Saturday, July 21, 2012

ਸ਼ਹਿਰੀ ਲੋਕ ਪਾਣੀ ਨੂੰ ਤਰਸੇ, ਅਫਸਰਾਂ ਦੇ ਘਰਾਂ ਵਿੱਚ ਪਾਣੀ ਬਿਨ ਬਰਸਾਤ ਬਰਸੇ

ਨਗਰ ਨਿਗਮ ਅਫਸਰਾਂ ਨੂੰ ਲੱਗੀਆਂ ਮੌਜਾਂ ਹੀ ਮੌਜਾਂ


ਕਲੋਨੀ ਦੀ ਵਾੜੀ ਵਿੱਚ ਚੱਲਦਾ 24 ਘੰਟੇ ਪਾਣੀ

ਨਗਰ ਨਿਗਮ ਬਠਿੰਡਾ ਦੇ ਅਫਸਰਾਂ ਨੂੰ ਪੀਣ ਵਾਲੇ ਪਾਣੀ ਦੀ ਹਾਟ ਲਾਈਨ ਵਰਗੀ ਸਪਲਾਈ ਚੱਲ ਰਹੀ ਹੈ। ਦੂਸਰੀ ਤਰਫ ਆਮ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ ਪਏ ਹਨ। ਨਗਰ ਨਿਗਮ ਦੀ ਆਪਣੀ ਸਰਕਾਰੀ ਕਲੋਨੀ ਹੈ। ਜਿਸ ਵਿੱਚ ਕਮਿਸ਼ਨਰ ਓਮਾ ਸ਼ੰਕਰ ਗੁਪਤਾ,ਐਕਸੀਅਨ ਤੀਰਥ ਰਾਮ, ਜੇ.ਈ, ਐਸ.ਡੀ.ਓ ਅਤੇ ਹੋਰ ਅਧਿਕਾਰੀ ਰਹਿ ਰਹੇ ਹਨ। ਉਸ ਵਿੱਚ ਪਾਣੀ ਦੀ ਕੋਈ ਤੋਟ ਨਹੀਂ ਹੈ ਅਤੇ ਪੂਰਾ ਪੂਰਾ ਦਿਨ ਪਾਣੀ ਦੀ ਸਪਲਾਈ ਚੱਲਦੀ ਹੈ। ਪਾਣੀ ਦੀ ਸਪਲਾਈ ਕਾਰਣ ਕਲੋਨੀ ਵਿੱਚ ਰਹਿੰਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਮੌਜਾਂ ਹੀ ਮੌਜਾਂ ਲੱਗੀਆਂ ਹੋਈਆਂ ਹਨ। ਪਾਣੀ ਦੀ ਕਿੰਨੀ ਵੀ ਕਿੱਲਤ ਹੋਵੇ ਪਰੰਤੂ ਬਠਿੰਡਾ ਦੀ ਇਸ ਕਲੋਨੀ ਵਿੱਚ ਪਾਣੀ ਦੀ ਸਪਲਾਈ ਨਿਰ ਵਿਘਨ ਚਾਲੂ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਕਈ ਦਿਨ ਦੀ ਨਹਿਰੀ ਬੰਦੀ ਦੌਰਾਨ ਜਦ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨਹੀਂ ਤਾਂ ਘੱਟ ਕਰ ਦਿੱਤੀ ਗਈ ਸੀ ਅਤੇ ਕਈ ਇਲਾਕਿਆਂ ਵਿੱਚ ਬਿਲਕੁਲ ਬੰਦ ਕਰ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਲੋਕ ਪਾਣੀ ਦੀ ਬੂੰਦ ਲਈ ਤਰਸ ਗਏ ਸਨ ਅਤੇ ਨਗਰ ਨਿਗਮ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਨੇ ਵੀ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਆਮ ਲੋਕਾਂ ਨੂੰ ਨਹਿਰੀ ਬੰਦੀ ਹੋਣ ਤੱਕ ਪੌਦਿਆਂ ਜਾਂ ਫਿਰ ਆਪਣੇ ਵਾਹਨ ਨਾ ਧੋਣ ਦੀ ਅਪੀਲ ਕੀਤੀ ਸੀ। ਭਲਾਂ ਦੀ ਸ਼ਹਿਰ ਦੇ ਲੋਕਾਂ ਨੇ ਇਸ ਅਪੀਲ ਵਿੱਚ ਸਹਿਯੋਗ ਪਾਇਆ ਹੋਵੇ ਪਰੰਤੂ ਨਗਰ ਨਿਗਮ ਦੀ ਸਰਕਾਰੀ ਇਸ ਕਲੋਨੀ ਵਿੱਚ ਜਿੱਥੇ ਕਮਿਸ਼ਨਰ ਸਾਹਿਬ ਖੁਦ ਰਹਿੰਦੇ ਹਨ। ਉਥੇ 24 ਘੰਟੇ ਸਪਲਾਈ ਚੱਲਦੀ ਸੀ ਅਤੇ ਕਈ ਅਫਸਰਾਂ ਦੇ ਵਾਹਨ ਵੀ ਧੋਤੇ ਜਾਂਦੇ ਰਹੇ ਹਨ। ਜਿਸ ਦਾ ਫਾਇਦਾ ਕਲੋਨੀ ਦੇ ਪਿਛਲੇ ਪਾਸੇ ਲੱਗੀ ਸਬਜ਼ੀਆਂ ਦੀ ਵਾੜੀ ਨੂੰ ਵੀ ਪੂਰ੍ਹਾ ਪੂਰਾ ਮਿਲਦਾ ਰਿਹਾ ਹੈ। ਅਫਸਰਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਕਈ ਮੁਲਾਜ਼ਮਾਂ ਜਿਹਨਾਂ ਨੇ ਇੱਥੇ ਵਾੜੀ ਵਿੱਚ ਸਬਜ਼ੀਆਂ ਬੀਜੀਆਂ ਹੋਈਆਂ ਹਨ। ਪਾਣੀ ਦੀ ਖੁਲ੍ਹੇਆਮ ਵਰਤੋ ਕਰਦੇ ਰਹੇ ਹਨ ਅਤੇ ਇੱਕ ਵਾਰ ਪਾਣੀ ਛੱਡ ਕੇ ਜਲਦ ਕਦੇ ਬੰਦ ਕਰਨ ਵੱਲ ਧਿਆਨ ਨਹੀਂ ਦਿੱਤਾ ਸੀ। ਨਗਰ ਨਿਗਮ ਅਧਿਕਾਰੀ ਦੇ ਹੁਕਮਾਂ ਦਾ ਕਲੋਨੀ ਵਿੱਚ ਸਬਜ਼ੀਆਂ ਬੀਜਣ ਵਾਲੇ ਮੁਲਾਜ਼ਮਾਂ ਦੇ ਕੰਨਾਂ 'ਤੇ ਭੋਰਾ ਵੀ ਜੂੰ ਨਹੀਂ ਸਰਕੀ ਸੀ। ਉਹ ਇਸ ਭਿਅੰਕਰ ਪਾਣੀ ਕਿੱਲਤ ਸਮੇਂ ਖੁਦ ਮੌਜਾਂ ਮਾਣਦੇ ਰਹੇ। ਜਦੋਂਕਿ ਲੋਕਾਂ ਵਿੱਚ ਪਾਣੀ ਲਈ ਹਾਹਾਕਾਰ ਮੱਚੀ ਰਹੀ ਪਰੰਤੂ ਇਸ ਕਲੋਨੀ ਦੀ ਵਾੜੀ ਵਿੱਚ ਪਾਣੀ ਛੱਡਣ ਵਾਲੇ ਮੁਲਾਜ਼ਮਾਂ ਨੇ ਕਦੇ ਸੰਜਮ ਨਾਲ ਵਰਤੋ ਕਰਨ ਵੱਲ ਧਿਆਨ ਨਹੀਂ ਦਿੱਤਾ। ਇਹੀ ਹਾਲ ਹੁਣ ਵੀ ਹੈ। ਪਾਣੀ ਵਾੜੀ ਵਿੱਚ ਛੱਡ ਤਾਂ ਦਿੱਤਾ ਜਾਂਦਾ ਹੈ ਅਤੇ ਕਈ ਕਈ ਘੰਟੇ ਬੰਦ ਵੀ ਨਹੀਂ ਕੀਤਾ ਜਾਂਦਾ। ਜਿੱਥੇ ਪਾਣੀ ਦੀ ਇਹ ਲਾਪ੍ਰਵਾਹੀ ਕਲੋਨੀ ਵਿੱਚ ਦੇਖੀ ਜਾ ਸਕਦੀ ਹੈ। ਉਥੇ ਹੀ ਸੂਤਰਾਂ ਦਾ ਆਖਣਾ ਹੈ ਕਿ ਕਈ ਅਫਸਰਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਜਿਹਨਾਂ ਦੁਆਰਾ ਵਾੜੀ ਵਿੱਚ ਸਬਜ਼ੀ ਬੀਜੀ ਗਈ ਹੈ। ਇਹ ਸਬਜ਼ੀ ਬੀਜਣ ਬਾਅਦ ਵੇਚ ਕੇ ਇਹਨਾਂ ਮੁਲਾਜ਼ਮਾਂ ਵੱਲੋਂ ਚੰਗੀ ਚੋਖੀ ਕਮਾਈ ਵੀ ਕੀਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਕਲੋਨੀ ਵਿੱਚ ਪਾਣੀ ਇਨ੍ਹੀ ਖੁਲ੍ਹ ਮਿਲੀ ਹੋਈ ਹੈ। ਉਥੇ ਹੀ ਕਈ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਰਾਤਾਂ ਜਾਗ ਕੇ ਪਾਣੀ ਮੋਟਰਾਂ ਨਾਲ ਭਰਨਾ ਪੈਂਦਾ ਹੈ। ਬਠਿੰਡਾ ਸ਼ਹਿਰ ਵਿੱਚ ਕਰੀਬ 28 ਹਜ਼ਾਰ ਜਲ ਸਪਲਾਈ ਦੇ ਕੁਨੈਕਸ਼ਨ ਹਨ ਲੇਕਿਨ ਸ਼ਹਿਰ ਦੀ 30 ਤੋਂ 40 ਫੀਸਦੀ ਅਬਾਦੀ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਹੈ। ਨਿਗਮ ਲੋਕਾਂ ਨੂੰ ਪਾਣੀ ਵਾਲਾ ਬਿੱਲ ਤਾਂ ਹਰ ਮਹੀਨੇ ਦਿੰਦਾ ਹੈ ਪ੍ਰੰਤੂ ਪਾਣੀ ਨਹੀਂ ਦਿੰਦਾ । ਲਾਲ ਸਿੰਘ ਬਸਤੀ ਦੇ ਕਈ ਘਰਾਂ ਨੂੰ ਪਾਣੀ ਨਾ ਮਿਲਣ 'ਤੇ ਵੀ ਹਜ਼ਾਰਾਂ ਦੇ ਬਿਲ ਸਾਲਾਂ ਆਉਂਦੇ ਹੋਣ ਕਾਰਣ ਉਹ ਤੰਗ ਆ ਚੁੱਕੇ ਹਨ ਅਤੇ ਉਹਨਾਂ ਨਗਰ ਨਿਗਮ ਨੂੰ ਇਹ ਬਿਲ ਬੰਦ ਕਰਨ ਲਈ ਅਪੀਲ ਵੀ ਕਈ ਵਾਰ ਕੀਤੀ ਹੈ। ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਵੀ ਇਸ ਦਾ ਰੌਲਾ ਪੈ ਚੁੱਕਾ ਹੈ ਪਰੰਤੂ ਸਭ ਕੁੱਝ ਬੇਅਰਥ ਹੈ। ਗਰਮੀਆਂ 'ਚ ਲਾਲ ਸਿੰਘ ਬਸਤੀ, ਤੇਲੀਆ ਵਾਲਾ ਮੁਹੱਲਾ,ਪੂਜਾਂ ਵਾਲਾ ਮੁਹੱਲਾ ਅਤੇ ਸ਼ਹਿਰ ਦੇ ਕਈ ਹੋਰ ਮੁਹੱਲੇ ਦੇ ਲੋਕਾਂ ਨੂੰ ਰਾਤ ਬਰਾਤੇ ਹੀ ਦੋ ਕੁ ਘੰਟੇ ਪਾਣੀ ਦਿੱਤਾ ਜਾਂਦਾ ਹੈ। ਲਾਲ ਸਿੰਘ ਬਸਤੀ ਦੇ ਹਰੀ ਨਗਰ ਦੇ ਵਾਸੀ ਐਡਵੋਕੇਟ ਐਨ.ਕੇ.ਜੀਤ ਅਤੇ ਚਰਨਜੀਤ ਸਿੰਘ ਦਾ ਆਖਣਾ ਹੈ ਕਿ ਵਾਟਰ ਸਪਲਾਈ ਦਾ ਪਾਣੀ ਨਹੀਂ ਆਉਂਦਾ। ਉਹਨਾਂ ਨੂੰ ਪਾਣੀ ਆਉਣ ਦੀ ਆਸ ਵੀ ਖਤਮ ਹੋ ਚੁੱਕੀ ਹੈ। ਉਹਨਾਂ ਦਾ ਆਖਣਾ ਹੈ ਕਿ ਜਦ ਪਾਣੀ ਆਉਂਦਾ ਸੀ ਤਾਂ ਵੀ ਇਸ ਗੰਦੇ ਪਾਣੀ ਦਾ ਰਲੇਵਾਂ ਹੁੰਦਾ ਸੀ। ਜਿਸ ਕਾਰਣ ਕਈ ਲੋਕ ਬਿਮਾਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ। ਪਾਣੀ ਦਾ ਟੈਂਕਰ ਵੀ ਨਹੀਂ ਆਉਂਦਾ। ਉਹਨਾਂ ਦਾ ਆਖਣਾ ਹੈ ਕਿ ਇਹਨਾਂ ਸਮੱਸਿਆਵਾਂ ਕਾਰਣ ਜਦ ਉਹ ਆਰ.ਓ ਤੋਂ ਪਾਣੀ ਭਰ ਕੇ ਲਿਆਉਂਦੇ ਹਨ ਪਰੰਤੂ ਉਸਦਾ ਦਾ ਸਮਾਂ ਸਵੇਰੇ 8 ਤੋਂ 11 ਹੋਣ ਕਾਰਣ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ 'ਤੇ ਜਾਣ ਦੀ ਕਾਹਲੀ ਹੁੰਦੀ ਹੈ ਅਤੇ ਇਧਰ ਅੰਤਾਂ ਦੀ ਭੀੜ ਲੱਗ ਜਾਂਦੀ ਹੈ। ਜਿੱਥੇ ਦਿੱਕਤ ਖੜ੍ਹੀ ਹੋ ਜਾਂਦੀ ਹੈ। ਉਧਰ ਜਦ ਵਾਟਰ ਸਪਲਾਈ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ 5 ਲੱਖ ਗੇਲਨ ਦੀ ਪਾਣੀ ਦੀ ਟੈਂਕੀ ਤੋਂ ਸਵੇਰੇ 3:30 ਤੋਂ 8:00 ਵਜੇ ਅਤੇ ਸ਼ਾਮ ਨੂੰ ਵੀ 3:30 ਵਜੇ ਤੋਂ ਰਾਤ 8:00 ਵਜੇ ਤੱਕ ਪਾਣੀ ਕਲੋਨੀ ਨੂੰ ਦੇਣ ਦੀ ਗੱਲ ਆਖੀ ਹੈ। ਜਦ ਉਹਨਾਂ ਤੋਂ ਦੁਪਹਿਰ ਵੇਲੇ ਵੀ ਪਾਣੀ ਦੀ ਸਪਲਾਈ ਦਿੱਤੇ ਜਾਣ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਟਿਊਵਬੈਲ ਰਾਹੀਂ ਪਾਣੀ ਦੀ ਸਪਲਾਈ ਦੇਣ ਦੀ ਗੱਲ ਆਖੀ ਹੈ। ਉਹਨਾਂ ਦਾ ਆਖਣਾ ਸੀ ਕਿ ਇਸ ਰਾਹੀਂ ਪਾਣੀ ਵਾੜੀ ਜਾਂ ਕੱਪੜੇ ਧੋਣ ਆਦਿ ਲਈ ਵਰਤਿਆ ਜਾਂਦਾ ਹੈ। ਜੇਕਰ ਇੱਥੇ ਦੇਖਿਆ ਜਾਵੇ ਤਾਂ ਪਾਣੀ ਦੀ ਸਪਲਾਈ ਤਾਂ 24 ਘੰਟੇ ਹੀ ਚੱਲਦੀ ਹੈ। ਉਧਰ ਨਗਰ ਨਿਗਮ ਨੂੰ ਪਾਈ ਮਈ ਵਿੱਚ ਆਰਟੀਆਈ ਜਿਸ ਵਿੱਚ ਪਾਣੀ ਦੀ ਸਪਲਾਈ ਸਬੰਧੀ ਪੁੱਛਿਆ ਗਿਆ ਸੀ। ਉਸਦਾ ਵੀ ਦੋ ਮਹੀਨੇ ਬਾਅਦ ਜਵਾਬ ਨਹੀਂ ਦਿੱਤਾ ਗਿਆ। ਜੇਕਰ ਕਲੋਨੀ ਵਿੱਚ ਪਾਣੀ ਸਪਲਾਈ ਆਮ ਲੋਕਾਂ ਵਾਂਗ ਦਿੱਤੀ ਜਾਂਦੀ ਹੈ ਤਾਂ ਆਰਟੀਆਈ ਦਾ ਜਵਾਬ ਨਾ ਦੇਣਾ ਵੀ ਨਗਰ ਨਿਗਮ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।


ਡੱਬੀ :

ਨਗਰ ਨਿਗਮ ਕਮਿਸ਼ਨਰ ਓਮਾ ਸ਼ੰਕਰ ਨੇ ਇਸ ਮਾਮਲੇ ਦੇ ਸਬੰਧ ਵਿੱਚ ਆਖਿਆ ਹੈ ਕਿ ਸਬਜ਼ੀਆਂ ਦੀ ਵਾੜੀ ਵਿੱਚ ਜਾਂ 24 ਘੰਟੇ ਦੀ ਸਪਲਾਈ ਕਲੋਨੀ ਵਿੱਚ ਚੱਲਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ। ਜੇਕਰ ਅਜਿਹੀ ਕੋਈ ਗੱਲ ਹੈ ਤਾਂ ਚੈਕ ਕਰਵਾਇਆ ਜਾਵੇਗਾ।


No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...