Monday, June 18, 2012

''ਕੁੜੇ ਨੀਰੂ'' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ''


'ਕੁੜੇ ਨੀਰੂ' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ' ਛੋਟੇ ਗੇਟ ਦੇ ਸਾਹਮਣੇ ਬਣੀ ਲੌਬੀ ਵਿੱਚ ਬੈਠੀ ਦਾਦੀ ਮੈਨੂੰ ਵਾਜਾਂ ਮਾਰਦੀ, ਮੈਂ ਅੰਦਰੋਂ ਪਾਣੀ ਲਿਆ ਕੇ ਦੇਣਾ ਤੇ ਕਹਿੰਦੀ 'ਕੁੜੇ ਤੱਤਾ ਐ' ਨਈਂ ਬੇਬੇ ਮੈਂ ਤਾਂ ਫਰਿੱਜ 'ਚੋਂ ਗਲਾਸ ਭਰ ਕੇ ਲਿਆਈਂ ਆਂ'' ਉਹ ਔਕ ਲਾ ਕੇ ਪਾਣੀ ਪੀ ਜਾਂਦੀ ਤੇ ਥੋੜਾ ਪਾਣੀ ਬਚਾ ਕੇ ਬੁੱਕ ਭਰ ਕੇ ਮੂੰਹ ਧੋ ਲੈਂਦੀ। ਗਰਮੀ ਵਿੱਚ ਸਾਰਾ ਦੁਪਹਿਰੇ ਉਹ ਬਾਹਰ ਲੌਬੀ ਵਿੱਚ ਬੈਠੀ ਰਹਿੰਦੀ। ਦਾਦੀ 100 ਵਰ੍ਹਿਆਂ ਤੋਂ ਉਪਰ ਹੋ ਗਈ ਸੀ ਪਰ ਉਸਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ। ਉਹ ਹਮੇਸ਼ਾ ਸਾਰੇ ਪਰਿਵਾਰ ਨੂੰ ਅਸੀਸਾਂ ਦਿੰਦੀ ਰਹਿੰਦੀ। ਉਸਨੂੰ ਮੇਰੇ ਵਿਆਹ ਹੋਣ ਦਾ ਬੜਾ ਚਾਅ ਸੀ। ਮੇਰੀ ਉਮਰ 25 ਵਰ੍ਹਿਆਂ ਦੀ ਹੋ ਗਈ। ਜਦੋਂ ਐਮ.ਸੀ.ਏ ਪੂਰੀ ਕੀਤੀ ਤਾਂ ਘਰ ਦਿਆਂ ਨੇ ਮੁੰਡਾ ਦੇਖਣਾ ਸ਼ੁਰੂ ਕੀਤਾ। ਦਾਦੀ ਕਹਿੰਦੀ 'ਮੇਰੀ ਪੋਤੀ ਤਾਂ ਬਾਹਲੀ ਨਰਮ ਐ। ਜਮ੍ਹਾਂ ਗਊ, ਐਵੇਂ ਨਾ ਕਿਸੇ ਅੜਬਾਂ ਦੇ ਫਸਾ ਦਿਉ। ਨਾਲੇ ਮੁੰਡਾ ਵੀ ਹਾਣ ਦਾ ਹੋਵੇ, ਜਿਹੜਾ ਮੇਰੀ ਪੋਤੀ ਨਾਲ ਆਉਂਦਾ ਜਾਂਦਾ ਸੋਹਣਾ ਲੱਗੇ। ਜਦੋਂ ਮੇਰਾ ਰਿਸ਼ਤਾ ਹੋਇਆ ਤਾਂ ਉਸਤੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ, ਉਹ ਉਸੇ ਦਿਨ ਤੋਂ ਹੀ ਗੀਤ ਗਾਉਣ ਲੱਗ ਪਈ। ਉਸਦਾ ਕਮਰਾ ਲੌਬੀ ਦੇ ਐਨ ਸਾਹਮਣੇ ਸੀ, ਜਦੋਂ ਕਈ ਵਾਰੀ ਬਾਰਸ਼ ਪੈ ਜਾਂਦੀ ਤੇ ਉਹ ਅੰਦਰ ਪੈ ਜਾਂਦੀ ਸੀ। 
ਮੇਰੀ ਮੰਗਣੀ ਜੁਲਾਈ 'ਚ ਹੋਈ ਸੀ। ਉਸਤੋਂ ਬਾਅਦ ਬਰਸਾਤ ਸ਼ੁਰੂ ਹੋ ਗਈ। ਉਹ ਅੰਦਰ ਪਈ ਹੁੰਦੀ, ਹੇਕਾਂ ਵਾਲੇ ਗੀਤ ਗਾਉਂਦੀ ਰਹਿੰਦੀ। ਮੈਨੂੰ ਸੱਸਾਂ ਵਾਲੇ ਗੀਤ ਸੁਨਾਉਣ ਲੱਗ ਪੈਂਦੀ । ਜੇ ਕਈ ਵਾਰ ਮੈਂ ਇਹਨਾਂ ਦਾ (ਮੇਰੇ ਪਤੀ) ਦਾ ਨਾਮ ਲੈਂਦੀ ਤਾਂ ਲੜਦੀ ਕਹਿੰਦੀ ਤੂੰ ਆਪਣੇ ਪਾਹੁਣੇ ਦਾ ਨਾਮ ਨਾ ਲਿਆ ਕਰ, ਮਾੜਾ ਹੁੰਦਾ। ਨਾ ਤੂੰ ਉਸੇ ਨਾਲ ਬਾਹਲੀ ਫੋਨ 'ਤੇ ਗੱਲ ਕਰਿਆ ਕਰ। ਮੈਂ ਹੱਸ ਕੇ ਟਾਲ ਦਿੰਦੀ,ਬੇਬੇ ਠੀਕ ਐ ਕਹਿ ਛੱਡਦੀ। ਨਹੀਂ ਕਰਦੀ। ਉਹ ਹਮੇਸ਼ਾ ਮੈਨੂੰ ਨਸੀਹਤਾਂ ਦਿੰਦੀ, ਇਹ ਨਾ ਕਰਿਆ ਕਰ, ਉਹ ਨਾ ਕਰਿਆ। ਅਖਿਰ 23 ਨਵੰਬਰ 2009 ਨੂੰ ਮੇਰਾ ਵਿਆਹ ਹੋ ਗਿਆ ਤੇ ਉਹ ਸਮੇਂ ਬੇਬੇ ਨੇ ਰੱਜ ਕੇ ਗੀਤ ਗਾਏ। ਜਾਗੋ ਕੱਢਣ ਵੇਲੇ ਆਪ ਜਾਗੋ ਫੜ੍ਹ ਕੇ ਮੇਰੀ ਮਾਮੀ ਨੂੰ ਫੜਾਈ। 24 ਨਵੰਬਰ ਨੂੰ ਜਦੋਂ ਮੈਂ ਫੇਰੇ ਦੀ ਰਸਮ ਲਈ ਆਈ ਤਾਂ ਉਸਤੋਂ ਚਾਅ ਨਾ ਚੁੱਕਿਆ ਜਾਵੇ। ਮੇਰੇ ਪਤੀ ਨੂੰ ਆਪਣੇ ਕੋਲ ਬੁਲਾ ਕੇ ਮੰਜੀ 'ਤੇ ਬਿਠਾ ਲਿਆ ਤੇ ਮੇਰੀ ਚਾਚੀ ਨੂੰ ਕਹਿੰਦੀ ਕੁੜੇ ਨੀਰੂ ਦਾ ਪ੍ਰਾਹੁਣਾ ਕਿਹੋ ਜਿਹਾ ਲੱਗਦਾ, ਚਾਚੀ ਕਹਿੰਦੀ, ਬੇਬੇ ਇਹ ਤਾਂ ਆਪਣਾ ਸੋਨੇ ਦਾ ਰੁਪਈਆ, ਬਥੇਰਾ ਸੋਹਣਾ। ਬੇਬੇ ਦਾ ਮੂੰਹ ਖੁਸ਼ੀ ਨਾਲ ਲਾਲ ਹੋ ਗਿਆ। ਤੇ ਸ਼ਾਇਦ ਉਹ ਆਖਰੀ ਸਮਾਂ ਸੀ ਜਦੋਂ ਉਹ ਖੁਲ੍ਹ ਕੇ ਹੱਸੀ, 'ਤੇ ਦੋ ਦਿਨਾਂ ਨੂੰ ਉਸਨੂੰ ਦਸਤ ਲੱਗ ਗਏ ਤੇ ਉਹ ਮੰਜੇ ਨਾਲ ਜੁੜ ਗਈ। ਪੂਰੇ ਦੋ ਮਹੀਨੇ ਉਹ ਮੰਜੇ 'ਤੇ ਪਈ ਰਹੀ। ਮੇਰੀ ਮੰਮੀ ਤੇ ਪਾਪਾ ਉਸਦੀ ਦਿਨ ਰਾਤ ਦੇਖਭਾਲ ਕਰਦੇ। ਮੇਰੀ ਦਾਦੀ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਬੱਸ ਉਪਰ ਦੇਖਦੀ ਰਹਿੰਦੀ ਤੇ ਕਹਿੰਦੀ ਮੇਰੇ ਮੂੰਹ

ਵਿੱਚ ਕੁੱਛ ਪਾ ਦੇ,,,,,, ਮੈਂ ਤੇ ਮੇਰਾ ਪਤੀ ਉਸਦਾ ਪਤਾ ਲੈਣ ਗਏ ਤਾਂ ਕਹਿੰਦੀ ਤੁਸੀਂ ਰੋਜ਼ ਰੋਜ਼ ਨਾ ਆਇਆ ਕਰੋ। ਮੈਂ ਤੁਹਾਨੂੰ ਫੋਨ ਕਰੂ, ਫਿਰ ਆਇਉ,,,, ਬੱਸ ਫਿਰ 14 ਜਨਵਰੀ ਦੀ ਰਾਤ ਨੂੰ ਫੋਨ ਆਇਆ ਕਿ ਬੇਬੇ ਪੂਰੀ ਹੋ ਗਈ & ਜਦੋਂ ਮੈਂ ਬੇਬੇ ਦੇ ਅੰਤਿਮ ਸੰਸਕਾਰ 'ਤੇ ਗਈ ਤਾਂ ਬੇਬੇ ਚੁੱਪਚਾਪ,,, ਅੱਖਾਂ ਬੰਦ, ਵਿਹੜੇ ਵਿੱਚ ਪਾਈ ਪਈ ਸੀ। ਬੁੜੀਆਂ ਰੋਣ, ਵੈਣ ਪਾਉਣ ਲੱਗੀਆਂ ਹੋਈਆਂ ਸਨ ਪਰ ਮੇਰੇ ਕੰਨਾਂ ਵਿੱਚ ਬੇਬੇ ਦੇ ਗੀਤਾਂ ਦੀਆਂ ਅਵਾਜਾਂ ਪੈ ਰਹੀਆਂ ਸਨ,,,, ਹਰੀਏ ਨੀ ਰਸ ਭਰੀਏ,ਖਜੂਰੇ ,,,,,ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿੰਦੇ ਜਾ ਰਹੇ ਸਨ ਅਤੇ ਅੱਜ ਵੀ ਜਦੋਂ ਮੈਂ ਮਾਨਸਾ ਜਾਂਦੀ ਹਾਂ ਤੇ ਕਮਰੇ ਵਿੱਚ ਦਾਖਲ ਹੁੰਦੀ ਆਂ ਤਾਂ ਉਸ ਦੀ ਅਵਾਜ਼ 'ਕੁੜੇ ਨੀਰੂ,'' ਪਾਣੀ ਦਾ ਗਿਲਾਸ ਲੈ ਕੇ ਆਈ ''ਹੋਕਾ ਜਾ ਮੇਰੇ ਕਾਲਜੇ 'ਚੋਂ ਜਿਵੇਂ ਕੋਈ ਹੂਕ ਨਿਕਲਦੀ ਐ'' ਦਾਦੀ ਨੂੰ ਪੂਰ੍ਹੀ ਹੋਇਆਂ ਭਲਾਂ ਦੋ ਸਾਲ ਹੋ ਚੱਲੇ ਨੇ ਪਰ ਅੱਜ ਵੀ ਕਦੇ ਸੁਪਨੇ ਤੇ ਕਦੇ ਕਿਵੇਂ ਦਾਦੀ ਦੀ ਅਵਾਜ਼ 'ਕੁੜੇ ਨੀਰੂ' ਪਾਣੀ ਦਾ ਗਿਲਸ ਲਿਆਈਂ ਠੰਡਾ ਜਾ'' ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੀ ਐ। ਨਾਲੇ ਪਤਾ ਐ ਪਿਆਰੀ ਦਾਦੀ ਹੁਣ ਪੂਰੀ ਹੋ ਚੁੱਕੀ ਹੈ।

ਨਰਿੰਦਰ ਸ਼ਰਮਾ (ਨੀਰੂ)9988045744

Monday, September 26, 2011

ਵਰਦੀਧਾਰੀ ਮੁਲਾਜ਼ਮ ਜਦ ਆਏ ਨਸ਼ੇ ਦੀ ਲੋਰ 'ਚ

ਲੋਕਾਂ ਦਾ ਕਰਵਾਇਆ ਖੂਬ ਮਨੋਰੰਜਣ
ਸੀਨੀਅਰ ਕਪਤਾਨ ਪੁਲੀਸ ਦਫਤਰ ਨਜ਼ਦੀਕ ਜਦ ਵਰਦੀਧਾਰੀ ਪੁਲੀਸ ਮੁਲਾਜ਼ਮਾਂ ਨੂੰ ਮਸਤੀ ਚੜ੍ਹੀ। ਨਸ਼ੇ 'ਚ ਧੁੱਤ ਮੁਲਾਜ਼ਮਾਂ ਨੇ ਆਮ ਲੋਕਾਂ ਨੂੰ ਗਾਣੇ ਸੁਣਾ ਸੁਣਾ ਖੂਬ ਮਨੋਰੰਜਣ ਕੀਤਾ। ਉਧਰ ਜ਼ਿਲ੍ਹਾ ਕਚਹਿਰੀਆਂ ਅਤੇ ਮਿੰਨੀ ਸਕੱਤਰੇਤ ਵਿੱਚ ਆਪਣੇ ਕੰਮਾਂ ਲਈ ਆਏ ਲੋਕ ਨਸ਼ੇ 'ਚ ਧੁੱਤ ਪੁਲੀਸ ਮੁਲਾਜ਼ਮਾਂ ਦੇ ਗਾਣਿਆਂ ਦਾ ਆਨੰਦ ਉਠਾਉੁਣ ਦੇ ਇਵਜ਼ ਵੱਜੋਂ ਆਪਣੇ ਕੰਮ ਵੀ ਭੁੱਲ ਗਏ ਅਤੇ ਇਹ ਤਮਾਸ਼ਾ ਦੇਖਣ ਵਿੱਚ ਹੀ ਰੁੱਝੇ ਰਹੇ। ਉਧਰ ਅੰਤ ਵਿੱਚ ਇੱਕ ਘੰਟੇ ਬਾਅਦ ਇਨ੍ਹਾਂ ਨਸ਼ੇੜੀ ਪੁਲੀਸ ਮੁਲਾਜ਼ਮਾਂ ਨੂੰ ਪੁਲੀਸ ਕੰਟਰੋਲ ਰੂਮ (ਪੀ.ਸੀ.ਆਰ) ਦੀ ਗੱਡੀ ਵਿੱਚ ਆਏ ਪੁਲੀਸ ਮੁਲਾਜ਼ਮ ਇਨ੍ਹਾਂ ਨਾਲ ਹੱਥੋ ਪਾਈ ਹੋ ਲੈ ਤਾਂ ਗਏ ਮਗਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਕਤ ਮੁਲਾਜ਼ਮਾਂ ਨੂੰ ਕਿੱਥੇ ਰੱਖਿਆ ਗਿਆ ਹੈ।
                                           ਮਾਮਲਾ ਇੰਝ ਰਿਹਾ ਕਿ ਅੱਜ ਡੇਢ ਵਜੇ ਦੇ ਕਰੀਬ ਉਕਤ ਪੁਲੀਸ ਮੁਲਾਜ਼ਮ ਕਿਸੇ ਹੋਰ ਜ਼ਿਲ੍ਹੇ ਤੋਂ ਇੱਥੇ ਅਦਾਲਤ ਵਿੱਚ ਕਿਸੇ ਕੰਮ ਆਏ ਸਨ ਪਰੰਤੂ ਇੱਥੇ ਇਨ੍ਹਾਂ ਕੋਈ ਨਸ਼ਾ ਕਰ ਲਿਆ। ਨਸ਼ਾ ਕਰਦੇ ਹੀ ਉਹ ਆਪਣੀ ਸੁੱਧ ਬੁੱਧ ਖੋ ਬੈਠੇ। ਇਸ ਦੌਰਾਨ ਹੀ ਉਹ ਲੋਕਾਂ ਨੂੰ ਰੋਕ ਰੋਕ ਗਾਣੇ ਸੁਨਾਉਣ ਲੱਗੇ। ਲੋਕਾਂ ਨੇ ਇਸ ਨੂੰ ਤਮਾਸ਼ਾ ਹੀ ਬਣਾ ਲਿਆ ਅਤੇ ਭੀੜ ਵੱਡੀ ਗਿਣਤੀ ਵਿੱਚ ਜੁਟ ਗਈ। ਦੱਸਿਆ ਜਾਂਦਾ ਹੈ ਕਿ ਇੱਥੇ ਤਿੰਨ ਮੁਲਾਜ਼ਮ ਨਸ਼ੇ ਦੀ ਲੋਰ ਵਿੱਚ ਆਏ ਸਨ ਪਰੰਤੂ ਇੱਕ ਤਾਂ ਖਿਸਕ ਗਿਆ। ਇਹ ਦੋ ਲਗਾਤਾਰ ਜੋ ਸੁੱਝ ਰਿਹਾ ਸੀ ਕਰ ਰਹੇ ਸਨ। ਉਨ੍ਹਾਂ ਨੂੰ ਕੁੱਝ ਸਮਝ ਨਹੀਂ ਸੀ ਕਿ ਉਹ ਕਿਸ ਅਹੁਦੇ 'ਤੇ ਹਨ। ਉਨ੍ਹਾਂ ਦੀ ਕੀ ਜਿੰਮੇਵਾਰੀ ਬਣਦੀ ਹੈ। ਨਸ਼ੇ ਦੀ ਲੋਰ 'ਚ ਘੁੰਮ ਰਹੇ ਉਕਤ ਵਰਦੀਧਾਰੀ ਮੁਲਾਜ਼ਮਾਂ ਦੀ ਖਬਰ ਜਦ ਹੀ ਪੁਲੀਸ ਕੰਟਰੋਲ ਰੂਮ (ਪੀ.ਸੀ.ਆਰ) ਪਹੁੰਚੀ। ਤਦ ਤੁਰੰਤ ਉਨ੍ਹਾਂ ਨੂੰ ਗੱਡੀ ਵਿੱਚ ਲਿਜਾਣ ਲਈ ਕੁੱਝ ਪੁਲੀਸ ਮੁਲਾਜ਼ਮ ਪਹੁੰਚ ਗਏ ਪਰੰਤੂ ਨਸ਼ੇ 'ਚ ਧੁੱਤ ਮੁਲਾਜ਼ਮ ਉਨ੍ਹਾਂ ਨਾਲ ਵੀ ਡਿੱਗਦੇ ਢਹਿੰਦੇ ਹੱਥੋ ਪਾਈ ਕਰਨ ਲੱਗੇ। ਉਹ ਗੱਡੀ ਵਿੱਚ ਆਏ ਮੁਲਾਜ਼ਮਾਂ ਨੂੰ ਬੁਰਾ ਭਲਾ ਹੀ ਕਹਿੰਦੇ ਰਹੇ। ਤਦ ਮੁਲਾਜ਼ਮਾਂ ਦੁਆਰਾ ਵੀ ਕੁੱਝ ਥੱਪੜ ਜੜ ਦਿੱਤੇ ਗਏ। ਮੁਲਾਜ਼ਮਾਂ ਨੂੰ ਲੈਣ ਆਏ ਮੁਲਾਜ਼ਮਾਂ ਦੁਆਰਾ ਉਕਮ ਮੁਲਾਜ਼ਮਾਂ ਦੁਆਰਾ ਕੋਈ ਮੈਡੀਕਲ ਨਸ਼ਾ ਕੀਤੇ ਜਾਣ ਸਬੰਧੀ ਦੱਸਿਆ ਗਿਆ ਹੈ। ਸ਼ਹਿਰ ਦੇ ਥਾਣਿਆਂ ਵਿੱਚ ਵੀ ਉਕਤ ਮੁਲਾਜ਼ਮਾਂ ਸਬੰਧੀ ਕੁੱਝ ਨਹੀਂ ਦੱਸਿਆ ਜਾ ਰਿਹਾ।ਅੰਤ ਵਿਚ ਮੁਲਾਜ਼ਮਾਂ ਨੂੰ ਪੀ.ਸੀ.ਆਰ ਗੱਡੀ ਵਿੱਚ ਬਿਠਾ ਕੇ ਮੁਲਾਜ਼ਮ ਲੈ ਗਏ ਪਰੰਤੂ ਹਾਲੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਕਤ ਮੁਲਾਜ਼ਮਾਂ ਨੂੰ ਕਿੱਥੇ ਲਿਜਾਇਆ ਗਿਆ। ਥਾਣੇ ਵਾਲੇ ਦੂਜੇ ਥਾਣੇ ਵਿੱਚ ਉਨ੍ਹਾਂ ਦੇ ਬੰਦ ਹੋਣ ਸਬੰਧੀ ਦੱਸ ਕੇ ਆਪਣਾ ਆਪਣਾ ਪੱਲਾ ਝਾੜ ਰਹੇ ਹਨ ਉੱਧਰ ਸੀਨੀਅਰ ਕਪਤਾਨ ਪੁਲੀਸ ਸੁਖਚੈਨ ਸਿੰਘ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉੈਨ੍ਹਾਂ ਆਖਿਆ ਕਿ ਉਕਤ ਮੁਲਾਜ਼ਮਾਂ 'ਤੇ ਕਾਰਵਾਈ ਕੀਤੀ ਜਾਵੇਗੀ।

                                                                                                                       ਹਰਕ੍ਰਿਸ਼ਨ ਸ਼ਰਮਾ,ਬਠਿੰਡਾ

Thursday, September 15, 2011

ਗੁਰਬੱਤ ਦੀ ਜ਼ਿੰਦਗੀ ਗੁਜ਼ਾਰ ਰਿਹਾ ਇੱਕ ਪਰਿਵਾਰ

ਗੁਰਬੱਤ ਦੀ ਜ਼ਿੰਦਗੀ ਗੁਜ਼ਾਰ ਰਿਹਾ ਇੱਕ ਪਰਿਵਾਰ

ਬਠਿੰਡਾ ਦੇ ਇੱਕ ਪਰਿਵਾਰ ਨੂੰ ਗੁਰਬਤ ਨਾਲ ਜੰਗ ਲੜਣੀ ਪੈ ਰਹੀ ਹੈ। ਇਸ ਪਰਿਵਾਰ ਦੇ ਤਿੰਨ ਭਰਾ ਮਿਹਨਤ ਦੇ ਬਲਬੂਤੇ 'ਤੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਜੱਦੋ ਜਹਿਦ ਕਰ ਰਹੇ ਹਨ। ਇਸ ਪਰਿਵਾਰ ਕੋਲ ਆਪਣਾ ਕੋਈ ਘਰ ਨਹੀਂ ਹੈ ਜਿਸ ਕਰਕੇ ਇਹ ਪਰਿਵਾਰ ਸਰਕਾਰ ਵਲੋਂ ਕੰਡਮ ਐਲਾਨੇ ਸਰਕਾਰੀ ਕੁਆਰਟਰ 'ਚ ਰਹਿ ਰਿਹਾ ਹੈ। ਕੰਡਮ ਕੁਆਰਟਰਾਂ 'ਚ ਪਰਿਵਾਰ ਦੀ ਜ਼ਿੰਦਗੀ ਜੋਖਮ ਵਿੱਚ ਪਈ ਰਹਿੰਦੀ ਹੈ। ਪ੍ਰਸ਼ਾਸਨ ਨੇ ਕਈ ਦਫਾ ਇਨ੍ਹਾਂ ਨੂੰ ਇਸ ਕੁਆਰਟਰ ਚੋਂ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰੰਤੂ ਉਨ੍ਹਾਂ ਦੀ ਆਰਥਿਕ ਹਾਲਤ ਦੇਖ ਉਨ੍ਹਾਂ ਨੂੰ ਰਹਿਣ ਦਿੱਤਾ ਗਿਆ ਹੈ। ਵੱਡੀ ਮਾਰ ਪਰਿਵਾਰ 'ਤੇ ਉਸ ਸਮੇਂ ਦੀ ਪਈ ਹੈ ਜਦ ਪਰਿਵਾਰ ਦੇ ਮੁਖੀ ਸੁਖਮੰਦਰ ਸਿੰਘ ਦੀਆਂ ਇੱਕ ਹੱਥ ਦੀਆਂ ਉਂਗਲਾਂ ਹਰਾ ਕੁਤਰਨ ਵਾਲੀ ਮਸ਼ੀਨ ਵਿੱਚ ਆ ਕੇ ਕੱਟੀਆਂ ਗਈਆਂ । ਘਰ ਵਿੱਚ ਚਾਰ ਬੱਚੇ ਸਨ ਅਤੇ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਸੀ। ਵੱਡਾ ਲੜਕਾ ਵਿਆਹ ਕਰਵਾਕੇ ਅਲੱਗ ਰਹਿਣ ਲੱਗਾ। ਜਦਕਿ ਤਿੰਨ ਹੋਰਾਂ ਵਿੱਚੋਂ ਦੋ ਨੇ ਛੋਟੀ ਉਮਰ ਵਿੱਚ ਹੀ ਪੜ੍ਹਾਈ ਛੱਡ ਕੋਈ ਕੰਮ ਕਰਨਾ ਹੀ ਬਿਹਤਰ ਸਮਝਿਆ। ਜਦੋਂਕਿ ਸਭ ਤੋਂ ਛੋਟਾ ਲੜਕਾ ਹੁਣ 9ਵੀਂ ਜਮਾਤ ਵਿੱਚ ਪੜ੍ਹਦਿਆਂ ਪੜ੍ਹਦਿਆਂ ਆਪਣੇ ਪਰਿਵਾਰ ਦਾ ਹੱਥ ਵਟਾਉਣ ਲਈ ਸਕੂਲ ਵਿੱਚੋਂ ਆਉਣ ਬਾਅਦ ਇੱਕ ਸੁਸਾਇਟੀ ਦਾ ਕੰਮਕਾਜ ਪੰਜਾਬੀ ਅਤੇ ਇੰਗਲਿਸ਼ ਟਾਈਪ ਕਰਕੇ ਕੰਪਿਊਟਰ 'ਤੇ ਕਰਦਾ ਹੈ ਅਤੇ ਹਜ਼ਾਰ ਰੁਪਏ ਕਮਾ ਲੈਂਦਾ ਹੈ। ਪਰਿਵਾਰ ਨੂੰ ਹੁਣ ਚਿੰਤਾ ਹੈ ਕਿ ਦਸਵੀਂ ਤੋਂ ਬਾਅਦ ਕਦੇ ਆਰਥਿਕ ਮੰਦਹਾਲੀ ਦੇ ਕਾਰਣ ਉਨ੍ਹਾਂ ਦੇ ਛੋਟੇ ਲੜਕੇ ਨੂੰ ਵੀ ਪੜ੍ਹਾਈ ਨਾ ਛੱਡਣੀ ਪੈ ਜਾਵੇ। ਘਰ ਦੇ ਮੁਖੀ ਸੁਖਮੰਦਰ ਸਿੰਘ ਦਾ ਕਹਿਣਾ ਹੈ ਕਿ ਉਹ 10 ਕੁ ਸਾਲ ਪਹਿਲਾ ਪਿੰਡ ਜਲਾਲ ਵਿਖੇ ਇੱਕ ਜਿਮੀਂਦਾਰ ਕੋਲ ਸੀਰੀ ਸੀ ਅਤੇ ਅਚਾਨਕ ਇੱਕ ਦਿਨ ਉਸਦਾ ਹੱਥ ਹਰਾ ਕੁਤਰਨ ਵਾਲੀ ਮਸ਼ੀਨ ਵਿੱਚ ਆ ਗਿਆ। ਜਿਸ ਕਾਰਣ ਉਹ ਮੰਜੇ 'ਤੇ ਪੈ ਗਿਆ ਅਤੇ ਘਰ ਵਿੱਚ ਕੰਮ ਕਰਨ ਵਾਲਾ ਕੋਈ ਨਾ ਰਿਹਾ। ਉਸਦਾ ਵੱਡਾ ਮੁੰਡਾ ਵਿਆਹ ਤੋਂ ਬਾਅਦ ਅਲੱਗ ਹੋ ਗਿਆ ਅਤੇ ਦੋ ਲੜਕੇ ਜਗਜੀਤ ਸਿੰਘ ਅਤੇ ਰਵੀ ਪੜ੍ਹਾਈ ਛੱਡ ਕੰਮ ਕਰਨ ਲੱਗ ਗਏ। ਜਿਸ ਨਾਲ ਘਰ ਦਾ ਗੁਜ਼ਾਰਾ ਥੋੜਾ ਬਹੁਤਾ ਚਲਦਾ ਰਿਹਾ। ਉਨ੍ਹਾਂ ਆਖਿਆ ਕਿ ਪਿੰਡ ਜਲਾਲ ਤੋਂ ਆ ਧੋਬੀਆਣਾ ਬਸਤੀ ਵਿੱਚ ਉਹ ਇੱਕ ਝੋਂਪੜੀ ਬਣਾ ਕੇ ਰਹਿਣ ਲੱਗੇ ਪਰੰਤੂ ਪ੍ਰਸ਼ਾਸਨ ਦੁਆਰਾ ਉੱਥੇ ਰਹਿਣ ਬਸੇਰਾ ਢਾਹ ਦਿੱਤਾ ਗਿਆ। ਉਹ ਇੱਕ ਵਾਰ ਫਿਰ ਉੱਜੜ ਗਏ। ਇਸ ਬਾਅਦ ਉਨ੍ਹਾਂ ਸਰਕਾਰ ਵੱਲੋਂ ਕੰਡਮ ਐਲਾਨੇ ਗਏ ਸਰਕਾਰੀ ਕੁਆਰਟਰਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਜਦ ਵੀ ਕਦੀ ਪ੍ਰਸ਼ਾਸਨਕ ਅਧਿਕਾਰੀ ਉਠਾਉਣ ਆਏ ਤਾਂ ਉਨ੍ਹਾਂ ਦੀ ਆਰਥਿਕ ਮੰਦਹਾਲੀ ਕਾਰਣ ਉਨ੍ਹਾਂ ਨੂੰ ਰਹਿਣ ਦਿੱਤਾ ਗਿਆ। ਉਸਨੇ ਆਖਿਆ ਕਿ ਉਹ ਉਂਗਲਾ ਕੱਟੇ ਜਾਣ ਬਾਅਦ ਇੱਕ ਹੱਥ ਨਾਲ ਫੁੱਲਾਂ ਦੀਆਂ ਕਿਆਰੀਆਂ ਵਿੱਚ ਪੌਦੇ ਲਗਾਉਣ ਦਾ ਕੰਮ ਕਰਨ ਲੱਗਾ ਮਗਰ ਕੁੱਝ ਸਮੇਂ ਬਾਅਦ ਨਵਯੁਗ ਸਪੋਰਟਸ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵਿੱਚ ਉਸਨੂੰ ਸੇਵਾਦਾਰ ਦੇ ਤੌਰ 'ਤੇ 25 ਸੌ ਰੁਪਏ 'ਤੇ ਕੰਮ ਮਿਲ ਗਿਆ ਅਤੇ ਉਸਦਾ ਸਭ ਤੋਂ ਛੋਟਾ ਲੜਕਾ ਰਾਜਵਿੰਦਰ, ਜੋ ਦੇਸਰਾਜ ਸਕੂਲ ਵਿੱਚ 9ਵੀਂ ਜਮਾਤ 'ਚ ਪੜ ਰਿਹਾ ਹੈ। ਉਹ ਵੀ ਸਕੂਲ ਪੜ੍ਹ ਕੇ ਆਉਣ ਬਾਅਦ ਉੱਥੇ ਹੀ ਸੁਸਾਇਟੀ ਦਾ ਕੰਮਕਾਜ ਕੰਪਿਊਟਰ 'ਤੇ ਕਰ ਰਿਹਾ ਹੈ ਅਤੇ ਮਹੀਨੇ ਵਿੱਚ ਹਜ਼ਾਰ ਰੁਪਏ ਕਮਾ ਲੈਂਦਾ। ਹੈ। ਉਸਨੇ ਦੱਸਿਆ ਕਿ ਉਹ ਹਰ ਸਾਲ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ। ਜਿਸ ਕਾਰਣ ਉਸਦਾ ਵਜੀਫਾ ਵੀ ਲੱਗ ਗਿਆ ਹੈ। ਵਧੀਆ ਪੜ੍ਹਾਈ ਕਰਨ ਕਾਰਣ ਉਸਦੇ ਅਧਿਆਪਕ ਹੀ ਉਸਨੂੰ ਵਰਦੀ ਵੀ ਸਿਲਵਾ ਕੇ ਦੇ ਦਿੰਦੇ ਹਨ। ਉਸਨੇ ਆਖਿਆ ਕਿ ਉਸ ਨਾਲ ਹਾਦਸਾ ਵਾਪਰਨ ਬਾਅਦ ਉਸਦੇ ਲੜਕੇ 18 ਸਾਲਾ ਜਗਜੀਤ ਨੇ ਘਰ ਦਾ ਗੁਜ਼ਾਰਾ ਚਲਾਉਣ ਖਾਤਰ 7ਵੀਂ ਵਿੱਚ ਪੜ੍ਹਾਈ ਛੱਡ ਦਿੱਤੀ ਸੀ। ਮਗਰ ਉਹ ਜਦ ਕੰਮ ਕਰਨ ਲੱਗਾ ਤਾਂ ਪ੍ਰਾਈਵੇਟ ਪੜ੍ਹਦਾ ਰਿਹਾ। ਹੁਣ ਉਹ ਬਿਗ ਸਿਨੇਮਾ ਵਿੱਚ ਹੋਮ ਡਿਲੀਵਰੀ ਅਤੇ ਸੇਵਾਦਾਰ ਦੀ ਡਿਊਟੀ ਨਿਭਾਅ ਰਿਹਾ ਹੈ ਅਤੇ ਉਸਨੇ ਬਾਰ੍ਹਵੀਂ ਦੀ ਪੜ੍ਹਾਈ ਵੀ ਪ੍ਰਾਈਵੇਟ ਸ਼ੁਰੂ ਕਰ ਦਿੱਤੀ ਹੈ।। ਪਹਿਲਾਂ ਉਹ ਕੰਮ ਕਰਕੇ ਆਉਂਦਾ ਹੈ ਅਤੇ ਫਿਰ ਪੜ੍ਹਾਈ ਕਰਦਾ ਹੈ। ਉਸਨੇ ਆਖਿਆ ਕਿ 16 ਸਾਲਾ ਲੜਕੇ ਰਵੀ ਨੇ ਤਾਂ ਪੜ੍ਹਾਈ ਬਿਲਕੁਲ ਹੀ ਛੱਡ ਦਿੱਤੀ ਹੈ। ਉਹ ਲੱਕੜ ਦਾ ਕੰਮ ਸਿੱਖ ਰਿਹਾ ਹੈ। ਉਸਦੀ ਪਤਨੀ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਹੁਣ ਇਹੀ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਿ 9ਵੀਂ ਜਮਾਤ ਵਿੱਚ ਪੜ੍ਹ ਰਿਹਾ ਰਾਜਵਿੰਦਰ। ਜੋ ਕਿ ਕਾਫੀ ਮਿਹਨਤ ਨਾਲ ਪੜ੍ਹਾਈ ਕਰ ਰਿਹਾ ਹੈ। ਕੰਪਿਊਟਰ 'ਤੇ ਵੀ ਪੰਜਾਬੀ ਅਤੇ ਇੰਗਲਿਸ਼ ਟਾਈਪ ਕਰ ਲੈਂਦਾ ਹੈ। ਹੁਣ ਉਹ ਕੰਮ ਕਰ ਥੋੜਾ ਬਹੁਤ ਗੁਜ਼ਾਰਾ ਕਰ ਲੈਂਦਾ ਹੈ ਮਗਰ ਉਸਦੀ 10ਵੀਂ ਦੀ ਪੜ੍ਹਾਈ ਪੂਰੀ ਹੋਣ ਬਾਅਦ ਖਰਚਾ ਵੱਧ ਜਾਵੇਗਾ ਅਤੇ ਇਨ੍ਹੀ ਆਮਦਨ ਦੀ ਉਨ੍ਹਾਂ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਆਖਿਆ ਕਿ ਕਦੇ ਇਸ ਤਰ੍ਹਾਂ ਨਾਂ ਹੋਵੇ ਕਿ ਉਸਦੇ ਦੂਜੇ ਬੱਚਿਆਂ ਵਾਂਗ ਉਸਨੂੰ ਵੀ ਪੜ੍ਹਾਈ ਵਿੱਚੋਂ ਹੀ ਛੱਡਣੀ ਪਵੇ ਅਤੇ ਉਸਦਾ ਭਵਿੱਖ ਰੁਲ ਜਾਵੇ। ਉਧਰ ਜਦ ਉਸਦੀ ਅਧਿਆਪਕਾ ਮਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਇਹ ਬੱਚਾ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਹੈ। ਨਵਯੁਗ ਸਪੋਰਟਸ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸਰਾਂ ਦਾ ਕਹਿਣਾ ਹੈ ਕਿ ਸਮਾਜਸੇਵੀ ਸੰਸਥਾਵਾਂ ਨੂੰ ਰਲ ਕੇ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਮਿਹਨਤੀ ਬੱਚਿਆਂ ਦਾ ਭਵਿੱਖ ਸੰਵਾਰਿਆ ਜਾ ਸਕੇ। ਹਰਕ੍ਰਿਸ਼ਨ ਸ਼ਰਮਾ,ਬਠਿੰਡਾ

Sunday, December 27, 2009

’ਕੌਣ ਭੁੱਲ ਸਕਦਾ ‘ਮਾਂ ਦੀ ਨਿੱਘੀ ਗੋਦ’

ਯਾਦ ਆਉਂਦਾ ਮੈਨੂੰ ਓਹ ਬਚਪਨ ਦਾ ਵੇਲਾ, ਜਦੋਂ ਮਾਂ ਚੁੱਲ੍ਹੇ ‘ਤੇ ਬੈਠੀ ਰੋਟੀਆਂ ਪਕਾ ਰਹੀ ਹੁੰਦੀ ਅਤੇ ਮੈਂ ਕੋਲ ਬੈਠਾ ਉਸਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾ ਰਿਹਾ ਹੁੰਦਾ। ਯਾਦ ਐ, ਜੇ ਕੋਈ ਨੁਕਸ ਨਾ ਵੀ ਹੁੰਦਾ ਤਾਂ ਮੈਂ ਨਖਰੇ ਕਰ-ਕਰ ਰੋਟੀ ਖਾਂਦਾ, ਮਾਂ ਕਦੇ ਨਾ ਗੁੱਸੇ ਹੁੰਦੀ, ਜੋ ਸਬਜ਼ੀ ਕਹਿੰਦਾ ਓਹੀ ਬਣਾ ਦਿੰਦੀ ਪਰ ਨੁਕਸ ਕੱਢਣੋਂ ਨਹੀਂ ਹੱਟਦਾ ਸੀ ਮੈਂ, ਪਰ ਅੱਜ ਮਾਂ ਦੂਰ ਐ, ਅੱਜ ਕੌਣ ਬਣਾਕੇ ਦਿੰਦਾ ਐ, ਓ ਸਬਜ਼ੀ ਜੋ ਮੈਂ ਕਹਿੰਦਾ ਹਾਂ।

ਜਦੋਂ ਗੂੜ੍ਹੀ ਨੀਂਦੇ ਸੁੱਤਾ ਪਿਆ ਹੁੰਦਾ, ਤਾਂ ਓਹਦਾ ਮੈਨੂੰ ਉਠਾਉਣ ਨੂੰ ਦਿਲ ਨਾ ਕਰਦਾ, ਸੋਚਦੀ ਮੇਰੇ ਪੁੱਤ ਦੀ ਨੀਂਦ ਕਿਤੇ ਖਰਾਬ ਨਾ ਹੋ ਜਾਵੇ, ਪਰ ਜਦੋਂ ਤੱਕ ਉਹ ਉਠਾਉਂਦੀ ਨਾ, ਤਦ ਤੱਕ ਮੈਂ ਬੇਫ਼ਿਕਰੀ ਨਾਲ ਸੁੱਤਾ ਪਿਆ ਰਹਿੰਦਾ, ਮਾਂ ਆਪਣੇ ਆਪ ਉਠਾ ਲਵੇਗੀ, ਜਦੋਂ ਕਿਤੇ ਜਾਣ ਦਾ ਸਮਾਂ ਹੋਇਆ, ਕੋਈ ਫ਼ਿਕਰ ਨਾ ਹੁੰਦਾ ਮੈਨੂੰ ਉਸਦੇ ਘਰ ਹੁੰਦਿਆਂ, ਉਸ ਦਾ ਸੁਪਨਾ ਸੀ ਮੇਰਾ ਪੁੱਤ ਪੜ੍ਹ ਲਿਖ ਜਾਵੇ, ਕੋਈ ਚੱਜਦੀ ਨੋਕਰੀ ਕਰੇ, ਸਵੇਰੇ ਤਿਆਰ ਕਰਕੇ ਸਕੂਲ ਭੇਜਦੀ ਤਾਂ ਜਦੋਂ ਤੱਕ ਘਰ ਨਾ ਆਉਂਦਾ ਤਾਂ ਉਸਨੂੰ ਚਿੰਤਾ ਲੱਗੀ ਰਹਿੰਦੀ, ਮੇਰਾ ਪੁੱਤ ਹਾਲੇ ਕਿਉਂ ਨਹੀਂ ਆਇਆ, ਸੋ ਗੱਲਾਂ ਸੋਚਦੀ, ਜਦ ਤੱਕ ਉਸ ਦੀਆਂ ਅੱਖਾਂ ਮੂਹਰੇ ਨਾ ਹੋ ਜਾਂਦਾ। ਸਕੂਲੋਂ ਆਉਣਾ ਉਸ ਦੁਆਰਾ ਰੋਟੀ ਬਣਾ ਫ਼ਿਰ ਖਿਲਾਉਣੀ।

ਯਾਦ ਐ, ਜਦ ਕਦੇ ਕੋਈ ਗਲਤੀ ਕਰਦਾ ਤਾਂ ਬਾਪੂ ਦੀ ਮਾਰ ਤੋਂ ਬਚਾਉਣ ਲਈ ਮਾਂ ਅੱਗੇ ਕੰਧ ਬਣ ਖਲ੍ਹੋ ਜਾਂਦੀ, ਆਪਣੀ ਸੁੱਧ ਬੁੱਧ ਦਾ ਖਿਆਲ ਹੋਵੇ ਨਾ ਹੋਵੇ, ਪਰ ਮੇਰਾ ਹਰ ਸਮੇਂ ਖਿਆਲ ਰੱਖਦੀ। ਥੋੜੀ ਜਿਹੀ ਸੱਟ ਵੀ ਲੱਗਦੀ ਤਾਂ ਡਾਕਟਰਾਂ ਕੋਲ ਭੱਜਣ ਵਾਲੀ ਮਾਂ ਅੱਜ ਮੇਰੇ ਤੋਂ ਦੂਰ ਬੈਠੀ ਪਤਾ ਨਹੀਂ ਕਿਵੇਂ ਦਿਨ ਗੁਜਾਰਦੀ ਹਊ, ਸ਼ਾਇਦ ਹੁਣ ਵੀ ਉਸਦਾ ਮਨ ਪਲ ਪਲ ਖੁਸਦਾ ਹੋਵੇਗਾ। ਵਿੱਚ ਪ੍ਰਦੇਸ਼ਾਂ ਮੈਨੂੰ ਅੱਜ ਕੌਣ ਉਠਾਉਂਦਾ ਦਫ਼ਤਰ ਜਾਣ ਲਈ, ਅੱਜ ਕੌਣ ਸੋਚਦਾ ਮੈਨੂੰ ਉਹੀ ਸਬਜ਼ੀ ਬਣਾਕੇ ਦੇਣ ਲਈ ਜੋ ਮੈਨੂੰ ਪਸੰਦ ਹੈ, ਕਿਸਨੂੰ ਫ਼ਿਕਰ ਅੱਜ ਮੇਰੀ ਤਕਲੀਫ਼ ਦਾ, ਕੌਣ ਜਾਣਦਾ ਮੈਂ ਕਿਵੇਂ ਰਹਿੰਦਾ, ਪ੍ਰੰਤੂ ਮਾਂ ਤਾਂ ਮਾਂ ਹੀ ਹੁੰਦੀ ਹੈ, ਅੱਜ ਵੀ ਦੂਰ ਬੈਠੀ ਇਹੀ ਸੋਚਦੀ ਹੈ ਕਿ
ਮੇਰਾ ਪੁੱਤ ਕਿਵੇਂ ਰਹਿੰਦਾ ਹੋਊ, ਐਨੀ ਦੂਰ ਮੇਰੇ ਪੁੱਤ ਨੂੰ ਰੋਟੀ-ਸਬਜ਼ੀ ਚੰਗੀ ਮਿਲਦੀ ਹੋਊ, ਮੇਰਾ ਪੁੱਤ ਕਿਵੇਂ ਸਵੇਰੇ ਉੱਠਦਾ ਹੋਊ, ਮੇਰੇ ਉਠਾਉਣ ਤੋਂ ਬਿਨ੍ਹਾਂ। ਮੇਰੇ ਤੋਂ ਬਿਨ੍ਹਾਂ ਕੌਣ ਖਿਆਲ ਰੱਖਦਾ ਹੋਊ ਮੇਰੇ ਪੁੱਤ ਦਾ।

ਸੱਚ ਹੀ ਹੈ, ਧਰਤੀ ਉੱਤੇ ਜੇਕਰ ਗੱਲ ਕੀਤੀ ਜਾਵੇ ਕਿ ਸਭ ਤੋਂ ਨਿੱਘੀ ਥਾਂ ਕਿਹੜੀ ਹੈ ਤਾਂ ਮੇਰੀ ਨਜਰ ਵਿੱਚ ਮਾਂ ਦੀ ਗੋਦ, ਜਿੱਥੇ ਸਿਰ ਰੱਖਦਿਆਂ ਦੁਨੀਆ ਦੇ ਫ਼ਿਕਰ, ਕਿਸੇ ਗੱਲ ਦਾ ਡਰ ਖ਼ਤਮ ਹੋ ਜਾਂਦਾ ਹੈ। ਜਿਸ ਪੁੱਤਰ ਕੋਲ ਮਾਂ ਹੈ, ਉਸ ਤੋਂ ਵੱਡਾ ਕਿਸਮਤ ਵਾਲਾ ਆਦਮੀ ਕੌਣ ਹੋ ਸਕਦਾ ਹੈ। ਇੱਥੇ ਮੈਂ ਹੀ ਨਹੀਂ, ਦੁਨੀਆਂ ‘ਤੇ ਵਿਚਰ ਰਿਹਾ ਹਰ ਮਨੁੱਖ ਧਰਤੀ ‘ਤੇ ਅੱਖਾਂ ਖੋਲ੍ਹਣ ‘ਤੇ ਜ਼ਿੰਦਗੀ ਦਾ ਅਲੋਕਿਕ ਰਸ ਮਾਣਨ ਲਈ ਉਸ ਮਾਂ ਦਾ ਕਰਜ਼ਦਾਰ ਹੈ, ਜਿਸਨੇ ਨੌ ਮਹੀਨੇ ਦੁੱਖ ਝੱਲਕੇ ਆਪਣੇ ਪੁੱਤ ਨੂੰ ਜਨਮ ਦਿੱਤਾ ਹੈ, ਜਨਮ ਦੇਣ ਤੋਂ ਬਾਅਦ ਚਾਹੇ ਉਸ ਦਾ ਪੁੱਤਰ ਉਸ ਨੂੰ ਪਹਿਚਾਣੇ ਜਾਂ ਨਾ ਪਹਿਚਾਣੇ। ਕਿਸੇ ਨੇ ਇਹ ਸਹੀ ਹੀ ਕਿਹਾ ਹੈ ਕਿ ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’

"21ਵੀਂ ਸਦੀ ਦਾ ਵਾਰਿਸ ਸ਼ਾਹ-ਸਤਿੰਦਰ ਸਰਤਾਜ"

ਰਿਸ਼ੀ ਗੁਲਾਟੀ,ਐਡੀਲੇਡ (ਆਸਟ੍ਰੇਲੀਆ)

ਸੰਗੀਤ ਹਿੰਦੁਸਤਾਨੀਆਂ ਦੇ ਖੂਨ ਵਿੱਚ ਰਚਿਆ ਹੋਇਆ ਹੈ।ਜਿੱਥੇ ਅਕਬਰ ਦੇ ਰਾਜ ਵਿੱਚ ਤਾਨਸੇਨ ਵਰਗਾ ਗਾਇਕ ਉਸ ਦੇ ਨੌਂ ਰਤਨਾਂ ਵਿੱਚ ਸ਼ਾਮਲ ਸੀ,ਉੱਥੇ ਔਰੰਗਜ਼ੇਬ ਦੇ ਸਾਸ਼ਨਕਾਲ ਵਿੱਚ ਸੰਗੀਤ ਦਾ ਪਤਨ ਸ਼ੁਰੂ ਹੋਇਆ।ਔਰੰਗਜ਼ੇਬ ਦਾ ਵਿਚਾਰ ਸੀ ਕਿ ਸੰਗੀਤ ਬੰਦੇ ਨੂੰ ਰੱਬ ਤੋਂ ਦੂਰ ਕਰਦਾ ਹੈ।ਉਸ ਨੇ ਆਪਣੇ ਰਾਜ 'ਚੋਂ ਸੰਗੀਤ 'ਤੇ ਸੰਗੀਤਕਾਰਾਂ ਨੂੰ ਖਤਮ ਕਰਨ ਲਈ ਫਰਮਾਨ ਤੱਕ ਦੀ ਸਜ਼ਾ ਹੋ ਸਕਦੀ ਸੀ।ਵਿਆਹਾਂ ਸ਼ਾਦੀਆਂ ਆਦਿ ਵਿੱਚ ਵੀ ਨੱਚਣ ਟੱਪਣ 'ਤੇ ਰੋਕ ਲਗਾ ਦਿੱਤੀ ਗਈ।

ਸੰਗੀਤ ਦੇ ਚਹੇਤੇ ਸ਼ਹਿਰ ਛੱਡ ਕੇ ਵੀਰਾਨਿਆਂ 'ਚ ਜਾ ਲੁਕੇ 'ਤੇ ਉੱਥੇ ਲੁਕ ਛਿਪ ਕੇ ਰਿਆਜ਼ ਕਰਦੇ।ਅਕਬਰ ਤੋਂ ਬਾਅਦ ਔਰੰਗਜ਼ੇਬ ਵੀ ਇਸ ਦੁਨੀਆ ਤੋਂ ਚਲਾ ਗਿਆ ਪਰ ਸੰਗੀਤ 'ਤੇ ਪਾਬੰਦੀ ਜ਼ਾਰੀ ਰਹੀ।ਮੁੜ ਇੱਕ ਅਜਿਹਾ ਸਮਾਂ ਆਇਆ,ਜਦ ਕਿ ਸੰਗੀਤ ਨੂੰ ਜ਼ਿੰਦਾ ਰੱਖਣ ਲਈ ਅੱਲ੍ਹਾ ਤਾਲਾ ਨੇ ਇੱਕ ਸਖਸ਼ ਦੀ ਜ਼ਿੰਮੇਵਾਰੀ ਲਗਾਈ,ਜੋ ਕਿ ਵਾਰਿਸ ਸ਼ਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਉਸ ਨੇ ਸੂਫ਼ੀ ਸੰਗੀਤ ਦੀ ਅਜਿਹੀ ਲੀਹ ਤੋਰੀ,ਜਿਸ ਤੇ ਚੱਲਦਿਆਂ ਮੌਜੂਦਾ ਸਮੇਂ ਦੇ ਕਈ ਗਾਇਕ ਬੜਾ ਨਾਮਣਾ ਖੱਟ ਚੁੱਕੇ ਹਨ।ਮੌਜੂਦਾ ਸਮੇਂ ਵਿੱਚ ਕਿਸੇ ਸ਼ਹਿਨਸ਼ਾਹ ਵੱਲੋਂ ਨਾ ਤਾਂ ਸੰਗੀਤ 'ਤੇ ਪਾਬੰਦੀ ਲਗਾਈ ਗਈ ਹੈ ਤੇ ਨਾ ਹੀ ਸੰਗੀਤ ਜਾਂ ਗਾਇਕਾਂ ਦੇ ਖਿਲਾਫ਼ ਕਿਸੇ ਕਿਸਮ ਦਾ ਫਰਮਾਨ ਜ਼ਾਰੀ ਹੋਇਆ ਹੈ ਪਰ ਪੰਜਾਬੀ ਸੰਗੀਤ ਲਗਾਤਾਰ ਆਪਣੇ ਪਤਨ ਵੱਲ ਵਧ ਰਿਹਾ ਹੈ।

ਇਸ ਦਾ ਪ੍ਰਮੁੱਖ ਕਾਰਣ ਗੀਤਾਂ ਤੇ ਗਾਇਕੀ ਦੇ ਮਿਆਰ ਵਿੱਚ ਲਗਾਤਾਰ ਆ ਰਿਹਾ ਨਿਘਾਰ ਹੈ।ਅਜਿਹੇ ਗੀਤ ਵੱਡੀ ਗਿਣਤੀ ਵਿੱਚ ਗਾਏ ਜਾ ਰਹੇ ਹਨ,ਜੋ ਕਿ ਪਰਿਵਾਰ ਵਿੱਚ ਬੈਠ ਕੇ ਸੁਨਣਯੋਗ ਨਹੀਂ ਹਨ।ਗਾਇਕੀ ਦੇ ਆਸਮਾਨ ਵਿੱਚ ਲਗਾਤਾਰ ਛਾ ਰਹੀ ਕਾਲੀ ਬੋਲੀ ਰਾਤ ਵਿੱਚ ਇੱਕ ਸਿਤਾਰੇ ਨੇ ਆਪਣੀ ਚਮਕ ਦਾ ਅਹਿਸਾਸ ਕਰਵਾਇਆ ਹੈ,ਜਿਸ ਦਾ ਨਾਮ ਹੈ ਸਤਿੰਦਰ ਸਰਤਾਜ।ਸਤਿੰਦਰ ਸਰਤਾਜ,ਜਿਸ ਦੇ ਸਰੋਤੇ ਉਸ ਨੂੰ "ਅੱਜ ਦਾ ਵਾਰਿਸ ਸ਼ਾਹ" ਦੀ ਉਪਾਧੀ ਉਸ ਸਮੇਂ ਹੀ ਦੇ ਚੁੱਕੇ ਹਨ,ਜਦ ਕਿ ਉਸ ਦੀ ਇੱਕ ਵੀ ਕੈਸਿਟ ਮਾਰਕਿਟ ਵਿੱਚ ਨਹੀਂ ਆਈ। "ਢੋਲ - ਢਮੱਕਿਆ" ਦੇ ਵੱਧਦੇ ਜਾ ਰਹੇ ਸ਼ੋਰ ਸ਼ਰਾਬੇ ਦੇ ਦੌਰ ਵਿੱਚ ਉਸ ਨੇ ਮਧੁਰ ਸੰਗੀਤ 'ਤੇ ਆਨੰਦ ਦਾਇਕ ਸ਼ਾਇਰੀ ਦਾ ਅਹਿਸਾਸ ਕਰਵਾਇਆ ਹੈ।ਸਤਿੰਦਰ,ਜਿਸ ਦੇ ਇੱਕ - ਇੱਕ ਸ਼ਿਅਰ 'ਤੇ ਲੱਖਾਂ ਦੁਆਵਾਂ ਦੇਣ ਨੂੰ ਜੀਅ ਕਰਦਾ ਹੈ,ਜਦ ਗਾਇਣ ਕਰਦਾ ਹੈ ਤਾਂ ਜਾਪਦਾ ਹੈ,ਜਿਵੇਂ ਵਰ੍ਹਿਆ ਤੋਂ ਤਪ ਰਹੇ ਰੇਗਿਸਤਾਨ ਵਿੱਚ ਨਿੱਕੀਆਂ - ਨਿੱਕੀਆਂ ਕਣੀਆਂ ਦਾ ਮੀਂਹ ਪੈ ਰਿਹਾ ਹੋਵੇ, ਮਾਰੂਥਲ ਦੀ ਤਪਦੀ ਹਿੱਕ ਦਾ ਸੇਕ ਮੱਠਾ ਪੈ ਰਿਹਾ ਹੋਵੇ।ਇੱਕ ਅਜੀਬ ਜਿਹੇ ਆਨੰਦ ਦਾ ਅਹਿਸਾਸ ਕਰਵਾਉਂਦਾ ਹੈ।

ਸਤਿੰਦਰ ਦਾ ਜਨਮ ਪੰਜਾਬ ਦੇ ਪਿੰਡ ਬਜਰੌਰ (ਹੁਸ਼ਿਆਰਪੁਰ) ਵਿਖੇ 31 ਅਗਸਤ ਨੂੰ ਹੋਇਆ।ਜਦ ਪਿਤਾ ਸ੍ਰ.ਬਲਵਿੰਦਰ ਸਿੰਘ ਤੇ ਮਾਤਾ ਸਤਨਾਮ ਕੌਰ ਨੇ ਸੁੱਖਾਂ ਲੱਧੇ ਇਸ ਪੁੱਤਰ ਦਾ ਨਾਮ ਸਤਿੰਦਰ ਸਿੰਘ ਰੱਖਿਆ ਸੀ ਤਾਂ ਕੌਣ ਜਾਣਦਾ ਸੀ ਕਿ ਜਵਾਨੀ ਦੀ ਦੇਹਰੀ ਤੇ ਪੈਰ ਧਰਦਿਆਂ ਹੀ ਸਤਿੰਦਰ,ਸਤਿੰਦਰ ਸਰਤਾਜ ਬਣਕੇ ਮਾਪਿਆਂ ਨੂੰ ਏਨਾਂ ਮਾਣ,ਏਨੀ ਇੱਜ਼ਤ ਤੇ ਏਨੀਆ ਖੁਸ਼ੀਆਂ ਦੇਵੇਗਾ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ।ਸਤਿੰਦਰ ਨੇ ਬਚਪਨ ਵਿੱਚ ਹੀ ਬਾਲ ਸਭਾਵਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ।ਸਮਾਂ ਵਿਹਾ ਕੇ,ਅੰਝਾਣੀ ਓਮਰ 'ਚ ਲੱਗੇ ਗਾਉਣ ਦੇ ਸ਼ੋਂਕ ਤੋਂ,ਸੂਫ਼ੀ ਗਾਇਨ ਦੀ ਅਜਿਹੀ ਚੇਟਕ ਲੱਗੀ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ,ਚੰਡੀਗੜ੍ਹ ਤੋਂ ਸੂਫ਼ੀ ਗਾਇਨ ਵਿੱਚ ਐਮ.ਫਿਲ. ਤੇ ਪੀ.ਐਚ.ਡੀ ਕੀਤੀ।ਇਸ ਤੋਂ ਪਹਿਲਾਂ ਸੰਗੀਤ ਵਿੱਚ ਗ੍ਰੌਜੂਏਸ਼ਨ ਕਰਨ ਦੇ ਨਾਲ ਨਾਲ ਕਲਾਸੀਕਲ ਮਿਊਜ਼ਕ ਦਾ ਪੰਜ ਸਾਲਾ ਡਿਪਲੋਮਾ ਕੀਤਾ ਤੇ ਸੰਗੀਤ ਵਿੱਚ ਹੀ ਮਾਸਟਰ ਡਿਗਰੀ ਹਾਸਲ ਕੀਤੀ।

ਹੁਣ ਉਹ ਪਿਛਲੇ ਕੁੱਝ ਵਰ੍ਹਿਆਂ ਤੋਂ ਪੰਜਾਬ ਯੂਨੀਵਰਸਿਟੀ ਵਿਖੇ ਹੀ ਵਿਦਿਆਰਥੀਆਂ ਨੂੰ ਸੰਗੀਤ ਦੀ ਸਿੱਖਿਆ ਦੇ ਰਿਹਾ ਹੈ।ਡਾਕਟਰ ਸਤਿੰਦਰ ਸਰਤਾਜ ਗਾਉਣ ਤੋਂ ਇਲਾਵਾ ਸ਼ਾਇਰੀ ਦਾ ਵੀ ਸ਼ੌਂਕੀ ਹੈ।ਉਹ ਸੂਫ਼ੀਆਨਾ ਦੇ ਆਸ਼ਕਾਂ ਦੀ ਰੂਹ ਨੂੰ ਆਪਣੇ ਹੀ ਲਿਖੇ ਸੱਜਰੇ ਗੀਤਾਂ ਤੇ ਨਜ਼ਮਾਂ ਦੇ ਗਾਇਨ ਰਾਹੀ ਸ਼ਰਸ਼ਾਰ ਕਰਦਾ ਹੈ।ਸਰਤਾਜ ਦਾ ਵਿਸ਼ਵਾਸ ਹੈ ਕਿ ਜੇਕਰ ਕੋਈ ਗਾਇਕ ਖੁਦ ਸ਼ਾਇਰੀ ਵੀ ਕਰਦਾ ਹੈ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਬੇਹਤਰ ਰੂਪ ਵਿੱਚ ਪੇਸ਼ ਕਰ ਸਕਦਾ ਹੈ।ਸ਼ਾਇਰੀ ਵਿੱਚ ਹੋਰ ਜ਼ਿਆਦਾ ਪਰਪੱਕਤਾ ਲਿਆਉਣ ਅਤੇ ਸੂਫ਼ੀ ਸ਼ਾਇਰੀ ਦੀਆਂ ਡੂੰਘਾਈਆਂ ਸਮਝਣ ਲਈ ਉਸਨੇ ਫਾਰਸੀ ਜੁਬਾਨ ਦਾ ਸਰਟੀਫਿਕੇਟ ਕੋਰਸ ਤੇ ਡਿਪਲੋਮਾ ਵੀ ਕੀਤਾ।ਗੌਰਤਲਬ ਹੈ ਕਿ ਸਰਤਾਜ ਪਹਿਲਾ ਉਹ ਗਾਇਕ ਹੈ,ਜੋ ਕਿ ਵਿੱਦਿਅਕ ਤੌਰ ਤੇ ਏਨਾ ਅਮੀਰ ਹੈ,ਤੇ ਉਸ ਨੇ ਸਮੁੱਚੀ ਵਿੱਦਿਆ ਸੰਗੀਤ ਦੀ ਹਾਸਿਲ ਕੀਤੀ।

ਜ਼ਾਹਿਰ ਜਿਹੀ ਗੱਲ ਹੈ ਕਿ ਜਿਸ ਗਾਇਕ ਜਾਂ ਸ਼ਾਇਰ ਨੇ ਏਨੀ ਉੱਚਕੋਟੀ ਦੀ ਵਿੱਦਿਆ ਹਾਸਿਲ ਕੀਤੀ ਹੋਵੇ,ਉਹ ਸਾਡੀ ਸਰੋਤਿਆਂ ਦੀ ਭੁੱਖ,ਉਮੀਦ ਨਾਲੋਂ ਵੱਧ ਤੇ ਸਿੰਗਰ ਜਾਂ ਫਿਲਮੀ ਗਾਇਕੀ ਦੇ ਰਸਤੇ 'ਤੇ ਚੱਲ ਸਕਦਾ ਸੀ,ਜਿੱਥੇ ਸ਼ੌਹਰਤ ਦੇ ਨਾਲ - ਨਾਲ ਦੌਲਤ ਵੀ ਬੇਹਿਸਾਬ ਹੈ,ਪ੍ਰੰਤੂ ਉਸ ਨੇ ਆਪਣੀ ਅੰਤਰ-ਆਤਮਾ ਦੀ ਗੱਲ ਸੁਣਦਿਆਂ ਮਹਾਨ ਸੂਫ਼ੀ ਸੰਤਾਂ ਬਾਬਾ ਫ਼ਰੀਦ ਜੀ,ਬੁੱਲ੍ਹੇ ਸ਼ਾਹ ਜੀ,ਸੁਲਤਾਨ ਬਾਹੂ ਜੀ ਤੇ ਬਾਬਾ ਸ਼ਾਹ ਹੁਸੈਨ ਜੀ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਫੈਸਲਾ ਕੀਤਾ ਤੇ ਸੂਫ਼ੀਆਨਾ ਨੂੰ ਛੋਂਹਦੀ ਹੋਈ ਸ਼ਾਇਰੀ ਤੇ ਸੰਗੀਤ ਨੂੰ ਚੁਣਿਆ।

ਕਿਸੇ ਇੱਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ।ਸਭ ਨੂੰ ਆਪਣੀ ਸੋਚ ਬਦਲਣੀ ਪਵੇਗੀ।ਇੱਕ ਗੱਲ ਹੋਰ ਹੈ ਕਿ ਜੇਕਰ ਸਰੋਤੇ ਇਸ ਤਰ੍ਹਾਂ ਦੀ ਗਾਇਕੀ ਪਸੰਦ ਕਰਨਗੇ ਤਾਂ ਹੋ ਸਕਦਾ ਹੈ ਕਿ ਹੋਰ ਗਾਇਕ ਵੀ ਅਜਿਹੀ ਸਾਫ਼ - ਸੁਥਰੀ ਗਾਇਕੀ ਦੇ ਰਾਹ 'ਤੇ ਤੁਰ ਪੈਣ ਤੇ ਪੰਜਾਬੀ ਗਾਇਕੀ ਦੇ ਮਿਆਰ ਦਾ ਲਗਾਤਾਰ ਗਿਰਦਾ ਜਾ ਰਿਹਾ ਗ੍ਰਾਫ਼ ਸੰਭਲ ਜਾਵੇ।ਸਰਤਾਜ ਅਨੁਸਾਰ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਕਰਨ ਦੀ ਲੋੜ ਹੈ।ਜਿਸ ਦੇ ਤਹਿਤ ਬੱਚਿਆਂ ਨੂੰ ਉਹਨਾਂ ਦੀ ਪਸੰਦ ਅਨੁਸਾਰ ਪੰਜਾਬੀ ਵਿੱਚ ਕਿਤਾਬਾਂ ਮੁਹੱਈਆ ਕਰਵਾਉਣਾ ਪਹਿਲਾ ਤੇ ਮਹੱਤਵਪੂਰਣ ਕੰਮ ਹੈ।

ਜਿੱਥੇ ਕਿ ਸ਼ਾਇਰ ਜਾਂ ਲੇਖਕ ਆਪਣੇ ਨਾਮ ਨਾਲ "ਨਿਮਾਣਾ" ਜਾਂ "ਵਿਚਾਰਾ" ਆਦਿ ਤਖੱਲਸ ਲਗਾਉਂਦੇ ਹਨ,ਡਾਕਟਰ ਸਤਿੰਦਰ ਸਿੰਘ ਨੇ ਆਪਣੇ ਨਾਮ ਨਾਲ "ਸਰਤਾਜ" ਲਿਖ ਕੇ ਆਪਣੇ ਆਪ ਨੂੰ ਚੁਣੌਤੀ ਪੇਸ਼ ਕੀਤੀ ਤੇ ਥੋੜੇ ਸਮੇਂ ਦੌਰਾਨ ਲੋਕਾਂ ਦੇ ਦਿਲਾਂ 'ਚ ਵੱਸ ਕੇ ਵਾਕਈ ਹੀ ਸਭ ਦੇ "ਸਿਰ ਦਾ ਤਾਜ" ਬਣ ਬੈਠਾ।ਜਿਸ ਅੱਲ੍ਹੜ ਉਮਰੇ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਹਸੀਨ ਪਲਾਂ ਦਾ ਆਨੰਦ ਉਠਾਉਂਦੇ ਹਨ,ਸਤਿੰਦਰ ਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸ ਨੇ ਵਕਤ ਜ਼ਾਇਆ ਨਾ ਕਰਕੇ,ਉਸ ਦੀ ਕਦਰ ਤੇ ਭਰਪੂਰ ਇਸਤੇਮਾਲ ਕੀਤਾ ਤੇ ਅੱਜ ਵਕਤ ਉਸ ਦੀ ਕਦਰ ਕਰ ਰਿਹਾ ਹੈ।ਅੱਜ ਸੰਜੀਦਾ ਉਮਰ ਦੇ ਸਰੋਤਿਆਂ ਦੇ ਨਾਲ - ਨਾਲ ਨੌਜਵਾਨ ਪੀੜ੍ਹੀ ਵੀ ਸਰਤਾਜ ਨੂੰ ਪਸੰਦ ਕਰ ਰਹੀ ਹੈ,ਕਿਉਂ ਜੋ ਉਹ ਆਪਣੀ ਸ਼ਾਇਰੀ ਤੇ ਧੁਨਾਂ ਵਿੱਚ ਅਜਿਹੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਕਿ ਹਰ ਉਮਰ ਵਰਗ ਨੂੰ ਆਪਣੇ ਨਾਲ ਜੋੜ ਸਕੇ।

ਸਰਤਾਜ ਨੂੰ 2003 ਵਿੱਚ ਦੁਬਈ ਵਿਖੇ ਹੋਏ 32 ਦੇਸ਼ਾਂ ਦੇ ਸੱਭਿਆਚਾਰਕ ਮੇਲੇ ਵਿੱਚ "ਬੈਸਟ ਸੂਫ਼ੀ ਸਿੰਗਰ" ਦਾ ਐਵਾਰਡ ਮਿਲ ਚੁੱਕਿਆ ਹੈ।ਪੰਜਾਬ ਦੇ ਸਭ ਤੋਂ ਵੱਡੇ ਸੱਭਿਆਚਾਰਕ ਮੇਲੇ "ਮੋਹਨ ਸਿੰਘ ਯਾਦਗਾਰੀ ਮੇਲਾ" ਵਿੱਚ ਨਜ਼ਾਕਤ ਅਲੀ ਸਲਾਮਤ ਅਲੀ (ਕਲਾਸੀਕਲ ਸਿੰਗਰ) ਐਵਾਰਡ,ਰੋਂਟਰੈਕਟ ਕਲੱਬ ਵੱਲੋਂ ਯੂਥ ਆਇਕਨ ਐਵਾਰਡ 'ਤੇ ਕੈਨੇਡਾ ਦੇ ਹਰ ਸ਼ਹਿਰ ਵਿੱਚ ਉਸਦਾ ਸਨਮਾਨ ਹੋਇਆ ਹੈ।ਉਸ ਨੇ ਜ਼ੀ ਟੈਲੀਵੀਜ਼ਨ ਦੇ ਮਸ਼ਹੂਰ ਪ੍ਰੋਗਰਾਮ "ਜ਼ੀ ਅੰਤਾਕਸ਼ਰੀ" ਵਿੱਚ ਅਨੂੰ ਕਪੂਰ ਦੇ ਨਾਲ ਮਹਿਮਾਨ ਕਲਾਕਾਰ ਦੇ ਤੌਰ 'ਤੇ ਸ਼ਿਰਕਤ ਕੀਤੀ।

ਸਰਤਾਜ ਨੇ ਭਾਰਤ ਸਰਕਾਰ ਦੇ ਭਾਰਤੀ ਸੱਭਿਆਚਾਰ ਨਾਲ ਸਬੰਧਤ ਅਦਾਰੇ ਤੋਂ ਸਕਾਲਰਸ਼ਿਪ ਹਾਸਲ ਕੀਤੀ ਤੇ 24ਵੇਂ ਸਰਬ - ਭਾਰਤੀ ਸੰਗੀਤ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਵੱਖ-ਵੱਖ ਅਦਾਰਿਆਂ,ਕਾਲਜ਼ਾਂ ਤੇ ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲਿਆਂ ਵਿੱਚ ਉਹ ਜੱਜ ਦੀ ਭੂਮਿਕਾ ਅਦਾ ਕਰ ਚੁੱਕਾ ਹੈ।ਸਤਿੰਦਰ ਸਰਤਾਜ ਨੇ ਪੰਜਾਬ ਹੈਰੀਟੇਜ਼ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸੰਗੀਤ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਉਸ ਨੇ ਵਾਰਿਸ਼ ਸ਼ਾਹ ਤੇ ਬਣੀ ਡਾਕੂਮੈਂਟਰੀ ਫ਼ਿਲਮ ਵਿੱਚ ਵੀ ਗਾਇਨ ਕੀਤਾ।

ਮਧੁਰ ਆਵਾਜ਼ ਦਾ ਮਾਲਕ ਸਤਿੰਦਰ ਜਦ ਮਹਿਫ਼ਿਲ ਦਾ ਆਗਾਜ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸਟੇਜ ਤੇ ਸਜਾਏ ਗਈ ਸਾਜ਼ਾ ਨੂੰ ਸਿਰ ਨਿਵਾਂ ਕੇ ਨਮਸਕਾਰ ਕਰਦਾ ਹੈ।ਮੁੜ ਚੌਂਕੜਾ ਮਾਰ ਸਮਾਧੀ 'ਚ ਬੈਠੇ ਕਿਸੇ ਗਿਆਨੀ ਧਿਆਨੀ ਸਾਧੂ ਵਾਂਗ ਆਪਣਾ ਸੰਗੀਤ ਰੂਪੀ ਧੂਣਾ ਧੁਖਾਉਂਦਾ ਹੈ।ਵਾਰਿਸ਼ ਸ਼ਾਹ ਵਰਗੀ ਪੁਸ਼ਾਕ ਪਹਿਨੀ ਬੈਠਾ ਸਰਤਾਜ਼ ਅਜਿਹੇ ਸਮੇਂ ਜਦ ਸ਼ਿਅਰ ਬੋਲਦਾ ਹੈ ਤਾਂ ਸਾਖਸ਼ਾਤ "ਵਾਰਿਸ ਸ਼ਾਹ" ਦਾ ਵਾਰਿਸ ਹੀ ਜਾਪਦਾ ਹੈ।ਧੀਰ ਗੰਭੀਰ ਸਰਤਾਜ ਦੇ ਚਿਹਰੇ ਤੇ ਕਦੀ ਗੰਭੀਰਤਾ ਆਪਣਾ ਪ੍ਰਛਾਵਾਂ ਦਿਖਾਉਂਦੀ ਹੈ ਅਤੇ ਕਦੇ ਚੰਚਲ ਮੁਸਕਾਨ ਆਪਣਾ ਡੇਰਾ ਪਾ ਲੈਂਦੀ ਹੈ।ਸਭ ਤੋਂ ਪਹਿਲਾਂ ਉਹ ਪਰਮ ਪਿਤਾ ਪ੍ਰਮੇਸ਼ਵਰ ਦੇ ਚਰਨ - ਕਮਲਾਂ ਵਿੱਚ ਆਪਣੀ ਪ੍ਰਾਰਥਨਾ ਕਰਦਾ ਹੈ,ਆਪਣੇ ਕਲਾਮ "ਸਾਈਂ" ਨਾਲ.....

ਸਾਈਂ ਵੇ.... ਸਾਡੀ ਫਰਿਆਦ ਤੇਰੇ ਤਾਈਂ
ਸਾਈਂ ਵੇ....ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ.....ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ....ਹਾਜ਼ਰਾ ਹਜ਼ੂਰ ਵੇ ਤੂੰ ਆਈਂ

ਕਲਾਮ ਜਦ ਆਪਣੇ ਸਿਖਰ ਤੇ ਪਹੁੰਚਦਾ ਹੈ ਤਾਂ ਮਹਿਫ਼ਿਲ 'ਚ ਜੁੜੇ ਸਰੋਤੇ ਆਨੰਦ ਦੀ ਰੌਂਅ ਵਿੱਚ ਵਹਿ ਜਾਂਦੇ ਹਨ।ਆਪਣੇ ਪਹਿਲੇ ਹੀ ਕਲਾਮ ਨਾਲ ਸਭ ਨੂੰ ਕੀਲ ਲੈਂਦਾ ਹੈ ਸਰਤਾਜ।ਮੁੜ ਤਾਂ ਆਨੰਦ ਹੀ ਆਨੰਦ।ਦੋ ਹੀ ਗੱਲਾਂ ਹੁੰਦੀਆਂ ਨੇ,ਇੱਕ ਤਾਂ ਸਤਿੰਦਰ ਦੀ ਸ਼ਾਇਰੀ ਤੇ ਦੂਜੀਆਂ ਦਰਸ਼ਕਾਂ ਦੀਆਂ ਤਾੜੀਆਂ ਤੇ ਦਾਦ।ਦੋਨੋ ਇੱਕ ਦੂਜੇ ਦੇ ਪੂਰਕ ਬਣ ਜਾਂਦੇ ਹਨ।ਸਤਿੰਦਰ ਆਪਣੇ ਸਰੋਤਿਆਂ ਨੂੰ ਆਨੰਦ ਦੇ ਸਾਗਰ 'ਚ ਅਜਿਹੀਆਂ ਡੁੱਬਕੀਆਂ ਲਵਾਉਂਦਾ ਹੈ ਕਿ ਪਤਾ ਹੀ ਨਹੀਂ ਚੱਲਦਾ ਕਿ ਵਾਪਰ ਕੀ ਰਿਹਾ ਹੈ।ਬੱਸ! ਸਮਾਂ ਹੀ ਰੁੱਕ ਜਾਂਦਾ ਹੈ।ਕਿਸੇ ਵੀ ਫ਼ਨਕਾਰ ਦੀ ਜ਼ਿੰਦਗੀ ਦੇ ਸਭ ਤੋਂ ਅਨਮੋਲ ਪਲ ਉਹ ਹੁੰਦੇ ਨੇ,ਜਦ ਮਹਿਫ਼ਲਾਂ ਵਿੱਚ ਹੌਂਸਲਾ ਅਫ਼ਜ਼ਾਈ ਹੁੰਦੀ ਹੈ,ਤਾੜੀਆਂ ਵੱਜਦੀਆਂ ਹਨ।ਸਰਤਾਜ ਦੀ ਜ਼ਿੰਦਗੀ ਦੇ ਯਾਦਗਾਰ ਪਲ ਵੀ ਅਜਿਹੇ ਹੀ ਹੁੰਦੇ ਨੇ,ਪਰ ਉਹ ਕਹਿੰਦਾ ਹੈ ਕਿ ਅਜੇ ਤਾਂ ਸੰਘਰਸ਼ ਚੱਲ ਰਿਹਾ ਹੈ।

ਇਹ ਲੇਖ ਲਿਖਣ ਤੋਂ ਪਹਿਲਾਂ ਸਰਤਾਜ ਦੀ ਗਾਇਕੀ ਨੂੰ ਨੇੜੇ ਤੋਂ ਜਾਨਣ ਲਈ 'ਕੱਲੇ ਬੈਠ,ਉਸ ਨੂੰ ਬਹੁਤ ਵਾਰੀ ਸੁਣਿਆ,ਮਹਿਸੂਸ ਕੀਤਾ।ਆਪਣੇ ਦਿਲੋ ਦਿਮਾਗ ਨੂੰ ਖੁੱਲਾ ਛੱਡ ਦਿੱਤਾ,ਸਰਤਾਜ ਦੇ ਵਹਿਣ ਵਿੱਚ ਵਹਿਣ ਲਈ।ਸਰਤਾਜ ਦੇ ਨਾਲ - ਨਾਲ ਫੁੱਲਾਂ ਦੇ ਬਾਗਾਂ,ਜੰਗਲਾਂ,ਬੇਲਿਆਂ 'ਚ ਖੂਬ ਘੁੰਮਿਆ,ਖੁੱਲੇ ਆਸਮਾਨ 'ਚ ਖੂਬ ਉਡਾਰੀਆਂ ਲਾਈਆਂ,ਡੂੰਘੇ ਸਮੁੰਦਰਾਂ 'ਚ ਖੂਬ ਤਾਰੀਆਂ ਲਾਈਆਂ।ਬੱਸ ਉਸ ਦੀ ਗਾਇਕੀ ਸੀ ਤੇ ਮੈਂ ਸਾਂ।ਜਦ ਉਸ ਦਾ "ਅੰਮੀ" ਕਲਾਮ ਸੁਣਿਆ ਤਾਂ ਫੁੱਟ -ਫੁੱਟ ਮਹਿਸੂ ਕਰ ਸਕਦਾ ਸਾਂ,ਪਰ ਉਸ ਨੂੰ ਛੁਹ ਨਹੀਂ ਸਕਦਾ ਸਾਂ,ਮਾਂ ਦਾ ਹੱਥ ਆਪਣੇ ਸਿਰ 'ਤੇ,ਆਪਣੇ ਚਿਹਰੇ 'ਤੇ ਫਿਰਦਾ ਹੋਇਆ ਦੇਖ ਤਾਂ ਰਿਹਾ ਸਾਂ ਪਰ ਉਸਦੀ ਛੋਹ ਮੇਰੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸੀ।ਸਰਤਾਜ ਤਾਂ ਮੇਰੇ ਦਿਲ ਦਾ ਦਰਦ ਮੇਰੀਆਂ ਅੱਖਾਂ ਰਾਹੀਂ ਬਾਹਰ ਵਗਾ ਰਿਹਾ ਸੀ,ਪਰ ਪੰਜਾਬ ਬੈਠੀਆਂ ਹਜ਼ਾਰਾਂ ਮਾਵਾਂ ਦੇ ਦਰਦ ਨੂੰ ਮੈਂ ਸਮੁੰਦਰੋ ਪਾਰ ਬੈਠੀ ਆਪਣੀ ਮਾਂ ਦੇ ਚਿਹਰੇ ਤੇ ਦੇਖ ਰਿਹਾ ਸਾਂ।

ਦੂਰੋਂ ਬੈਠ ਦੁਆਵਾਂ ਕਰਦੀ ਅੰਮੀ
ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀ ਜਿਹਾ ਡੋਲੇ
ਸਾਨੂੰ ਨਾ ਕੁੱਝ ਹੋ ਜਾਏ,ਡਰਦੀ ਅੰਮੀ

ਪੰਜਾਬ 'ਚ ਵਗਦੇ ਨਸ਼ੇ ਦੇ ਦਰਿਆ ਨੂੰ ਠੱਲ੍ਹ ਪਾਉਣ ਦੇ ਉਪਰਾਲਿਆਂ 'ਚ ਉਸ ਦੇ ਵਿਚਾਰ ਅਨੁਸਾਰ ਮੀਡੀਆ ਵੱਲੋਂ ਅਜਿਹੇ ਪ੍ਰੋਗਰਾਮ ਦਿਖਾਉਣੇ ਚਾਹੀਦੇ ਨੇ,ਜਿਸ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲੇ।

ਓਹਦੀ ਦੀਦ ਵਾਲੀਆਂ ਸ਼ਰਾਬਾਂ ਮਿੱਠੀਆਂ
ਕਿਦਾਂ ਪਤਾ ਲੱਗੂ ਜੇ ਕਦੇ ਨਾ ਡਿੱਠੀਆਂ
ਇੱਕ ਅੱਧਾ ਘੁੱਟ ਪੀ ਕੇ ਦੇਖ ਤਾਂ ਸਹੀ
ਫੱਕਰਾਂ ਦੇ ਵਾਂਗ ਜੀ ਕੇ ਦੇਖ ਤਾਂ ਸਹੀ
ਐਵੇਂ ਪੀਈ ਜਾਨੈ ਸ਼ਰਾਬਾਂ ਕੌੜੀਆਂ
ਆਸ਼ਕਾਂ ਨੇ ਸਿੱਧੀਆਂ ਹੀ ਲਾਈਆਂ ਪੌੜੀਆਂ

'ਤੇ ਜਦ ਸਰਤਾਜ ਗਾਉਂਦਾ ਹੈ.....

ਮੇਰੀ ਹੀਰੀਏ,ਫ਼ਕੀਰੀਏ,ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ

ਯਾਦ ਆਵੇ ਤੇਰੀ ਜਦੋਂ ਦੇਖਾਂ ਚੰਦ ਮੈਂ
ਤੂੰ ਹੀ ਦਿੱਸੇਂ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਐਦਾਂ ਪਸੰਦ ਮੈਂ

....ਸੁਣ ਕੇ ਸੱਚੇ ਸੁੱਚੇ ਆਸ਼ਕਾਂ ਦੀ ਯਾਦ ਆਉਂਦੀ ਹੈ।ਰਾਧਾ ਕ੍ਰਿਸ਼ਨ ਜਿਹਾ ਪਵਿੱਤਰ ਇਸ਼ਕ ਕਰਨ ਨੂੰ ਮਨ ਲੋਚਦਾ ਹੈ।ਕਿਸੇ ਆਪਣੇ ਲਈ ਫਨਾਂ ਹੋ ਜਾਣ ਨੂੰ ਦਿਲ ਕਰਦਾ ਹੈ।ਜਾਪਦਾ ਹੈ ਇਸ਼ਕ ਹੀ ਰੱਬ ਦੀ ਭਗਤੀ ਕਰਨ ਦਾ ਰਸਤਾ ਹੋਵੇ।ਸਰਤਾਜ ਅਜਿਹੇ ਪਵਿੱਤਰ ਇਸ਼ਕ ਦਾ ਵਰਨਣ ਕਰਦਾ ਹੈ ਕਿ ਜੇਕਰ ਆਸ਼ਕ ਆਪਣੇ ਇਸ਼ਟ ਨਾਲ ਅਜਿਹਾ ਇਸ਼ਕ ਕਰੇ ਤਾਂ ਯਕੀਨਨ ਰੱਬ ਨੂੰ ਪਾ ਲਵੇਗਾ।

ਉਸ ਨੇ ਅਜੇ ਲੰਬਾ ਸਫ਼ਰ ਤੈਅ ਕਰਨਾ ਹੈ।ਦੇਸ਼ ਜਾਂ ਵਿਦੇਸ਼ ਵਿੱਚ ਉਸ ਦੀਆਂ ਮਹਿਫ਼ਿਲਾਂ ਦੇ ਸਥਾਨ ਚੋਣਵੇਂ ਹੋ ਸਕਦੇ ਹਨ ਪਰ ਉਸ ਦੀ ਪਹੁੰਚ ਹਰ ਸ਼ਹਿਰ,ਹਰ ਪਿੰਡ,ਕਿਸਾਨ ਤੇ ਮਜ਼ਦੂਰ ਤੱਕ ਹੋਣੀ ਯਕੀਨੀ ਹੈ।ਜਾਪਦਾ ਹੈ ਕਿ ਉਹ ਸਮਾਂ ਦੂਰ ਨਹੀਂ ਕਿ ਜਿਵੇਂ ਕਿਸੇ ਸਮੇਂ ਹਰ ਨੌਜਵਾਨ ਦੀ ਜੁਬਾਨ ਤੇ "ਹੀਰ" ਨੇ ਆਪਣੀ ਪਹੁੰਚ ਕੀਤੀ ਸੀ,ਇੱਕੀਵੀਂ ਸਦੀ ਦੇ ਇਸ ਵਾਰਿਸ ਸ਼ਾਹ ਦੇ ਸਮੇਂ ਵਿੱਚ ਹਰ ਨੌਜਵਾਨ ਦਿਲ ਇਹੀ ਗੁਣਗੁਣਾਉਂਦਾ ਹੋਵੇ......

ਮੇਰੀ ਹੀਰੀਏ,ਫ਼ਕੀਰੀਏ,ਨੀ ਸੋਹਣੀਏ
ਤੇਰੀ ਖੁਸ਼ਬੂ ਨਸ਼ੀਲੀ ਮਨਮੋਹਣੀਏ.....

ਪਰ ਇਸ ਲਈ ਸਰਤਾਜ ਦੁਆਰਾ ਬੜੀ ਮਿਹਨਤ ਕੀਤੀ ਜਾਣੀ ਬਾਕੀ ਹੈ।


ਸਰਤਾਜ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਾ ਜਾਦੂ ਦਿਖਾ ਚੁੱਕਿਆ ਹੈ,ਤੇ ਸੰਗੀਤ ਦੀ ਦੁਨੀਆਂ ਵਿੱਚ ਗੰਭੀਰਤਾ ਨਾਲ ਸੋਚਣ ਵਾਲਾ ਨਾਮ ਬਣ ਚੁੱਕਿਆ ਹੈ।ਪਿੱਛੇ ਜਿਹੇ ਕੈਨੇਡਾ 'ਚ ਹੋਏ ਉਸ ਦੇ ਅਠਾਰਾਂ ਦੇ ਅਠਾਰਾਂ ਸ਼ੋਅ "ਹਾਊਸ ਫੁੱਲ" ਗਏ ਹਨ।

ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਟੋਰਾਂਟੋ 'ਚ ਕਿਸੇ ਕਲਾਕਾਰ ਦੇ ਇਕੱਠੇ ਪੰਜ ਸ਼ੋਅ ਹੋਏ ਹੋਣ ਤੇ ਉਹ ਵੀ ਸਾਰੀਆਂ ਟਿਕਟਾਂ ਵਿਕੀਆਂ ਹੋਈਆਂ ਹੋਣ।ਉਸ ਦੇ ਸ਼ੋਅ ਦੀਆਂ ਟਿਕਟਾਂ ਸਿਰਫ਼ 1 ਘੰਟਾ 35 ਮਿੰਟ ਦੇ ਰਿਕਾਰਡ ਟਾਈਮ 'ਚ ਵਿਕ ਗਈਆਂ।ਜਦੋਂ ਕੈਨੇਡਾ ਵਾਸੀਆਂ ਦੀ ਰੂਹ ਦੀ ਭੁੱਖ ਅਠਾਰਾਂ ਸ਼ੋਆਂ ਨਾਲ ਵੀ ਸ਼ਾਂਤ ਨਾ ਹੋਈ ਤਾਂ ਉਨ੍ਹਾਂ ਨੇ ਡਿਨਰ ਪਾਰਟੀਆਂ ਆਯੋਜਿਤ ਕੀਤੀਆਂ,ਜਿਨ੍ਹਾ 'ਚ ਸਰਤਾਜ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ।ਇਨ੍ਹਾਂ ਡਿਨਰ ਪਾਰਟੀਆਂ 'ਚ ਵੀ ਐਂਟਰੀ ਟਿਕਟ ਰਾਹੀਂ ਸੀ। ਹੁਣ "ਵਿਰਾਸਤ ਇਨਕੌਰਪ੍ਰੇਸ਼ਨ" ਵੱਲੋਂ ਸਰਤਾਜ ਦੇ ਆਸਟ੍ਰੇਲੀਆ ਵਿਖੇ ਚਾਰ ਤੇ ਨਿਊਜ਼ੀਲੈਂਡ ਵਿਖੇ ਇੱਕ ਸ਼ੋਅ ਆਯੋਜਿਤ ਕੀਤੇ ਜਾ ਰਹੇ ਹਨ।

ਸਰਤਾਜ ਸਾਦਗੀ ਪਸੰਦ ਸਖਸ਼ੀਅਤ ਦਾ ਨਾਮ ਹੈ।ਇਹ ਅਟਲ ਸਚਾਈ ਹੈ ਕਿ ਔਖੀ ਸ਼ਬਦਾਵਲੀ ਦੀ ਵਰਤੋ ਕਰਕੇ ਸ਼ਾਇਰੀ ਕਰਨੀ ਸੌਖੀ ਹੈ ਤੇ ਸੌਖੀ ਸ਼ਬਦਾਵਲੀ ਦੀ ਵਰਤੋ ਕਰਕੇ ਆਮ ਸਰੋਤੇ ਤੱਕ ਪਹੁੰਚ ਕਰਨੀ ਔਖਾ ਕੰਮ ਹੈ।ਕਈ ਸ਼ਾਇਰ ਸਮਝ ਤੋਂ ਬਾਹਰ ਹੋ ਜਾਂਦੇ ਹਨ ਪਰ ਸਰਤਾਜ ਦੀ ਕੋਸ਼ਿਸ ਹੈ ਕਿ ਮਹਿਫ਼ਿਲ ਵਿੱਚ ਬੈਠਿਆਂ ਹਰ ਕੋਈ ਉਸ ਨਾਲ ਗਾ ਸਕੇ।ਉਸ ਦੀ ਸ਼ਾਇਰੀ ਬੜੀ ਅਸਾਨੀ ਨਾਲ ਆਮ ਬੰਦੇ ਦੀ ਸਮਝ ਵਿੱਚ ਆ ਜਾਂਦੀ ਹੈ।ਸਰਤਾਜ ਸੋਚਦਾ ਹੈ ਕਿ ਗਾਇਕੀ ਵਿੱਚ ਸਾਦਗੀ ਸਰੋਤਿਆਂ ਨੂੰ ਆਕਰਸ਼ਿਤ ਕਰਦੀ ਹੈ।ਉਸ ਅਨੁਸਾਰ ਸ਼ਾਇਰੀ ਸਿੱਖੀ ਨਹੀਂ ਜਾ ਸਕਦੀ।ਇਹ ਤਾਂ ਆਪਣੇ ਅੰਦਰ ਪੈਦਾ ਹੁੰਦੀ ਹੈ,ਉਨ੍ਹਾ ਵਿੱਚ ਸੁਨਣ ਦਾ ਜਜ਼ਬਾ ਹੋਣਾ ਚਾਹੀਦਾ ਹੈ।

ਭਾਵੇਂ ਲੱਖ ਲਫ਼ਜ਼ਾਂ ਨੂੰ ਪੀੜਾਂ 'ਚ ਪਰੋ ਲਵੇ
ਲੱਖ ਸੁਰਾਂ ਵੀ ਵੈਰਾਗ ਦੀਆਂ ਛੋਹ ਲਵੇ
ਭਾਵੇਂ ਗਾਵੇ 'ਸਰਤਾਜ' ਪੂਰਾ ਭਿੱਜ ਕੇ
ਭਾਵੇਂ ਗੀਤ ਨਾਲ ਇੱਕ ਮਿਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ
ਗਵੱਈਆ ਮਾਣ ਮੱਤਾ ਕੀ ਕਰੂ?

ਦੇਸ਼ ਵਿਦੇਸ਼ ਦੇ ਲੱਖਾਂ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ ਸਰਤਾਜ ਖੁਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਪ੍ਰਭਾਵਿਤ ਹੈ।ਖੁਦ ਸ਼ਾਇਰੀ ਕਰਨ ਤੋਂ ਪਹਿਲਾਂ ਸਤਿੰਦਰ ਨੇ ਖਾਨ ਸਾਹਿਬ ਦੇ ਗੀਤ ਗਾ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਜਿੱਤੀਆਂ ਹਨ।ਲੋਕਾਂ ਦੁਆਰਾ ਸਰਤਾਜ ਨੂੰ ਮਿਲਣ ਦੀ ਚਾਹਤ ਫੋਟੋਗਰਾਫ਼ੀ ਤੇ ਆਟੋਗ੍ਰਾਫ਼ ਆਦਿ ਦੇ ਪਲਾਂ ਨੂੰ ਉਹ ਪ੍ਰਮਾਤਮਾ ਦੀ ਬਖਸ਼ਿਸ਼ ਮੰਨਦਾ ਹੈ।ਲੋਕਾਂ ਦੁਆਰਾ ਦਿੱਤੇ ਜਾ ਰਹੇ ਪਿਆਰ ਤੇ ਸਤਿਕਾਰ ਕਾਰਣ,ਉਹ ਉਮੀਦਾਂ 'ਤੇ ਖਰਾ ਉਤਰਣ ਦੇ ਵਾਅਦੇ ਆਪਣੇ ਆਪ ਨਾਲ ਕਰਦਾ ਹੈ।ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਵਿੱਚ ਦਿਨ - ਬ- ਦਿਨ ਆ ਰਹੇ ਨਿਘਾਰ ਕਾਰਣ "ਸੋਚ" ਹੈ।ਉਸ ਦੇ ਵਿਚਾਰ ਅਨੁਸਾਰ ਜੇਕਰ ਲੋਕ ਸੁਣਦੇ ਹਨ ਤਾਂ ਹੀ ਗਾਇਕ ਗਾ ਰਹੇ ਹਨ।

Thursday, November 5, 2009

ਟੁਕੜਿਆਂ 'ਚ ਵੰਡੀ ਗਈ ਪੰਜਾਬੀਅਤ

ਪੰਜਾਬ ਲਈ ਮੰਦਭਾਗਾ ਦਿਨ ਸੀ 1 ਨਵੰਬਰ 1966

 ਭਾਰਤ ਬਟਵਾਰੇ ਦਾ ਦਰਦ ਤਾਂ ਭਾਰਤੀਆਂ ਦੇ ਦਿਲਾਂ 'ਚੋਂ ਕਦੇ ਨਹੀਂ ਮਿਟੇਗਾ,ਲੇਕਿਨ ਭਾਰਤ ਬਟਵਾਰੇ ਦੇ ਬਾਅਦ ਦੇਸ਼ 'ਚ ਹੀ ਪੰਜਾਬ ਅਤੇ ਬੰਗਾਲ ਦੇ ਹੋਏ ਦੋ ਟੁਕੜਿਆਂ ਦਾ ਹੋਣਾ ਵੀ ਦੇਸ਼ ਲਈ ਹਮੇਸ਼ਾ ਮੰਦਭਾਗਾ ਰਹੇਗਾ ਕਿਉਂਕਿ ਭਾਰਤ ਦੇ ਟੁਕੜਿਆਂ ਦਾ ਇਲਜ਼ਾਮ ਤਾਂ ਅਸੀਂ ਅੰਗਰੇਜ਼ਾ 'ਤੇ ਵੀ ਲਗਾ ਦਿੰਦੇ ਹਾਂ ਪਰੰਤੂ ਪੰਜਾਬ ਦੇ ਟੁਕੜੇ ਕਰਨ ਵਾਲੇ ਤਾਂ ਕੋਈ ਹੋਰ ਨਹੀਂ ਪੰਜਾਬੀ ਹੀ ਰਹੇ ਹਨ।ਸਿਆਸਤ ਅਤੇ ਪੈਸੇ ਨੇ ਹਰ ਵਾਰ ਆਪਣਾ ਰੰਗ ਵਿਖਾਇਆ ਅਤੇ ਸਿਆਸਤ ਦੀ ਖੇਡ ਖੇਡਦਿਆਂ ਹਰ ਵਾਰ ਰਾਜਨੀਤਿਕਾਂ ਨੇ ਵੰਡੀਆਂ ਪਾਉਣ 'ਚ ਕੋਈ ਕਸਰ ਨਹੀਂ ਛੱਡੀ,ਹਰ ਕਿਸੇ ਦੇ ਦਿਲ 'ਚੋਂ ਹੁਣ ਤਾਂ ਇਹੀ ਅਵਾਜ਼ ਨਿਕਲਦੀ ਹੈ ਕਿ ਕਦੋਂ ਤੱਕ ਚੱਲੇਗਾ ਆਪਣਿਆਂ ਨਾਲ ਇਹ ਪਰਾਇਆਪਨ।

1966 'ਚ ਪੰਜਾਬ ਅਤੇ ਹਰਿਆਣਾ ਦੀ ਵੰਡ ਕਰਕੇ ਵੀ ਸਿਆਸਤੀਆਂ ਨੇ ਆਪਣੀ ਸਿਆਸਤ ਕਰਨ ਲਈ ਤਾਂ ਜਗ੍ਹਾ ਬਣਾ ਲਈ ਪਰੰਤੂ ਇੱਕ ਵਾਰ ਫ਼ਿਰ ਪੰਜਾਬੀਆਂ ਦੇ ਦਿਲਾਂ ਨੂੰ ਉਹੀ ਦਰਦ ਮਿਲਿਆ,ਜੋ ਭਾਰਤੀ ਵੰਡ ਦੌਰਾਨ ਇੱਕ ਤੋਂ ਬਣੇ ਦੋ ਪੰਜਾਬਾਂ (ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ) ਨਾਲ ਮਿਲਿਆ ਸੀ।ਪੰਜਾਬ ਦੇ ਪਹਿਲਾਂ ਦੋ ਅਤੇ ਫ਼ਿਰ ਤਿੰਨ ਟੁਕੜਿਆਂ ਨੇ ਪੰਜਾਬੀਅਤ ਦੀਆਂ ਵੰਡੀਆਂ ਪਾਈਆਂ।ਪੰਜਾਬ 1966 'ਚ ਵੰਡਿਆ ਤਾਂ ਗਿਆ ਪਰੰਤੂ ਇਸ ਦੀਆਂ ਵੰਡੀਆਂ ਦਾ ਸਿਲਸਿਲਾ ਹਾਲੇ ਤੱਕ ਨਹੀਂ ਰੁੱਕਿਆ,ਹੁਣ ਕਦੇ ਪੰਜਾਬ ਵੱਲੋਂ ਚੰਡੀਗੜ੍ਹ ਨੂੰ ਆਪਣੀ ਅਤੇ ਕਦੇ ਹਰਿਆਣਾ ਵੱਲੋਂ ਆਪਣੀ ਰਾਜਧਾਨੀ ਕਹਿਲਾਉਣ ਲਈ ਹਮੇਸ਼ਾ ਸੰਘਰਸ਼ ਚੱਲਦਾ ਰਹਿੰਦਾ ਹੈ।ਕਦੇ ਯੂਨੀਵਰਸਿਟੀਆਂ ਦੀ,ਕਦੇ ਪੰਜਾਬ,ਹਰਿਆਣਾ ਦੇ ਪਾਣੀਆਂ ਅਤੇ ਕਦੇ ਹਰਿਆਣਾ ਲਈ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੰਗਾਂ ਨੇ ਹਮੇਸ਼ਾ ਪੰਜਾਬੀਆਂ ਨੂੰ ਆਪਸ 'ਚ ਵੰਡਿਆ ਹੈ,ਇਸ ਨੂੰ ਚਾਹੇ ਸਿਆਸਤ ਦੀ ਜਾਂ ਫ਼ਿਰ ਪੈਸੇ ਦੀ ਖੇਡ ਕਹਿ ਲਈਏ।

ਹਰਿਆਣਾ ਦੇ ਸਿੱਖਾਂ ਵੱਲੋਂ ਇਨ੍ਹੀ ਦਿਨੀਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਨੇ ਤੂਲ ਫੜ੍ਹਿਆ ਤਾਂ ਮੁੱਦਾ ਕਾਫ਼ੀ ਗਰਮਾਇਆ ਅਤੇ ਸਿਆਸਤ ਨੇ ਵੀ ਆਪਣਾ ਖੇਡ ਇੱਕ ਵਾਰ ਫਿਰ ਖੇਡਿਆ,ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ 'ਚ ਵਿਧਾਨਸਭਾ ਚੋਣਾਂ ਦੇ ਐਨ ਮੌਕੇ ਐਲਾਣ ਕੀਤਾ ਕਿ ਹਰਿਆਣਾ ਲਈ 1 ਨਵੰਬਰ ਨੂੰ 'ਹਰਿਆਣਾ ਦਿਵਸ' 'ਤੇ ਅਲੱਗ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (ਅਡਹੋਕ) ਬਣਾਈ ਜਾਵੇਗੀ,ਤਾਂ ਵਿਰੋਧੀ ਧਿਰਾਂ ਨੂੰ ਇਹ ਗੱਲ ਰਾਸ ਨਾ ਆਈ।ਕਈਆਂ ਵੱਲੋਂ ਹਰਿਆਣਾ ਦੇ ਸਿੱਖਾਂ ਦੁਆਰਾ ਕੀਤੀ ਵੱਖਰੀ ਕਮੇਟੀ ਦੀ ਮੰਗ ਨੂੰ ਜਾਇਜ਼ ਅਤੇ ਕਈਆਂ ਦੁਆਰਾ ਇਸ ਮੰਗ ਨੂੰ ਗੱਲਤ ਦੱਸਿਆ ਗਿਆ,ਚਾਹੇ ਕੁੱਝ ਵੀ ਹੋਵੇ,ਪਰੰਤੂ ਵੰਡੀਆਂ ਤਾਂ ਵੰਡੀਆਂ ਹੀ ਹਨ।

ਹਰਿਆਣਾ ਲਈ ਵੱਖਰੀ ਹਰਿਆਣਾ ਗੁਰਦੁਆਰਾ ਸੰਘਰਸ਼ ਕਮੇਟੀ (ਅਡਹੋਕ) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾ ਕਿਹਾ,' ਅਸੀਂ ਕੁੱਝ ਨਹੀਂ ਚਾਹੁੰਦੇ,ਬੱਸ ਅਸੀਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈ ਸਿੱਖੀ ਦਾ ਹੋਰ ਪ੍ਰਚਾਰ ਕਰਨਾ ਚਾਹੁੰਦੇ ਹਾਂ ਕਿਉਂਕਿ ਇੱਥੋਂ ਦੇ ਗੁਰਦੁਆਰਿਆਂ 'ਚ ਜੋ ਸੇਵਾਦਾਰ ਲਾਏ ਜਾਂਦੇ ਹਨ,ਜ਼ਿਆਦਾਤਰ ਪੰਜਾਬ ਤੋਂ ਹੁੰਦੇ ਹਨ,ਜਦੋਂਕਿ ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਿਆਂ ਦੀ ਸੇਵਾ ਨਹੀਂ ਸਮਾਈ ਜਾਂਦੀ। ਹਰਿਆਣਾ ਦੇ ਗੁਰਦੁਆਰਿਆਂ ਦਾ ਸਾਰਾ ਪੈਸਾ ਪੰਜਾਬ 'ਚ ਮੈਡੀਕਲ,ਸਿੱਖਿਆ ਅਤੇ ਪੰਜਾਬ ਦੇ ਗੁਰਦੁਆਰਿਆਂ 'ਤੇ ਲਗਾ ਦਿੱਤਾ ਜਾਂਦਾ ਹੈ,ਜਿਸ ਕਾਰਣ ਹਰਿਆਣਾ ਦੇ ਸਿੱਖਾਂ 'ਚ ਰੋਸ ਹੈ ਕਿ ਉਹ ਹਰਿਆਣਾ ਦੇ ਗੁਰਦੁਆਰਿਆਂ ਨੂੰ ਹੋਰ ਵਧੀਆ ਬਨਾਉਣਾ ਚਾਹੁੰਦੇ ਹਨ ਅਤੇ ਉਨ੍ਹਾ ਪੰਜਾਬ ਦੀ ਅਕਾਲੀ ਦਲ ਸਿਆਸਤ 'ਤੇ ਵੀ ਆਰੋਪ ਲਗਾਉਂਦਿਆ ਕਿਹਾ ਕਿ ਰਾਜਨੀਤਿਕ ਚਾਹੁੰਦੇ ਹਨ ਕਿ ਜੇਕਰ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਤਾਂ ਪੰਜਾਬ ਦੇ ਲੀਡਰਾਂ ਦਾ ਹਰਿਆਣਾ 'ਚ ਦਬਦਬਾ ਘੱਟੇਗਾ।

ਇਸ ਤੋਂ ਬਿਨ੍ਹਾ ਜਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਹਰਿਆਣਾ ਸਿੱਖਾਂ ਦੀ ਮੰਗ ਜਾਇਜ਼ ਹੈ ਅਤੇ ਉਨ੍ਹਾ ਨੂੰ ਵੱਖਰੀ ਕਮੇਟੀ ਮਿਲਣੀ ਚਾਹੀਦੀ ਹੈ,ਜਦੋਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਕਹਿਣਾ ਹੈ ਕਿ ਇਹ ਸਾਰੀ ਕਾਂਗਰਸ ਸਰਕਾਰ ਦੀ ਸਾਜਿਸ਼ ਹੈ।ਉਹ ਪੰਜਾਬ ਅਤੇ ਹਰਿਆਣਾ ਸਿੱਖ ਭਾਈਚਾਰੇ 'ਚ ਦਰਾਰ ਪਾਕੇ ਆਪਣੀ ਰਾਜਨੀਤੀ ਕਰ ਰਹੀ ਹੈ,ਜਦੋਂਕਿ ਆਨੰਦਪੁਰ ਸਾਹਿਬ ਦੇ ਐਮਪੀ ਰਵਨੀਤ ਬਿੱਟੂ ਦਾ ਇਸ ਬਾਰੇ ਕਹਿਣਾ ਇਸ 'ਚ ਕਾਂਗਰਸ ਦਾ ਕੋਈ ਹੱਥ ਨਹੀਂ ਅਤੇ ਇਹ ਧਰਮ ਦਾ ਮਾਮਲਾ ਹੈ।ਇਸ ਨੂੰ ਪੰਜਾਬ ਅਤੇ ਹਰਿਆਣਾ ਦੇ ਸਿੱਖਾਂ ਅਤੇ ਸਰਕਾਰਾਂ ਨੂੰ ਮਿਲ ਬੈਠ ਸੁਲਝਾਉਣਾ ਚਾਹੀਦਾ ਹੈ।

ਚਾਹੇ ਕੁੱਝ ਵੀ ਹੋਵੇ,ਪੰਜਾਬ ਅਤੇ ਹਰਿਆਣਾ 'ਚ ਅਲੱਗ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਇੱਕ ਵਾਰ ਫ਼ਿਰ ਭਖਿਆ ਹੈ,ਜਿਸ ਨਾਲ ਫ਼ਿਰ ਇੱਕੋ ਪਰਿਵਾਰ ਦੇ ਭਰਾ-ਭਰਾ ਇੱਕ ਦੂਜੇ ਅੱਗੇ ਆਣ ਖੜ੍ਹੇ ਹੋਏ ਹਨ।ਪੰਜਾਬ ਦੇ ਅਤੀਤ 'ਤੇ ਝਾਤੀ ਮਾਰੀਏ ਤਾਂ ਇਹ ਹੁਣ ਤੱਕ ਕਾਫ਼ੀ ਕੁੱਝ ਖੋਹ ਚੁੱਕਾ ਹੈ ਅਤੇ ਸੀਨੇ 'ਤੇ ਬੜ੍ਹੇ ਦੁੱਖ ਹੰਢਾਏ ਹਨ ਪੰਜਾਬ ਨੇ,ਹੁਣ ਤਾਂ ਪੰਜਾਬ ਅਤੇ ਹਰਿਆਣਾ ਦੇ ਪੰਜਾਬੀ ਭਰਾਵਾਂ ਨੂੰ ਚਾਹੀਦਾ ਹੈ,ਜੋ ਮਸਲਾ ਹੈ,ਉਸ ਨੂੰ ਮਿਲ ਬੈਠ ਸੁਲਝਾਉਣ ਤਾਂ ਜੋ ਪੰਜਾਬੀਅਤ ਦੀ ਹਰ ਕਿਤੇ ਪੈਂਦੀ ਧਾਕ ਭਵਿੱਖ 'ਚ ਵੀ ਬਣੀ ਰਹੇ।ਲੋੜ ਹੈ,ਪੰਜਾਬੀਆਂ ਨੂੰ ਇਕੱਠੇ ਹੋ ਕੇ ਪੰਜਾਬੀਅਤ ਨੂੰ ਇੱਕ ਮੁੱਠ ਰੱਖਣ ਦੀ ਅਤੇ ਦੇਸ਼ 'ਚ ਰਹਿੰਦੇ ਹਰ ਭਾਸ਼ਾ ਦੇ ਹਰ ਨਾਗਰਿਕ ਨਾਲ ਬੈਠ ਕੇ ਦੇਸ਼ ਨੂੰ ਹੋਰ ਉੱਨਤੀ ਵੱਲ ਲਿਜਾਣ ਲਈ ਸੋਚਣ ਦੀ।ਨਾ ਕਿ ਹੁਣ ਆਉਣ ਵਾਲੇ ਸਮੇਂ 'ਚ 1966 'ਚ ਹਰਿਆਣਾ ਵਾਂਗੂ ਕਿਸੇ ਹੋਰ ਰਾਜ 'ਚੋਂ ਕੋਈ ਰਾਜ ਕੱਢ ਕੋਈ ਹੋਰ ਰਾਜ ਬਨਾਉਣ ਦੀ।ਪਹਿਲਾਂ ਹੀ ਸਿਆਸਤ ਦੇ ਹੱਥੇ ਚੜ੍ਹ ਦਿਲਾਂ 'ਚ ਤਰੇੜਾਂ ਆ ਚੁੱਕੀਆਂ ਹਨ,ਹੁਣ ਲੋੜ ਹੈ,ਉਨ੍ਹਾ ਆਈਆਂ ਤਰੇੜਾਂ ਨੂੰ ਭਰਨ ਦੀ।

Friday, September 18, 2009

ਕੱਲ੍ਹ ,ਅੱਜ ਅਤੇ ਕੱਲ੍ਹ ਦਾ ਸੁਖਬੀਰ

ਸਿਆਸਤ 'ਚ ਸੁਖਬੀਰ


ਬਾਦਲ ਦਾ ਨਾਂ ਮੂੰਹ ‘ਤੇ ਆਉਂਦਿਆ ਹੀ ਸਾਹਮਣੇ ਵਾਲਾ ਸੋਚੀਂ ਪੈ ਜਾਂਦਾ ਹੈ ਕਿ ਬਾਈ ਹੁਣ ਕਿਹੜੇ ਬਾਦਲ ਦੀ ਗੱਲ ਹੋਵੇਗੀ,ਪੰਜਾਬ ਦੇ ਚੌਥੀ ਵਾਰ ਮੁੱਖਮੰਤਰੀ ਦੀ ਗੱਦੀ ‘ਤੇ ਬੈਠੇ ਹੋਏ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਫ਼ਿਰ ਉਨ੍ਹਾ ਦੇ ਹੁਣ ਦੂਜੀ ਵਾਰ ਫ਼ਿਰ ਉੱਪ ਮੁੱਖਮੰਤਰੀ ਦੀ ਕੁਰਸੀ ‘ਤੇ ਬੈਠੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ,ਜਿਸ ਨੂੰ ਕਈ ਲੀਡਰਾਂ ਵੱਲੋਂ ਹਾਲੇ ਵੀ ‘ਕਾਕਾ ਜੀ’ ਕਹਿ ਕੇ ਸੱਦਿਆ ਜਾਂਦਾ ਹੈ।ਹਾਂ ਜੀ,ਅੱਜ ਆਪਾਂ ਇੱਥੇ ਗੱਲ ਕਰਾਂਗੇ ਉੱਪਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੀ। ਗੱਲ ਕਰਾਂਗੇ ਕੱਲ੍ਹ ਦੇ,ਅੱਜ ਦੇ ਅਤੇ ਭਵਿੱਖ ਦੇ ਸੁਖਬੀਰ ਦੀ।


ਜੋ ਬਚਪਨ ਤੋਂ ਹੀ ਸਿਆਸਤ ‘ਚ ਖੇਡੇ ਜਾਂਦੇ ਆਪਣੇ ਪਿਤਾ ਅਤੇ ਮੌਜੂਦਾ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੁਆਰਾ ਦਾਅ ਪੇਚਾਂ ਨੂੰ ਦੇਖਦਿਆਂ ਅਤੇ ਨਾਲ-ਨਾਲ ਕੈਲੀਫੋਰਨੀਆ (ਲਾਸ ਐਂਜਲਸ) ਤੋਂ ਐਮਬੀਏ ਦੀ ਡਿਗਰੀ ਹਾਸਿਲ ਕਰਨ ਉਪਰੰਤ ਸਿਆਸਤ ‘ਚ ਆ ਪੰਜਾਬ ਦੀ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਪਹੁੰਚ ਚੁੱਕਿਆ ਹੈ।ਭਲਾਂ ਦੀ ਹੁਣ ਇਸ ਨੂੰ ਮੌਜੂਦਾ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੁਆਰਾ ਪੁੱਤਰ ਮੋਹ ਜਾਂ ਫ਼ਿਰ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਨਾਲ ਜੁੜੇ ਸੀਨੀਅਰ ਨੇਤਾਵਾਂ ਨੂੰ ਕੀਤਾ ਗਿਆ ਅਣਗੋਲਿਆ ਜਾਂ ਫ਼ਿਰ ਸੁਖਬੀਰ ਦੁਆਰਾ ਆਪਣੇ ਵਿਰੋਧੀਆਂ ਨਾਲ ਸਿਆਸਤ ਦਾ ਹਰ ਚੰਗਾ,ਮਾੜਾ ਦਾਅਪੇਚ ਖੇਡਦਿਆਂ ਖੇਡਦਿਆਂ ਪਹੁੰਚਣ ਨੂੰ ਕਿਹਾ ਜਾਵੇ ਪਰੰਤੂ ਇਸ ਸੱਚ ਤੋਂ ਵੀ ਨਹੀਂ ਮੁੱਕਰਿਆ ਜਾ ਸਕਦਾ ਕਿ ਜਿਵੇਂ ਵੀ ਹੋਵੇ,ਸੁਖਬੀਰ ਥੋੜੇ ਜਿਹੇ ਸਾਲਾਂ ‘ਚ ਹੀ ਰਾਜਨੀਤੀ ‘ਚ ਸਿਖਰਾਂ ਨੂੰ ਛੋਹਣ ਲੱਗਿਆ ਹੈ ।

15 -16 ਕੁ ਸਾਲ ਪਹਿਲਾਂ ਦੀ ਪੰਜਾਬ ਦੀ ਸਿਆਸਤ ‘ਚ ਝਾਤੀ ਮਾਰੀਏ ਤਾਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਬ ) ਪਾਰਟੀ ‘ਚ ਕੋਈ ਵੱਡਾ ਨਾਂਅ ਨਹੀਂ ਗਿਣਿਆ ਜਾਂਦਾ ਸੀ।ਉਹ ਜਦ ਅਕਾਲੀ ਦਲ (ਬ) ਪਾਰਟੀ ‘ਚ ਆਏ ਤਾਂ ਜਨਰਲ ਸੈਕਟਰੀ ਦੇ ਪਦ ਦੇ ਨਾਲ - ਨਾਲ ਯੂਥ ਅਕਾਲੀ ਦਲ ਦੇ ਪੈਟਰਨ ਦੇ ਪਦ ਨਾਲ ਰਾਜਨੀਤਿਕ ਮੈਦਾਨ ‘ਚ ਉੱਤਰੇ ਸਨ ਅਤੇ ਕੁੱਝ ਕੁ ਸਾਲਾਂ ‘ਚ ਹੀ ਪਿਉ ਦੀ ਛਤਰਛਾਇਆ ਦਾ ਆਨੰਦ ਮਾਣਦਿਆਂ ਪਾਰਟੀ ‘ਚ ਦਬਦਬਾ ਬਣਾਇਆ। 11ਵੀਂ ਅਤੇ 12ਵੀ ਲੋਕਸਭਾ ‘ਚ ਫਰੀਦਕੋਟ ਲੋਕਸਭਾ ਹਲਕੇ ਤੋਂ ਚੋਣ ਜਿੱਤਕੇ ਸਾਂਸਦ ਬਣ ਦਿੱਲੀ ਗਏ ਅਤੇ ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਈ ਦੀ ਸਰਕਾਰ ਸਮੇਂ 1998 ਅਤੇ 1999 ‘ਚ ਕੇਂਦਰੀ ਰਾਜ ਉਦਯੋਗ ਮੰਤਰੀ ਰਹੇ,ਜਦੋਂਕਿ 1999 ਦੀਆਂ ਲੋਕਸਭਾ ਚੋਣਾਂ ‘ਚ ਕਾਂਗਰਸੀ ਲੀਡਰ ਜਗਮੀਤ ਸਿੰਘ ਬਰਾੜ ਹੱਥੋਂ ਉਨ੍ਹਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

2001 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਬਣੇ ਰਹੇ।2004 ‘ਚ ਹੋਈਆਂ 14ਵੀਂਆਂ ਲੋਕਸਭਾ ਚੋਣਾਂ ‘ਚ ਤੀਸਰੀ ਵਾਰ ਚੋਣ ਜਿੱਤਕੇ ਸਾਂਸਦ ਚੁਣਕੇ ਆਏ। 2007 ‘ਚ ਕਾਰਜਕਾਰੀ ਪ੍ਰਧਾਨ ਅਤੇ 2008 ‘ਚ ਪ੍ਰਧਾਨ ਥਾਪੇ ਗਏ। ਵਰਤਮਾਨ ਸਮੇਂ ‘ਚ ਉਹ ਪੰਜਾਬ ਦੇ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਹੁਣ ਦੂਸਰੀ ਵਾਰ ਪਹੁੰਚੇ ਹਨ। ਇਸ ਦੇ ਨਾਲ ਹੀ ਦੁਨੀਆ ‘ਚ ਵੀ ਇਹ ਪਹਿਲੀ ਮਿਸਾਲ ਹੈ ਜਦੋਂ ਕਿਸੇ ਰਾਜ ‘ਚ ਪਿਤਾ ਮੁੱਖਮੰਤਰੀ ਅਤੇ ਪੁੱਤਰ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਬੈਠੇ ਹਨ।

ਰਾਜਨੀਤਿਕ ਗਲਿਆਰਿਆਂ ਦੀ ਸੁਣੀਏ ਤਾਂ ਕਿਹਾ ਜਾਂਦਾ ਹੈ ਕਿ ਸ੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਸਭ ਤੋਂ ਪਹਿਲਾਂ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਪਾਰਟੀ ਵਰਕਰ ਨੇ ਪਾਰਟੀ ਲਈ ਕਿਨ੍ਹੀਆਂ ਘਾਲਣਾ ਘਾਲੀਆਂ,ਕਿਨ੍ਹੀ ਜਦੋਜਹਿਦ ਕੀਤੀ ਅਤੇ ਜਦੋ ਜਹਿਦ ‘ਚ ਸੰਘਰਸ਼ ਕਰਦਿਆਂ ਕਿਨ੍ਹੀ ਵਾਰ ਜੇਲ੍ਹਾਂ ਦੀਆਂ ਯਾਤਰਾਵਾਂ ਕੀਤੀਆਂ ਅਤੇ ਉਸ ਵਿੱਚ ਉਸ ਨੇ ਕੀ - ਕੀ ਉਪਲੱਬਧੀਆਂ ਹਾਸਲ ਕੀਤੀਆਂ ਹਨ ਅਤੇ ਫ਼ਿਰ ਜਾ ਕੇ ਉਸ ਨੂੰ ਅਹੁਦਿਆਂ ਨਾਲ ਨਿਵਾਜ਼ਣਾ ਚਾਹੀਦਾ ਹੈ

ਪਰੰਤੂ ਸੁਖਬੀਰ ਸਿੰਘ ਬਾਦਲ ਦੁਆਰਾ ਭਲਾਂ ਹੀ ਪਾਰਟੀ ਲਈ ਹਾਲੇ ਤੱਕ ਕੋਈ ਵੱਡਾ ਮਾਅਰਕਾ ਨਹੀਂ ਮਾਰਿਆ ਗਿਆ,ਫ਼ਿਰ ਵੀ ਉਹ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪਮੁੱਖਮੰਤਰੀ ਦੀ ਕੁਰਸੀ ‘ਤੇ ਬਣੇ ਹੋਏ ਹਨ,ਸੁਖਬੀਰ ਤੋਂ ਪਹਿਲਾਂ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਪ੍ਰਧਾਨ ਦੀ ਕੁਰਸੀ ਕਿਸੇ ਖਾਸ ਸੀਨੀਅਰ ਲੀਡਰ ਨੂੰ ਹੀ ਦਿੱਤੀ ਜਾਂਦੀ ਸੀ ਪਰੰਤੂ ਇਹ ਰਵਾਇਤ ਪਾਰਟੀ ‘ਚ ਬਦਲੀ ਹੈ।

ਸੁਖਬੀਰ ਨੇ ਜਦ ਤੋਂ ਉੱਪਮੁੱਖਮੰਤਰੀ ਦਾ ਅਹੁਦਾ ਸੰਭਾਲਿਆ ਹੈ ਤਾਂ ਉਸ ਤੋਂ ਬਾਅਦ ਉਨ੍ਹਾ ਵੱਲੋਂ ਮਾਨਸਾ ਜਿਲ੍ਹੇ ‘ਚ ਥਰਮਲ ਪਲਾਂਟ ਦਾ ਉਦਘਾਟਨ,ਬਠਿੰਡਾ ‘ਚ ਫਾਈਵ ਸਟਾਰ ਹੋਟਲ ਖੋਲ੍ਹਣੇ,ਮੋਹਾਲੀ ‘ਚ ਹਾਈਵੇ ਜਾਂ ਫ਼ਿਰ ਮੈਟਰੋ ਰੇਲ ਨੂੰ ਪੰਜਾਬ ‘ਚ ਲਿਆਉਣ ਦੇ ਆਮ ਜਨਤਾ ਨੂੰ ਸਬਜ਼ਬਾਗ ਤਾਂ ਦਿਖਾਏ ਜਾ ਚੁੱਕੇ ਹਨ ਪਰੰਤੂ ਹਾਲੇ ਤੱਕ ਇਨ੍ਹਾ ‘ਤੇ ਕੰਮ ਸ਼ੁਰੂ ਹੋਇਆ ਹੀ ਨਹੀਂ ਹੈ ਜਾਂ ਫ਼ਿਰ ਨੇਪਰੇ ਹੀ ਨਹੀਂ ਚੜ੍ਹਿਆ ਅਤੇ ਜਲਦ ਹੀ ਇਨ੍ਹਾ ਦੇ ਨੇਪਰੇ ਚੜ੍ਹਨ ਦੀ ਆਸ ਵੀ ਨਹੀਂ,ਓਧਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਨਗਰ ਕੌਂਸਲ,ਜਿਲ੍ਹਾ ਪ੍ਰੀਸ਼ਦ ਜਾਂ ਪੰਚਾਇਤੀ ਚੌਣਾਂ ‘ਚ ਆਪਹੁਦਰੀਆਂ ਅਤੇ ਕਾਨੂੰਨ ਨੂੰ ਛਿੱਕੇ ਢੰਗ ਕੇ ਲੋਕਤੰਤਰ ਨੂੰ ਢਾਹ ਲਾਉਣ ਦੇ ਇਲਜ਼ਾਮਾਂ ਦੀਆਂ ਅਖਬਾਰਾਂ ‘ਚ ਛੱਪੀਆਂ ਸੁਰਖੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਸੁਖਬੀਰ ਵੱਲੋਂ ਪਾਰਟੀ ਨੂੰ ਹੋਰ ਅੱਗੇ ਲਿਜਾਉਣ ਲਈ ਨੌਜਵਾਨਾਂ ਦੀ ਗਠਿਤ ਕੀਤੀ ਸਟੂਡੈਂਟਸ ਆਰਗੇਨਾਈਜੇਸ਼ਨ ਆਫ਼ ਇੰਡੀਆ (ਐਸਓਆਈ) ਵੀ ਕੁੱਝ ਖਾਸ ਨਾ ਕਰਕੇ ਸਮੇਂ-ਸਮੇਂ ਬਦਨਾਮੀ ਦਾ ਕਾਰਣ ਹੀ ਬਣਦੀ ਰਹੀ ਹੈ।

ਸੁਖਬੀਰ ਬਾਦਲ ਦੇ ਸਿਆਸਤ ਦੇ ਮੈਦਾਨ ‘ਚ ਉੱਤਰਨ ਬਾਅਦ ਥੋੜੇ ਜਿਹੇ ਸਾਲਾਂ ‘ਚ ਹੀ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ‘ਚ ਵੱਧੀ ਉਸ ਦੀ ਦਖਲ ਅੰਦਾਜ਼ੀ ਜਾਂ ਉਸ ਦੁਆਰਾ ਪਾਰਟੀ ਲਈ ਦਿਖਾਈਆਂ ਸਰਗਰਮੀਆਂ ਦੇ ਬਾਵਜੂਦ ਜਿੱਥੇ ਉਸ ਨੂੰ ਇਹ ਕੁੱਝ ਬਦਨਾਮੀ ਦੇ ਧੱਬੇ ਮਿਲੇ ਹਨ,ਉੱਥੇ ਹੀ ਜੇਕਰ ਪਿੱਛਲੇ 40 ਸਾਲਾਂ ਦੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਯਾਨੀ ਸੁਖਬੀਰ ਦੇ ਪਿਤਾ ਦੁਆਰਾ ਕੀਤੀ ਸਿਆਸਤ ‘ਤੇ ਝਾਤੀ ਮਾਰੀਏ ਤਾਂ ਉਨ੍ਹਾ ਦਾ ਕੱਦ ਬੁੱਤ ਕਾਫ਼ੀ ਵੱਡਾ ਨਜ਼ਰ ਆਉਂਦਾ ਹੈ,ਉਨ੍ਹਾ ਦੇ ਨਰਮ ਸੁਭਾਅ,ਹਰ ਕਿਸੇ ਨੂੰ ਅਪਨਤ ਦੇ ਨਾਲ ਮਿਲਣ ਵਰਗੀਆਂ ਗੱਲਾਂ ਨੇ ਆਮ ਲੋਕਾਂ ‘ਚ ਹਰਮਨ ਪਿਆਰਾ ਬਣਾਈ ਰੱਖਿਆ,ਇਨ੍ਹਾ ਹੀ ਨਹੀਂ ਹਿੰਦੂ ਅਤੇ ਦੂਜੀਆਂ ਜਾਤੀਆਂ ਲਈ ਵੀ ਉਹ ਹਮੇਸ਼ਾ ਮੰਜ਼ੂਰਸ਼ੁਦਾ ਲੀਡਰ ਵੱਜੋਂ ਗਿਣੇ ਜਾਂਦੇ ਰਹੇ ਹਨ ਅਤੇ ਇਹੀ ਕਾਰਣ ਹੈ ਕਿ ਉਨ੍ਹਾ ਨੂੰ ਆਮ ਲੋਕਾਂ ਨੇ ਪੰਜਾਬ ਦੀ ਮੁੱਖਮੰਤਰੀ ਦੀ ਕੁਰਸੀ ‘ਤੇ ਚੌਥੀ ਵਾਰ ਬਿਠਾਇਆ।ਇੱਥੇ ਹੀ ਬੱਸ ਨਹੀਂ, ਜੇਕਰ ਉਨ੍ਹਾ ਦੀ ਤੁਲਨਾ ਸਵਰਗਵਾਸੀ ਗੁਰਚਰਨ ਸਿੰਘ ਟੋਹੜਾ ਨਾਲ ਵੀ ਕੀਤੀ ਜਾਵੇ ਤਾਂ ਉਨ੍ਹਾ ਨੂੰ ਨਰਮ,ਜਦੋਂਕਿ ਸਵਰਗਵਾਸੀ ਟੋਹੜਾ ਨੂੰ ਗਰਮ ਖਿਆਲੀਆ ਗਿਣਿਆ ਜਾਂਦਾ ਰਿਹਾ ਹੈ।

ਸਿਆਸਤ ‘ਚ ਚਾਹੇ ਇਸ ਨੂੰ ਹੁਣ ਸੁਖਬੀਰ ਦਾ ਬਚਪਨਾ ਜਾਂ ਫ਼ਿਰ ਜੁਆਨੀ ਦਾ ਜ਼ੋਰ ਕਹਿ ਲਿਆ ਜਾਵੇ ਕਿ ਉਹ ਹਾਲੇ ਆਮ ਲੋਕਾਂ ‘ਚ ਆਪਣੇ ਪਿਤਾ ਵਰਗਾ ਸਨਮਾਨ ਹਾਸਿਲ ਨਹੀਂ ਕਰ ਸਕਿਆ।ਉਂਝ ਸਿਆਸੀ ਗਲਿਆਰਿਆਂ ਦੀ ਸੁਣੀਏ ਤਾਂ ਉਨ੍ਹਾ ਦੁਆਰਾ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਦ ਤੱਕ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੀ ਛੱਤਰਛਾਇਆ ਸੁਖਬੀਰ ‘ਤੇ ਹੈ,ਉਦੋਂ ਤੱਕ ਸੁਖਬੀਰ ਦੇ ਰਾਹ ‘ਚ ਕੋਈ ਰੋੜਾ ਨਹੀਂ ਜਾਂ ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਿਤੇ ਨਾਲ ਲੱਗਦੇ ਰਾਜ ਹਰਿਆਣਾ ਦੇ ਚੋਟਾਲਿਆਂ ਦਾ ਹੋਇਆ ਹਸ਼ਰ ਕਿਤੇ ਪੰਜਾਬ ‘ਚ ਨਾ ਹੋਵੇ।ਹਾਂ,ਇੱਥੇ ਇਹ ਵੀ ਹੈ ਕਿ ਜੇਕਰ ਸੁਖਬੀਰ ਆਪਣੇ ਪਿਤਾ ਸ੍ਰ.ਪ੍ਰਕਾਸ਼ ਸਿੰਘ ਬਾਦਲ ਵਾਂਗ ਸੁਭਾਅ ਬਣਾ ਲਵੇ ਤਾਂ ਉਨ੍ਹਾ ਦੀਆਂ ਰਾਜਨੀਤੀ ‘ਚ ਉਪਲੱਬਧੀਆਂ ਦੀਆਂ ਸੰਭਾਵਨਾਵਾਂ ਹੋਰ ਵੱਧ ਸਕਦੀਆਂ ਹਨ।

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...