Friday, September 18, 2009

ਕੱਲ੍ਹ ,ਅੱਜ ਅਤੇ ਕੱਲ੍ਹ ਦਾ ਸੁਖਬੀਰ

ਸਿਆਸਤ 'ਚ ਸੁਖਬੀਰ


ਬਾਦਲ ਦਾ ਨਾਂ ਮੂੰਹ ‘ਤੇ ਆਉਂਦਿਆ ਹੀ ਸਾਹਮਣੇ ਵਾਲਾ ਸੋਚੀਂ ਪੈ ਜਾਂਦਾ ਹੈ ਕਿ ਬਾਈ ਹੁਣ ਕਿਹੜੇ ਬਾਦਲ ਦੀ ਗੱਲ ਹੋਵੇਗੀ,ਪੰਜਾਬ ਦੇ ਚੌਥੀ ਵਾਰ ਮੁੱਖਮੰਤਰੀ ਦੀ ਗੱਦੀ ‘ਤੇ ਬੈਠੇ ਹੋਏ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਫ਼ਿਰ ਉਨ੍ਹਾ ਦੇ ਹੁਣ ਦੂਜੀ ਵਾਰ ਫ਼ਿਰ ਉੱਪ ਮੁੱਖਮੰਤਰੀ ਦੀ ਕੁਰਸੀ ‘ਤੇ ਬੈਠੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ,ਜਿਸ ਨੂੰ ਕਈ ਲੀਡਰਾਂ ਵੱਲੋਂ ਹਾਲੇ ਵੀ ‘ਕਾਕਾ ਜੀ’ ਕਹਿ ਕੇ ਸੱਦਿਆ ਜਾਂਦਾ ਹੈ।ਹਾਂ ਜੀ,ਅੱਜ ਆਪਾਂ ਇੱਥੇ ਗੱਲ ਕਰਾਂਗੇ ਉੱਪਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੀ। ਗੱਲ ਕਰਾਂਗੇ ਕੱਲ੍ਹ ਦੇ,ਅੱਜ ਦੇ ਅਤੇ ਭਵਿੱਖ ਦੇ ਸੁਖਬੀਰ ਦੀ।


ਜੋ ਬਚਪਨ ਤੋਂ ਹੀ ਸਿਆਸਤ ‘ਚ ਖੇਡੇ ਜਾਂਦੇ ਆਪਣੇ ਪਿਤਾ ਅਤੇ ਮੌਜੂਦਾ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੁਆਰਾ ਦਾਅ ਪੇਚਾਂ ਨੂੰ ਦੇਖਦਿਆਂ ਅਤੇ ਨਾਲ-ਨਾਲ ਕੈਲੀਫੋਰਨੀਆ (ਲਾਸ ਐਂਜਲਸ) ਤੋਂ ਐਮਬੀਏ ਦੀ ਡਿਗਰੀ ਹਾਸਿਲ ਕਰਨ ਉਪਰੰਤ ਸਿਆਸਤ ‘ਚ ਆ ਪੰਜਾਬ ਦੀ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਪਹੁੰਚ ਚੁੱਕਿਆ ਹੈ।ਭਲਾਂ ਦੀ ਹੁਣ ਇਸ ਨੂੰ ਮੌਜੂਦਾ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੁਆਰਾ ਪੁੱਤਰ ਮੋਹ ਜਾਂ ਫ਼ਿਰ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਨਾਲ ਜੁੜੇ ਸੀਨੀਅਰ ਨੇਤਾਵਾਂ ਨੂੰ ਕੀਤਾ ਗਿਆ ਅਣਗੋਲਿਆ ਜਾਂ ਫ਼ਿਰ ਸੁਖਬੀਰ ਦੁਆਰਾ ਆਪਣੇ ਵਿਰੋਧੀਆਂ ਨਾਲ ਸਿਆਸਤ ਦਾ ਹਰ ਚੰਗਾ,ਮਾੜਾ ਦਾਅਪੇਚ ਖੇਡਦਿਆਂ ਖੇਡਦਿਆਂ ਪਹੁੰਚਣ ਨੂੰ ਕਿਹਾ ਜਾਵੇ ਪਰੰਤੂ ਇਸ ਸੱਚ ਤੋਂ ਵੀ ਨਹੀਂ ਮੁੱਕਰਿਆ ਜਾ ਸਕਦਾ ਕਿ ਜਿਵੇਂ ਵੀ ਹੋਵੇ,ਸੁਖਬੀਰ ਥੋੜੇ ਜਿਹੇ ਸਾਲਾਂ ‘ਚ ਹੀ ਰਾਜਨੀਤੀ ‘ਚ ਸਿਖਰਾਂ ਨੂੰ ਛੋਹਣ ਲੱਗਿਆ ਹੈ ।

15 -16 ਕੁ ਸਾਲ ਪਹਿਲਾਂ ਦੀ ਪੰਜਾਬ ਦੀ ਸਿਆਸਤ ‘ਚ ਝਾਤੀ ਮਾਰੀਏ ਤਾਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਬ ) ਪਾਰਟੀ ‘ਚ ਕੋਈ ਵੱਡਾ ਨਾਂਅ ਨਹੀਂ ਗਿਣਿਆ ਜਾਂਦਾ ਸੀ।ਉਹ ਜਦ ਅਕਾਲੀ ਦਲ (ਬ) ਪਾਰਟੀ ‘ਚ ਆਏ ਤਾਂ ਜਨਰਲ ਸੈਕਟਰੀ ਦੇ ਪਦ ਦੇ ਨਾਲ - ਨਾਲ ਯੂਥ ਅਕਾਲੀ ਦਲ ਦੇ ਪੈਟਰਨ ਦੇ ਪਦ ਨਾਲ ਰਾਜਨੀਤਿਕ ਮੈਦਾਨ ‘ਚ ਉੱਤਰੇ ਸਨ ਅਤੇ ਕੁੱਝ ਕੁ ਸਾਲਾਂ ‘ਚ ਹੀ ਪਿਉ ਦੀ ਛਤਰਛਾਇਆ ਦਾ ਆਨੰਦ ਮਾਣਦਿਆਂ ਪਾਰਟੀ ‘ਚ ਦਬਦਬਾ ਬਣਾਇਆ। 11ਵੀਂ ਅਤੇ 12ਵੀ ਲੋਕਸਭਾ ‘ਚ ਫਰੀਦਕੋਟ ਲੋਕਸਭਾ ਹਲਕੇ ਤੋਂ ਚੋਣ ਜਿੱਤਕੇ ਸਾਂਸਦ ਬਣ ਦਿੱਲੀ ਗਏ ਅਤੇ ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਈ ਦੀ ਸਰਕਾਰ ਸਮੇਂ 1998 ਅਤੇ 1999 ‘ਚ ਕੇਂਦਰੀ ਰਾਜ ਉਦਯੋਗ ਮੰਤਰੀ ਰਹੇ,ਜਦੋਂਕਿ 1999 ਦੀਆਂ ਲੋਕਸਭਾ ਚੋਣਾਂ ‘ਚ ਕਾਂਗਰਸੀ ਲੀਡਰ ਜਗਮੀਤ ਸਿੰਘ ਬਰਾੜ ਹੱਥੋਂ ਉਨ੍ਹਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

2001 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਬਣੇ ਰਹੇ।2004 ‘ਚ ਹੋਈਆਂ 14ਵੀਂਆਂ ਲੋਕਸਭਾ ਚੋਣਾਂ ‘ਚ ਤੀਸਰੀ ਵਾਰ ਚੋਣ ਜਿੱਤਕੇ ਸਾਂਸਦ ਚੁਣਕੇ ਆਏ। 2007 ‘ਚ ਕਾਰਜਕਾਰੀ ਪ੍ਰਧਾਨ ਅਤੇ 2008 ‘ਚ ਪ੍ਰਧਾਨ ਥਾਪੇ ਗਏ। ਵਰਤਮਾਨ ਸਮੇਂ ‘ਚ ਉਹ ਪੰਜਾਬ ਦੇ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਹੁਣ ਦੂਸਰੀ ਵਾਰ ਪਹੁੰਚੇ ਹਨ। ਇਸ ਦੇ ਨਾਲ ਹੀ ਦੁਨੀਆ ‘ਚ ਵੀ ਇਹ ਪਹਿਲੀ ਮਿਸਾਲ ਹੈ ਜਦੋਂ ਕਿਸੇ ਰਾਜ ‘ਚ ਪਿਤਾ ਮੁੱਖਮੰਤਰੀ ਅਤੇ ਪੁੱਤਰ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਬੈਠੇ ਹਨ।

ਰਾਜਨੀਤਿਕ ਗਲਿਆਰਿਆਂ ਦੀ ਸੁਣੀਏ ਤਾਂ ਕਿਹਾ ਜਾਂਦਾ ਹੈ ਕਿ ਸ੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਸਭ ਤੋਂ ਪਹਿਲਾਂ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਪਾਰਟੀ ਵਰਕਰ ਨੇ ਪਾਰਟੀ ਲਈ ਕਿਨ੍ਹੀਆਂ ਘਾਲਣਾ ਘਾਲੀਆਂ,ਕਿਨ੍ਹੀ ਜਦੋਜਹਿਦ ਕੀਤੀ ਅਤੇ ਜਦੋ ਜਹਿਦ ‘ਚ ਸੰਘਰਸ਼ ਕਰਦਿਆਂ ਕਿਨ੍ਹੀ ਵਾਰ ਜੇਲ੍ਹਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਉਸ ਵਿੱਚ ਉਸ ਨੇ ਕੀ - ਕੀ ਉਪਲੱਬਧੀਆਂ ਹਾਸਲ ਕੀਤੀਆਂ ਹਨ ਅਤੇ ਫ਼ਿਰ ਜਾ ਕੇ ਉਸ ਨੂੰ ਅਹੁਦਿਆਂ ਨਾਲ ਨਿਵਾਜ਼ਣਾ ਚਾਹੀਦਾ ਹੈ

ਪਰੰਤੂ ਸੁਖਬੀਰ ਸਿੰਘ ਬਾਦਲ ਦੁਆਰਾ ਭਲਾਂ ਹੀ ਪਾਰਟੀ ਲਈ ਹਾਲੇ ਤੱਕ ਕੋਈ ਵੱਡਾ ਮਾਅਰਕਾ ਨਹੀਂ ਮਾਰਿਆ ਗਿਆ,ਫ਼ਿਰ ਵੀ ਉਹ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਬਣੇ ਹੋਏ ਹਨ,ਸੁਖਬੀਰ ਤੋਂ ਪਹਿਲਾਂ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਪ੍ਰਧਾਨ ਦੀ ਕੁਰਸੀ ਕਿਸੇ ਖਾਸ ਸੀਨੀਅਰ ਲੀਡਰ ਨੂੰ ਹੀ ਦਿੱਤੀ ਜਾਂਦੀ ਸੀ ਪਰੰਤੂ ਇਹ ਰਵਾਇਤ ਪਾਰਟੀ ‘ਚ ਬਦਲੀ ਹੈ।

ਸੁਖਬੀਰ ਨੇ ਜਦ ਤੋਂ ਉੱਪਮੁੱਖਮੰਤਰੀ ਦਾ ਅਹੁਦਾ ਸੰਭਾਲਿਆ ਹੈ ਤਾਂ ਉਸ ਤੋਂ ਬਾਅਦ ਉਨ੍ਹਾ ਵੱਲੋਂ ਮਾਨਸਾ ਜਿਲ੍ਹੇ ‘ਚ ਥਰਮਲ ਪਲਾਂਟ ਦਾ ਉਦਘਾਟਨ,ਬਠਿੰਡਾ ‘ਚ ਫਾਈਵ ਸਟਾਰ ਹੋਟਲ ਖੋਲ੍ਹਣੇ,ਮੋਹਾਲੀ ‘ਚ ਹਾਈਵੇ ਜਾਂ ਫ਼ਿਰ ਮੈਟਰੋ ਰੇਲ ਨੂੰ ਪੰਜਾਬ ‘ਚ ਲਿਆਉਣ ਦੇ ਆਮ ਜਨਤਾ ਨੂੰ ਸਬਜ਼ਬਾਗ ਤਾਂ ਦਿਖਾਏ ਜਾ ਚੁੱਕੇ ਹਨ ਪਰੰਤੂ ਹਾਲੇ ਤੱਕ ਇਨ੍ਹਾ ‘ਤੇ ਕੰਮ ਸ਼ੁਰੂ ਹੋਇਆ ਹੀ ਨਹੀਂ ਹੈ ਜਾਂ ਫ਼ਿਰ ਨੇਪਰੇ ਹੀ ਨਹੀਂ ਚੜ੍ਹਿਆ ਅਤੇ ਜਲਦ ਹੀ ਇਨ੍ਹਾ ਦੇ ਨੇਪਰੇ ਚੜ੍ਹਨ ਦੀ ਆਸ ਵੀ ਨਹੀਂ,ਓਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਨਗਰ ਕੌਂਸਲ,ਜਿਲ੍ਹਾ ਪ੍ਰੀਸ਼ਦ ਜਾਂ ਪੰਚਾਇਤੀ ਚੌਣਾਂ ‘ਚ ਆਪਹੁਦਰੀਆਂ ਅਤੇ ਕਾਨੂੰਨ ਨੂੰ ਛਿੱਕੇ ਢੰਗ ਕੇ ਲੋਕਤੰਤਰ ਨੂੰ ਢਾਹ ਲਾਉਣ ਦੇ ਇਲਜ਼ਾਮਾਂ ਦੀਆਂ ਅਖਬਾਰਾਂ ‘ਚ ਛੱਪੀਆਂ ਸੁਰਖੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਸੁਖਬੀਰ ਵੱਲੋਂ ਪਾਰਟੀ ਨੂੰ ਹੋਰ ਅੱਗੇ ਲਿਜਾਉਣ ਲਈ ਨੌਜਵਾਨਾਂ ਦੀ ਗਠਿਤ ਕੀਤੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸਓਆਈ) ਵੀ ਕੁੱਝ ਖਾਸ ਨਾ ਕਰਕੇ ਸਮੇਂ-ਸਮੇਂ ਬਦਨਾਮੀ ਦਾ ਕਾਰਣ ਹੀ ਬਣਦੀ ਰਹੀ ਹੈ।

ਸੁਖਬੀਰ ਬਾਦਲ ਦੇ ਸਿਆਸਤ ਦੇ ਮੈਦਾਨ ‘ਚ ਉੱਤਰਨ ਬਾਅਦ ਥੋੜੇ ਜਿਹੇ ਸਾਲਾਂ ‘ਚ ਹੀ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਵੱਧੀ ਉਸ ਦੀ ਦਖਲ ਅੰਦਾਜ਼ੀ ਜਾਂ ਉਸ ਦੁਆਰਾ ਪਾਰਟੀ ਲਈ ਦਿਖਾਈਆਂ ਸਰਗਰਮੀਆਂ ਦੇ ਬਾਵਜੂਦ ਜਿੱਥੇ ਉਸ ਨੂੰ ਇਹ ਕੁੱਝ ਬਦਨਾਮੀ ਦੇ ਧੱਬੇ ਮਿਲੇ ਹਨ,ਉੱਥੇ ਹੀ ਜੇਕਰ ਪਿੱਛਲੇ 40 ਸਾਲਾਂ ਦੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਯਾਨੀ ਸੁਖਬੀਰ ਦੇ ਪਿਤਾ ਦੁਆਰਾ ਕੀਤੀ ਸਿਆਸਤ ‘ਤੇ ਝਾਤੀ ਮਾਰੀਏ ਤਾਂ ਉਨ੍ਹਾ ਦਾ ਕੱਦ ਬੁੱਤ ਕਾਫ਼ੀ ਵੱਡਾ ਨਜ਼ਰ ਆਉਂਦਾ ਹੈ,ਉਨ੍ਹਾ ਦੇ ਨਰਮ ਸੁਭਾਅ,ਹਰ ਕਿਸੇ ਨੂੰ ਅਪਨਤ ਦੇ ਨਾਲ ਮਿਲਣ ਵਰਗੀਆਂ ਗੱਲਾਂ ਨੇ ਆਮ ਲੋਕਾਂ ‘ਚ ਹਰਮਨ ਪਿਆਰਾ ਬਣਾਈ ਰੱਖਿਆ,ਇਨ੍ਹਾ ਹੀ ਨਹੀਂ ਹਿੰਦੂ ਅਤੇ ਦੂਜੀਆਂ ਜਾਤੀਆਂ ਲਈ ਵੀ ਉਹ ਹਮੇਸ਼ਾ ਮੰਜ਼ੂਰਸ਼ੁਦਾ ਲੀਡਰ ਵੱਜੋਂ ਗਿਣੇ ਜਾਂਦੇ ਰਹੇ ਹਨ ਅਤੇ ਇਹੀ ਕਾਰਣ ਹੈ ਕਿ ਉਨ੍ਹਾ ਨੂੰ ਆਮ ਲੋਕਾਂ ਨੇ ਪੰਜਾਬ ਦੀ ਮੁੱਖਮੰਤਰੀ ਦੀ ਕੁਰਸੀ ‘ਤੇ ਚੌਥੀ ਵਾਰ ਬਿਠਾਇਆ।ਇੱਥੇ ਹੀ ਬੱਸ ਨਹੀਂ, ਜੇਕਰ ਉਨ੍ਹਾ ਦੀ ਤੁਲਨਾ ਸਵਰਗਵਾਸੀ ਗੁਰਚਰਨ ਸਿੰਘ ਟੋਹੜਾ ਨਾਲ ਵੀ ਕੀਤੀ ਜਾਵੇ ਤਾਂ ਉਨ੍ਹਾ ਨੂੰ ਨਰਮ,ਜਦੋਂਕਿ ਸਵਰਗਵਾਸੀ ਟੋਹੜਾ ਨੂੰ ਗਰਮ ਖਿਆਲੀਆ ਗਿਣਿਆ ਜਾਂਦਾ ਰਿਹਾ ਹੈ।

ਸਿਆਸਤ ‘ਚ ਚਾਹੇ ਇਸ ਨੂੰ ਹੁਣ ਸੁਖਬੀਰ ਦਾ ਬਚਪਨਾ ਜਾਂ ਫ਼ਿਰ ਜੁਆਨੀ ਦਾ ਜ਼ੋਰ ਕਹਿ ਲਿਆ ਜਾਵੇ ਕਿ ਉਹ ਹਾਲੇ ਆਮ ਲੋਕਾਂ ‘ਚ ਆਪਣੇ ਪਿਤਾ ਵਰਗਾ ਸਨਮਾਨ ਹਾਸਿਲ ਨਹੀਂ ਕਰ ਸਕਿਆ।ਉਂਝ ਸਿਆਸੀ ਗਲਿਆਰਿਆਂ ਦੀ ਸੁਣੀਏ ਤਾਂ ਉਨ੍ਹਾ ਦੁਆਰਾ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਦ ਤੱਕ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਛੱਤਰਛਾਇਆ ਸੁਖਬੀਰ ‘ਤੇ ਹੈ,ਉਦੋਂ ਤੱਕ ਸੁਖਬੀਰ ਦੇ ਰਾਹ ‘ਚ ਕੋਈ ਰੋੜਾ ਨਹੀਂ ਜਾਂ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਿਤੇ ਨਾਲ ਲੱਗਦੇ ਰਾਜ ਹਰਿਆਣਾ ਦੇ ਚੋਟਾਲਿਆਂ ਦਾ ਹੋਇਆ ਹਸ਼ਰ ਕਿਤੇ ਪੰਜਾਬ ‘ਚ ਨਾ ਹੋਵੇ।ਹਾਂ,ਇੱਥੇ ਇਹ ਵੀ ਹੈ ਕਿ ਜੇਕਰ ਸੁਖਬੀਰ ਆਪਣੇ ਪਿਤਾ ਸ੍ਰ.ਪ੍ਰਕਾਸ਼ ਸਿੰਘ ਬਾਦਲ ਵਾਂਗ ਸੁਭਾਅ ਬਣਾ ਲਵੇ ਤਾਂ ਉਨ੍ਹਾ ਦੀਆਂ ਰਾਜਨੀਤੀ ‘ਚ ਉਪਲੱਬਧੀਆਂ ਦੀਆਂ ਸੰਭਾਵਨਾਵਾਂ ਹੋਰ ਵੱਧ ਸਕਦੀਆਂ ਹਨ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...