਪਣੀ ਪਾਰਟੀ ਨਾਲ ਜੋੜਨ ਦੀ ਮੁਹਿੰਮ ਚਲਾਵਾਂਗੇ ਅਤੇ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਨੂੰ ਲੋਕਾਂ ਸਾਹਮਣੇ ਲਿਆ ਚੋਣ ਪ੍ਰਚਾਰ ਕਰਾਂਗੇ।ਸਾਨੂੰ ਯਕੀਨ ਹੈ ਕਿ ਲੋਕੀਂ ਲੋਕਸਭਾ ਚੋਣਾਂ ਦੀ ਤਰ੍ਹਾਂ ਪੰਜਾਬ ‘ਚ ਵਿਧਾਨਸਭਾ ਚੋਣਾਂ ‘ਚ ਵੀ ਕਾਂਗਰਸ ਪਾਰਟੀ ਦਾ ਸਾਥ ਦੇਣਗੇ।

ਸੁਆਲ: ਪੰਜਾਬ ‘ਚ ਅਕਾਲੀ ਦਲ ਵੱਲੋਂ ਦਿੱਤੀਆਂ ਜਾ ਰਹੀਆਂ ਸਬਸੀਡੀਆਂ ਬਾਰੇ ਤੁਸੀਂ ਕੀ ਕਹੋਗੇ?


ਜਵਾਬ:ਪੰਜਾਬ ਸਰਕਾਰ ਸਬਸੀਡੀਆਂ ਦੇ ਕੇ ਕੋਈ ਗਰੀਬਾਂ ਦੀ ਸੇਵਾ ਨਹੀਂ ਕਰ ਰਹੀ,ਇਹ ਤਾਂ ਝੂਠੀ ਸ਼ੋਹਰਤ ਹਾਸਿਲ ਕਰਨ ਲਈ ਹੈ।ਇੱਥੇ ਜੇਕਰ ਨਜ਼ਰ ਮਾਰੀ ਜਾਵੇ,ਪੰਜਾਬ 'ਚ ਸੋਕਾ,ਨੌਜਵਾਨਾਂ ਦਾ ਨਸ਼ਿਆਂ ਵੱਲ ਵੱਧਣਾ ਜਾਂ ਹੋਰ ਵਧੇਰੀਆਂ ਸਮੱਸਿਆਵਾਂ ਜੁੜ ਚੁੱਕੀਆਂ ਹਨ ਪਰੰਤੂ ਇਸ ਵੱਲ ਸਰਕਾਰ ਦੁਆਰਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਫੌਜ 'ਚ ਜਦ ਵੀ ਪਹਿਲਾਂ ਕਦੀ ਭਰਤੀ ਹੁੰਦੀ ਸੀ ਤਾਂ ਸੈਨਾ ਸਭ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਵੱਲ ਤੱਕਦੀ ਸੀ ਅਤੇ ਇੱਥੋਂ ਦੇ ਨੌਜਵਾਨ ਸਰਹੱਦਾਂ 'ਤੇ ਜਾ ਕੇ ਦੇਸ਼ ਦੀ ਸੇਵਾ ਕਰਦੇ ਸਨ ਪਰੰਤੂ ਅੱਜ ਪੰਜਾਬ ਦੇ 40 ਫ਼ੀਸਦੀ ਨੌਜਵਾਨ ਚਰਸ,ਗਾਂਜਾ,ਅਫ਼ੀਮ ਵਰਗੇ ਨਸ਼ਿਆਂ ਦੀ ਦਲਦਲ 'ਚ ਫ਼ਸੇ ਪਏ ਹਨ ਅਤੇ ਫੌਜ ਦੀ ਭਰਤੀ ਸਮੇਂ ਉਨ੍ਹਾ ਦੀ ਛਾਤੀ ਵੀ ਪੂਰ੍ਹੀ ਨਹੀਂ ਆਉਂਦੀ,ਦਿਨ-ਬ-ਦਿਨ ਨੌਜਵਾਨਾਂ ਦੀਆਂ ਸਿਹਤਾਂ ਵਿਗੜ ਰਹੀਆਂ ਹਨ,ਜਿਹੜਾ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ।ਮਗਰ ਪੰਜਾਬ ਸਰਕਾਰ ਦਾ ਇਨ੍ਹਾ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ।ਕਾਂਗਰਸ ਜਦੋਂ ਵੀ ਸੱਤਾ 'ਚ ਆਵੇਗੀ ਤਾਂ ਕਮਜ਼ੋਰ ਵਰਗ ਦਾ ਖਿਲਾਲ ਰੱਖਿਆ ਜਾਵੇਗਾ ਅਤੇ ਗੁੰਡਾਗਰਦੀ ਨੂੰ ਨੱਥ ਪਾਈ ਜਾਵੇਗੀ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...