Thursday, September 15, 2011

ਗੁਰਬੱਤ ਦੀ ਜ਼ਿੰਦਗੀ ਗੁਜ਼ਾਰ ਰਿਹਾ ਇੱਕ ਪਰਿਵਾਰ

ਗੁਰਬੱਤ ਦੀ ਜ਼ਿੰਦਗੀ ਗੁਜ਼ਾਰ ਰਿਹਾ ਇੱਕ ਪਰਿਵਾਰ

ਬਠਿੰਡਾ ਦੇ ਇੱਕ ਪਰਿਵਾਰ ਨੂੰ ਗੁਰਬਤ ਨਾਲ ਜੰਗ ਲੜਣੀ ਪੈ ਰਹੀ ਹੈ। ਇਸ ਪਰਿਵਾਰ ਦੇ ਤਿੰਨ ਭਰਾ ਮਿਹਨਤ ਦੇ ਬਲਬੂਤੇ 'ਤੇ ਆਪਣੇ ਭਵਿੱਖ ਨੂੰ ਸੰਵਾਰਨ ਲਈ ਜੱਦੋ ਜਹਿਦ ਕਰ ਰਹੇ ਹਨ। ਇਸ ਪਰਿਵਾਰ ਕੋਲ ਆਪਣਾ ਕੋਈ ਘਰ ਨਹੀਂ ਹੈ ਜਿਸ ਕਰਕੇ ਇਹ ਪਰਿਵਾਰ ਸਰਕਾਰ ਵਲੋਂ ਕੰਡਮ ਐਲਾਨੇ ਸਰਕਾਰੀ ਕੁਆਰਟਰ 'ਚ ਰਹਿ ਰਿਹਾ ਹੈ। ਕੰਡਮ ਕੁਆਰਟਰਾਂ 'ਚ ਪਰਿਵਾਰ ਦੀ ਜ਼ਿੰਦਗੀ ਜੋਖਮ ਵਿੱਚ ਪਈ ਰਹਿੰਦੀ ਹੈ। ਪ੍ਰਸ਼ਾਸਨ ਨੇ ਕਈ ਦਫਾ ਇਨ੍ਹਾਂ ਨੂੰ ਇਸ ਕੁਆਰਟਰ ਚੋਂ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰੰਤੂ ਉਨ੍ਹਾਂ ਦੀ ਆਰਥਿਕ ਹਾਲਤ ਦੇਖ ਉਨ੍ਹਾਂ ਨੂੰ ਰਹਿਣ ਦਿੱਤਾ ਗਿਆ ਹੈ। ਵੱਡੀ ਮਾਰ ਪਰਿਵਾਰ 'ਤੇ ਉਸ ਸਮੇਂ ਦੀ ਪਈ ਹੈ ਜਦ ਪਰਿਵਾਰ ਦੇ ਮੁਖੀ ਸੁਖਮੰਦਰ ਸਿੰਘ ਦੀਆਂ ਇੱਕ ਹੱਥ ਦੀਆਂ ਉਂਗਲਾਂ ਹਰਾ ਕੁਤਰਨ ਵਾਲੀ ਮਸ਼ੀਨ ਵਿੱਚ ਆ ਕੇ ਕੱਟੀਆਂ ਗਈਆਂ । ਘਰ ਵਿੱਚ ਚਾਰ ਬੱਚੇ ਸਨ ਅਤੇ ਗੁਜ਼ਾਰੇ ਦਾ ਕੋਈ ਸਾਧਨ ਨਹੀਂ ਸੀ। ਵੱਡਾ ਲੜਕਾ ਵਿਆਹ ਕਰਵਾਕੇ ਅਲੱਗ ਰਹਿਣ ਲੱਗਾ। ਜਦਕਿ ਤਿੰਨ ਹੋਰਾਂ ਵਿੱਚੋਂ ਦੋ ਨੇ ਛੋਟੀ ਉਮਰ ਵਿੱਚ ਹੀ ਪੜ੍ਹਾਈ ਛੱਡ ਕੋਈ ਕੰਮ ਕਰਨਾ ਹੀ ਬਿਹਤਰ ਸਮਝਿਆ। ਜਦੋਂਕਿ ਸਭ ਤੋਂ ਛੋਟਾ ਲੜਕਾ ਹੁਣ 9ਵੀਂ ਜਮਾਤ ਵਿੱਚ ਪੜ੍ਹਦਿਆਂ ਪੜ੍ਹਦਿਆਂ ਆਪਣੇ ਪਰਿਵਾਰ ਦਾ ਹੱਥ ਵਟਾਉਣ ਲਈ ਸਕੂਲ ਵਿੱਚੋਂ ਆਉਣ ਬਾਅਦ ਇੱਕ ਸੁਸਾਇਟੀ ਦਾ ਕੰਮਕਾਜ ਪੰਜਾਬੀ ਅਤੇ ਇੰਗਲਿਸ਼ ਟਾਈਪ ਕਰਕੇ ਕੰਪਿਊਟਰ 'ਤੇ ਕਰਦਾ ਹੈ ਅਤੇ ਹਜ਼ਾਰ ਰੁਪਏ ਕਮਾ ਲੈਂਦਾ ਹੈ। ਪਰਿਵਾਰ ਨੂੰ ਹੁਣ ਚਿੰਤਾ ਹੈ ਕਿ ਦਸਵੀਂ ਤੋਂ ਬਾਅਦ ਕਦੇ ਆਰਥਿਕ ਮੰਦਹਾਲੀ ਦੇ ਕਾਰਣ ਉਨ੍ਹਾਂ ਦੇ ਛੋਟੇ ਲੜਕੇ ਨੂੰ ਵੀ ਪੜ੍ਹਾਈ ਨਾ ਛੱਡਣੀ ਪੈ ਜਾਵੇ। ਘਰ ਦੇ ਮੁਖੀ ਸੁਖਮੰਦਰ ਸਿੰਘ ਦਾ ਕਹਿਣਾ ਹੈ ਕਿ ਉਹ 10 ਕੁ ਸਾਲ ਪਹਿਲਾ ਪਿੰਡ ਜਲਾਲ ਵਿਖੇ ਇੱਕ ਜਿਮੀਂਦਾਰ ਕੋਲ ਸੀਰੀ ਸੀ ਅਤੇ ਅਚਾਨਕ ਇੱਕ ਦਿਨ ਉਸਦਾ ਹੱਥ ਹਰਾ ਕੁਤਰਨ ਵਾਲੀ ਮਸ਼ੀਨ ਵਿੱਚ ਆ ਗਿਆ। ਜਿਸ ਕਾਰਣ ਉਹ ਮੰਜੇ 'ਤੇ ਪੈ ਗਿਆ ਅਤੇ ਘਰ ਵਿੱਚ ਕੰਮ ਕਰਨ ਵਾਲਾ ਕੋਈ ਨਾ ਰਿਹਾ। ਉਸਦਾ ਵੱਡਾ ਮੁੰਡਾ ਵਿਆਹ ਤੋਂ ਬਾਅਦ ਅਲੱਗ ਹੋ ਗਿਆ ਅਤੇ ਦੋ ਲੜਕੇ ਜਗਜੀਤ ਸਿੰਘ ਅਤੇ ਰਵੀ ਪੜ੍ਹਾਈ ਛੱਡ ਕੰਮ ਕਰਨ ਲੱਗ ਗਏ। ਜਿਸ ਨਾਲ ਘਰ ਦਾ ਗੁਜ਼ਾਰਾ ਥੋੜਾ ਬਹੁਤਾ ਚਲਦਾ ਰਿਹਾ। ਉਨ੍ਹਾਂ ਆਖਿਆ ਕਿ ਪਿੰਡ ਜਲਾਲ ਤੋਂ ਆ ਧੋਬੀਆਣਾ ਬਸਤੀ ਵਿੱਚ ਉਹ ਇੱਕ ਝੋਂਪੜੀ ਬਣਾ ਕੇ ਰਹਿਣ ਲੱਗੇ ਪਰੰਤੂ ਪ੍ਰਸ਼ਾਸਨ ਦੁਆਰਾ ਉੱਥੇ ਰਹਿਣ ਬਸੇਰਾ ਢਾਹ ਦਿੱਤਾ ਗਿਆ। ਉਹ ਇੱਕ ਵਾਰ ਫਿਰ ਉੱਜੜ ਗਏ। ਇਸ ਬਾਅਦ ਉਨ੍ਹਾਂ ਸਰਕਾਰ ਵੱਲੋਂ ਕੰਡਮ ਐਲਾਨੇ ਗਏ ਸਰਕਾਰੀ ਕੁਆਰਟਰਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਜਦ ਵੀ ਕਦੀ ਪ੍ਰਸ਼ਾਸਨਕ ਅਧਿਕਾਰੀ ਉਠਾਉਣ ਆਏ ਤਾਂ ਉਨ੍ਹਾਂ ਦੀ ਆਰਥਿਕ ਮੰਦਹਾਲੀ ਕਾਰਣ ਉਨ੍ਹਾਂ ਨੂੰ ਰਹਿਣ ਦਿੱਤਾ ਗਿਆ। ਉਸਨੇ ਆਖਿਆ ਕਿ ਉਹ ਉਂਗਲਾ ਕੱਟੇ ਜਾਣ ਬਾਅਦ ਇੱਕ ਹੱਥ ਨਾਲ ਫੁੱਲਾਂ ਦੀਆਂ ਕਿਆਰੀਆਂ ਵਿੱਚ ਪੌਦੇ ਲਗਾਉਣ ਦਾ ਕੰਮ ਕਰਨ ਲੱਗਾ ਮਗਰ ਕੁੱਝ ਸਮੇਂ ਬਾਅਦ ਨਵਯੁਗ ਸਪੋਰਟਸ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵਿੱਚ ਉਸਨੂੰ ਸੇਵਾਦਾਰ ਦੇ ਤੌਰ 'ਤੇ 25 ਸੌ ਰੁਪਏ 'ਤੇ ਕੰਮ ਮਿਲ ਗਿਆ ਅਤੇ ਉਸਦਾ ਸਭ ਤੋਂ ਛੋਟਾ ਲੜਕਾ ਰਾਜਵਿੰਦਰ, ਜੋ ਦੇਸਰਾਜ ਸਕੂਲ ਵਿੱਚ 9ਵੀਂ ਜਮਾਤ 'ਚ ਪੜ ਰਿਹਾ ਹੈ। ਉਹ ਵੀ ਸਕੂਲ ਪੜ੍ਹ ਕੇ ਆਉਣ ਬਾਅਦ ਉੱਥੇ ਹੀ ਸੁਸਾਇਟੀ ਦਾ ਕੰਮਕਾਜ ਕੰਪਿਊਟਰ 'ਤੇ ਕਰ ਰਿਹਾ ਹੈ ਅਤੇ ਮਹੀਨੇ ਵਿੱਚ ਹਜ਼ਾਰ ਰੁਪਏ ਕਮਾ ਲੈਂਦਾ। ਹੈ। ਉਸਨੇ ਦੱਸਿਆ ਕਿ ਉਹ ਹਰ ਸਾਲ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ। ਜਿਸ ਕਾਰਣ ਉਸਦਾ ਵਜੀਫਾ ਵੀ ਲੱਗ ਗਿਆ ਹੈ। ਵਧੀਆ ਪੜ੍ਹਾਈ ਕਰਨ ਕਾਰਣ ਉਸਦੇ ਅਧਿਆਪਕ ਹੀ ਉਸਨੂੰ ਵਰਦੀ ਵੀ ਸਿਲਵਾ ਕੇ ਦੇ ਦਿੰਦੇ ਹਨ। ਉਸਨੇ ਆਖਿਆ ਕਿ ਉਸ ਨਾਲ ਹਾਦਸਾ ਵਾਪਰਨ ਬਾਅਦ ਉਸਦੇ ਲੜਕੇ 18 ਸਾਲਾ ਜਗਜੀਤ ਨੇ ਘਰ ਦਾ ਗੁਜ਼ਾਰਾ ਚਲਾਉਣ ਖਾਤਰ 7ਵੀਂ ਵਿੱਚ ਪੜ੍ਹਾਈ ਛੱਡ ਦਿੱਤੀ ਸੀ। ਮਗਰ ਉਹ ਜਦ ਕੰਮ ਕਰਨ ਲੱਗਾ ਤਾਂ ਪ੍ਰਾਈਵੇਟ ਪੜ੍ਹਦਾ ਰਿਹਾ। ਹੁਣ ਉਹ ਬਿਗ ਸਿਨੇਮਾ ਵਿੱਚ ਹੋਮ ਡਿਲੀਵਰੀ ਅਤੇ ਸੇਵਾਦਾਰ ਦੀ ਡਿਊਟੀ ਨਿਭਾਅ ਰਿਹਾ ਹੈ ਅਤੇ ਉਸਨੇ ਬਾਰ੍ਹਵੀਂ ਦੀ ਪੜ੍ਹਾਈ ਵੀ ਪ੍ਰਾਈਵੇਟ ਸ਼ੁਰੂ ਕਰ ਦਿੱਤੀ ਹੈ।। ਪਹਿਲਾਂ ਉਹ ਕੰਮ ਕਰਕੇ ਆਉਂਦਾ ਹੈ ਅਤੇ ਫਿਰ ਪੜ੍ਹਾਈ ਕਰਦਾ ਹੈ। ਉਸਨੇ ਆਖਿਆ ਕਿ 16 ਸਾਲਾ ਲੜਕੇ ਰਵੀ ਨੇ ਤਾਂ ਪੜ੍ਹਾਈ ਬਿਲਕੁਲ ਹੀ ਛੱਡ ਦਿੱਤੀ ਹੈ। ਉਹ ਲੱਕੜ ਦਾ ਕੰਮ ਸਿੱਖ ਰਿਹਾ ਹੈ। ਉਸਦੀ ਪਤਨੀ ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਹੁਣ ਇਹੀ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਕਿ 9ਵੀਂ ਜਮਾਤ ਵਿੱਚ ਪੜ੍ਹ ਰਿਹਾ ਰਾਜਵਿੰਦਰ। ਜੋ ਕਿ ਕਾਫੀ ਮਿਹਨਤ ਨਾਲ ਪੜ੍ਹਾਈ ਕਰ ਰਿਹਾ ਹੈ। ਕੰਪਿਊਟਰ 'ਤੇ ਵੀ ਪੰਜਾਬੀ ਅਤੇ ਇੰਗਲਿਸ਼ ਟਾਈਪ ਕਰ ਲੈਂਦਾ ਹੈ। ਹੁਣ ਉਹ ਕੰਮ ਕਰ ਥੋੜਾ ਬਹੁਤ ਗੁਜ਼ਾਰਾ ਕਰ ਲੈਂਦਾ ਹੈ ਮਗਰ ਉਸਦੀ 10ਵੀਂ ਦੀ ਪੜ੍ਹਾਈ ਪੂਰੀ ਹੋਣ ਬਾਅਦ ਖਰਚਾ ਵੱਧ ਜਾਵੇਗਾ ਅਤੇ ਇਨ੍ਹੀ ਆਮਦਨ ਦੀ ਉਨ੍ਹਾਂ ਦੀ ਸਮਰੱਥਾ ਨਹੀਂ ਹੈ। ਉਨ੍ਹਾਂ ਆਖਿਆ ਕਿ ਕਦੇ ਇਸ ਤਰ੍ਹਾਂ ਨਾਂ ਹੋਵੇ ਕਿ ਉਸਦੇ ਦੂਜੇ ਬੱਚਿਆਂ ਵਾਂਗ ਉਸਨੂੰ ਵੀ ਪੜ੍ਹਾਈ ਵਿੱਚੋਂ ਹੀ ਛੱਡਣੀ ਪਵੇ ਅਤੇ ਉਸਦਾ ਭਵਿੱਖ ਰੁਲ ਜਾਵੇ। ਉਧਰ ਜਦ ਉਸਦੀ ਅਧਿਆਪਕਾ ਮਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਇਹ ਬੱਚਾ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਹੈ। ਨਵਯੁਗ ਸਪੋਰਟਸ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਰਸ਼ਨ ਸਿੰਘ ਸਰਾਂ ਦਾ ਕਹਿਣਾ ਹੈ ਕਿ ਸਮਾਜਸੇਵੀ ਸੰਸਥਾਵਾਂ ਨੂੰ ਰਲ ਕੇ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਤਰ੍ਹਾਂ ਦੇ ਮਿਹਨਤੀ ਬੱਚਿਆਂ ਦਾ ਭਵਿੱਖ ਸੰਵਾਰਿਆ ਜਾ ਸਕੇ। ਹਰਕ੍ਰਿਸ਼ਨ ਸ਼ਰਮਾ,ਬਠਿੰਡਾ

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...