- ਮਾਪੇ ਦੋ ਮਹੀਨਿਆਂ ਤੋਂ ਕੱਟ ਰਹੇ ਹਨ ਗੁਰਦੁਆਰਿਆਂ 'ਚ ਰਾਤਾਂ
- ਲਾਡਾਂ ਨਾਲ ਪਾਲੇ ਪੁੱਤਰ ਨੇ ਘਰ 'ਤੇ ਕਬਜ਼ਾ ਕਰ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਹੀ ਘਰੋਂ ਕੱਢ ਦਿੱਤਾ ਹੈ।
ਦੱਸਣਯੋਗ ਹੈ ਕਿ 81 ਸਾਲਾ ਵੀਰ ਚੰਦ ਪੁੱਤਰ ਰਾਮ ਕਿਸ਼ਨ ਅਤੇ 72 ਸਾਲਾ ਮੂਰਤੀ ਦੇਵੀ ਪਤਨੀ ਵੀਰ ਚੰਦ,ਸਾਬਣ ਵਾਲੀ ਗਲੀ,ਪਿਸ਼ੋਰੀਆ ਮੁਹੱਲਾ ਬਠਿੰਡਾ ਛੇ ਧੀਆਂ ਅਤੇ ਇੱਕ ਪੁੱਤ ਦੇ ਮਾਪੇ ਹਨ ਪਰੰਤੂ ਫਿਰ ਵੀ ਦੋਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਧੀਆਂ ਦੇ ਘਰ ਜਾਣਾ ਚੰਗਾ ਨਹੀ ਸਮਝਦੇ ਅਤੇ ਲਾਡਾਂ ਨਾਲ ਪਾਲਿਆ ਪੁੱਤ ਅੱਜ ਕਪੁੱਤ ਬਣ ਚੁੱਕਿਆ ਹੈ। ਜਿਸ ਨੇ ਦੋਨੋ ਬਜ਼ੁਰਗਾਂ ਨੂੰ ਨਸ਼ੇ ਵਿੱਚ ਧੁੱਤ ਹੋ ਕੇ ਘਰੋਂ ਕੁੱਟ ਕੁੱਟ ਕੇ ਕੱਢ ਦਿੱਤਾ ਅਤੇ ਅੱਜ ਤੱਕ ਉਨ੍ਹਾਂ ਦੀ ਸਾਰ ਵੀ ਨਹੀਂ ਲਈ ਕਿ ਉਹ ਕਿਥੇ ਜ਼ਿੰਦਗੀ ਬਸਰ ਕਰ ਰਹੇ ਹਨ। ਅੱਖਾਂ ਵਿੱਚ ਹੰਝੂਆਂ ਨੂੰ ਰੋਕ ਨਾ ਸਕਦੀ ਹੋਈ ਬਜ਼ੁਰਗ ਮਾਤਾ ਮੂਰਤੀ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੇ ਧੀਆਂ ਸਨ ਅਤੇ ਇੱਕ ਪੁੱਤਰ ਕੁਲਦੀਪ ਸਿੰਘ ਹਨ। ਉਸਦੇ ਪਤੀ ਤਪਾ ਮੰਡੀ ਵਿਖੇ ਜ਼ਮੀਨ ਗਹਿਣੇ 'ਤੇ ਲੈ ਕੇ ਖੇਤੀ ਕਰ ਕੇ ਰੋਜ਼ੀ ਰੋਟੀ ਦਾ ਪ੍ਰਬੰਧ ਕਰਦੇ ਸਨ ਅਤੇ ਮੁਸ਼ਕਿਲਾਂ ਨਾਲ ਆਪਣੀਆਂ ਛੇ ਧੀਆਂ ਵਿਆਹ ਦਿੱਤੀਆਂ। ਜੋ ਆਪਣੇ ਘਰ ਮੌਜਾਂ ਕਰਦੀਆਂ ਹਨ ਮਗਰ ਰੱਬ ਨੇ ਇੱਕ ਪੁੱਤ ਦਿੱਤਾ ਸੀ ਉਹ ਕਪੁੱਤ ਨਿਕਲ ਗਿਆ। ਜਿਸ ਨੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਦਿੱਤਾ। ਭਾਵੁਕ ਹੋਈ ਬਜ਼ੁਰਗ ਮਾਤਾ ਨੇ ਆਖਿਆ ਕਿ ਉਨ੍ਹਾਂ 15 ਕੁ ਸਾਲ ਪਹਿਲਾਂ ਇਕੱਠੀ ਕੀਤੀ ਪੂੰਜੀ ਨਾਲ ਸਾਬਣ ਵਾਲੀ ਗਲੀ, ਪਿਸ਼ੋਰੀਆ ਮੁਹੱਲਾ ਬਠਿੰਡਾ ਵਿਖੇ ਘਰ ਖਰੀਦਿਆ ਸੀ। ਜੋ ਕਿ ਉਸਦੇ ਨਾਮ (ਮੂਰਤੀ ਦੇਵੀ) ਦੇ ਨਾਮ ਹੈ ਮਗਰ ਉਨ੍ਹਾਂ ਦਾ ਲੜਕਾ ਸ਼ਰਾਬੀ,ਕਬਾਬੀ ਹੈ ਅਤੇ ਘਰ ਵਿੱਚ ਹੋਰ ਵੀ ਬਹੁਤਿਆਂ ਨੂੰ ਬੁਲਾਉਂਦਾ ਰਹਿੰਦਾ ਹੈ। ਘਰ ਵਿੱਚ ਸ਼ਰੇਆਮ ਸ਼ਰਾਬ ਪੀਂਦੇ ਹਨ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਣ ਬਾਅਦ ਹੀ ਉਨ੍ਹਾਂ ਨੂੰ ਘਰੋਂ ਕੁੱਟ ਕੁੱਟ ਕੇ ਕੱਢ ਦਿੱਤਾ ਗਿਆ। ਉਸਨੇ ਧਮਕੀ ਵੀ ਦਿੱਤੀ ਕਿ ਜੇਕਰ ਘਰ ਅੰਦਰ ਦਾਖਲ ਹੋਏ ਤਾਂ ਜਾਨੋ ਮਾਰ ਦਿਆਂਗਾ।
ਉਸਨੇ ਦੱਸਿਆ ਕਿ 5 ਕੁ ਜਮਾਤਾਂ ਪੜ੍ਹਿਆ ਕੁਲਦੀਪ ਸਿੰਘ ਡਰਾਈਵਰੀ ਕਰਦਾ ਸੀ ਅਤੇ ਹੁਣ ਉਸਨੇ ਉਹ ਵੀ ਛੱਡ ਦਿੱਤੀ ਹੈ। 45 ਸਾਲਾ ਕੁਲਦੀਪ ਦਾ ਤਿੰਨ ਵਾਰ ਵਿਆਹ ਵੀ ਹੋ ਚੁੱਕਾ ਹੈ। ਮਗਰ ਹੁਣ ਤੱਕ ਤਿੰਨੋ ਘਰ ਵਾਲੀਆਂ ਨਾਲ ਤਲਾਕ ਹੋ ਗਿਆ ਅਤੇ ਹੁਣ ਉਹ ਘਰ ਦਾ ਸਮਾਨ ਵੀ ਖੁਰਦ ਬੁਰਦ ਕਰ ਰਿਹਾ ਹੈ। ਬੁਢਾਪੇ 'ਚ ਜੀਵਨ ਦਾ ਸਹਾਰਾ ਬਨਣ ਦੀ ਬਜਾਏ ਸਾਡਾ ਦੁਸ਼ਮਣ ਬਣ ਗਿਆ ਹੈ। ਕਈ ਮਹੀਨਿਆਂ ਤੋਂ ਰਾਤ ਤਾਂ ਗੁਰਦੁਆਰਾ ਸਿੰਘ ਸਭਾ ਵਿੱਚ ਅਤੇ ਦਿਨ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿੱਚ ਕੱਟ ਰਹੇ ਹਾਂ। ਆਪਣਾ ਘਰ ਹੋਣ 'ਤੇ ਵੀ ਰਾਤਾਂ ਗੁਰਦੁਆਰਿਆਂ ਵਿੱਚ ਕੱਟਣੀਆਂ ਪੈ ਰਹੀਆਂ ਹਨ। ਉਨ੍ਹਾਂ ਆਖਿਆ ਕਿ ਮੇਰੇ ਘਰ ਵਾਲੇ ਤੋਂ ਚੱਲਿਆ ਜਾਂਦਾ ਨਹੀਂ ਅਤੇ ਸੁਣਦਾ ਉੱਚੀ ਹੈ। ਹੁਣ ਮੇਰੀ ਵੀ ਉਮਰ ਅਜਿਹੀ ਨਹੀਂ ਰਹੀ ਕਿ ਮੈਂ ਵੀ ਉਨ੍ਹਾਂ ਦੀ ਜ਼ਿਆਦਾ ਮਦਦ ਕਰ ਸਕਾਂ। ਉਹ ਮਸਾਂ ਖੁੰਢੀ ਦੇ ਸਹਾਰੇ ਚੱਲਦੇ ਹਨ। ਉਨ੍ਹਾਂ ਅਖਿਆ ਕਿ ਹੁਣ ਤੱਕ ਉਹ ਕਈ ਵਾਰ ਐਸ.ਐਸ.ਪੀ ਸਾਹਿਬ ਸੁਖਚੈਨ ਸਿੰਘ ਗਿੱਲ ਨੂੰ ਦਰਖਾਸਤਾਂ ਦੇ ਚੁੱਕੇ ਹਨ ਮਗਰ ਹੁਣ ਥੱਕ ਹੰਭ ਗਏ ਹਨ। ਇੰਝ ਲੱਗਦਾ ਹੈ ਕਿ ਸਾਰੀ ਉਮਰ ਹੁਣ ਸੜਕਾਂ 'ਤੇ ਰੁਲਦਿਆਂ ਹੀ ਨਿਕਲ ਜਾਣੀ ਹੈ। ਉਸਨੇ ਆਖਿਆ ਕਿ ਸੁੱਖਾਂ ਸੁੱਖ ਕੇ ਰੱਬ ਤੋਂ ਲਏ ਪੁੱਤਰ ਨੇ ਹੀ ਘਰੋ ਬੇਘਰ ਕਰ ਦਿੱਤਾ ਅਤੇ ਅੱਜ ਇਹੀ ਸੁੱਖ ਸੁਖਦੇ ਹਾਂ ਕਿ ਜੇਕਰ ਸਾਨੂੰ ਕੁੱਝ ਹੋ ਵੀ ਗਿਆ ਤਾਂ ਇਹ ਘਰ ਉਸ ਪੁੱਤ ਨੂੰ ਨਾ ਮਿਲੇ। ਜਿਸ ਨੇ ਸਾਨੂੰ ਤੜਫਾ ਛੱਡਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਕਰੋੜਾਂ ਰੁਪਇਆ ਬਿਰਧ ਆਸ਼ਰਮ ਬਨਾਉਣ 'ਤੇ ਲਗਾ ਰਹੀ ਹੈ। ਉੱਥੇ ਹੀ ਉਨ੍ਹਾਂ ਜਿਹੇ ਬਜ਼ੁਰਗਾਂ ਦੀ ਸੁਣਵਾਈ ਹੋਣ ਵੱਲ ਵੀ ਧਿਆਨ ਦੇਵੇ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ ਤਾਂ ਜੋ ਉਹ ਆਪਣੇ ਆਖਰੀ ਪੜਾਅ ਬੁਢਾਪੇ ਦੇ ਸਾਲ ਆਪਣੇ ਘਰ ਦੀ ਛੱਤ ਥੱਲੇ ਗੁਜ਼ਾਰ ਸਕਣ ਅਤੇ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਚ ਜਾਣ। ਇਸ ਸਬੰਧੀ ਜਦ ਬਠਿੰਡਾ ਦੇ ਐਸ.ਐਸ.ਪੀ ਸੁਖਚੈਨ ਸਿੰਘ ਗਿੱਲ ਨਾਲ ਫੋਨ 'ਤੇ ਸੰਪਰਕ ਕਰਨ ਦੀ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।
No comments:
Post a Comment