Saturday, September 6, 2014

ਬਠਿੰਡਾ ਵਿੱਚ ਬਰਸਾਤ ਨਾਲ ਹੋਇਆ ਚਾਰੇ ਪਾਸੇ ਜਲ ਥਲ

   
                   ਵੀਆਈਪੀ ਇਲਾਕਾ ਵੀ ਡੁੱਬਿਆ ਪਾਣੀ ਵਿੱਚ  
   
     ਬਠਿੰਡਾ ਵਿੱਚ ਰੁੱਕ ਰੁੱਕ ਕੇ ਹੋ ਰਹੀ ਬਰਸਾਤ ਨਾਲ ਜਿੱਥੇ ਸਾਰਾ ਸ਼ਹਿਰ ਹੀ ਜਲਥਲ ਹੋ ਗਿਆ ਹੈ, ਉਥੇ ਹੀ ਇਸ ਬਰਸਾਤ ਦੀ ਮਾਰ ਵਿੱਚ ਵੀਆਈਪੀ ਇਲਾਕਾ ਵੀ ਆ ਗਿਆ ਹੈ। ਆਈਜੀ, ਐਸਐਸਪੀ, ਡੀਸੀ, ਸੀਨੀਅਰ ਡਿਪਟੀ ਮੇਅਰ ਦੀ ਰਿਹਾਇਸ਼ ਨਜ਼ਦੀਕ ਕਈ ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਇਸ ਦੇ ਬਿਨ੍ਹਾਂ ਸ਼ਹਿਰ ਵਿੱਚ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਆਪਣੇ ਰੋਜ਼ਮਰ੍ਹਾਂ ਦੇ ਕੰਮਾਂ ਲਈ ਲੋਕਾਂ ਨੂੰ ਜਾਣਾ ਔਖਾ ਹੋ ਗਿਆ ਹੈ।  
                                                       ਲਗਾਤਾਰ ਪੈ ਰਹੇ ਮੀਂਹ ਦੇ ਕਾਰਣ ਸ਼ਹਿਰ ਵਿੱਚ ਹੜ੍ਹਾਂ ਵਰਗੀ ਸਥਿੱਤੀ ਪੈਦਾ ਹੋ ਗਈ ਹੈ, ਜਦੋਂਕਿ ਦੂਜੇ ਪਾਸੇ ਨਗਰ ਨਿਗਮ ਦੁਆਰਾ ਕੀਤੇ ਗਏ ਪ੍ਰਬੰਧਾਂ ਦੇ ਦਾਅਵਿਆਂ ਦੀ ਇਸ ਮੀਂਹ ਨੇ ਪੋਲ੍ਹ ਖੋਲ੍ਹ ਦਿੱਤੀ ਹੈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਜਿੱਥੇ ਕਈ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ, ਉਥੇ ਹੀ ਸੀਵਰੇਜ ਦੇ ਚੱਲ ਰਹੇ ਕੰਮਾਂ ਅਤੇ ਸੀਵਰੇਜ ਪੈਣ ਦੇ ਬਾਅਦ ਨਾ ਬਨਣ ਵਾਲੀਆਂ ਸੜਕਾਂ ਦੇ ਆਸ ਪਾਸ ਦੇ ਲੋਕਾਂ ਨੂੰ ਆਪਣੇ ਕੰਮ ਧੰਦਿਆਂ ਲਈ ਜਾਣ ਵੇਲੇ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।                                                                                                                   ਇਹ ਦਿੱਕਤਾਂ ਤੋਂ ਡਰਦੇ ਹੋਏ ਕਈ ਲੋਕ ਤਾਂ ਆਪਣੇ ਕੰਮਾਂ ਨੂੰ ਅਗਲੇ ਦਿਨਾਂ 'ਤੇ ਪਾਉਣ ਲਈ ਮਜ਼ਬੂਰ ਹੋ ਗਏ ਹਨ। ਇਸ ਦੇ ਇਲਾਵਾ ਖੁਲ੍ਹੇ ਆਸਮਾਨ ਹੇਠਾਂ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਦੀਆਂ ਝੁੱਗੀਆਂ ਅੱਗੇ ਖੜ੍ਹੇ ਪਾਣੀ ਕਾਰਣ ਹੋਰ ਵੀ ਜ਼ਿਆਦਾ ਉਹਨਾਂ ਲਈ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਪਿਛਲੇ 48 ਘੰਟਿਆਂ ਦੌਰਾਨ ਸ਼ਹਿਰ ਵਿੱਚ 112 ਮਿਲੀਮੀਟਰ ਬਰਸਾਤ ਹੋ ਚੁੱਕੀ ਹੈ ਅਤੇ ਲਗਾਤਾਰ ਹੋਰ ਬਰਸਾਤ 8 ਸਤੰਬਰ ਤੱਕ ਹੋਣ ਦੀ ਸੰਭਾਵਨਾ ਹੈ। 7 ਅਤੇ 8 ਅਗਸਤ ਨੂੰ ਪੈ ਰਹੇ ਮੀਂਹ ਦੀ ਰਫਤਾਰ ਕੁੱਝ ਘੱਟਣ ਦੇ ਅਸਾਰ ਜਰੂਰ ਹਨ। 
  
   ਇਸ ਦੇ ਨਾਲ ਹੀ ਜਿੱਥੇ ਪਿਛਲੇ ਹਫਤੇ ਤੱਕ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਚੱਲ ਰਿਹਾ ਸੀ, ਉਥੇ ਹੀ ਹੁਣ ਘੱਟ ਕੇ ਵੱਧ ਤੋਂ ਵੱਧ ਤਾਪਮਾਨ 27.4 ਅਤੇ ਘੱਟ ਤੋਂ ਘੱਟ ਤਾਪਮਾਨ 24.6 ਰਹਿ ਗਿਆ ਹੈ। ਇਸ ਬਰਸਾਤ ਦੇ ਨਾਲ ਹੀ ਤਾਪਮਾਨ ਹੇਠਾਂ ਚਲਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਰੁੱਕ ਰੁੱਕ ਕੇ ਬਰਸਾਤ ਹੋ ਰਹੀ ਹੈ ਅਤੇ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਰਿਹਾ ਹੈ।
    ਐਸਐਸਪੀ, ਡੀਸੀ ਦੀ ਰਿਹਾਇਸ਼ ਨਜ਼ਦੀਕ, ਮਹਿਲਾ ਥਾਣਾ ਦੇ ਅੱਗੇ, ਮਾਲ ਰੋਡ, ਟੀਚਰਜ਼ ਹੋਮ ਰੋਡ, ਪਾਵਰ ਹਾਊਸ ਰੋਡ, ਸਰਾਭਾ ਨਗਰ, ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਦੇ ਘਰ ਨਜ਼ਦੀਕ ਦੇ ਇਲਾਵਾ ਪਰਸ ਰਾਮ ਨਗਰ ਪ੍ਰਤਾਪ ਨਗਰ ਵਿੱਚ ਕਈ ਕਈ ਫੁੱਟ ਪਾਣੀ ਖੜ੍ਹ ਗਿਆ, ਜਦੋਂਕਿ ਸੰਗੂਆਣਾ ਬਸਤੀ, ਨਰੂਆਣਾ ਬਸਤੀ, ਲਾਲ ਸਿੰਘ ਬਸਤੀ ਆਦਿ ਵਿੱਚ ਸੀਵਰੇਜ ਦੇ ਚੱਲ ਰਹੇ ਕੰਮਾਂ ਕਾਰਣ ਸੜਕਾਂ ਨਾ ਬਣੇ ਹੋਣ ਕਾਰਣ ਅਤੇ ਖੱਡਿਆਂ ਵਿੱਚ ਜਮ੍ਹਾਂ ਹੋਏ ਪਾਣੀ ਕਾਰਣ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਪਾਣੀ ਨਾਲ ਆ ਰਹੀਆਂ ਦਿੱਕਤਾਂ ਲਈ ਨਗਰ ਨਿਗਮ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ। 

     ਇੱਕ ਪਾਸੇ ਆਮ ਲੋਕ ਕਈ ਕਈ ਫੁੱਟ ਖੜ੍ਹੇ ਪਾਣੀ ਦੀਆਂ ਦਿੱਕਤਾਂ ਨਾਲ ਦੋ ਚਾਰ ਹੁੰਦੇ ਰਹੇ, ਉਥੇ ਹੀ ਮਹਿਲਾ ਥਾਣਾ ਵਿੱਚ ਪਤੀ, ਪਤਨੀ ਦੇ ਚੱਲ ਰਹੇ ਝਗੜਿਆਂ ਦੇ ਮਾਮਲਿਆਂ ਦਾ ਪਿਆ ਸਮਾਨ ਵੀ ਥਾਣੇ ਵਿੱਚ ਖੁਲ੍ਹੇ ਆਸਮਾਨ ਹੇਠਾਂ ਮੀਂਹ ਵਿੱਚ ਗਿਲਾ ਹੁੰਦਾ ਰਿਹਾ। ਮਹਿਲਾ ਥਾਣਾ ਦੇ ਸਾਹਮਣੇ ਜਮ੍ਹਾਂ ਹੋਏ ਪਾਣੀ ਕਾਰਣ ਅੱਜ ਥਾਣੇ ਵਿੱਚ ਆਮ ਲੋਕਾਂ ਨੂੰ ਪੁੱਜਣਾ ਵੀ ਮੁਸ਼ਕਿਲ ਹੋ ਗਿਆ।
 ਦੂਜੇ ਪਾਸੇ ਸਕੂਲਾਂ ਵਿੱਚ ਮਨਾਏ ਜਾ ਰਹੇ ਅਧਿਆਪਕ ਦਿਵਸ ਦੌਰਾਨ ਵੀ ਬੱਚਿਆਂ ਦੀ ਇਸ ਮੀਂਹ ਪੈਣ ਦੇ ਕਾਰਣ ਗਿਣਤੀ ਘੱਟ ਦਿਖੀ ਅਤੇ ਮੀਂਹ ਕਾਰਣ ਕਈ ਬੱਚੇ ਸਕੂਲ ਨਾ ਪੁੱਜੇ। ਜੋ ਬੱਚੇ ਸਕੂਲਾਂ ਵਿੱਚ ਗਏ ਉਹ ਵੀ ਮੀਂਹ ਨਾਲ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਜੱਦੋ ਜਹਿਦ ਕਰਦੇ ਹੋਏ ਸਕੂਲ ਪੁੱਜੇ। 


     ਨਗਰ ਨਿਗਮ ਦੇ ਕਮਿਸ਼ਨਰ ਦਲਵਿੰਦਰ ਜੀਤ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਨਗਰ ਨਿਗਮ ਮੁਲਾਜ਼ਮ ਮੀਂਹ ਦੇ ਸ਼ੁਰੂ ਹੋਣ ਉਪਰੰਤ ਹੀ ਪਾਣੀ ਦੀ ਸ਼ਹਿਰ ਵਿੱਚੋਂ ਨਿਕਾਸੀ ਕਰਨ ਦੇ ਕੰਮਾਂ ਵਿੱਚ ਲੱਗ ਜਾਂਦੇ ਹਨ ਅਤੇ ਲਗਾਤਾਰ ਸ਼ਹਿਰਾਂ ਵਿੱਚ ਪਪਿੰਗ ਰਾਹੀਂ ਨਿਕਾਸੀ ਕਰਨ ਵਿੱਚ ਜੁੱਟੇ ਹੋਏ ਹਨ।                                                                                                                  ਬਰਸਾਤ ਲਗਾਤਾਰ ਹੋਣ ਦੇ ਕਾਰਣ ਅਜਿਹਾ ਹੋ ਰਿਹਾ ਹੈ ਅਤੇ ਜਦ ਹੀ ਇਹ ਬਰਸਾਤ ਰੁੱਕਦੀ ਹੈ ਤਾਂ ਉਸ ਦੇ ਕੁੱਝ ਸਮੇਂ ਤੱਕ ਹੀ ਸਾਰਾ ਪਾਣੀ ਨਿਕਲ ਜਾਵੇਗਾ। ਪਾਣੀ ਦੀ ਨਿਕਾਸੀ ਲਈ ਲਗਾਤਾਰ ਕੋਸ਼ਿਸਾਂ ਚੱਲ ਰਹੀਆਂ ਹਨ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...