Monday, August 25, 2014

ਰੇਲਵੇ ਕਲੋਨੀ ਨਜ਼ਦੀਕ ਬਣੀ ਹੋਈ ਰੇਲਵੇ ਡਿੱਗੀ ਆਸ ਪਾਸ ਦੇ ਲੋਕਾਂ ਲਈ ਬਣੀ ਮੁਸੀਬਤ

            ਨਾ ਹੀ  ਮੁੱਖ ਸੰਸਦੀ ਸਕੱਤਰ ਅਤੇ ਨਾ ਹੀ ਰੇਲਵੇ ਅਧਿਕਾਰੀਆਂ ਨੇ ਲਈ ਕੋਈ ਸਾਰ   
    ਰੇਲਵੇ ਕਲੋਨੀ ਨਜ਼ਦੀਕ ਬਣੀ ਰੇਲਵੇ ਦੀ ਡਿੱਗੀ ਨੰਬਰ.3 ਆਸ ਪਾਸ ਰਹਿਣ ਵਾਲੇ ਸੁਰਖਪੀਰ ਰੋਡ ਦੇ ਲੋਕਾਂ ਲਈ ਕਈ ਸਾਲਾਂ ਤੋਂ ਮੁਸੀਬਤ ਬਣੀ ਹੋਈ ਹੈ। ਇਸ ਰੇਲਵੇ ਦੀ ਡਿੱਗੀ ਵਿੱਚ ਜਿੱਥੇ ਸੀਵਰੇਜ ਦੇ ਪਾਏ ਜਾ ਰਹੇ ਪਾਣੀ ਅਤੇ ਬਰਸਾਤਾਂ ਦਾ ਪਾਣੀ ਖੜ•ੇ ਹੋਣ ਕਾਰਣ ਮਾਰਦੀ ਬਦਬੂ ਨਾਲ ਲੋਕ ਨਰਕ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ, ਉਥੇ ਹੀ ਉਘੀਆਂ ਵੱਡੀਆਂ ਵੱਡੀਆਂ ਝਾੜੀਆਂ ਵਿੱਚੋਂ ਕੁੱਝ ਜਾਨਵਰਾਂ ਦੇ ਨਿਕਲਣ ਦਾ ਖਦਸਾ ਹਮੇਸ਼ਾ ਬਣਿਆ ਰਹਿੰਦਾ ਹੈ। ਰੇਲਵੇ ਅਧਿਕਾਰੀਆਂ, ਮੁੱਖ ਸੰਸਦੀ ਸਕੱਤਰ ਦੇ ਇਲਾਵਾ ਸਾਬਕਾ ਕੌਂਸਲਰ ਅੱਗੇ ਉਪਰੋਕਤ ਲੋਕਾਂ ਦੁਆਰਾ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਲਗਾਈ ਗਈ ਗੁਹਾਰ ਬਾਅਦ ਵੀ ਲਾਰਿਆਂ ਤੋਂ ਸਿਵਾਏ ਲੋਕਾਂ ਦੇ ਹੱਥ ਕੁੱਝ ਨਹੀਂ ਲੱਗਿਆ ਅਤੇ ਇਸੇ ਕਾਰਣ ਹਾਲੇ ਵੀ ਉਪਰੋਕਤ ਲੋਕਾਂ ਨੂੰ ਇਸ ਸਮੱਸਿਆ ਦਾ ਸੰਤਾਪ ਝੱਲਣਾ ਪੈ ਰਿਹਾ ਹੈ। ਆਮ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਨਾ ਮਿਲਣ ਦੇ ਕਾਰਣ ਇਹ ਰੇਲਵੇ ਅਧਿਕਾਰੀਆਂ ਅਤੇ ਲੋਕਲ ਨੇਤਾਵਾਂ ਨੂੰ ਕੋਸਦੇ ਨਜ਼ਰ ਆਉਂਦੇ ਹਨ। 
  

      ਰੇਲਵੇ ਡਿੱਗੀ ਦੀ ਸਮੱਸਿਆ ਦੇ ਮਾਮਲੇ ਵਿੱਚ ਸੁਰਖਪੀਰ ਰੋਡ 'ਤੇ ਸਥਿੱਤ ਚਰਚ ਵਾਲੀ ਗਲੀ ਦੀ ਰਹਿਣ ਵਾਲੀ ਰੇਨੂੰ ਬਾਲਾ, ਨੀਲਮ ਰਾਣੀ, ਨੀਤੂ ਬਾਂਸਲ, ਸੀਮਾ ਰਾਣੀ ਅਤੇ ਹਰਪਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਪਰੋਕਤ ਰੇਲਵੇ ਡਿੱਗੀ ਨੇ ਉਹਨਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ ਕਿਉਂਕਿ ਘਰਾਂ ਦੇ ਬੱਚਿਆਂ ਨੂੰ ਹਟਾਉਣ ਤੇ ਵੀ ਉਹ ਸੜਕ 'ਤੇ ਖੇਡਣੋਂ ਨਹੀਂ ਹੱਟਦੇ। ਡਿੱਗੀ ਦੇ ਚਾਰ ਚੁਫੇਰੇ ਕੋਈ ਦੀਵਾਰ ਨਾ ਹੋਣ ਕਾਰਣ ਹਮੇਸ਼ਾ ਬੱਚਿਆਂ ਦੇ ਅਚਾਨਕ ਡਿੱਗ ਜਾਣ ਜਾਂ ਖੇਡਦੇ ਸਮੇਂ ਡਿੱਗੀ ਵੱਲ ਗਈ ਗੇਂਦ ਨੂੰ ਚੁੱਕਣ ਲਈ  ਜਾਣ ਵਾਲੇ ਬੱਚਿਆਂ ਦੇ ਡਿੱਗਣ ਦਾ ਖਦਸਾ ਹਮੇਸ਼ਾ ਬਣਿਆ ਰਹਿੰਦਾ ਹੈ। ਆਏ ਦਿਨ ਬਿੱਛੂ, ਸੱਪ ਵਰਗੇ ਜ਼ਹਿਰੀਲੇ ਜਾਨਵਰ ਘਰਾਂ ਵਿੱਚ ਆਉਣ ਕਾਰਣ ਜਾਨ ਮੁੱਠੀ ਵਿੱਚ ਆ ਜਾਂਦੀ ਹੈ ਅਤੇ ਛੱਤਾਂ 'ਤੇ ਪਏ ਹੋਏ ਲੋਕਾਂ ਨੂੰ ਮੱਛਰ ਸੋਣ ਨਹੀਂ ਦਿੰਦਾ। ਇਸ ਦੇ ਇਲਾਵਾ ਲੋਕ ਕੂੜਾ ਕਰਕਟ ਸੁੱਟ ਜਾਂਦੇ ਹਨ। 

   ਉਹਨਾਂ ਕਿਹਾ ਕਿ ਇਸ ਡਿੱਗੀ ਨੰਬਰ.3 ਦੇ ਨਾਲ ਹੀ ਪਹਿਲਾਂ ਦੋ ਹੋਰ ਡਿੱਗੀਆਂ ਪਾਣੀ ਵਾਲੀਆਂ ਬਣੀਆਂ ਹੋਈਆਂ ਹਨ, ਜਿਸ ਦਾ ਪਾਣੀ ਗੱਡੀਆਂ ਨੂੰ ਧੋਣ ਜਾਂ ਹੋਰ ਰੇਲਵੇ ਵਿਭਾਗ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਉਹਨਾਂ ਡਿੱਗੀਆਂ ਵਿੱਚੋਂ ਇੱਕ ਵਿੱਚ ਇੱਕ ਪੁਲੀਸ ਮੁਲਾਜ਼ਮ ਦੇ ਇਲਾਵਾ ਅੱਧੀ ਦਰਜਨ ਤੋਂ ਉਪਰ ਬੱਚੇ ਡਿੱਗ ਕੇ ਹਾਲੇ ਤੱਕ ਮਰ ਚੁੱਕੇ ਹਨ ਅਤੇ ਅਜਿਹੀਆਂ ਘਟਨਾਵਾਂ ਕਾਫੀ ਵਾਪਰਨ ਦੇ ਕਾਰਣ ਉਸ ਦੇ ਆਲੇ ਦੁਆਲੇ ਹੁਣ ਕੰਧਾਂ ਕੱਢ ਦਿੱਤੀਆਂ ਗਈਆਂ ਹਨ। ਉਹਨਾਂ ਡਿੱਗੀਆਂ ਦੁਆਲੇ ਤਾਂ ਕੰਧਾਂ ਕੱਢ ਦਿੱਤੀਆਂ ਗਈਆਂ ਪਰ ਇਹ ਡਿੱਗੀ ਨੰਬਰ.3 ਨੂੰ ਇਸੇ ਤਰ•ਾਂ ਛੱਡ ਦਿੱਤਾ ਗਿਆ।

    ਔਰਤਾਂ ਨੇ ਇਹ ਵੀ ਦੱਸਿਆ ਕਿ ਵਿਧਾਨ ਸਭਾ ਚੋਣਾਂ ਅਤੇ ਇਸ ਦੇ ਬਾਅਦ ਵੀ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਸ੍ਰੋਮਣੀ ਅਕਾਲੀ ਦਲ ਦੇ ਇਸ ਇਲਾਕੇ ਵਿੱਚ ਕੁੱਝ ਆਗੂ ਅਤੇ ਸਾਬਕਾ ਕੌਂਸਲਰ ਬੰਤ ਸਿੰਘ ਨੂੰ ਵੀ ਇਹ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਉਹਨਾਂ ਨੂੰ ਲਾਰਿਆਂ ਦੇ ਸਿਵਾਏ ਹਾਲੇ ਤੱਕ ਕੁੱਝ ਨਹੀਂ ਮਿਲਿਆ ਹੈ। 

  ਬਠਿੰਡਾ ਪੱਛਮੀ ਵੈਲਫੇਅਰ ਆਰਗੇਨਾਈਜੇਸ਼ਨ ਦੇ ਆਗੂ ਐਨ.ਕੇ.ਸ਼ਰਮਾ ਅਤੇ ਦੇਸਰਾਜ ਛੱਤਰੀਵਾਲਾ ਦਾ ਆਖਣਾ ਹੈ ਕਿ ਉਹ ਇਸ ਮਾਮਲੇ ਵਿੱਚ ਰੇਲਵੇ ਅਧਿਕਾਰੀ ਏ.ਈ.ਐਨ ਐਨ.ਪੀ.ਸਿੰਘ,ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੇ ਇਲਾਵਾ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨੂੰ ਵੀ ਮਿਲ ਚੁੱਕੇ ਹਨ ਪਰ ਹਾਲੇ ਤੱਕ ਕੋਈ ਸਾਰ ਨਹੀਂ ਲਈ ਗਈ। ਉਹਨਾਂ ਕਿਹਾ ਕਿ ਜਦ ਉਹਨਾਂ ਦੀਆਂ ਸਮੱਸਿਆ ਹੀ ਹੱਲ ਨਹੀਂ ਹੋਣੀਆਂ ਤਾਂ ਉਹਨਾਂ ਨੂੰ ਜਿਤਾਏ ਹੋਏ ਨੁਮਾਇੰਦਿਆਂ ਦਾ ਕੀ ਫਾਇਦਾ। ਚੋਣਾਂ ਦੇ ਬਾਅਦ ਨੇਤਾ ਸਾਹਮਣੇ ਹੀ ਨਹੀਂ ਆਉਂਦੇ। ਕੁੱਝ ਨੇਤਾ ਕੇਂਦਰ ਵਿੱਚ ਮੋਦੀ ਸਰਕਾਰ ਆਉਣ 'ਤੇ ਇਸ ਸਮੱਸਿਆ ਦਾ ਹੱਲ ਕਰਨ ਦੇ ਦਾਅਵੇ ਕਰਦੇ ਸਨ ਪਰ ਸਰਕਾਰ ਆਉਣ ਬਾਅਦ ਉਪਰੋਕਤ ਨੇਤਾ ਵੀ ਦਿਖਾਈ ਨਹੀਂ ਦਿੱਤੇ। 


  ਇਸ ਮਾਮਲੇ ਵਿੱਚ ਸਾਬਕਾ ਕੌਂਸਲਰ ਬੰਤ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਹਨਾਂ ਨੂੰ ਇਸ ਮਾਮਲੇ ਵਿੱਚ ਕੋਈ ਵੀ ਵਿਅਕਤੀ ਨਹੀਂ ਮਿਲੇ ਪਰ ਉਹ ਆਪਣੇ ਤੌਰ 'ਤੇ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦੁਆਰਾ ਇਹ ਮਸਲਾ ਹੱਲ ਕਰਵਾਉਣ ਲਈ ਮਿਲ ਚੁੱਕੇ ਹਨ। ਹੁਣ ਕੇਂਦਰ ਵਿੱਚ ਸਰਕਾਰ ਮੋਦੀ ਜੀ ਦੀ ਆ ਗਈ ਹੈ ਅਤੇ ਹੁਣ ਜਲਦ ਹੀ ਇਸ ਨੂੰ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਵਾਵਾਂਗੇ।  

   ਇਸ ਮਾਮਲੇ ਵਿੱਚ ਰੇਲਵੇ ਅਧਿਕਾਰੀ ਏਈਐਨ ਅਨਿਲ ਕੁਮਾਰ ਨੇ ਸੰਪਰਕ ਕਰਨ 'ਤੇ ਦੱਸਿਆ ਸੀ ਕਿ ਉਹਨਾਂ ਦੇ ਉਪਰੋਕਤ ਅਹੁਦੇ ਤੇ ਆਉਣ ਬਾਅਦ ਇਸ ਸਮੱਸਿਆ ਦੇ ਮਾਮਲੇ ਵਿੱਚ ਕੋਈ ਗੱਲਬਾਤ ਉਹਨਾਂ ਸਾਹਮਣੇ ਨਹੀਂ ਆਈ ਸੀ ਪਰ ਹੁਣ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ। ਪੜਤਾਲ ਕਰਵਾਉਣ ਬਾਅਦ ਇਸ ਦੀ ਪ੍ਰਪੋਜਲ ਭੇਜ ਕੇ ਜਿਹੜੇ ਹੋਰ ਰੇਲਵੇ ਵਿਭਾਗ ਦੇ ਕੰਮ ਕੀਤੇ ਜਾ ਰਹੇ ਹਨ ਇਸੇ ਤਰ•ਾਂ ਇਸ ਲੋਕਾਂ ਦੀ ਮੰਗ ਨੂੰ ਸੁਣਦਿਆਂ ਹੋਇਆ ਮਸਲਾ ਹੱਲ ਕਰ ਦਿੱਤਾ ਜਾਵੇਗਾ।  ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਦਾ ਆਖਣਾ ਹੈ ਕਿ ਲੋਕਾਂ ਦੀ ਇਹ ਪੁਰਾਣੀ ਅਤੇ ਜਾਇਜ਼ ਮੰਗ ਹੈ। ਇਸ ਮਾਮਲੇ ਸਬੰਧੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ  ਨੂੰ ਮਿਲ ਚੁੱਕੇ ਹਨ ਅਤੇ ਇਸ ਦੇ ਇਲਾਵਾ ਰੇਲਵੇ ਮੰਤਰਾਲੇ ਨੂੰ ਇੱਕ ਪੱਤਰ ਲਿਖ ਚੁੱਕੇ ਹਨ। ਉਹ ਇਸ ਜਾਇਜ਼ ਮੰਗ ਨੂੰ ਜਲਦ ਪੂਰਾ ਕਰਵਾਉਣ ਦੀ ਕੋਸ਼ਿਸ ਕਰ ਰਹੇ ਹਨ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...