Saturday, April 10, 2021

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ

ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ  

ਲੇਖਕ ਨਰਿੰਦਰ ਕੌਰ 

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗੇਟ ਦੇ ਸਾਹਮਣੇ ਬਣੀ ਲੌਬੀ ਵਿੱਚ ਬੈਠੀ ਦਾਦੀ ਮੈਨੂੰ ਵਾਜਾਂ ਮਾਰਦੀ। ਮੈਂ ਅੰਦਰੋਂ ਪਾਣੀ ਲਿਆ ਕੇ ਦੇਣਾ ਤੇ ਕਹਿੰਦੀ ਕੁੜੇ ਤੱਤਾ ਐ ਨਈਂ ਬੇਬੇ ਮੈਂ ਤਾਂ ਫਰਿੱਜ ‘ਚੋਂ ਗਲਾਸ ਭਰ ਕੇ ਲਿਆਈਂ ਆਂ। ਉਹ ਔਕ ਲਾ ਕੇ ਪਾਣੀ ਪੀ ਜਾਂਦੀ ਤੇ ਥੋੜਾ ਪਾਣੀ ਬਚਾ ਕੇ ਬੁੱਕ ਭਰ ਕੇ ਮੂੰਹ ਧੋ ਲੈਂਦੀ। ਗਰਮੀ ਵਿੱਚ ਦੁਪਹਿਰੇ ਉਹ ਬਾਹਰ ਲੌਬੀ ਵਿੱਚ ਬੈਠੀ ਰਹਿੰਦੀ। ਦਾਦੀ 100 ਵਰਿਆਂ ਤੋਂ ਉਪਰ ਹੋ ਗਈ ਸੀ ਪਰ ਉਸਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ।       

ਉਹ ਹਮੇਸ਼ਾ ਸਾਰੇ ਪਰਿਵਾਰ ਨੂੰ ਅਸੀਸਾਂ ਦਿੰਦੀ ਰਹਿੰਦੀ। ਉਸਨੂੰ ਮੇਰੇ ਵਿਆਹ ਹੋਣ ਦਾ ਬੜਾ ਚਾਅ ਸੀ। ਮੇਰੀ ਉਮਰ 25 ਵਰਿਆਂ ਦੀ ਹੋ ਗਈ। ਜਦੋਂ ਐਮ.ਸੀ.ਏ ਪੂਰੀ ਕੀਤੀ ਤਾਂ ਘਰ ਦਿਆਂ ਨੇ ਮੁੰਡਾ ਦੇਖਣਾ ਸ਼ੁਰੂ ਕੀਤਾ। ਦਾਦੀ ੰਚੰਗਾ ਵਰ ਮਿਲਣ ਦੀਆਂ ਹਮੇਸ਼ਾ ਅਸੀਸਾਂ ਦਿੰਦੀ ਰਹਿੰਦੀ। ਕਿਹਾ ਕਰੇ,  ਮੁੰਡਾ ਵੀ ਹਾਣ ਦਾ ਹੋਵੇ, ਜਿਹੜਾ ਮੇਰੀ ਪੋਤੀ ਨਾਲ ਆਉਂਦਾ ਜਾਂਦਾ ਸੋਹਣਾ ਲੱਗੇ। ਜਦੋਂ ਮੇਰਾ ਰਿਸ਼ਤਾ ਹੋਇਆ ਤਾਂ ਉਸਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਉਹ ਉਸੇ ਦਿਨ ਹੀ ਗੀਤ ਗਾਉਣ ਲੱਗ ਪਈ। ਉਸਦਾ ਕਮਰਾ ਲੌਬੀ ਦੇ ਐਨ ਸਾਹਮਣੇ ਸੀ, ਜਦੋਂ ਕਈ ਵਾਰੀ ਬਾਰਸ਼ ਪੈ ਜਾਂਦੀ ਤੇ ਉਹ ਅੰਦਰ ਪੈ ਜਾਂਦੀ ਸੀ। 

ਮੇਰੀ ਮੰਗਣੀ ਜੁਲਾਈ ‘ਚ ਹੋਈ। ਇਸ ਬਾਅਦ ਬਰਸਾਤਾਂ ਪਈਆਂ ਤਾਂ ਉਹ ਅੰਦਰ ਪਈ ਹੁੰਦੀ, ਹੇਕਾਂ ਵਾਲੇ ਗੀਤ ਗਾਉਂਦੀ ਰਹਿੰਦੀ। ਮੈਨੂੰ ਸੱਸਾਂ ਵਾਲੇ ਗੀਤ ਸੁਨਾਉਣ ਲੱਗ ਪੈਂਦੀ । ਜੇ ਕਈ ਵਾਰ ਮੈਂ ਇਹਨਾਂ ਦਾ (ਮੇਰੇ ਪਤੀ) ਦਾ ਨਾਮ ਲੈਂਦੀ ਤਾਂ ਲੜਦੀ, ਕਹਿੰਦੀ  ਆਪਣੇ ਪਾਹੁਣੇ ਦਾ ਨਾਮ ਨਾ ਲਿਆ ਕਰ, ਮਾੜਾ ਹੁੰਦਾ। ਨਾ ਤੂੰ ਉਸੇ ਨਾਲ ਬਾਹਲੀ ਫੋਨ ‘ਤੇ ਗੱਲ ਕਰਿਆ ਕਰ। ਮੈਂ ਹੱਸ ਕੇ ਟਾਲ ਦਿੰਦੀ, ਬੇਬੇ ਠੀਕ ਐ ਕਹਿ ਛੱਡਦੀ। ਨਹੀਂ ਕਰਦੀ ਹੁਣ। ਉਹ ਹਮੇਸ਼ਾ ਮੈਨੂੰ ਨਸੀਹਤਾਂ ਦਿੰਦੀ, ਇਹ ਨਾ ਕਰਿਆ ਕਰ, ਉਹ ਨਾ ਕਰਿਆ। ਅਖਿਰ 23 ਨਵੰਬਰ 2009 ਨੂੰ ਮੇਰਾ ਵਿਆਹ ਹੋ ਗਿਆ ਤੇ ਵਿਆਹ ਮੇਰੇ ’ਤੇਂ ਬੇਬੇ ਨੇ ਰੱਜ ਕੇ ਗੀਤ ਗਾਏ। ਜਾਗੋ ਕੱਢਣ ਵੇਲੇ ਆਪ ਜਾਗੋ ਫੜ ਕੇ ਮੇਰੀ ਮਾਮੀ ਨੂੰ ਫੜਾਈ। 24 ਨਵੰਬਰ ਨੂੰ ਜਦੋਂ ਮੈਂ ਫੇਰੇ ਦੀ ਰਸਮ ਲਈ ਆਈ ਤਾਂ ਉਸਤੋਂ ਚਾਅ ਨਾ ਚੁੱਕਿਆ ਜਾਵੇ। ਮੇਰੇ ਪਤੀ ਨੂੰ ਆਪਣੇ ਕੋਲ ਬੁਲਾ ਕੇ ਮੰਜੀ ‘ਤੇ ਬਿਠਾ ਲਿਆ ਤੇ ਮੇਰੀ ਚਾਚੀ ਨੂੰ ਕਹਿੰਦੀ ਕੁੜੇ ਨੀਰੂ ਦਾ ਪ੍ਰਾਹੁਣਾ ਕਿਹੋ ਜਿਹਾ ਲੱਗਦਾ, ਚਾਚੀ ਕਹਿੰਦੀ, ਬੇਬੇ ਇਹ ਤਾਂ ਆਪਣਾ ਸੋਨੇ ਦਾ ਰੁਪਈਆ, ਬਥੇਰਾ ਸੋਹਣਾ। ਬੇਬੇ ਦਾ ਮੂੰਹ ਖੁਸ਼ੀ ਨਾਲ ਲਾਲ ਹੋ ਗਿਆ ਤੇ ਸ਼ਾਇਦ ਉਹ ਆਖਰੀ ਸਮਾਂ ਸੀ ਜਦੋਂ ਉਹ ਖੁਲ ਕੇ ਹੱਸੀ, ‘ਤੇ ਦੋ ਦਿਨਾਂ ਨੂੰ ਉਸਨੂੰ ਦਸਤ ਲੱਗ ਗਏ ਤੇ ਉਹ ਮੰਜੇ ਨਾਲ ਜੁੜ ਗਈ। 

ਪੂਰੇ ਦੋ ਮਹੀਨੇ ਉਹ ਮੰਜੇ ‘ਤੇ ਪਈ ਰਹੀ। ਮੇਰੀ ਮੰਮੀ ਤੇ ਪਾਪਾ ਉਸਦੀ ਦਿਨ ਰਾਤ ਦੇਖਭਾਲ ਕਰਦੇ। ਮੇਰੀ ਦਾਦੀ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਬੱਸ ਉਪਰ ਦੇਖਦੀ ਰਹਿੰਦੀ ਤੇ ਕਹਿੰਦੀ ਮੇਰੇ ਮੂੰਹ ਵਿੱਚ ਕੁੱਛ ਪਾ ਦੇ। ਮੈਂ ਤੇ ਮੇਰਾ ਪਤੀ ਉਸਦਾ ਪਤਾ ਲੈਣ ਗਏ ਤਾਂ ਕਹਿੰਦੀ ਤੁਸੀਂ ਰੋਜ਼ ਰੋਜ਼ ਨਾ ਆਇਆ ਕਰੋ। ਮੈਂ ਤੁਹਾਨੂੰ ਫੋਨ ਕਰੂ, ਫਿਰ ਆਇਉ। ਬੱਸ ਫਿਰ 14 ਜਨਵਰੀ ਦੀ ਰਾਤ ਨੂੰ ਫੋਨ ਆਇਆ ਕਿ ਬੇਬੇ ਪੂਰੀ ਹੋ ਗਈ। ਜਦੋਂ ਮੈਂ ਬੇਬੇ ਦੇ ਅੰਤਿਮ ਸੰਸਕਾਰ ‘ਤੇ ਗਈ ਤਾਂ ਬੇਬੇ ਚੁੱਪਚਾਪ . . . ਅੱਖਾਂ ਬੰਦ, ਵਿਹੜੇ ਵਿੱਚ ਪਾਈ ਪਈ ਸੀ। ਬੁੜੀਆਂ ਰੋਣ, ਵੈਣ ਪਾਉਣ ਲੱਗੀਆਂ ਹੋਈਆਂ ਸਨ ਪਰ ਮੇਰੇ ਕੰਨਾਂ ਵਿੱਚ ਬੇਬੇ ਦੇ ਗੀਤਾਂ ਦੀਆਂ ਅਵਾਜਾਂ ਪੈ ਰਹੀਆਂ ਸਨ ’ਹਰੀਏ ਨੀ ਰਸ ਭਰੀਏ,ਖਜੂਰੇ’। ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿੰਦੇ ਜਾ ਰਹੇ ਸਨ ਅਤੇ ਅੱਜ ਵੀ ਜਦੋਂ ਮੈਂ ਪੇਕੇ ਘਰ ਜਾਂਦੀ ਹਾਂ ਤੇ ਕਮਰੇ ਵਿੱਚ ਦਾਖਲ ਹੁੰਦੀ ਆਂ ਤਾਂ ਉਸ ਦੀ ਅਵਾਜ਼ ‘ਕੁੜੇ ਨੀਰੂ,‘‘ ਪਾਣੀ ਦਾ ਗਿਲਾਸ ਲੈ ਕੇ ਆਈ, ਹੋਕਾ ਜਾ ਮੇਰੇ ਕਾਲਜੇ ‘ਚੋਂ ਜਿਵੇਂ ਕੋਈ ਹੂਕ ਨਿਕਲਦੀ ਐ। ਦਾਦੀ ਨੂੰ ਪੂਰੀ ਹੋਇਆਂ ਭਲਾਂ 11 ਸਾਲ ਹੋ ਚੱਲੇ ਨੇ ਪਰ ਅੱਜ ਵੀ ਕਦੇ ਸੁਪਨੇ ਤੇ ਕਦੇ ਕਿਵੇਂ ਦਾਦੀ ਦੀ ਅਵਾਜ਼ ‘ਕੁੜੇ ਨੀਰੂ‘ ਪਾਣੀ ਦਾ ਗਿਲਸ ਲਿਆਈਂ ਠੰਡਾ ਜਾ‘‘ ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੀ ਐ। ਨਾਲੇ ਪਤਾ ਐ ਪਿਆਰੀ ਦਾਦੀ ਹੁਣ ਪੂਰੀ ਹੋ ਚੁੱਕੀ ਹੈ। 

ਨਰਿੰਦਰ ਸ਼ਰਮਾ

ਪਰਸ ਰਾਮ ਨਗਰ ਬਠਿੰਡਾ 

Friday, August 7, 2020

Tharmal story

ਸਿਆਸੀ ਚਾਲਾਂ ਨਾਲ ਬਠਿੰਡਾ ਦੀ ਮਾਣਮੱਤੀ ਧਰੋਹਰ ਖ਼ਤਮ ਕਰਨ ਦੀ ਹੋ ਗਈ ਤਿਆਰੀ

ਇਤਿਹਾਸ ਦੀ ਬੁੱਕਲ 'ਚ ਰਹਿ ਜਾਵੇਗਾ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ

ਥਰਮਲ ਬਣਾਉਣ 1969 'ਚ ਅਕਵਾਇਰ ਕੀਤੀਆਂ ਜ਼ਮੀਨਾਂ ਦੀ ਕਿਸਾਨ ਪਰਿਵਾਰਾਂ ਨੇ ਕੀਤੀ ਵਾਪਸ ਕਰਨ ਦੀ ਮੰਗ
ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਹੀ ਕੀਤਾ ਹੈ ਨਿਰਾਸ਼ - ਫ਼ੈਡਰੇਸ਼ਨ 
ਆਗੂ

ਹਰਕ੍ਰਿਸ਼ਨ ਸ਼ਰਮਾ


       

                                                                                 ਮੋਟੀ ਚਮੜੀ ਦੇ ਕੁੱਝ ਸਿਆਸਤਦਾਨਾਂ ਦੁਆਰਾ ਪੰਜਾਬੀਆਂ ਦੇ ਹਿੱਤਾਂ ਦੇ ਉਲਟ 'ਬਾਬੇ ਨਾਨਕ' ਦੇ ਨਾਮ 'ਤੇ ਬਣਿਆ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ, ਜੋ ਬੰਦ ਹੋ ਚੁੱਕਿਆ ਹੈ, ਦੀ ਜ਼ਮੀਨ ਨੂੰ ਵਪਾਰਕ ਕੰਮਾਂ ਲਈ ਵੇਚਿਆ ਜਾ ਰਿਹਾ ਹੈ। ਇਥੇ ਇਹ ਕਥਨ ਸੱਚ ਹੋ ਰਿਹਾ ਹੈ ਕਿ ਜਦੋਂ ਆਪਣਾ ਕੋਈ ਮਾਰਦਾ ਹੈ ਤਾਂ ਉਹ ਦੁਸ਼ਮਣ 
 ਤੋਂ ਵੀ ਭੈੜੀ ਮੌਤ ਦਿੰਦਾ ਹੈ। ਜਿਹੜੀਆਂ ਚਿਮਨੀਆਂ ਨੂੰ 1971 ਦੀ ਜੰਗ ਸਮੇਂ ਡਿੱਗੇ ਬੰਬ ਵੀ ਨਾ ਢਾਹ ਸਕੇ, ਉਨ੍ਹਾਂ ਨੂੰ ਸਰਕਾਰੀ ਕਲਮ ਦੇ ਇਕ ਦਸਤਖ਼ਤ ਨੇ ਹੀ ਢਹਿ ਢੇਰੀ ਕਰ ਦੇਣ ਦਾ ਫ਼ੈਸਲਾ ਕਰ ਦੇਣਾ ਹੈ।
Add caption

 

 ਕੈਬਨਿਟ ਦੀ ਮੰਨਜ਼ੂਰੀ ਮਗਰੋਂ ਇਸ ਨੂੰ ਖ਼ਤਮ ਕਰਨ ਦਾ ਰਾਹ ਪੱਧਰਾ ਕਰ ਲਿਆ ਜਾਣਾ ਹੈ। ਫ਼ਿਰ ਇਤਿਹਾਸ ਦੀ ਬੁੱਕਲ 'ਚ ਮਾਲਵੇ ਦੇ ਰੇਤਲੇ ਟਿੱਬਿਆਂ ਵਾਲੀ ਧਰਤੀ 'ਤੇ ਭਾਗ ਲਗਾਉਣ ਤੇ ਕਿਰਤੀਆਂ ਨੂੰ ਰੁਜ਼ਗਾਰ ਦੇਣ ਵਾਲੇ ਥਰਮਲ ਪਲਾਂਟ ਦੀ ਧਰੋਹਰ ਨੂੰ ਖ਼ਤਮ ਕਰ ਹੋਰ ਵਪਾਰਕ ਕੰਮਾਂ ਲਈ ਵਰਦਿਆ ਜਾਣਾ ਹੈ। ਹੁਣ ਲੋਕੀਂ ਹਕੂਮਤਾਂ ਨੂੰ ਕੋਸਦੇ ਨਜ਼ਰ ਆ ਰਹੇ ਹਨ।
 ਥਰਮਲ ਦੇ ਸੇਵਾਮੁਕਤ ਮੁਲਾਜ਼ਮ ਚਿਮਨੀਆਂ ਤੇ ਕੂਲਿੰਗ ਟਾਵਰਾਂ ਨੂੰ ਬਣਾਉਣ ਵੇਲੇ ਦੀਆਂ ਦਿਲਚਸਪ ਗੱਲਾਂ ਨੂੰ ਯਾਦ ਕਰਦੇ ਹਨ, ਪਰ ਦੁਨੀਆਂ 'ਤੇ ਨਾਮ ਚਮਕਾਉਣ ਵਾਲੀ ਧਰੋਹਰ ਨੂੰ ਖ਼ਤਮ ਕੀਤੇ ਜਾਣ ਨੂੰ ਲੈ ਕੇ ਉਦਾਸ ਹਨ। ਥਰਮਲ ਬਣਾਉਣ ਲਈ 1969 'ਚ ਕਿਸਾਨਾਂ ਤੋਂ ਜ਼ਮੀਨ ਅਕਵਾਇਰ ਕੀਤੀ ਗਈ ਸੀ। ਪਰ ਹੁਣ ਉਹ ਪਰਿਵਾਰ ਇਹ ਗਿਲਾ ਕਰ ਰਹੇ ਹਨ ਕਿ ਜੇਕਰ  ਸਰਕਾਰਾਂ ਥਰਮਲ ਚਲਾਉਣ 'ਚ ਨਾਕਾਮ ਹੋ ਗਈਆਂ ਹਨ ਤਾਂ ਉਨ੍ਹਾਂ ਦੀ ਜ਼ਮੀਨ ਉਸੇ ਪੁਰਾਣੇ ਰੇਟ 'ਤੇ ਵਾਪਸ ਦਿੱਤੀ ਜਾਵੇ, ਜਦੋਂਕਿ ਮੁਲਾਜ਼ਮ ਇਸ ਨੂੰ ਅਜੇ ਵੀ ਚਲਵਾਉਣ ਦੇ ਹੱਕ 'ਚ ਹਨ।
ਬਾਕਸ
1969 'ਚ ਬਣਿਆ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ
         1969 'ਚ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵੇਲੇ ਮਨਾਏ ਗਏ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੇ ਤੱਤਕਾਲੀ ਮਾਲ ਮੰਤਰੀ ਅਤੇ ਬਠਿੰਡਾ ਤੋਂ ਵਿਧਾਇਕ ਫ਼ਕੀਰ ਚੰਦ ਗੁਪਤਾ ਦੀਆਂ ਕੋਸ਼ਿਸਾਂ ਸਦਕਾ ਥਰਮਲ ਪਲਾਂਟ ਬਠਿੰਡਾ ਨਹਿਰ ਨਾਲ ਪਈ ਬੇਆਬਾਦ ਖ਼ਾਲੀ ਜ਼ਮੀਨ 'ਤੇ ਉਸਾਰਿਆ ਜਾਣਾ ਸ਼ੁਰੂ ਹੋਇਆ ਸੀ, ਜਿਸ ਨੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਚਲਾਈ ਸੀ ਅਤੇ ਪਿੰਡਾਂ, ਕਸਬਿਆਂ, ਸ਼ਹਿਰਾਂ, ਉਦਯੋਗ ਅਤੇ ਖੇਤੀ ਲਈ ਬਿਜਲੀ ਦਿੱਤੀ ਸੀ। ਲੋਕ ਥਰਮਲ ਵਿਚ ਕੰਮ ਕਰਨ 'ਤੇ ਮਾਣ ਮਹਿਸੂਸ ਕਰਦੇ ਸਨ।

ਬਾਕਸ
     ਕੋਠੇ ਕਾਮੇ ਕੇ ਦੇ ਰਹਿਣ ਵਾਲੇ ਲਛਮਣ ਸਿੰਘ ਤੇ ਉਨ੍ਹਾਂ ਦੀ ਪਤਨੀ ਮਹਿੰਦਰ ਕੌਰ ਦਾ ਆਖਣਾ ਸੀ ਕਿ ਉਸ ਸਮੇਂ ਉਨ੍ਹਾਂ ਦੀ ਪਰਿਵਾਰਾਂ ਦੀ 300-400 ਕਿਲ੍ਹਾ ਜ਼ਮੀਨ ਥਰਮਲ ਲਈ ਅਕਵਾਇਰ ਕਰ ਲਈ ਗਈ। ਪਰ ਹੁਣ ਵਪਾਰਕ ਕੰਮਾਂ ਲਈ ਵੇਚਣ ਦੀ ਤਿਆਰੀ ਹੈ, ਉਹ ਪੂਰੀ ਤਰ੍ਹਾਂ ਗੱਲਤ ਹੈ। ਹਰ ਕਿਸਾਨ ਦਾ ਜ਼ਮੀਨ ਨਾਲ ਮੋਹ ਹੁੰਦਾ ਹੈ, ਪਰ ਥਰਮਲ ਚੱਲਣ ਨਾਲ ਲੋਕਾਂ ਦੇ ਫ਼ਾਇਦੇ ਕਾਰਨ ਇਹ ਉਸ ਸਮੇਂ ਦਿੱਤੀ ਗਈ ਸੀ। ਜੇਕਰ ਥਰਮਲ ਹੀ ਨਹੀਂ ਰਹੇਗਾ ਤਾਂ ਜ਼ਮੀਨ ਵਾਪਸ ਕੀਤੀ ਜਾਵੇ ਨਾ ਕਿ ਸਰਕਾਰਾਂ ਆਪਣਾ ਫ਼ਾਇਦੇ ਦੇਖਦੇ ਹੋਏ ਅੱਗੇ ਵੇਚਣ। ਬੰਗਾਲ 'ਚ ਮਾਰੂਤੀ ਕਾਰਖਾਨਾ ਨਹੀਂ ਲੱਗਿਆ ਤਾਂ ਸਰਕਾਰ ਨੇ ਜ਼ਮੀਨ ਕਿਸਾਨਾਂ ਨੂੰ ਵਾਪਸ ਕੀਤੀ ਸੀ, ਫ਼ਿਰ ਹੁਣ ਕਿਉਂ ਨਹੀਂ ਕੀਤੀ ਜਾ ਸਕਦੀ। ਥਰਮਲ ਚਲਦਾ ਹੈ ਤਾਂ ਸਾਨੂੰ ਕੋਈ ਰੋਸਾ ਨਹੀਂ।
ਮੰਦਰ ਸਿੰਘ ਪੁੱਤਰ ਕੌਰ ਪੁੱਤਰ ਕਾਕੜ ਸਿੰਘ ਦਾ ਵੀ ਇਹ ਆਖਣਾ ਸੀ ਕਿ ਥਰਮਲ ਬਣਾਉਣ ਵੇਲੇ ਛੇ ਹਜ਼ਾਰ ਦੇ ਕਿਲ੍ਹੇ ਦੇ ਹਿਸਾਬ ਨਾਲ ਥਰਮਲ ਲਈ ਜ਼ਮੀਨ ਅਕਵਾਇਰ ਕੀਤੀ ਗਈ ਸੀ। ਪਰ ਥਰਮਲ ਨੂੰ ਚਲਾਉਣ 'ਚ ਸਰਕਾਰਾਂ ਫੇਲ੍ਹ ਹੋਈਆਂ ਤਾਂ ਸਾਡੀਆਂ ਜ਼ਮੀਨਾਂ ਵਾਪਸ ਕਿਉਂ ਨਹੀਂ ਉਸੇ ਰੇਟ 'ਤੇ ਦਿੱਤੀਆਂ ਜਾ ਰਹੀਆਂ। ਹਕੂਮਤਾਂ ਦੀ ਪਹਿਲਾਂ ਤੋਂ ਹੀ ਇਸ 'ਤੇ ਅੱਖ ਸੀ।
ਬਾਕਸ
 ਥਰਮਲ ਨਜ਼ਦੀਕ ਬਣੀਆਂ ਝੀਲਾਂ ਵੀ ਕਿਸੇ ਵਿਦੇਸ਼ੀ ਨਜ਼ਾਰੇ ਤੋਂ ਘੱਟ ਨਹੀਂ, ਜਿੱਥੇ ਰੋਜ਼ਾਨਾ ਬਠਿੰਡਾ ਦੇ ਅਲੱਗ ਅਲੱਗ ਇਲਾਕਿਆਂ ਦੇ ਲੋਕ ਸੈਰ ਕਰਨ 20-20 ਸਾਲਾਂ ਦੇ ਆ ਰਹੇ ਹਨ।  ਅਮਰੀਕ ਸਿੰਘ ਰੋਡ ਦੇ ਜਗਦੀਸ਼ ਰਾਏ, ਵੀਰ ਕਲੋਨੀ ਦੇ ਭੋਜਰਾਜ, ਬੱਲਾ ਰਾਮ ਨਗਰ ਦੇਵਰਾਜ, ਵੀਰ ਕਲੋਨੀ ਦੇ ਸਤਪਾਲ, ਵਿਸ਼ਾਲ ਨਗਰ ਦੇ ਸ਼ਿਵ ਦਾ ਆਖਣਾ ਹੈ ਕਿ ਥਰਮਲ ਦੇ ਕਾਰਨ ਹੀ ਝੀਲਾਂ ਦਾ ਨਜ਼ਾਰਾ ਬਣਿਆ ਰਹਿੰਦਾ ਅਤੇ ਇਸੇ ਸਕੂਨ ਕਾਰਨ ਆ ਜਾਂਦੇ ਹਾਂ। ਇਸ ਨੂੰ ਵੇਚਣ ਦੀ ਤਿਆਰੀ ਦਾ ਦੁੱਖ ਹੈ, ਪਰ ਜੇਕਰ ਵੇਚਣਾ ਸੀ ਤਾਂ 700 ਕਰੋੜ ਤੋਂ ਉਪਰ ਰੁਪਏ ਕਿਉਂ ਲਗਾਏ ਗਏ। ਜੇਕਰ ਪੈਸੇ ਲਗਾਏ ਗਏ ਸਨ ਤਾਂ ਥਰਮਲ ਨੂੰ ਵੇਚਿਆ ਨਹੀਂ ਜਾਣਾ ਚਾਹੀਦਾ ਸੀ।

ਬਾਕਸ
    ਟੀਐਸਯੂ ਦੇ ਪ੍ਰਧਾਨ ਤੇਜਾ ਸਿੰਘ ਅਨੁਸਾਰ ਸਰਕਾਰ ਦੀ ਮਾੜੀ ਨਿਗ੍ਹਾ ਪਹਿਲਾਂ ਹੀ ਇਸ ਜ਼ਮੀਨ 'ਤੇ ਸੀ। ਥਰਮਲ ਨੇ ਹਜ਼ਾਰਾਂ ਨੂੰ ਰੁਜ਼ਗਾਰ ਦਿੱਤਾ, ਪਰ ਅਜਿਹਾ ਸਰਕਾਰਾਂ ਨੇ ਕਰਕੇ ਬਠਿੰਡਾ ਦਾ ਨਾਮ ਦੁਨੀਆਂ ਭਰ 'ਚ ਰੋਸ਼ਨ ਕਰਨ ਵਾਲਾ ਤੇ ਰੁਜ਼ਗਾਰ ਦੇਣ ਵਾਲੀ ਵੱਡੀ ਸ਼ਾਨਮੱਤੀ ਧਰੋਹਰ ਖੋਹ ਲਈ ਹੈ। ਇਸ ਦਾ ਮਾਡਲ ਹੀ ਦੇਖਣਯੋਗ ਰਹਿ ਜਾਵੇਗਾ। ਟੀਐਸਯੂ ਆਗੂ ਪ੍ਰਕਾਸ਼ ਸਿੰਘ ਨੇ ਕਾ ਥਰਮਲ ਨੂੰ ਦੂਰੋਂ ਦੂਰੋਂ ਆਉਣ ਵਾਲੇ ਲੋਕ ਤੇ ਅਧਿਕਾਰੀ ਦੇਖਣਾ ਮਾਣ ਵਾਲੀ ਗੱਲ ਸਮਝਦੇ ਸਨ। ਇਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਤੋਂ ਆਸਾਂ ਬਹੁਤ ਰੱਖੀਆਂ, ਪਰ ਆਸਾਂ 'ਤੇ ਪਾਣੀ ਫਿਰ ਗਿਆ ਹੈ। ਇਕ ਸੇਵਾ ਮੁਕਤ ਮੁਲਾਜ਼ਮ ਦਾ ਆਖਣਾ ਸੀ ਕਿ ਪਾਕਿਸਤਾਨ ਵਲੋਂ 1971 ਦੀ ਜੰਗ ਦੌਰਾਨ ਥਰਮਲ ਨੂੰ ਨਿਸ਼ਾਨਾ ਬਣਾਉਣ ਲਈ ਰੇਲਵੇ ਲਾਈਨਾਂ 'ਤੇ ਬੰਬ ਸੁੱਟੇ ਗਏ ਸਨ, ਪਰ ਉਨ੍ਹਾਂ ਬੰਬਾਂ ਨਾਲੋਂ ਹਕੂਮਤੀ ਕਲਮ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੀ ਹੈ।
ਬਾਕਸ
 ਥਰਮਲ ਕੇਵਲ ਸਨਅਤੀ ਪ੍ਰੋਜੈਕਟ ਨਹੀਂ, ਬਠਿੰਡਾ ਦੀ ਵਿਰਾਸਤ ਵੀ
     ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫ਼ੈਡਰੇਸ਼ਨ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਥਰਮਲ ਕੇਵਲ ਸਨਅਤੀ ਪ੍ਰੋਜੈਕਟ ਨਹੀਂ ਸੀ, ਬਲਕਿ ਬਠਿੰਡਾ ਦੀ ਵਿਰਾਸਤ ਹੈ। ਅਕਾਲੀ-ਭਾਜਪਾ ਸਰਕਾਰ ਵੇਲੇ ਹੀ ਪ੍ਰਾਈਵੇਟ ਥਰਮਲਾਂ ਦੇ ਪੂਰੇ ਜਾਂਦੇ ਪੱਖ ਕਾਰਨ ਇਸ ਦਾ ਮੁੱਢ ਬੱਝਿਆ ਸੀ। ਸੱਤਾ 'ਚ ਆਉਣ ਦੇ ਪਹਿਲਾਂ ਕਾਂਗਰਸੀਆਂ ਦੇ ਇਸ ਨੂੰ ਚਾਲੂ ਰੱਖਣ ਦੇ ਵਾਅਦਿਆਂ ਨੇ ਭਾਵੇਂ ਮੁਲਾਜ਼ਮਾਂ ਨੂੰ ਨਵੀਂ ਆਸ ਦੀ ਕਿਰਨ ਦਿਖਾਈ, ਪਰ ਉਹ ਵੀ ਵਾਅਦੇ 'ਤੇ ਖਰ੍ਹੇ ਨਾ ਉਤਰੇ। ਹੁਣ ਆਸਾਂ 'ਤੇ ਪਾਣੀ ਫ਼ੇਰ ਦਿੱਤਾ। ਉਨ੍ਹਾਂ ਦਾ ਆਖਣਾ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਜ਼ਿੰਮੇਵਾਰ ਹਨ। ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਇਸ ਬੰਦ ਪਏ ਥਰਮਲ ਪਲਾਂਟ ਦੇ ਇਕ ਯੂਨਿਟ ਨੂੰ ਪਰਾਲੀ ਨਾਲ ਚਲਾਉਣ ਦਾ ਜੋ ਵਾਅਦਾ ਕੀਤਾ ਹੈ, ਵਫ਼ਾ ਨਹੀਂ ਹੋਇਆ। ਕੋਈ ਵੀ ਬਚਾਉਣ ਲਈ ਸਾਰਥਕ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਅਨੁਸਾਰ ਸੰਘਰਸ਼ ਜਾਰੀ ਰਹੇਗਾ ਤੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਉਸ ਸਮੇਂ ਥਰਮਲ ਲਈ ਅਕਵਾਇਰ ਕੀਤੀਆਂ ਗਈਆਂ ਉਨ੍ਹਾਂ ਨੂੰ ਲੈ ਕੇ ਸੰਘਰਸ਼ ਕਰਾਂਗੇ। ਉਨ੍ਹਾਂ ਨੇ ਥਰਮਲ ਬਣਾਉਣ ਲਈ ਜ਼ਮੀਨਾਂ ਦਿੱਤੀਆਂ ਸਨ। ਅੱਜ ਵੀ ਜੇਕਰ ਇਸ ਨੂੰ ਚਾਲੂ ਕੀਤਾ ਜਾਂਦਾ ਹੈ ਤਾਂ ਇਸ ਵਿਚ ਸਿਰਫ਼ ਕੋਲੇ ਦੀ ਲੋੜ ਹੈ। ਬਾਕੀ ਸਾਰੀ ਮਸ਼ੀਨਰੀ ਪੂਰੀ ਤਰ੍ਹਾਂ ਚਾਲੂ ਹਾਲਤ ਵਿਚ ਹੈ।  ਇਸ ਨੂੰ ਵੇਚਣ ਤੇ ਮੋਹਰ ਲੱਗਣ 'ਤੇ ਇਸ 'ਤੇ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ।  
ਬਾਕਸ
 ਉਦਯੋਗਿਕ ਕ੍ਰਾਂਤੀ ਆਈ ਸੀ ਥਰਮਲ ਨਾਲ
  ਨਹਿਰ ਕੰਡੇ ਬਣੇ ਥਰਮਲ ਪਲਾਂਟ ਕਾਰਨ ਖਾਦ ਕਾਰਖਾਨਾ ਇੰਡਸਟਰੀਅਲ ਫੋਕਲ ਪੁਆਇੰਟ, ਨੈਸ਼ਨਲ ਫਰਟੀਲਾਈਜ਼ਰ ਪਲਾਂਟ, ਮਿਲਕ ਪਲਾਂਟ, ਸਪੀਨਿੰਗ ਮਿਲਾਂ ਆਦਿ ਉਦਯੋਗ ਆਉਣ ਨਾਲ ਧਰਾਤਲ ਪੱਧਰ 'ਤੇ ਬਠਿੰਡਾ ਵਿਚ ਇਕ ਵੱਖਰੀ ਉਦਯੋਗਿਕ ਕ੍ਰਾਂਤੀ ਆਈ ਸੀ।  ਇਥੇ ਇਹ ਵੀ ਦੱਸਣਯੋਗ ਹੈ ਕਿ ਬਿਜਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਿਰਫ਼ ਭਾਖੜਾ ਡੈਮ ਹੀ ਸੀ ਅਤੇ ਪਰ ਪੰਜਾਬ ਦੀਆਂ ਵਧਦੀਆਂ ਬਿਜਲੀ ਦੀਆਂ ਲੋੜਾਂ ਨੂੰ ਬਠਿੰਡਾ ਥਰਮਲ ਪਲਾਂਟ ਨੇ ਬਾਖੂਬੀ ਪੂਰਾ ਕੀਤਾ। ਵੀਵੀਆਈਪੀਜ਼ 'ਤੇ 'ਝੀਲਾਂ ਦਾ ਸ਼ਹਿਰ' ਵੀ ਬਠਿੰਡਾ ਨੂੰ ਆਖਿਆ ਲੱਗਿਆ ਹੈ। ਥਰਮਲ ਖ਼ਤਮ ਹੋਣ ਨਾਲ ਉਦਯੋਗਿਕ ਕ੍ਰਾਂਤੀ 'ਚ ਵੀ ਖੜੋਤ ਆਵੇਗੀ ਤਾਂ ਝੀਲਾਂ ਦੀ ਹੌਂਦ ਵੀ ਖ਼ਤਰੇ 'ਚ ਪੈ ਜਾਵੇਗੀ।

Wednesday, April 4, 2018

ਭਾਰਤ ਬੰਦ ਦੌਰਾਨ ਹਥਿਆਰਾਂ ਦੀ ਨੁਮਾਇਸ਼ ਤੇ ਹਿੰਸਕ ਘਟਨਾਵਾਂ ਨੇ ਸਹਿਮ ਦਾ ਮਾਹੌਲ ਕੀਤਾ ਪੈਦਾ

ਕਾਰੋਬਾਰੀ ਨਿਵੇਸ਼ ਤੋਂ ਕਰਨਗੇ ਗੁਰੇਜ਼
        ਭਾਵੇਂ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਯਕੀਨੀ ਬਨਾਉਣ ਵਿੱਚ ਕਿ 2 ਅਪਰੈਲ ਨੂੰ ਦਲਿਤ ਜਥੇਬੰਦੀਆਂ ਵੱਲੋਂ ਐਲਾਨ ਕੀਤੇ ਭਾਰਤ ਬੰਦ ਦੇ ਸੰਘਰਸ਼ ਦੌਰਾਨ ਕੋਈ ਮੰਦਭਾਗੀ ਅਤੇ ਅਣਸੁਖਾਵੀਂ ਘਟਨਾ ਨਾ ਵਾਪਰੇ ਵਿੱਚ ਕਾਮਯਾਬੀ ਹਾਸਲ ਕੀਤੀ  ਹੈ, ਪਰ ਦਲਿਤ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਅਤੇ ਹਿੰਸਕ ਘਟਨਾਵਾਂ ਨੇ ਪੰਜਾਬ ਦੇ ਕੋਨੇ ਕੋਨੇ ਵਿੱਚ ਲੋਕਾਂ ਵਿੱਚ, ਇੱਕ ਬਹੁਤ ਤਣਾਅ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
       
ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ, ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਆਉਣ ਨਾਲ, ਜੋ ਉਦਯੋਗਪਤੀ ਅਤੇ ਕਾਰੋਬਾਰੀ ਆਪਣਾ ਨਿਵੇਸ਼ ਵੱਖ- ਵੱਖ ਖੇਤਰਾਂ ਵਿੱਚ ਕਰਨ ਲੱਗੇ ਸਨ, ਸ਼ਾਇਦ ਉਸ ਨੂੰ ਪਹਿਲੇ ਪੜ੍ਹਾਅ ਵਿੱਚ ਹੀ ਸੱਟ ਲੱਗੀ ਨਜ਼ਰ ਆਉਂਦੀ ਹੈ ਕਿਉਂਕਿ ਬਹੁਤ ਵੱਡੀ ਤਾਦਾਦ ਵਿੱਚ ਕਾਰੋਬਾਰੀ ਅਤੇ ਉਦਯੋਗਪਤੀ, ਜਿਨ੍ਹਾਂ ਨਾਲ ਪੱਤਰਕਾਰ ਨੇ ਵਿਸ਼ੇਸ ਗੱਲਬਾਤ ਕੀਤੀ ਹੈ, ਇਸ ਮੱਤ ਦੇ ਹਨ ਕਿ 2 ਅਪਰੈਲ ਨੂੰ ਦਲਿਤ ਜਥੇਬੰਦੀਆਂ ਵੱਲੋਂ ਕੀਤੇ ਗਏ ਨੰਗੇ ਹਥਿਆਰਾਂ ਦਾ ਨਾਚ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿ ਪੰਜਾਬ ਵਿੱਚ ਨਿਵੇਸ਼ ਕਰਨਾ ਸਮਝਦਾਰੀ ਦੀ ਗੱਲ ਹੈ, ਕਿਉਂਕਿ ਇਹ ਕਿਸੇ ਵੀ ਸੂਰਤ ਵਿੱਚ ਉਹ ਘਾਟੇ ਦਾ ਸੌਦਾ ਨਹੀਂ ਚਾਹੁੰਦੇ।
         ਇੱਥੇ ਹੀ ਬੱਸ ਨਹੀਂ, ਕੁੱਝ ਵੱਡੇ ਡਾਕਟਰ ਵੀ ਵੱਖਰੇ ਵੱਖਰੇ ਰੋਗਾਂ ਦੇ ਮਾਹਿਰ ਹਨ ਅਤੇ ਜਿਨ੍ਹਾਂ ਦਾ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਵੱਡਾ ਨਾਂਅ ਹੈ ਅਤੇ ਜੋ ਪੰਜਾਬ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਆਪਣੇ ਹਸਪਤਾਲ ਖੋਲ੍ਹਣ ਦੀ ਯੋਜਨਾ ਬਣਾ ਰਹੇ ਸਨ, ਇੱਕ ਵਾਰੀ ਉਸ ਵਿਸ਼ੇ ਤੋਂ ਪਾਸੇ ਹੱਟ  ਗਏ ਹਨ ਅਤੇ ਹਸਪਤਾਲ ਬਨਾਉਣ ਲਈ ਕਈ ਕਾਰੋਬਾਰੀਆਂ ਨੇ ਜਗ੍ਹਾ ਦੀ ਭਾਲ ਕਰਨੀ ਵੀ ਬੰਦ ਕਰ ਦਿੱਤੀ ਹੈ।
        ਕਈ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੇ ਇਹ ਖਦਸ਼ਾ ਪ੍ਰਗਟ ਕਰਦੇ ਹੋਏ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਗੱਲ ‘ਤੇ ਕਿ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਕਿ ਨਹੀਂ, ਮੁੜ ਵਿਚਾਰ ਸ਼ੁਰੂ ਕਰ ਦਿੱਤਾ ਹੈ।
     ਅਸਰ ਇੱਥੋਂ ਤੱਕ ਵੀ ਦੇਖਣ ਨੂੰ ਵੀ ਮਿਲਿਆ ਹੈ ਕਿ ਜ਼ਮੀਨ ਦੇ ਕਾਰੋਬਾਰ ਨਾਲ ਜੁੜੇ ਲੋਕ ਵੀ ਆਪਣੇ ਨਿਵੇਸ਼ ਹਾਲੇ ਰੋਕਣ ‘ਤੇ ਵਿਚਾਰ ਕਰਨ ਲੱਗ ਪਏ ਹਨ।
   
  ਲੋਕਾਂ ਨਾਲ ਗੱਲਬਾਤ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਭਾਵੇਂ ਸਰਕਾਰ ਨੇ ਬਹੁਤ ਵੱਡੇ ਪੱਧਰ ‘ਤੇ ਉਨ੍ਹਾਂ ਲੋਕਾਂ ਖਿਲਾਫ਼, ਜਿਹੜੇ ਕਿ ਹਿੰਸਕ ਅਤੇ ਸਮਾਜ ਵਿਰੋਧੀ ਕਾਰਵਾਈ ਵਿੱਚ ਬੰਦ ਦੌਰਾਨ ਸ਼ਾਮਲ ਸਨ, ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਲੋਕਾਂ ਦੇ ਮਨਾਂ ਵਿੱਚ ਕਾਰਵਾਈ ਹਾਲੇ ਤਾਈਂ ਸਹਿਮ ਕੱਢਣ ਵਿੱਚ ਸਫਲ ਨਹੀਂ ਹੋਈ ਹੈ। 
     ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਦੇ ਆਗੂ ਸਤੀਸ਼ ਅਰੋੜਾ ਦਾ ਆਖਣਾ ਹੈ ਕਿ ਪੰਜਾਬ ‘ਚ ਭਾਰਤ ਬੰਦ ਦੀਆਂ ਬਠਿੰਡਾ ਜ਼ਿਲ੍ਹੇ ਵਿੱਚ ਹੋਈਆਂ ਘਟਨਾਵਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹਨ, ਕਿਉਂਕਿ ਨੰਗੀਆਂ ਤਲਵਾਰਾਂ ਅਤੇ ਹਥਿਆਰ ਪੁਲੀਸ ਦੇ ਸਾਹਮਣੇ ਲਿਜਾਂਣ ਵਾਲੇ ਲੋਕਾਂ ਨੂੰ ਪੁਲੀਸ ਰੋਕਣੋਂ ਲਾਚਾਰ ਨਜ਼ਰ ਆਈ।
       ਹੋਟਲਾਂ ‘ਚ ਦਹਿਸ਼ਤ ਦਾ ਮਾਹੌਲ ਹੈ, ਹੋਟਲਾਂ ਤੇ ਰੈਸਟੋਰੈਂਟਾਂ ਵਿੱਚ  ਨਾਮਾਤਰ ਦੇ ਬਰਾਬਰ ਲੋਕ ਆ ਰਹੇ ਹਨ, ਅਤੇ ਹਫ਼ਤਾ ਭਰ ਹੋਰ ਇਸੇ ਤਰ੍ਹਾਂ ਹਾਲਾਤ ਬਣੇ ਰਹਿਣ ਦੇ ਆਸਾਰ ਬਣ ਗਏ ਹਨ। ਪੰਜਾਬ ‘ਚ ਕਾਰੋਬਾਰੀਆਂ ਵੱਲੋਂ ਕੀਤੇ ਜਾਣ ਵਾਲੇ ਨਿਵੇਸ਼ ਦੇ ਸਬੰਧ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਨਿਵੇਸ਼ ਕਰਤਾਂ ਪਹਿਲਾਂ ਆਪਣੀ ਸੁਰੱਖਿਆ ਭਾਲਦਾ ਹੈ ਤੇ ਫਿਰ ਹੀ ਕੋਈ ਨਿਵੇਸ਼ ਕਰੇਗਾ। ਜੇਕਰ ਕੋਈ ਨਿਵੇਸ਼ ਕਰਨਾ ਵੀ ਚਾਹੁੰਦਾ ਹੈ ਤਾਂ ਅਜਿਹੇ ਹਾਲਾਤਾਂ ਵਿੱਚ ਤਾਂ ਵਿਅਕਤੀ ਬਿਲਕੁਲ ਵੀ ਨਹੀਂ ਕਰੇਗਾ।
          ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਾਜੇਸ਼ ਜਿੰਦਲ ਦਾ ਆਖਣਾ ਹੈ ਕਿ ਭਾਰਤ ਬੰਦ ਦੌਰਾਨ 2 ਅਪਰੈਲ ਨੂੰ ਪੁਲੀਸ ਸਾਹਮਣੇ ਹਥਿਆਰ ਲੈ ਕੇ ਬਠਿੰਡਾ ‘ਚ ਸ਼ਰੇਆਮ ਸ਼ਰਾਰਤੀ ਅਨਸਰਾਂ ਵੱਲੋਂ ਫਿਰਨਾ ‘ਕਸ਼ਮੀਰ ਅੱਤਵਾਦ’ ਤੋਂ ਘੱਟ ਨਹੀਂ ਸੀ। ਕਾਨੂੰਨ ਨੂੰ ਹੱਥ ‘ਚ ਲੈਣਾ ਗੈਰਕਾਨੂੰਨੀ ਗਤੀਵਿਧੀ ਹੈ।
       
ਸਿਆਸੀ ਲੋਕ ਭਾਵੇਂ ਅਜਿਹੀਆਂ ਗਤੀਵਿਧੀਆਂ ਦਾ ਲਾਹਾ ਲੈਂਦੇ ਹਨ, ਪਰ ਜਿਹੜੇ ਲੋਕ ਕਾਨੂੰਨ ਦੇ ਦਾਇਰੇ ਰਹਿੰਦੇ ਹਨ, ਉਨ੍ਹਾਂ ਨਾਲ ਇਹ ਨਾਇਨਸਾਫੀ ਹੈ, ਜਦ ਸ਼ਰੇਆਮ ਕੋਈ ਸ਼ਰਾਰਤੀ ਅਨਸਰ ਪੁਲੀਸ ਸਾਹਮਣੇ ਅਜਿਹੀਆਂ ਗਤੀਵਿਧੀਆਂ ਕਰਦੇ ਰਹਿਣ। ਸ਼ਾਂਤ ਮਈ ਪ੍ਰਦਰਸ਼ਨ ਹਰ ਕਿਸੇ ਨੂੰ ਕਰਨ ਦਾ ਅਧਿਕਾਰ ਹੈ, ਪਰ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਭੰਨ ਕੀਤੀ ਜਾਣੀ ਗੱਲਤ ਹੈ।
        ਮਿੱਤਲ ਗਰੁੱਪ ਦੇ ਐਮ.ਡੀ ਰਾਜਿੰਦਰ ਮਿੱਤਲ ਨੇ ਕਿਹਾ ਕਿ ਮਾਹੌਲ ਠੀਕ ਹੋਣ ‘ਤੇ ਲੰਬਾ ਸਮਾਂ ਲੱਗ ਜਾਂਦਾ ਹੈ, ਜਦੋਂਕਿ ਵਿਗੜਨ ਲਈ ਸਿਰਫ ਇੱਕ ਦਿਨ ਹੀ ਲੱਗਦਾ। ਸਰਕਾਰਾਂ ਵੱਲੋਂ ਨਿਵੇਸ਼ਕਾਂ ਦੇ ਆਉਣ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਪਰ 2 ਅਪਰੈਲ ਨੂੰ ਬਣੇ ਅਜਿਹੇ ਹਾਲਾਤਾਂ ਨਾਲ ਫਰਕ ਬਹੁਤ ਪੈਂਦਾ ਹੈ, ਜਦ ਨੰਗੇ ਹਥਿਆਰ ਲੈ ਕੇ ਸੜਕਾਂ ‘ਤੇ ਲੋਕ ਉਤਰਦੇ ਹੋਣ ਅਤੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਦਾ ਨੁਕਸਾਨ ਹੋ ਜਾਂਦਾ ਹੈ। ਅਜਿਹੇ ਸਮੇਂ ਨਿਵੇਸ਼ਕ  ਸੋਚਣ ‘ਤੇ ਜ਼ਰੂਰ ਮਜ਼ਬੂਰ ਹੁੰਦੇ ਹਨ। ਲਾਅ ਐਂਡ ਆਰਡਰ ਦੀ ਸਥਿੱਤੀ ਵਿਗੜਨ ‘ਤੇ ਆਮ ਲੋਕ ਦਿੱਕਤਾਂ ਵਿੱਚ ਘਿਰ ਜਾਂਦੇ ਹਨ। ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸਖਤੀ ਨਾਲ ਅਜਿਹੇ ਮਾਮਲਿਆਂ ਨੂੰ ਨਿਪਟਣਾ ਚਾਹੀਦਾ ਹੈ।
         ਮੁੱਖ ਸੰਸਦੀ ਸਕੱਤਰ ਅਤੇ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੀਆਂ ਮੰਗਾਂ ਦੇ ਬਾਰੇ ਵਿੱਚ ਪ੍ਰਦਰਸ਼ਨ ਕਰਨ  ਦਾ ਹੱਕ ਹੈ, ਪਰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੋਈ ਧੱਕੇਸ਼ਾਹੀ ਆਮ ਲੋਕਾਂ ਨਾਲ ਕੀਤੀ ਜਾਣੀ ਤੇ ਪੁਲੀਸ ਵੱਲੋਂ ਇਸ ਨੂੰ ਨਾ ਰੋਕਿਆ ਜਾ ਸਕਣਾ ਗੱਲਤ ਹੈ, ਇਸ ਨੂੰ ਪੁਲੀਸ ਤੇ ਸਰਕਾਰ ਦੀ ਬੇਬਸੀ ਹੀ ਕਹੀ ਜਾਵੇਗੀ, ਜੋ ਭਾਰਤ ਬੰਦ ਦੌਰਾਨ ਵਾਪਰਿਆ।
        ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਬਾਅਦ ਲਾਅ ਐਂਡ ਆਰਡਰ ਦੀ ਸਥਿੱਤੀ ਲਗਾਤਾਰ ਵਿਗੜਦੀ ਹੀ ਜਾ ਰਹੀ ਹੈ। ਕਾਂਗਰਸ ਸਰਕਾਰ ਨਿਵੇਸ਼ ਲਈ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਦਾ ਦਾਅਵਾ ਕਰਦੀ ਹੈ, ਪਰ ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕਿਸ ਤਰ੍ਹਾਂ ਕੋਈ ਨਿਵੇਸ਼ ਕਰੇਗਾ। ਕਾਂਗਰਸ ਸਰਕਾਰ ਲਗਾਤਾਰ ਫੇਲ੍ਹ ਹੋ ਰਹੀ ਹੈ।

Monday, March 26, 2018

ਵਿੱਤ ਮੰਤਰੀ ਦੇ ਸ਼ਹਿਰ ਵਿੱਚ ਮਹਾਂਨਗਰ ਵਿੱਤੀ ਸੰਕਟ ਦਾ ਸ਼ਿਕਾਰ

ਵਿਕਾਸ ਦੇ ਕੰਮ ਰੁੱਕੇ, ਬੱਜਟ ਦਾ 7 ਫੀਸਦੀ ਹੀ ਖਰਚ ਹੋਵੇਗਾ ਵਿਕਾਸ ਕਾਰਜਾਂ ‘ਤੇ

ਹਰਕ੍ਰਿਸ਼ਨ ਸ਼ਰਮਾ
             ਲਗਪਗ 4 ਲੱਖ ਦੀ ਅਬਾਦੀ ਵਾਲੇ ਬਠਿੰਡਾ ਸ਼ਹਿਰ ਜਿਸਨੂੰ ਜਿਸ ਨੂੰ ਭਵਿੱਖ ਦਾ ਸ਼ਹਿਰ (ਸਿਟੀ ਆਫ਼ ਫਿਊਚਰ) ਵੀ ਕਿਹਾ ਜਾਂਦਾ ਹੈ ਅਤੇ ਜਿਹੜਾ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਵਿੱਤ ਮੰਤਰੀ ਸ਼ਹਿਰ ਦੀ ਨੁਮਾਇੰਦਗੀ ਕਰਦਾ ਹੈ,  ਅੱਜ ਨਿਰਾਸ਼ਾ ਦੇ ਆਲਮ ਵਿੱਚ ਹੈ।
            ਨਿਰਾਸ਼ਾ ਦਾ ਆਲਮ ਕਾਰਣ ਸਿਰਫ਼ ਇਹੀ ਨਹੀਂ ਕਿ ਇੱਥੇ ਹਰ ਰੋਜ਼ ਵੱਧਦੀਆਂ ਚੋਰੀਆਂ ਨੇ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਹੋਇਆ ਹੈ, ਪਰ ਨਿਰਾਸ਼ਾ ਦਾ ਵੱਡਾ ਕਾਰਣ ਇਹ ਵੀ ਹੈ ਕਿ ਮੌਜੂਦਾ ਕਾਂਗਰਸ ਸਰਕਾਰ, ਜਿਸ ਵਿੱਚ ਸ਼ਹਿਰ ਦੇ ਵਿਧਾਇਕ ਮਨਪ੍ਰੀਤ ਬਾਦਲ ਵਿੱਤ ਮੰਤਰੀ ਹਨ, ਪਿੱਛਲੇ ਇੱਕ ਸਾਲ ਤੋਂ ਇਸ ਮਹਾਂਨਗਰ ਨੂੰ ਹਰ ਪੱਖ ਤੋਂ ਅਣਗੋਲਿਆ ਕੀਤਾ ਹੋਇਆ ਹੈ।
           
ਭਾਵੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਨ੍ਹਾਂ ਦੇ ਸਾਲੇ ਜੈਜੀਤ ਜੋਹਲ, ਜੋ ਸ਼ਹਿਰ ਵਾਸੀਆਂ ਦੀਆਂ ਸਮੱਸਿਆ ਸੁਣੇ ਰਹਿੰਦੇ ਹਨ ਅਤੇ ਸ਼ਹਿਰ ਦੀ ਕਾਂਗਰਸ ਲੀਡਰਸ਼ਿਪ ਨੇ ਵਾਰ ਵਾਰ ਦਾਅਵੇ ਕੀਤੇ ਹਨ ਕਿ ਬਠਿੰਡਾ ਸ਼ਹਿਰ ਨੂੰ ਸੂਬੇ ਦਾ ਇੱਕ ਨੰਬਰ ਬਣਾਇਆ ਜਾਵੇਗਾ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਅੱਜ ਬਠਿੰਡਾ ਸ਼ਹਿਰ ਵਿੱਤੀ ਸੰਕਟ ਝੱਲਦਾ ਹੋਇਆ ਆਪਣੇ ਅੱਛੇ ਦਿਨਾਂ ਦੀ ਉਡੀਕ ਕਰ ਰਿਹਾ ਹੈ।
            ਇਸ ਗੱਲ ਦੀ ਪ੍ਰੋੜਤਾ ਬਠਿੰਡਾ ਮਹਾਂਨਗਰ ਵੱਲੋਂ ਸਾਲ 2018-19 ਦੇ ਬੱਜਟ ਦੇ ਅਨੁਮਾਨ ਦੇ ਸਾਰ ਦੇ ਖਰੜੇ ਤੋਂ ਪਤਾ ਚੱਲਦੀ ਹੈ। ਇਸ ਬੱਜਟ ਅਨੁਮਾਨ ਦੇ ਸਾਰ ਦੀ ਕਾਪੀ, ਜੋ ਕਿ ਪੰਜਾਬੀ ਟ੍ਰਿਬਿਊਨ ਪਾਸ ਹੈ, ਇਹ ਪ੍ਰਤੱਖ ਰੂਪ ਵਿੱਚ ਦੱਸ ਰਹੀ ਹੈ ਕਿ ਆਉਣ ਵਾਲੇ ਵਿੱਤੀ ਸਾਲ 2018-19 ਵਿੱਚ ਸਿਰਫ 11 ਕਰੋੜ ਰੁਪਏ ਹੀ ਵਿਕਾਸ ਦੇ ਕੰਮਾਂ ‘ਤੇ ਖਰਚੇ ਜਾਣਗੇ, ਜਦਕਿ ਕੁੱਲ੍ਹ ਖਰਚੇ ਦਾ ਬੱਜਟ 138 ਕਰੋੜ ਦੇ ਲੱਗਪਗ ਹੈ।
             ਅੰਕੜਿਆਂ ਨੂੰ ਸ਼ਹਿਰ ਦੀ ਅੰਦਾਜ਼ਨ ਅਬਾਦੀ ਮੁਤਾਬਕ ਘੋਖਣ ਤੋਂ ਇਹ ਪਤਾ ਚੱਲਦਾ ਹੈ ਕਿ 12 ਮਹੀਨਿਆਂ ਵਿੱਚ ਬਠਿੰਡਾ ਦਾ ਮਹਾਂਨਗਰ ਇਸ ਦੇ ਹਰ ਇੱਥ ਬਸ਼ਿੰਦੇ ਲਈ ਸਿਰਫ 275 ਰੁਪਏ ਹੀ ਸਹੂਲਤਾਂ ਦੇ ਵਿਕਾਸ ਲਈ ਖਰਚੇਗਾ।
     ਇਹ ਵੀ ਕਿਹਾ ਜਾ ਸਕਦਾ ਹੈ ਕਿ ਪ੍ਰਤੀ ਮਹੀਨਾ ਹਰੇਕ ਬਸ਼ਿੰਦੇ ਲਈ ਵਿਕਾਸ ਦੇ ਪੱਖ ਤੋਂ 25 ਰੁਪਏ ਤੋਂ ਵੀ ਘੱਟ ਖਰਚੇਗਾ , ਜੋ ਕਿ ਊਠ ਦੇ ਮੂੰਹ ਵਿੱਚ ਜ਼ੀਰੇ ਦੇ ਬਰਾਬਰ ਹੈ।
            ਇਸ ਦੀ ਘੋਖ ਕਰਨ ਤੇ ਪਤਾ ਲੱਗਦਾ ਹੈ ਕਿ ਇਸ ਵਿਕਾਸ ਦੇ ਕੰਮਾਂ ਲਈ ਰੱਖੇ 11 ਕਰੋੜ ਰੁਪਏ ਵਿੱਚੋਂ ਸ਼ਹਿਰ ਦੀਆਂ ਨਵੀਆਂ ਸੜਕਾਂ ਲਈ ਸਿਰਫ 3 ਕਰੋੜ ਹੀ ਰੱਖੇ ਗਏ ਹਨ। ਸ਼ਹਿਰ ਵਿੱਚ ਸੈਂਕੜੇ ਕਿਲੋਮੀਟਰ ਸੜਕਾਂ ਦੇ ਨਾਲ ਦੀ ਮੁਰੰਮਤ ਪਿੱਛੇ ਸਿਰਫ ਡੇਢ ਕਰੋੜ ਰੁਪਇਆ ਰੱਖਿਆ ਗਿਆ ਹੈ। ਨਵੇਂ ਪਾਰਕ ਬਨਾਉਣ ਲਈ ਸਿਰਫ 1 ਕਰੋੜ ਰੁਪਇਆ ਹੀ ਰੱਖਿਆ ਗਿਆ ਹੈ।
     ਭਾਵੇਂ ਬਠਿੰਡਾ ਸ਼ਹਿਰ ਹਵਾਈ ਮਾਰਗ ਨਾਲ ਵੀ ਜੁੜ ਗਿਆ ਹੈ ਅਤੇ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਹੈ ਕਿ ਇਸ ਖੇਤਰ ਵਿੱਚ ਏਸ਼ੀਆ ਦੀ ਵੱਡੀ ਛਾਉਣੀ ਹੈ,  ਸਬੰਧਤ ਸਰਕਾਰੀ ਅਦਾਰੇ ਜਾਂ ਉਹ ਬੰਦੇ, ਜਿਹੜੇ ਕਿ ਵੱਡੇ  ਅਹੁਦਿਆਂ ‘ਤੇ ਤਾਇਨਾਤ ਹਨ, ਬਠਿੰਡਾ ਸ਼ਹਿਰ, ਜੋ ਕਿ ਤੇਜ਼ੀ ਨਾਲ ਚਾਰੇ ਪਾਸੇ ਵੱਧ ਰਿਹਾ ਹੈ, ਦੀਆਂ ਮੂਲ ਲੋੜਾਂ ਵੀ ਅੱਖੋਂ ਪਰੋਖੇ ਕਰ ਰਹੇ ਹਨ।
      ਬੱਜਟ ਤਜਵੀਜ਼ਾਂ ਨੂੰ ਪਾਸ ਕਰਵਾਉਣ ਲਈ ਮਹਾਂਨਗਰ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਬਲਵੰਤ ਰਾਏ ਨਾਥ ਨੇ 27 ਮਾਰਚ ਨੂੰ ਸੱਦੀ ਹੈ।
       ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਸਾਲ ਭਰ ਦੇ ਲੱਗਪਗ ਹੋਂਦ ਵਿੱਚ ਆਉਣ ਬਾਅਦ ਵੀ ਬਠਿੰਡਾ ਸ਼ਹਿਰ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ, ਭਾਵੇਂ ਕਿ ਇਸ ਦੇ ਦਾਅਵੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੁੱਝ ਨੇਤਾਵਾਂ ਰਾਹੀਂ ਕੀਤੇ ਗਏ ਸਨ । ਜ਼ਿਆਦਾਤਰ ਸ਼ਹਿਰ ਦੇ ਲੋਕ ਇਸ ਮੱਤ ਦੇ ਹਨ ਕਿ ਬਠਿੰਡਾ ਨਗਰ ਨਿਗਮ ਦਾ ਮੇਅਰ ਅਕਾਲੀ ਦਲ ਦਾ ਹੈ, ਸ਼ਾਇਦ ਇਸੇ ਕਰੇ ਸੂਬੇ ਦੀ ਕਾਂਗਰਸ ਸਰਕਾਰ ਵਿੱਤੀ ਸਹਾਇਤਾ ਨਹੀਂ ਦੇ ਰਹੀ ।
        ਸ਼ਹਿਰ ਵਾਸੀ ਦੱਬੀ ਜ਼ਬਾਨ ਵਿੱਚ ਇਸ ਗੱਲ ਦਾ ਵੀ ਦੁੱਖ ਪ੍ਰਗਟ ਕਰਦੇ ਹਨ ਕਿ ਬਠਿੰਡਾ ਦੇ ਵਿਕਾਸ ਦੀ ਕਹਾਣੀ ਨੇ ਪਿਛਲੇ ਇੱਕ ਸਾਲ ਤੋਂ ਨਾਂਹ ਪੱਖੀ ਮੋੜ ਲੈ ਲਿਆ ਹੈ ਕਿਉਂਕਿ ਸ਼ਹਿਰ ਵਾਸੀਆਂ ਦੀਆਂ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਲੋੜਾਂ ਵੱਧ ਰਹੀਆਂ ਹਨ ਪਰ ਸ਼ਹਿਰ ਦੇ ਮਹਾਂ ਨਗਰ ਨੂੰ ਪਿੱਛਲੇ ਲੰਬੇ ਸਮੇਂ ਵਿੱਚ ਦਿੱਤੀਆਂ ਜਾ ਰਹੀਆਂ ਵਿੱਤੀ ਗ੍ਰਾਂਟਾਂ ਅਲੋਪ ਹੋ ਰਹੀਆਂ ਹਨ।
 
  ਸਥਿੱਤੀ ਇੱਥੋਂ ਤੱਕ ਪਹੁੰਚ ਚੁੱਕੀ ਹੈ ਕਿ ਸੱਤਾਧਾਰੀ ਕਾਂਗਰਸ ਦੇ ਸਿਰਕੱਢ ਆਗੂ, ਜੋ ਕਿ ਵਿਧਾਨਸਭਾ 2017 ਚੋਣਾਂ ਵਿੱਚ ਬਹੁਤ ਸਰਗਰਮ ਸਨ , ਅੱਜ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੁਆਰਾ ਰੰਖੇ ਗਏ ਪ੍ਰੋਗਰਾਮ ਜਾਂ ਕਿਸੇ ਮੰਤਰੀ ਵੱਲੋਂ ਸਰਕਾਰੀ ਪ੍ਰੋਗਰਾਮਾਂ ਵਿੱਚੋਂ ਗਾਇਬ ਨਜ਼ਰ ਆਉਂਦੇ ਹਨ।
     ਵਾਰਡ ਨੰਬਰ.1 ਦੇ ਵਾਸੀ ਦੇ ਮਨੀਸ਼ ਪਾਂਧੀ ਦਾ ਆਖਣਾ ਸੀ ਕਿ 11 ਕਰੋੜ ਨਾਲ ਸ਼ਹਿਰ ਦੇ ਕੀ ਵਿਕਾਸ ਦੇ ਕੰਮ ਹੋਣੇ ਹਨ। ਉਨ੍ਹਾਂ ਦੇ ਵਾਰਡ ਵਿੱਚ ਤਾਂ ਪਹਿਲਾਂ ਹੀ ਕੋਈ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਜੇਕਰ ਇਸ ਵਾਰ ਵੀ ਉਨ੍ਹਾਂ ਦੇ ਵਾਰਡਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੀਆਂ ਸਾਲ 2019 ਦੀਆਂ ਚੋਣਾਂ ਵਿੱਚ ਇਸ ਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਵੇਗਾ।
       ਮੇਅਰ ਬਲਵੰਤ ਰਾਏ ਨਾਥ ਨੇ ਬੱਜਟ ਵਿੱਚ ਵਿਕਾਸ ਦੇ ਕੰਮਾਂ ਤੇ ਸਿਰਫ 11 ਕਰੋੜ ਰੁਪਏ ਰੱਖੇ ਜਾਣ ਦੇ ਸਬੰਧ ਵਿੱਚ ਆਖਿਆ ਕਿ ਉਨ੍ਹਾਂ ਵੱਲੋਂ ਤ੍ਰਿਵੇਣੀ ਤੋਂ ਕੰਮ ਕਰਵਾਏ ਹਨ ਅਤੇ ਲਗਾਤਾਰ 14 ਕਰੋੜ ਸਾਲ ਦਾ ਦੇਣਾ ਪੈ ਰਿਹਾ ਹੈ। ਹੁਣ ਮੌਜੂਦਾ ਕਾਂਗਰਸ ਸਰਕਾਰ ਤੋਂ ਵਿਸ਼ੇਸ ਪੈਕੇਜ਼ ਮੰਗਦੇ ਹਨ। ਕਾਂਗਰਸ ਸਰਕਾਰ ਦੇ ਬਾਅਦ ਉਨ੍ਹਾਂ ਦੇ ਚੱਲ ਰਹੇ ਕੰਮ ਵੀ ਬੰਦ ਪਏ ਹਨ। 
       ਸੀਨੀਅਰ ਕਾਂਗਰਸੀ ਕੌਂਸਲਰ ਜਗਰੂਪ ਗਿੱਲ ਤੋਂ ਵਿਕਾਸ ਦੇ ਕੰਮਾਂ ਲਈ ਬੱਜਟ ਵਿੱਚ ਰੱਖੇ ਇਸ ਸਿਰਫ 11 ਕਰੋੜ ਰੁਪਏ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਦੀ ਮਾੜੀ ਹਾਲਤ ਦਿਖ ਰਹੀ ਹੈ ਅਤੇ ਇਸ ਤੇ ਗੰਭੀਰ ਵਿਚਾਰ ਵੀ ਨਹੀਂ ਹੋਇਆ ਹੈ। ਇਸ ਨਾਲ ਤਾਂ ਦੋ ਵਾਰਡਾਂ ਦੀ ਮੁਰੰਮਤ ਵੀ ਹੀ ਨਹੀਂ ਹੋ ਸਕਦੀ, ਜਦੋਂਕਿ ਸ਼ਹਿਰ ਦੀਆਂ ਖੇਤਾ ਸਿੰਘ ਬਸਤੀ, ਕੋਠੇ ਇੰਦਰ ਕਾਮੇ, ਧੋਬੀਆਣ ਬਸਤੀ ਤੇ ਹੋਰ ਕੁੱਝ ਸਲੱਮ ਬਸਤੀਆਂ ਦਾ ਵਿਕਾਸ ਹੋਣ ਵਾਲਾ ਹੈ। ਨਗਰ ਨਿਗਮ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।
      ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਨਗਰ ਨਿਗਮ ਵੱਲੋਂ ਪੈਸੇ ਦਾ ਦੁਰਪ੍ਰਬੰਧ ਕੀਤਾ ਜਾ ਰਿਹਾ ਹੈ, ਪਰ ਕਾਂਗਰਸ ਸਰਕਾਰ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦੇਣਗੇ। ਭਾਵੇਂ ਵਿੱਤ ਮੰਤਰੀ ਨਾਲ ਮਿਲ ਕੇ ਵਿਸ਼ੇਸ ਸਹਾਇਤਾ ਲਈ ਜਾਵੇ।         
         ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ - ਨਗਰ ਨਿਗਮ ਦੇ ਸਾਬਕਾ ਅਕਾਲੀ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਦਾ ਸਾਲ 2018-19 ਦੇ ਬੱਜਟ ਵਿੱਚ  ਸਿਰਫ ਰੱਖੇ 11 ਕਰੋੜ ਦੇ ਸਬੰਧ ਵਿੱਚ ਫੋਨ ਤੇ ਸੰਪਰਕ ਕਰਨ ਤੇ ਆਖਣਾ ਸੀ  ਕਿ ਅਕਾਲੀ-ਭਾਜਪਾ ਸਰਕਾਰ ਦੀ ਪਿਛਲੀ ਸਰਕਾਰ ਵੇਲੇ ਗ੍ਰਾਂਟਾ ਆਉਂਦੀਆਂ ਰਹਿੰਦੀਆਂ ਸਨ ਪਰ ਹੁਣ ਕਾਂਗਰਸ ਸਰਕਾਰ ਸੂਬੇ ਵਿੱਚ ਹੋਣ ਕਰਕੇ ਕੋਈ ਸਹਾਇਤਾ ਨਿਗਮ ਨੂੰ ਨਹੀਂ ਮਿਲਦੀ। ਸਰਕਾਰ ਵੱਲੋਂ ਆਏ ਪੈਸੇ ਵੀ ਵਾਪਸ ਚਲੇ ਗਏ ਹਨ। 
        ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਕੇਵਲ ਕ੍ਰਿਸ਼ਨ ਅਗਰਵਾਲ ਦਾ ਆਖਣਾ ਹੈ ਕਿ ਜਦੋਂ ਨਗਰ ਨਿਗਮ ਕੈਪਟਨ ਦੀ ਰਹਿਨੁਮਾਈ ਵਿੱਚ ਬਣੀ ਸੀ ਤਾਂ ਉਦੋਂ ਸਵਾ ਸੌ ਕਰੋੜ ਰੁਪਇਆ ਸੈਂਟਰ ਵਿੱਚੋਂ ਸ੍ਰ. ਮੋਨਟੇਕ ਸਿੰਘ ਆਹਲੂਵਾਲੀਆ ਜੋ ਕਿ ਉਸ ਸਮੇਂ ਦੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਆਲ ਇੰਡੀਆ ਦੇ ਸਨ ਤੋਂ ਮੰਨਜ਼ੂਰ ਕਰਵਾਇਆ ਸੀ ਉਸ ਵਿੱਚੋਂ 40 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਦਿਵਾ ਦਿੱਤੀ ਗਈ ਸੀ, ਬਾਕੀ ਰਹਿੰਦੀ ਰਕਮ ਅਕਾਲੀ ਭਾਜਪਾ ਸਰਕਾਰ ਆਉਣ ਤੇ ਇਨ੍ਹਾਂ ਨੇ 40 ਕਰੋੜ ਰੁਪਏ ਦਾ ਹਿਸਾਬ ਨਾ ਦੇਣ ਦੀ ਵਜ੍ਹਾ ਨਾਲ ਬਾਕੀ ਰਕਮ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ 11 ਕਰੋੜ ਰੁਪਏ ਤਾਂ ਵਿਕਾਸ ਲਈ ਕੁੱਝ ਵੀ ਨਹੀਂ ਹਨ। ਇਸ ਨਾਲ ਤਾਂ ਸੜਕਾਂ ਦੀ ਮੁਰੰਮਤ ਵੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਭਾਵੇਂ ਵਿਕਾਸ ਲਈ ਬੱਜਟ ਵਿੱਚ ਘੱਟ ਪੈਸੇ ਹੀ ਰੱਖ ਰਿਹਾ ਹੈ ਪਰ ਉਹ ਇਸ ਸਬੰਧੀ ਵਿੱਤ ਮੰਤਰੀ ਪੰਜਾਬ ਨੂੰ ਮਿਲ ਕੇ ਕੋਈ ਵਿਸ਼ੇਸ ਪੈਕੇਜ਼ ਜਾਂ ਵਿਕਾਸ ਲਈ ਹੋਰ ਕੋਸ਼ਿਸਾਂ ਕਰਨਗੇ।
       ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ  ਨੇ ਇਸ ਬੱਜਟ ‘ਚ ਵਿਕਾਸ ਦੇ ਕਾਰਜਾਂ ਦੇ ਸਬੰਧ ‘ਚ ਰੱਖੇ ਸਬੰਧ ਵਿੱਚ ਆਖਿਆ ਕਿ ਇਹ ਬਹੁਤ ਘੱਟ ਹਨ। ਮੌਜੂਦਾ ਪੰਜਾਬ ਸਰਕਾਰ ਦੀ ਕੋਈ ਮਦਦ ਨਗਰ ਨਿਗਮ ਹੁਣ ਨਹੀਂ ਮਿਲ ਰਹੀ, ਜਦੋਂਕਿ ਸ਼ਹਿਰ ‘ਚ ਅਕਾਲੀ-ਭਾਜਪਾ ਸਰਕਾਰ ਵੇਲੇ ਕਾਫੀ ਮਦਦ ਮਿਲਣ ਕਾਰਨ ਸ਼ਹਿਰ ਵਿੱਚ ਵਿਕਾਸ ਦੇ ਕੰਮ ਕਰਵਾਏ ਗਏ ਹਨ। 

Wednesday, March 7, 2018

ਨੇਤਰਹੀਣ ਤਿੰਨ ਭੈਣ, ਭਰਾਵਾਂ ਦੀ ਨਰਕ ਭਰੀ ਜ਼ਿੰਦਗੀ ਹਾਲੇ ਤੱਕ ਨਹੀਂ ਦਿਖੀ ਸਰਕਾਰਾਂ ਨੂੰ


ਨੇਤਰਹੀਣ ਚੰਦ ਸਿੰਘ, ਸੁਖਵਿੰਦਰ ਸਿੰਘ ਅਤੇ ਪਰਮਜੀਤ ਕੌਰ ਜੀਅ ਰਹੇ ਹਨ ਗੁਰਬਤ ਦੀ ਜ਼ਿੰਦਗੀ
ਸਰਕਾਰਾਂ ਜਾਂ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਨੇਤਰਹੀਣ ਭੈਣ, ਭਰਾ
ਹਰਕ੍ਰਿਸ਼ਨ ਸ਼ਰਮਾ
          ਪੰਜਾਬ ਦੇ ਪ੍ਰਸਿੱਧ ਪਿੰਡ ਕੋਟਸ਼ਮੀਰ ਵਿਖੇ ਰਹਿੰਦੇ ਤਿੰਨ ਨੇਤਰਹੀਣ ਭੈਣ, ਭਰਾਵਾਂ ਦੀ ਨਰਕਮਈ ਜ਼ਿੰਦਗੀ ਕਾਰਨ ਉਨ੍ਹਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ। ਇਸ ਪਰਿਵਾਰ ਦੀ ਜ਼ਿੰਦਗੀ ਬਿਆਨ ਕਰਦੀ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੀ ਇਨ੍ਹਾਂ ਪ੍ਰਤੀ ਹੁਣ ਤੱਕ ਅੰਨੀਆਂ ਹੀ ਰਹੀਆਂ ਹਨ।
       
ਗੁਰਬਤ ਭਰੀ, ਤਰਸਯੋਗ ਅਤੇ ਦੁੱਖਾਂ ਦੇ ਪਹਾੜ ਨਾਲ ਭਰੀ ਜ਼ਿੰਦਗੀ, ਜੋ ਕਿ ਇਹ ਤਿੰਨੋ ਭੈਣ (ਪਰਮਜੀਤ ਕੌਰ  ਸਾਲਾ), ਸੁਖਵਿੰਦਰ ਸਿੰਘ  ਭਰਾ ਹਰ ਰੋਜ਼ ਜਿਉਂਦੇ ਹਨ ਅਤੇ ਜਿਨ੍ਹਾਂ ਨੂੰ ਵੇਖ ਕੇ ਕੋਈ ਪੱਥਰ ਦਿਲ ਵੀ ਪਿਘਲ ਜਾਵੇ ਪਰ ਉਹੀ ਮੰਜਰ ਸਮੇਂ ਦੇ ਸਾਸ਼ਕਾਂ ਦੇ ਮਨਾਂ ਨੂੰ ਨਾ ਹਲੂਣ ਸਕਿਆ, ਭਾਵੇਂ ਕੁੱਝ ਰਾਜਨੀਤਿਕ ਲੋਕਾਂ ਨੇ ਸੱਤਾ ਦੇ ਵਿੱਚ ਕਾਬਜ਼ ਹੋਣ ਲਈ ਇਨ੍ਹਾਂ ਦੀ ਤਰਸਯੋਗ ਅਤੇ ਨਰਕਮਈ ਜ਼ਿੰਦਗੀ ਨੂੰ ਚੋਣਾਂ ਦੌਰਾਨ ਮੁੱਦਾ ਤਾਂ ਬੜੀ ਪ੍ਰਮੁੱਖਤਾ ਨਾਲ ਬਣਾਇਆ ਪਰ ਸੱਤਾ ਦੇ ਕਾਬਜ਼ ਹੁੰਦੇ ਹੀ ਇਹ ਤਿੰਨੇ ਨੇਤਰਹੀਣ ਉਨ੍ਹਾਂ ਦੀਆਂ ਅੱਖਾਂ ਅੱਗਿਉਂ ਸਦਾ ਲਈ ਓਹਲੇ ਹੋ ਗਏ।
         ਸਮੇਂ ਦੀਆਂ ਸਰਕਾਰਾਂ ਦੁਆਰਾ ਬੜੀ ਬੇਸ਼ਰਮੀ ਨਾਲ ਇਨ੍ਹਾਂ ਦੇ ਦੁੱਖ ਨੂੰ ਅਣਗੋਲਿਆ ਕਰਨਾ ਅਤੇ ਇਨ੍ਹਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰੱਖਣਾ ਜਿੱਥੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਾਨਵਤਾ ਅਤੇ ਮਨੁੱਖਤਾ ਦਿਨੋ ਦਿਨ ਇਸ ਦੁਨੀਆਂ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ, ਉਥੇ ਹੀ ਇਨ੍ਹਾਂ ਤਿੰਨਾਂ ਦੀਆਂ ਹਾਲਤਾਂ ਨੇ ਤਿੰਨਾਂ ਦੀ ਦੁਨੀਆਂ ਇੱਕ ਘਰ ਵਿੱਚ ਕੈਦ ਹੋ ਕੇ ਰਹਿ ਗਈ ਹੈ।
           ਸਾਲ 2009 ਵਿੱਚ ਮਾਤਾ ਦਲੀਪ ਕੌਰ ਅਤੇ 2017 ਵਿੱਚ ਪਿਤਾ ਜੰਗੀਰ ਸਿੰਘ ਗੁਜ਼ਰ ਗਿਆ। ਵੱਡੇ ਭਰਾ ਚੰਦ ਸਿੰਘ ਨੂੰ ਭਾਵੇਂ ਤੂੰਬੀ ਦੀਆਂ ਤਾਰਾਂ ਨਾਲ ਲੋਕਾਂ ਨੂੰ ਕੀਲਣ ਦਾ ਹੁਨਰ ਹੈ ਪਰ ਛੋਟੇ ਮੋਟੇ ਪ੍ਰੋਗਰਾਮਾਂ ਜਾਂ ਚੋਣਾਂ ਮੌਕੇ ਪਿੰਡ ‘ਚ ਕੋਈ ਸਟੇਜ ‘ਤੇ ਗਾ ਕੇ ਉਸ ਨੂੰ ਕੁੱਝ ਪੈਸੇ ਜਰੂਰ ਇਕੱਠੇ ਹੋ ਜਾਂਦੇ ਹਨ। ਪਰ ਇਸ ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ।
         ਕੁਲਦੀਪ ਮਾਣਕ ਦਾ ਗੀਤ ‘ਮਾਂ ਹੁੰਦੀ ਐ, ਮਾਂ ਓ ਦੁਨੀਆਂ ਵਾਲਿਓ’ ਜਾਂ ਆਪਣੇ ਦੋਸਤ ਦਾ ਗੀਤ ਲੋਹ ਵਗਪੀ ਨਸ਼ਿਆਂ ਦੀ, ਸੁਕਦੇ ਜਾਂਦੇ ਪੰਜਾਬੀ ਚਿਹਰੇ’, ਜਦ ਚੰਦ ਸਿੰਘ ਆਪਣੀ ਤੂੰਬੀ ਤੇ ਆਪਣੀ ਅਵਾਜ਼ ਨਾਲ ਤਾਲਮੇਲ ਬਿਠਾ ਕੇ ਗਾਉਂਦਾ ਹੈ ਤਾਂ ਅਜਿਹਾ ਲੱਗਦਾ ਜਿਸ ਤਰ੍ਹਾਂ ਕੋਈ ਗਾਇਕ ਗਾ ਰਿਹਾ ਹੋਵੇ।
           ਚੰਦ ਸਿੰਘ ਅਨੁਸਾਰ ਕਲਾਕਾਰੀ ਲਈ ਰਿਆਜ਼ ਕਰਨਾ ਪੈਂਦਾ ਹੈ ਪਰ ਉਸ ਨੇ ਕਦੇ ਰਿਆਜ਼ ਨਹੀਂ ਕੀਤਾ। ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਸ਼ਾਇਦ ਉਸਦੀ ਅਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਅਤੇ ਭੈਣ ਪਰਮਜੀਤ ਕੌਰ ਦੀ ਜ਼ਿੰਦਗੀ ਵਿੱਚ ਕੁੱਝ ਰਾਹਤ ਮਿਲੀ ਹੁੰਦੀ।
             ਪੈਨਸ਼ਨ ਭਾਵੇਂ ਲੱਗੀ ਹੋਈ ਹੈ ਪਰ ਇਹ ਪੈਨਸ਼ਨ ਵੀ ਕਈ ਕਈ ਮਹੀਨੇ ਮਿਲਦੀ ਨਹੀਂ। ਚੰਦ ਸਿੰਘ ਅਨੁਸਾਰ ਉਨ੍ਹਾਂ ਪ੍ਰਧਾਨਮੰਤਰੀ ਨੂੰ ਵੀ ਮਦਦ ਲਈ ਪੱਤਰ ਲਿਖਿਆ ਸੀ। ਪਰ ਉਸ ਸਬੰਧੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ (ਚੰਡੀਗੜ੍ਹ) ਤਰਫੋਂ ਜਵਾਬ ਸਿਰਫ ਆਇਆ ਕਿ ਅਪੰਗਤਾ ਐਕਟ 1995 ਵਿੱਚ ਹੈਂਡੀਕੈਪਟ ਹੋਣ ਦੇ ਨਾਂ ‘ਤੇ ਸਿਰਫ ਪੈਨਸ਼ਨ ਦੇ ਬਿਨ੍ਹਾਂ ਕੋਈ ਹੋਰ ਸਹਾਇਤਾ ਨਹੀਂ ਕਰ ਸਕਦੇ। ਪਰਮਜੀਤ ਕੌਰ ਦਾ ਆਖਣਾ ਹੈ ਕਿ ਸ਼ਾਇਦ ਪ੍ਰਮਾਤਮਾ ਨੇ ਇਸੇ ਕਰਕੇ ਉਨ੍ਹਾਂ ਨੂੰ ਰੋਸ਼ਨੀ ਨਹੀਂ ਦਿੱਤੀ ਕਿ ਉਹ ਇਸ ਦੁਨੀਆਂ ਵਿੱਚ ਜ਼ਿਆਦਾਤਰ ਪੱਥਰ ਦਿਲਾਂ, ਛਲ ਕਪਟ ਵਾਲੇ ਲੋਕਾਂ ਨੂੰ ਉਹ ਨਾ ਦੇਖ ਸਕਣ।
            ਉਸ ਦਾ ਆਖਣਾ ਹੈ ਕਿ ਉਸ ਦਾ ਦੋਸਤ ਵਿਸ਼ਾਲ ਉਰਫ ਸੁਖਵਿੰਦਰ ਆਉਣ ਜਾਣ ‘ਚ ਉਸਦੀ ਮਦਦ ਕਰਦਾ ਹੈ। ਪਰ ਰਾਤ ਨੂੰ ਜੇਕਰ ਉਨ੍ਹਾਂ ਨੂੰ ਕੋਈ ਤਕਲੀਫ ਹੋ ਜਾਵੇ ਤਾਂ ਤਿੰਨੋ ਨੇਤਰਹੀਣ ਕਰਕੇ ਇੱਕ ਦੂਜੇ ਨੂੰ ਉਠਾ ਵੀ ਨਹੀਂ ਸਕਦੇ। 
           ਦੋਸਤ ਸੁਖਵਿੰਦਰ ਉਰਫ ਵਿਸ਼ਾਲ ਦਾ ਆਖਣਾ ਹੈ ਕਿ ਉਸਦੀ ਬਚਪਨ ‘ਚ ਚੰਦ ਸਿੰਘ ਨਾਲ ਦੋਸਤੀ ਹੋਈ ਅਤੇ ਉਸ ਨੂੰ ਉਹ ਤਾਂ ਨਿਭਾਅ ਰਿਹਾ ਹੈ। ਉਸ ਨੇ ਸਮਾਜਸੇਵੀ ਸੰਸਥਾਵਾਂ, ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਚੰਦ ਸਿੰਘ ਅਤੇ ਉਸ ਦੇ ਭਰਾ ਅਤੇ ਭੈਣ ਦੀ ਇਸ ਤਰ੍ਹਾਂ ਕੋਈ ਸਪੈਸ਼ਲ ਕੋਟਾ ਜਾਂ, ਜਦੋਂ ਤੱਕ ਉਹ ਜਿਉਣ ਜਾਂ ਮਹੀਨੇ ਦੀ ਮਹੀਨੇ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਤਸਵੀਰ: ਪਿੰਡ ਕੋਟਸ਼ਮੀਰ ਵਿੱਚ ਨੇਤਰਹੀਣ ਭਰਾ ਚੰਦ ਸਿੰਘ ਤੂੰਬੀ ਵਜਾਉਂਦਾ ਹੋਇਆ ਅਤੇ ਨਾਲ ਉਸ ਦੇ ਉਸਦਾ ਛੋਟਾ ਨੇਤਰਹੀਣ ਭਰਾ ਸੁਖਵਿੰਦਰ ਅਤੇ ਨਾਲ ਬੈਠੀ ਭੈਣ ਪਰਮਜੀਤ ਕੌਰ। ਫੋਟੋ: ਹਰਕ੍ਰਿਸ਼ਨ ਸ਼ਰਮਾ,ਬਠਿੰਡਾ 

Monday, February 26, 2018

ਮਾਲਵੇ ਦਾ ਦਿਲ ਕਰਨ ਲੱਗਿਆ ਸੂਬੇ ਦੀ ਖੁਦਕੁਸ਼ੀਆਂ ਦੀ ਰਾਜਧਾਨੀ ਦਾ ਰੁੱਤਬਾ ਅਖਤਿਆਰ

ਖੁਦਕੁਸ਼ੀਆਂ ਨੇ ਮਧੋਲਿਆ ਪੰਜਾਬ ਦੇ ਨਾਲ ਮਾਲਵੇ ਦੇ ਦਿਲ ਵੱਜੋਂ ਜਾਣੇ ਜਾਂਦੇ ਬਠਿੰਡਾ ਨੂੰ
ਮਾਲਵੇ ਦਾ ਦਿਲ ਕਰਨ ਲੱਗਿਆ ਸੂਬੇ ਦੀ ਖੁਦਕੁਸ਼ੀਆਂ ਦੀ ਰਾਜਧਾਨੀ ਦਾ ਰੁੱਤਬਾ ਅਖਤਿਆਰ
ਖੁਦਕੁਸ਼ੀਆ ਰਾਜਧਾਨੀ ਬਨਣ ਵੱਲ ਵੱਧ ਰਿਹਾ ਬਠਿੰਡਾ
        ਮਾਲਵੇ ਦੀ ਧਰਤੀ ਦੇ ਦਿਲ ਵੱਜੋਂ ਜਾਣਿਆਂ ਜਾਂਦਾ ਬਠਿੰਡਾ, ਜਿਸ ਨੇ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ, ਅੱਜਕਲ੍ਹ ਸੂਬੇ ਦੀ ਖੁਦਕੁਸ਼ੀਆਂ ਰਾਜਧਾਨੀ ਦਾ ਰੁੱਤਬਾ ਅਖਤਿਆਰ ਕਰਨ ਲੱਗ ਪਿਆ ਹੈ।
      ਬਠਿੰਡਾ ਜਿੱਥੇ ਇਸ ਗੱਲ ਦਾ ਮਾਣ ਕਰਦਾ ਹੈ ਕਿ ਇਸ ਇਲਾਕੇ ਵਿੱਚ ਏਸ਼ੀਆ ਕੰਟੀਨੈਂਟ ਦੀ ਫੌਜੀ ਛਾਉਣੀ ਅਤੇ ਪੰਜਾਬ ਦਾ ਸਭ ਤੋਂ ਪਹਿਲਾਂ ਤਾਪ ਬਿਜਲੀ ਘਰ ਦੀ 1969 ਵਿੱਚ ਸਥਾਪਨਾ ਹੋਈ, ਉਥੇ ਹੀ ਬਠਿੰਡਾ ਅੱਜਲ੍ਹ ਖੁਦਕੁਸ਼ੀਆਂ ਦੀ ਰਾਜਧਾਨੀ ਦੇ ਦਾਗ ਦੀ ਨਮੋਸ਼ੀ ਝੱਲਣ ਲਈ ਆਪਣੇ ਆਪ ਨੂੰ ਮਜ਼ਬੂਰ ਮਹਿਸੂਸ ਕਰ ਰਿਹਾ ਹੈ।
     ਭਾਵੇਂ ਇਸ ਖੇਤਰ ਵਿੱਚ ਖੁਦਕੁਸ਼ੀਆਂ ਤਾਂ ਲੋਕ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਹਨ, ਪਰ ਖੁਦਕੁਸ਼ੀਆਂ ਕਾਰਨ ਵਾਲਿਆਂ ਦੀ ਗਿਣਤੀ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਬੇਮਿਸਾਲ ਵਾਧੇ ਨੇ ਪੰਜਾਬ ਦੇ ਇਸ ਦੱਖਣੀ ਜ਼ਿਲ੍ਹੇ ਨੂੰ ਦੇਸ਼ ਦੇ ਨਕਸ਼ੇ ਤੇ ਇੱਕ ਨਕਾਰਾਤਮਕ ਪੱਖ ਤੋਂ ਉਭਾਰ ਦਿੱਤਾ ਹੈ ਅਤੇ ਸਭ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ ਕਿ ਖੁਦਕੁਸ਼ੀਆਂ ਦਾ ਇਹ ਰੁਝਾਨ ਆਉਣ ਵਾਲੇ ਸਮੇਂ ਵਿੱਚ ਕਿਤੇ ਖਤਰਨਾਕ ਰੂਪ ਨਾ ਅਖਤਿਆਰ ਕਰ ਲਵੇ। ਇਨ੍ਹਾਂ ਵਿੱਚ ਕੁੱਝ ਕਿਸੇ ਤੋਂ ਤੰਗ ਆ, ਕੋਈ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ, ਘਰੇਲੂ ਝਗੜੇ ਜਾਂ ਹੋਰ ਕਈ ਕਾਰਨ ਸਾਹਮਣੇ ਆ ਰਹੇ ਹਨ ਪਰ ਮਸਲਾ ਗੰਭੀਰ ਹੈ। ਹਾਲੇ ਕੁੱਝ ਪੁਲੀਸ ਕੋਲ ਖੁਦਕੁਸ਼ੀਆ ਦੇ ਮਾਮਲੇ ਆਉਂਦੇ ਹਨ,ਜਦੋਂਕਿ ਕੁੱਝ ਲੋਕਾਂ ਵੱਲੋਂ ਦੱਸੇ ਵੀ ਨਹੀਂ ਜਾਂਦੇ। 
     16-17 ਫਰਵਰੀ ਬਠਿੰਡਾ ਜ਼ਿਲ੍ਹੇ ਦੇ ਇਤਿਹਾਸ ਵਿੱਚ ਸ਼ਾਇਦ ਇੱਕੋ ਇੱਕ ਨਿਵੇਕਲਾ ਦਿਨ ਹੋਵੇਗਾ, ਜਿਸ ਦਿਨ ਇਸ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਚਾਰ ਜਣਿਆਂ ਨੇ ਆਪਣੀ ਜਾਨ ਲੈ ਲਈ ਅਤੇ ਲੋਕਾਂ ਮਨਾਂ ਵਿੱਚ ਇੱਕ ਕੰਬਣੀ ਜਿਹੀ ਛੇੜ ਦਿੱਤੀ। ਇਸ ਮਹੀਨੇ ਦੇ ਪਹਿਲੇ ਤਿੰਨ ਹਫਤਿਆ ਵਿੱਚ ਬਠਿੰਡਾ ਜ਼ਿਲ੍ਹੇ ਦੇ ਲੱਗਪਗ ਦਰਜਨ ਤੋਂ ਉਪਰ ਖੁਦਕੁਸ਼ੀਆਂ ਦੇਖ ਲਈਆਂ ਹਨ। ਇਹ ਰੁਝਾਨ ਵਿੱਚ ਹਾਲੇ ਤੱਕ ਕੋਈ ਬਦਲ ਨਜ਼ਰ ਨਹੀਂ ਆ ਰਿਹਾ।
     ਇਸ ਦਿਨ ਇੱਕ 28 ਸਾਲਾ ਨੌਜਵਾਨ ਨੇ ਬਠਿੰਡਾ-ਹਨੂੰਮਾਨਗੜ੍ਹ ਰੇਲ ਲਾਈਨ ‘ਤੇ ਪਿੰਡ ਪਥਰਾਲਾ ਦੇ ਕੋਲ ਗੱਡੀ ਹੇਠਾਂ ਆ ਕੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ, ਜਦੋਂਕਿ ਇੱਕ ਹੋਰ ਬਠਿੰਡਾ-ਧੂਰੀ ਰੇਲ ਲਾਈਨ ‘ਤੇ ਸਥਾਨਕ ਆਈਟੀਆਈ ਚੌਕ ਦੇ ਨੇੜੇ ਗੱਡੀ ਹੇਠਾਂ ਆ ਕੇ ਮੌਤ ਨੂੰ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਗਲੇ ਲਗਾ ਲਿਆ, ਜਦੋਂਕਿ ਗੋਪਾਲ ਨਗਰ ਵਿੱਚ ਇੱਕ 29 ਕੁ ਸਾਲਾਂ ਦੇ ਨੌਜਵਾਨ ਨੇ ਆਪਣੇ ਘਰ ਦੀ ਫਾਹਾ ਲਗਾ ਲਿਆ, ਜਦੋਂਕਿ ਇਸੇ ਦਿਨ ਅਮਰਪੁਰਾ ਬਸਤੀ ਵਿੱਚ ਵੀ ਚੁਬਾਰੇ ਦੇ ਪੱਖੇ ਨਾਲ ਇੱਕ ਨੌਜਵਾਨ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਇਸੇ ਤਰ੍ਹਾਂ ਅਰਜੁਨ ਨਗਰ ‘ਚ ਖੱਚਰ ਰੇਹੜੀ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਰਾਤ ਨੂੰ ਦਰੱਖਤ ਨਾਲ ਫਾਹਾ ਲਗਾ ਲਿਆ।
      ਇਸ ਮਹੀਨੇ 15 ਫਰਵਰੀ ਤੋਂ 2 ਫਰਵਰੀ ਤੱਕ ਅਲੱਗ ਅਲੱਗ ਤਾਰੀਖਾਂ ਨੂੰ ਖੁਦਕੁਸ਼ੀਆਂ ਕਰਨ ਵਾਲੇ ਮਾਮਲੇ ਇਸ ਤਰ੍ਹਾਂ ਹਨ। ਪਿੰਡ ਬੁਰਜ ਲੱਦਾ ਸਿੰਘ ਵਾਲਾ ‘ਚ ਇੱਕ ਵਿਅਕਤੀ ਵੱਲੋਂ ਜ਼ਹਿਰ ਖਾ ਕੇ, ਇਸ ਦੇ ਦੋ ਕੁ ਦਿਨ ਪਹਿਲਾਂ ਗੋਪਾਲ ਨਗਰ ‘ਚ ਇੱਕ ਕਾਂਗਰਸੀ ਮਹਿਲਾ ਆਗੂ ਦੁਆਰਾ ਜ਼ਹਿਰੀਲੀ ਚੀਜ਼ ਖਾ, ਇਸ ਤਰ੍ਹਾਂ 12 ਨੂੰ ਇੱਕ ਟੈਲੀਫੋਨ ਐਕਸਚੇਂਜ ਜੇਈ ਵੱਲੋਂ ਮੌੜ ਮੰਡੀ ‘ਚ ਫਾਹਾ ਲਗਾ, ਫਿਰ ਬਠਿੰਡਾ-ਗੋਨਿਆਣਾ ਰੋਡ ‘ਤੇ ਪਰਲ ਸਿਟੀ ‘ਚ ਇੱਕ ਨੌਜਵਾਨ ਦੀ ਲਾਸ਼ ਦਰੱਖਤ ‘ਤੇ ਲਟਕਦੀ ਮਿਲੀ ਸੀ, ਜਿਸ ‘ਚ ਪੁਲੀਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ, ਇਸੇ ਤਰ੍ਹਾਂ ਬਲਰਾਜ ਨਗਰ ‘ਚ 30 ਸਾਲਾ ਨੌਜਵਾਨ ਨੇ ਪ੍ਰੇਸ਼ਾਨੀ ਕਾਰਨ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ, ਸ਼ਹੀਦ ਭਗਤ ਸਿੰਘ ਨਗਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੀ ਘਰ ਦੀ ਉਪਰਲੀ ਮੰਜ਼ਿਲ ‘ਤੇ ਫਾਹਾ ਲਿਆ, ਭੱਟੀ ਰੋਡ ‘ਤੇ ਅਲੂਮੀਨੀਅਮ ਦਾ ਕੰਮ ਕਰਨ ਵਾਲੇ ਇੱਕ ਦੁਕਾਨਦਾਰ ਨੇ ਕੁੱਝ ਲੋਕਾਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ, ਇਸ ਦੇ ਪਹਿਲਾਂ 2 ਫਰਵਰੀ ਨੂੰ ਪਰਸ ਰਾਮ ਨਗਰ ਵਿੱਚ ਆਲਮ ਬਸਤੀ ਵਿੱਚ ਗਿਆਰ੍ਹਵੀਂ ‘ਚ ਪੜ੍ਹਨ ਵਾਲੀ ਵਿਦਿਆਰਥਣ ਨੇ ਚੁਬਾਰੇ ‘ਚ ਫਾਹਾ ਲਗਾ ਜੀਵਨ ਲੀਲਾ ਖਤਮ ਕੀਤੀ।
    ਪੰਜਾਬੀ ਗਾਇਕ ਗੁਰਵਿੰਦਰ ਬਰਾੜ ਦਾ ਆਖਣਾ ਹੈ ਕਿ ਮੌਜੂਦਾ ਸਮੇਂ ਲੋਕਾਂ ਅਤੇ ਬੱਚਿਆ ਵਿੱਚ ਸਹਿਜਤਾ ਖਤਮ ਹੁੰਦੀ ਜਾ ਰਹੀ ਹੈ। ਇਹ ਸਹਿਜਤਾ ਕਿਤਾਬਾਂ ਨੂੰ ਪੜ੍ਹਨ ‘ਤੇ ਆ ਸਕਦੀ ਹੈ। 
     ਗੀਤਕਾਰ ਮਨਪ੍ਰੀਤ ਟਿਵਾਣਾ ਦਾ ਆਖਣਾ ਹੈ ਕਿ ਜੇ ਜਾਨ ਹੈ ਤਾਂ ਜਹਾਨ ਹੈ। ਚੰਗੇ ਮਾੜੇ ਦਿਨ ਆਉਂਦੇ ਹਨ ਪਰ ਪਰਿਵਾਰ ਬਾਰੇ ਹਰ ਇੱਕ ਨੂੰ ਸੋਚਦਾ ਚਾਹੀਦਾ ਹੈ। ਨਿਰਾਸ਼ ਹੋ ਜਾਨ ਲੈਣ ਦੀ ਬਜਾਏ ਮਸਲੇ ਦਾ ਹੱਲ ਕੱਢਿਆ ਜਾਵੇ। ਵਿਦਿਆਰਥੀੰ ਸਾਹਿਤ ਨਾਲ ਜੁੜਨ ਅਤੇ ਟੀਚੇ ਮਿੱਥਣ, ਮਿਹਨਤ ਕਰਨ, ਖਾਹਿਸ਼ਾਂ ਅਤੇ ਸਮਰੱਥਾ ਵਿੱਚ ਸਮਤੋਲ ਰੱਖਣ।
     ਜਮਹੂਰੀ ਅਧਿਕਾਰ ਸਭਾ ਦੇ ਬੱਗਾ ਸਿੰਘ ਅਨੁਸਾਰ ਸਰਕਾਰਾਂ ਨੂੰ ਅਜਿਹੇ ਵਰਤਾਰੇ ‘ਤੇ ਠੱਲ੍ਹ ਪਾਉਣ ਲਈ ਗੰਭੀਰ ਚਿੰਤਨ ਦੀ ਲੋੜ ਹੈ। ਬੱਚਿਆਂ ਅਤੇ ਲੋਕਾਂ ਨੂੰ ਤਣਾਉ ਮੁਕਤ ਕਰਨ ਲਈ ਵਿਸ਼ੇਸ ਉਪਰਾਲੇ ਕਰਦੇ ਹੋਏ ਸਕੂਲਾਂ ‘ਤੇ ਹੋਰ ਜਗ੍ਹਾ ‘ਤੇ ਮਨੋਰੋਗੀ ਮਾਹਿਰਾਂ ਦੇ ਕੈਂਪ ਲਗਾਏ ਜਾਣੇ ਜ਼ਰੂਰੀ ਹਨ ਅਤੇ ਨਾਕਾਰਤਮ ਸੋਚ  ਦੂਰ ਕਰਨ ਦੀ ਜਰੁਰਤ ਹੈ।
    ਸਹਾਰਾ ਸੰਸਥਾ ਪ੍ਰਧਾਨ ਵਿਜੇ ਗੋਇਲ ਅਨੁਸਾਰ ਮਸਲਾ ਗੰਭੀਰ ਹੈ। ਉਨ੍ਹਾਂ ਦੀ ਦੋ ਮਨੋਵਿਗਿਆਨਕ ਡਾਕਟਰਾਂ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਕਮੇਟੀ ਬਣਾ ਰਹੇ ਹਨ ਤਾਂ ਜੋ ਸਕੂਲਾਂ ਕਾਲਜਾਂ ਵਿੱਚ ਬੱਚਿਆਂ ਨੂੰ ਤਣਾਉ ਮੁਕਤ ਕਰਨ ਲਈ ਲੈਕਚਰ ਕਰਵਾਏ ਜਾਣ। ਖੁਦਕੁਸ਼ੀਆਂ ਪਿੱਛੇ ਸਮਾਜਿਕ ਕਾਰਨ ਵੀ ਹਨ। ਪਿਆਰ ਨਾਲ ਪਰਿਵਾਰਕ ਮੈਂਬਰਾਂ ਨਾਲ ਨਜਿੱਠਣ ਦੀ ਲੋੜ ਹੈ।
    ਮਨੋਵਿਗਿਆਨਕ ਮਾਹਿਰ ਨਿਧੀ ਗੁਪਤਾ ਦਾ ਆਖਣਾ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਇੱਕ ਦੂਜੇ ਅਤੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਭੱਜ ਦੌੜ ਦੀ ਜ਼ਿੰਦਗੀ ਵੀ ਖੁਦਕੁਸ਼ੀਆ ਦਾ ਮੁੱਖ ਕਾਰਨ ਬਣ ਰਹੀ ਹੈ। ਨੌਜਵਾਨ ਕੰਮ ਦੀ ਬਜਾਏ ਜਲਦ ਤੋਂ ਜਲਦ ਹਰ ਚੀਜ਼ ਪਾਉਣਾ ਚਾਹੁੰਦੇ ਹਨ।    

Thursday, June 29, 2017

ਪੰਜਾਬੀ ਪੱਤਰਕਾਰੀ ਦੀ ਲੰਬੀ ਪਾਰੀ ਖੇਡਣ ਵਾਲੇ ਖਿਡਾਰੀ ਸ੍ਰੀ ਹੁਕਮ ਚੰਦ ਸ਼ਰਮਾ ਨੂੰ ਯਾਦ ਕਰਦਿਆਂ

ਪੰਜਾਬੀ ਪੱਤਰਕਾਰੀ ਦੀ ਲੰਬੀ ਪਾਰੀ ਖੇਡਣ ਵਾਲੇ ਖਿਡਾਰੀ ਸ੍ਰੀ ਹੁਕਮ ਚੰਦ ਸ਼ਰਮਾ ਨੂੰ ਯਾਦ ਕਰਦਿਆਂ

ਕਲਮ ਦੀ ਤਾਕਤ ਨਾਲ ਜ਼ਿੰਦਗੀ ਭਰ ਲੋਕ ਹਿੱਤਾਂ 'ਚ ਨਿਤਰਦੇ ਰਹੇ ਸ੍ਰੀ ਹੁਕਮ ਚੰਦ ਸ਼ਰਮਾ ਜੀ

         ਪੰਜਾਬੀ ਪੱਤਰਕਾਰੀ 'ਚ ਲੰਬੀ ਪਾਰੀ ਖੇਡਣ ਵਾਲੇ ਸ੍ਰੀ ਹੁਕਮ ਚੰਦ ਸ਼ਰਮਾ ਜੀ ਭਾਵੇਂ ਅੱਜ ਦੁਨੀਆਂ 'ਚ ਨਹੀਂ ਰਹੇ। ਪਰ ਆਪਣੀ ਕਲਮ ਦੀ ਤਾਕਤ ਨਾਲ ਹਮੇਸ਼ਾ 53 ਸਾਲਾ ਸਰਗਰਮ ਰਹਿਣ ਕਾਰਨ ਹਮੇਸ਼ਾ ਯਾਦ ਰੱਖਿਆ ਜਾਂਦਾ ਰਹੇਗਾ। ਬਾਬਾ ਬੋਹੜ ਵੀ ਉਨ੍ਹਾਂ ਨੂੰ ਭਾਵੇਂ ਕਿਹਾ ਜਾਂਦਾ ਰਿਹਾ ਹੈ ਪਰ ਕ੍ਰਿਕਟ ਦੀ ਭਾਸ਼ਾ ਅਨੁਸਾਰ ਪੱਤਰਕਾਰੀ  ਵਿੱਚ ਅਰਧ ਸੈਂਕੜਾ ਪਾਰ ਕਰਨ ਪੱਤਰਕਾਰਾਂ ਵਿੱਚੋਂ ਵੀ ਉਹ ਇੱਕ ਸਨ। ਇੰਨੀ ਲੰਬੀ ਪਾਰੀ ਖੇਡਦਿਆਂ ਨਾ ਉਹ ਅੱਕੇ ਨਾ ਥੱਕੇ ਹਮੇਸ਼ਾ ਮੀਂਹ ਆਵੇ ਜਾਂ ਹਨ੍ਹੇਰੀ ਉਹ ਹਾਥੀ ਦੀ ਚਾਲ ਵਾਂਗ ਚੱਲਦੇ ਰਹੇ। 70 ਸਾਲਾਂ ਨਜ਼ਦੀਕ ਅਪੜਕੇ ਵੀ ਨੌਜਵਾਨ ਪੱਤਰਕਾਰਾਂ ਤੋਂ ਜ਼ਿਆਦਾ ਕੰਮ ਕਰਨ ਕਰਕੇ ਉਨ੍ਹਾਂ ਦੀ ਪੱਤਰਕਾਰੀ ਕਦੇ ਬੁੱਢੀ ਹੁੰਦੀ ਦਿਖਾਈ ਨਹੀਂ ਦਿੱਤੀ ਹੈ। ਉਨ੍ਹਾਂ ਦੀਆਂ ਲਿਖਤਾਂ ਨਾਲ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸੰਸਕ ਤੇ ਆਲੋਚਕ ਬਣੇ।  


          ਹਮੇਸ਼ਾ ਅੰਮ੍ਰਿਤ ਵੇਲੇ ਉਠਣਾ, ਰੇਡੀਓ ਤੇ ਗੁਰਬਾਣੀ ਸੁਨਣਾ, ਕਈ ਘੰਟਿਆਂ ਤੱਕ ਅਖਬਾਰ ਪੜ੍ਹਨੇ, ਭਖਦੇ ਮੁੱਦਿਆਂ 'ਤੇ ਖੁਦ ਤੇ ਹੋਰਾਂ ਨਾਲ ਵਿਚਾਰ ਚਰਚਾ ਕਰਨੀ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸਨ। ਪੱਤਰਕਾਰੀ ਦੇ ਨਾਲ ਨਾਲ ਸਮਾਜਸੇਵਾ ਕਰਨਾ ਵੀ ਉਨ੍ਹਾਂ ਦਾ ਇੱਕ ਦੂਜਾ ਅਨਿੱਖੜਵਾਂ ਅੰਗ ਸੀ। ਉਹ ਖਬਰ ਦੇ ਨਾਲ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਨਿੱਜੀ ਤੌਰ 'ਤੇ ਵੀ ਯਤਨਸ਼ੀਲ ਰਹਿੰਦੇ ਸਨ ਸ਼ਾਇਦ ਇਹੀ ਕਾਰਨ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਨਗਰ ਕੌਂਸਲਰ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ।

           ਬਿਨ੍ਹਾਂ ਕਿਸੇ ਸਿਆਸੀ ਅਹੁਦੇ ਦੇ ਆਪਣੇ ਇਲਾਕੇ ਦੇ ਸਕੂਲ , ਧਰਮਸ਼ਾਲਾਵਾਂ, ਸੀਵਰੇਜ ਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ 'ਚ ਅਹਿਮ ਭੂਮਿਕਾ ਨਿਭਾਈ। ਇਸ ਦੇ ਨਾਲ ਵਿਧਵਾਵਾਂ, ਬਜ਼ੁਰਗਾਂ ਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਤੇ ਹੋਰ ਗਰੀਬ ਪਰਿਵਾਰਾਂ ਨੂੰ ਆਰਥਿਕ ਸਹੂਲਤਾਂ ਦਿਵਾਉਣ ਦੇ ਲਈ ਆਪਣੇ ਨਿੱਜੀ ਤੌਰ 'ਤੇ ਆਪਣੇ ਜਿੰਨੇ ਯਤਨ ਕਰਦੇ ਸ਼ਾਇਦ ਇਹੀ ਕਾਰਨ ਸੀ ਕਿ ਗਰੀਬ ਲੋਕ ਆਪਣਾ ਸੱਚਾ ਹਮਦਰਦ ਮੰਨਦੇ ਸਨ।

         ਭਾਵੇਂ ਉਨ੍ਹਾਂ ਦਾ ਜਨਮ ਗਰੀਬ ਘਰਾਣੇ ਵਿੱਚ ਸ੍ਰੀ ਸਾਧੂ ਰਾਮ ਸ਼ਰਮਾ ਦੇ ਘਰ ਅਤੇ ਸ੍ਰੀਮਤੀ ਪ੍ਰਸਿੰਨੀ  ਦੇਵੀ ਸ਼ਰਮਾ ਦੀ ਕੁੱਖੋਂ 2 ਅਗਸਤ 1948 ਵਿੱਚ ਪਿੰਡ ਭੈਣੀ ਸਬ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਸਰਕਾਰੀ ਹਾਈ ਸਕੂਲ ਮਹਿਰਾਜ ਜ਼ਿਲ੍ਹਾ ਬਠਿੰਡਾ ਰਾਹੀਂ ਮਾਰਚ 1964 ਵਿੱਚ ਦਸਵੀਂ ਪਾਸ ਕਰਨ ਉਪਰੰਤ ਬਠਿੰਡਾ 'ਚ ਆ ਕੇ ਪੰਜਾਬੀ ਟਾਈਪ ਸਿੱਖਕੇ ਆਪਣਾ ਕੰਮ ਸ਼ੁਰੂ ਕੀਤਾ। ਪੰਜਾਬੀ ਟਾਈਪ ਭਾਵੇਂ ਉਹ ਕੰਪਿਊਟਰ ਦੀ ਨਹੀਂ ਜਾਣਦੇ ਸਨ ਪਰ ਪੁਰਾਣੇ ਜ਼ਮਾਨੇ ਦੀ ਟਾਈਪ ਮਸ਼ੀਨ ਦੇ ਕੀ ਬੋਰਡ ਨੂੰ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਚਲਾਉਂਦੇ ਸਨ।

          ਸਤੰਬਰ 1965 ਵਿੱਚ ਰੋਜ਼ਾਨਾ ਰਣਜੀਤ ਬਠਿੰਡਾ ਰਾਹੀਂ ਪੰਜਾਬੀ ਪੱਤਰਕਾਰੀ ਨਾਲ ਜੁੜਨ ਬਾਅਦ 1968 ਵਿੱਚ ਰੋਜ਼ਾਨਾ ਨਵਾਂ ਜ਼ਮਾਨਾ ਬਠਿੰਡਾ ਤੋਂ ਪੱਤਰ ਪ੍ਰੇਰਕ ਨਿਯੁਕਤ ਹੋਏ। ਅਗਸਤ 1977 ਤੋਂ 2000 ਤੱਕ ਆਲ ਇੰਡੀਆ ਰੇਡੀਓ ਦੇ ਬਠਿੰਡਾ ਜ਼ਿਲ੍ਹਾ ਲਈ ਪੱਤਰਕਾਰ ਨਿਯੁਕਤ ਹੋਏ, ਸੰਨ 1978 ਤੋਂ 1992 ਤੱਕ ਪੀ.ਟੀ.ਆਈ ਨਿਊਜ਼ ਏਜੰਸੀ, 1982 ਤੋਂ 1992 ਤੱਕ ਬਠਿੰਡਾ ਜ਼ਿਲ੍ਹੇ ਲਈ ਅੰਗਰੇਜ਼ੀ ਦੇ ਅਖਬਾਰ ਇੰਡੀਅਨ ਐਕਸਪ੍ਰੈਸ ਅਤੇ ਜਨਸੱਤਾ ਹਿੰਦੀ ਦੇ ਨਿਊਜ਼ ਰਿਪੋਰਟਰ ਰਹੇ, ਮਈ 1992 ਵਿੱਚ ਰੋਜ਼ਾਨਾ ਅਜੀਤ ਜਲੰਧਰ ਦੇ ਸਟਾਫ ਰਿਪੋਰਟ ਨਿਯੁਕਤ ਹੋਏ, ਵੱਡੀ ਗਿਣਤੀ ਵਿੱਚ ਵੱਖੋ- ਵੱਖ ਵਿਸ਼ਿਆਂ ਉਪਰ ਰੋਜ਼ਾਨਾ ਅਜੀਤ ਤੇ ਨਵਾਂ ਜ਼ਮਾਨਾ ਦੇ ਵਿਸ਼ੇਸ ਅੰਕ ਪ੍ਰਕਾਸ਼ਤ ਕਰਵਾਏ। 1967 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਹੋਈਆਂ ਚੋਣਾਂ ਅਤੇ ਰਾਜਸਥਾਨ ਅਸੰਬਲੀ ਚੋਣਾਂ ਦੀ ਕਵਰੇਜ਼ ਕੀਤੀ। ਰਾਜਨੀਤਿਕ ਤੇ ਕਿਸਾਨੀ 'ਤੇ ਵਿਸ਼ੇਸ ਪਕੜ ਰੱਖਣ ਕਾਰਨ ਉਨ੍ਹਾਂ ਨਾਲ ਹਮੇਸ਼ਾ ਵੱਡੇ ਵੱਡੇ ਰਾਜਨੀਤਿਕ ਨੇਤਾ ਵੀ ਰਾਏ ਮਸ਼ਵਰਾ ਕਰਨ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਸਨ।

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...