Tuesday, December 4, 2012

ਲਾਡਾਂ ਨਾਲ ਪਾਲੇ ਪੁੱਤਰ ਨੇ ਮਾਪਿਆਂ ਨੂੰ ਕੀਤਾ ਘਰੋਂ ਬਾਹਰ

  • ਮਾਪੇ ਦੋ ਮਹੀਨਿਆਂ ਤੋਂ ਕੱਟ ਰਹੇ ਹਨ ਗੁਰਦੁਆਰਿਆਂ 'ਚ ਰਾਤਾਂ
  • ਲਾਡਾਂ ਨਾਲ ਪਾਲੇ ਪੁੱਤਰ ਨੇ ਘਰ 'ਤੇ ਕਬਜ਼ਾ ਕਰ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਹੀ ਘਰੋਂ ਕੱਢ ਦਿੱਤਾ ਹੈ।
ਕਾਨੂੰਨਾਂ ਤੋਂ ਅਨਜਾਣ ਅਨਪੜ੍ਹ ਬਜ਼ੁਰਗ ਜੌੜਾ ਜਿਥੇ ਇਨਸਾਫ ਦੀ ਗੁਹਾਰ ਲਗਾਉਣ ਲਈ ਪੁਲਿਸ ਮਹਿਕਮਿਆਂ ਦੇ ਗੇੜੇ ਲਾਉਂਦਾ ਲਾਉਂਦਾ ਥੱਕ ਚੁੱਕਿਆ ਹੈ। ਉੱਥੇ ਹੀ ਗੁਰਦੁਆਰਿਆਂ ਵਿੱਚ ਰਾਤਾਂ ਕੱਟ ਕੇ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੋ ਚੁੱਕਿਆ ਹੈ। ਹਰ ਸਮੇਂ ਕਿਸੇ ਪਾਸਿਉਂ ਰੋਸ਼ਨੀ ਦੀ ਕਿਰਨ ਦੇਖਣ ਲਈ ਉਤਾਵਲਾ ਹੈ ਮਗਰ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਣ ਕਰਕੇ ਉਦਾਸੀ ਦੇ ਆਲਮ ਵਿੱਚ ਗੁਆਚੇ ਦਿਨ ਕੱਟੀ ਕਰ ਰਿਹਾ ਹੈ।

ਦੱਸਣਯੋਗ ਹੈ ਕਿ 81 ਸਾਲਾ ਵੀਰ ਚੰਦ ਪੁੱਤਰ ਰਾਮ ਕਿਸ਼ਨ ਅਤੇ 72 ਸਾਲਾ ਮੂਰਤੀ ਦੇਵੀ ਪਤਨੀ ਵੀਰ ਚੰਦ,ਸਾਬਣ ਵਾਲੀ ਗਲੀ,ਪਿਸ਼ੋਰੀਆ ਮੁਹੱਲਾ ਬਠਿੰਡਾ ਛੇ ਧੀਆਂ ਅਤੇ ਇੱਕ ਪੁੱਤ ਦੇ ਮਾਪੇ ਹਨ ਪਰੰਤੂ ਫਿਰ ਵੀ ਦੋਨਾਂ ਨੂੰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਧੀਆਂ ਦੇ ਘਰ ਜਾਣਾ ਚੰਗਾ ਨਹੀ ਸਮਝਦੇ ਅਤੇ ਲਾਡਾਂ ਨਾਲ ਪਾਲਿਆ ਪੁੱਤ ਅੱਜ ਕਪੁੱਤ ਬਣ ਚੁੱਕਿਆ ਹੈ। ਜਿਸ ਨੇ ਦੋਨੋ ਬਜ਼ੁਰਗਾਂ ਨੂੰ ਨਸ਼ੇ ਵਿੱਚ ਧੁੱਤ ਹੋ ਕੇ ਘਰੋਂ ਕੁੱਟ ਕੁੱਟ ਕੇ ਕੱਢ ਦਿੱਤਾ ਅਤੇ ਅੱਜ ਤੱਕ ਉਨ੍ਹਾਂ ਦੀ ਸਾਰ ਵੀ ਨਹੀਂ ਲਈ ਕਿ ਉਹ ਕਿਥੇ ਜ਼ਿੰਦਗੀ ਬਸਰ ਕਰ ਰਹੇ ਹਨ। ਅੱਖਾਂ ਵਿੱਚ ਹੰਝੂਆਂ ਨੂੰ ਰੋਕ ਨਾ ਸਕਦੀ ਹੋਈ ਬਜ਼ੁਰਗ ਮਾਤਾ ਮੂਰਤੀ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੇ ਧੀਆਂ ਸਨ ਅਤੇ ਇੱਕ ਪੁੱਤਰ ਕੁਲਦੀਪ ਸਿੰਘ ਹਨ। ਉਸਦੇ ਪਤੀ ਤਪਾ ਮੰਡੀ ਵਿਖੇ ਜ਼ਮੀਨ ਗਹਿਣੇ 'ਤੇ ਲੈ ਕੇ ਖੇਤੀ ਕਰ ਕੇ ਰੋਜ਼ੀ ਰੋਟੀ ਦਾ ਪ੍ਰਬੰਧ ਕਰਦੇ ਸਨ ਅਤੇ ਮੁਸ਼ਕਿਲਾਂ ਨਾਲ ਆਪਣੀਆਂ ਛੇ ਧੀਆਂ ਵਿਆਹ ਦਿੱਤੀਆਂ। ਜੋ ਆਪਣੇ ਘਰ ਮੌਜਾਂ ਕਰਦੀਆਂ ਹਨ ਮਗਰ ਰੱਬ ਨੇ ਇੱਕ ਪੁੱਤ ਦਿੱਤਾ ਸੀ ਉਹ ਕਪੁੱਤ ਨਿਕਲ ਗਿਆ। ਜਿਸ ਨੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਦਿੱਤਾ। ਭਾਵੁਕ ਹੋਈ ਬਜ਼ੁਰਗ ਮਾਤਾ ਨੇ ਆਖਿਆ ਕਿ ਉਨ੍ਹਾਂ 15 ਕੁ ਸਾਲ ਪਹਿਲਾਂ ਇਕੱਠੀ ਕੀਤੀ ਪੂੰਜੀ ਨਾਲ ਸਾਬਣ ਵਾਲੀ ਗਲੀ, ਪਿਸ਼ੋਰੀਆ ਮੁਹੱਲਾ ਬਠਿੰਡਾ ਵਿਖੇ ਘਰ ਖਰੀਦਿਆ ਸੀ। ਜੋ ਕਿ ਉਸਦੇ ਨਾਮ (ਮੂਰਤੀ ਦੇਵੀ) ਦੇ ਨਾਮ ਹੈ ਮਗਰ ਉਨ੍ਹਾਂ ਦਾ ਲੜਕਾ ਸ਼ਰਾਬੀ,ਕਬਾਬੀ ਹੈ ਅਤੇ ਘਰ ਵਿੱਚ ਹੋਰ ਵੀ ਬਹੁਤਿਆਂ ਨੂੰ ਬੁਲਾਉਂਦਾ ਰਹਿੰਦਾ ਹੈ। ਘਰ ਵਿੱਚ ਸ਼ਰੇਆਮ ਸ਼ਰਾਬ ਪੀਂਦੇ ਹਨ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋਣ ਬਾਅਦ ਹੀ ਉਨ੍ਹਾਂ ਨੂੰ ਘਰੋਂ ਕੁੱਟ ਕੁੱਟ ਕੇ ਕੱਢ ਦਿੱਤਾ ਗਿਆ। ਉਸਨੇ ਧਮਕੀ ਵੀ ਦਿੱਤੀ ਕਿ ਜੇਕਰ ਘਰ ਅੰਦਰ ਦਾਖਲ ਹੋਏ ਤਾਂ ਜਾਨੋ ਮਾਰ ਦਿਆਂਗਾ।

ਉਸਨੇ ਦੱਸਿਆ ਕਿ 5 ਕੁ ਜਮਾਤਾਂ ਪੜ੍ਹਿਆ ਕੁਲਦੀਪ ਸਿੰਘ ਡਰਾਈਵਰੀ ਕਰਦਾ ਸੀ ਅਤੇ ਹੁਣ ਉਸਨੇ ਉਹ ਵੀ ਛੱਡ ਦਿੱਤੀ ਹੈ। 45 ਸਾਲਾ ਕੁਲਦੀਪ ਦਾ ਤਿੰਨ ਵਾਰ ਵਿਆਹ ਵੀ ਹੋ ਚੁੱਕਾ ਹੈ। ਮਗਰ ਹੁਣ ਤੱਕ ਤਿੰਨੋ ਘਰ ਵਾਲੀਆਂ ਨਾਲ ਤਲਾਕ ਹੋ ਗਿਆ ਅਤੇ ਹੁਣ ਉਹ ਘਰ ਦਾ ਸਮਾਨ ਵੀ ਖੁਰਦ ਬੁਰਦ ਕਰ ਰਿਹਾ ਹੈ। ਬੁਢਾਪੇ 'ਚ ਜੀਵਨ ਦਾ ਸਹਾਰਾ ਬਨਣ ਦੀ ਬਜਾਏ ਸਾਡਾ ਦੁਸ਼ਮਣ ਬਣ ਗਿਆ ਹੈ। ਕਈ ਮਹੀਨਿਆਂ ਤੋਂ ਰਾਤ ਤਾਂ ਗੁਰਦੁਆਰਾ ਸਿੰਘ ਸਭਾ ਵਿੱਚ ਅਤੇ ਦਿਨ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿੱਚ ਕੱਟ ਰਹੇ ਹਾਂ। ਆਪਣਾ ਘਰ ਹੋਣ 'ਤੇ ਵੀ ਰਾਤਾਂ ਗੁਰਦੁਆਰਿਆਂ ਵਿੱਚ ਕੱਟਣੀਆਂ ਪੈ ਰਹੀਆਂ ਹਨ। ਉਨ੍ਹਾਂ ਆਖਿਆ ਕਿ  ਮੇਰੇ ਘਰ ਵਾਲੇ ਤੋਂ ਚੱਲਿਆ ਜਾਂਦਾ ਨਹੀਂ ਅਤੇ ਸੁਣਦਾ ਉੱਚੀ ਹੈ। ਹੁਣ ਮੇਰੀ ਵੀ ਉਮਰ ਅਜਿਹੀ ਨਹੀਂ ਰਹੀ ਕਿ ਮੈਂ ਵੀ ਉਨ੍ਹਾਂ ਦੀ ਜ਼ਿਆਦਾ ਮਦਦ ਕਰ ਸਕਾਂ। ਉਹ ਮਸਾਂ ਖੁੰਢੀ ਦੇ ਸਹਾਰੇ ਚੱਲਦੇ ਹਨ। ਉਨ੍ਹਾਂ ਅਖਿਆ ਕਿ ਹੁਣ ਤੱਕ ਉਹ ਕਈ ਵਾਰ ਐਸ.ਐਸ.ਪੀ ਸਾਹਿਬ ਸੁਖਚੈਨ ਸਿੰਘ ਗਿੱਲ ਨੂੰ ਦਰਖਾਸਤਾਂ ਦੇ ਚੁੱਕੇ ਹਨ ਮਗਰ ਹੁਣ ਥੱਕ ਹੰਭ ਗਏ ਹਨ। ਇੰਝ ਲੱਗਦਾ ਹੈ ਕਿ ਸਾਰੀ ਉਮਰ ਹੁਣ ਸੜਕਾਂ 'ਤੇ ਰੁਲਦਿਆਂ ਹੀ ਨਿਕਲ ਜਾਣੀ ਹੈ। ਉਸਨੇ ਆਖਿਆ ਕਿ ਸੁੱਖਾਂ ਸੁੱਖ ਕੇ ਰੱਬ ਤੋਂ ਲਏ ਪੁੱਤਰ ਨੇ ਹੀ ਘਰੋ ਬੇਘਰ ਕਰ ਦਿੱਤਾ ਅਤੇ ਅੱਜ ਇਹੀ ਸੁੱਖ ਸੁਖਦੇ ਹਾਂ ਕਿ ਜੇਕਰ ਸਾਨੂੰ ਕੁੱਝ ਹੋ ਵੀ ਗਿਆ ਤਾਂ ਇਹ ਘਰ ਉਸ ਪੁੱਤ ਨੂੰ ਨਾ ਮਿਲੇ। ਜਿਸ ਨੇ ਸਾਨੂੰ ਤੜਫਾ ਛੱਡਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਜਿੱਥੇ ਕਰੋੜਾਂ ਰੁਪਇਆ ਬਿਰਧ ਆਸ਼ਰਮ ਬਨਾਉਣ 'ਤੇ ਲਗਾ ਰਹੀ ਹੈ। ਉੱਥੇ ਹੀ ਉਨ੍ਹਾਂ ਜਿਹੇ ਬਜ਼ੁਰਗਾਂ ਦੀ ਸੁਣਵਾਈ ਹੋਣ ਵੱਲ ਵੀ ਧਿਆਨ ਦੇਵੇ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ  ਤਾਂ ਜੋ ਉਹ ਆਪਣੇ ਆਖਰੀ ਪੜਾਅ ਬੁਢਾਪੇ ਦੇ ਸਾਲ ਆਪਣੇ ਘਰ ਦੀ ਛੱਤ ਥੱਲੇ ਗੁਜ਼ਾਰ ਸਕਣ ਅਤੇ ਦਰ ਦਰ ਦੀਆਂ ਠੋਕਰਾਂ ਖਾਣ ਤੋਂ ਬਚ ਜਾਣ। ਇਸ ਸਬੰਧੀ ਜਦ ਬਠਿੰਡਾ ਦੇ ਐਸ.ਐਸ.ਪੀ  ਸੁਖਚੈਨ ਸਿੰਘ ਗਿੱਲ ਨਾਲ ਫੋਨ 'ਤੇ ਸੰਪਰਕ ਕਰਨ ਦੀ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।

Saturday, July 21, 2012

ਸ਼ਹਿਰੀ ਲੋਕ ਪਾਣੀ ਨੂੰ ਤਰਸੇ, ਅਫਸਰਾਂ ਦੇ ਘਰਾਂ ਵਿੱਚ ਪਾਣੀ ਬਿਨ ਬਰਸਾਤ ਬਰਸੇ

ਨਗਰ ਨਿਗਮ ਅਫਸਰਾਂ ਨੂੰ ਲੱਗੀਆਂ ਮੌਜਾਂ ਹੀ ਮੌਜਾਂ


ਕਲੋਨੀ ਦੀ ਵਾੜੀ ਵਿੱਚ ਚੱਲਦਾ 24 ਘੰਟੇ ਪਾਣੀ

ਨਗਰ ਨਿਗਮ ਬਠਿੰਡਾ ਦੇ ਅਫਸਰਾਂ ਨੂੰ ਪੀਣ ਵਾਲੇ ਪਾਣੀ ਦੀ ਹਾਟ ਲਾਈਨ ਵਰਗੀ ਸਪਲਾਈ ਚੱਲ ਰਹੀ ਹੈ। ਦੂਸਰੀ ਤਰਫ ਆਮ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ ਪਏ ਹਨ। ਨਗਰ ਨਿਗਮ ਦੀ ਆਪਣੀ ਸਰਕਾਰੀ ਕਲੋਨੀ ਹੈ। ਜਿਸ ਵਿੱਚ ਕਮਿਸ਼ਨਰ ਓਮਾ ਸ਼ੰਕਰ ਗੁਪਤਾ,ਐਕਸੀਅਨ ਤੀਰਥ ਰਾਮ, ਜੇ.ਈ, ਐਸ.ਡੀ.ਓ ਅਤੇ ਹੋਰ ਅਧਿਕਾਰੀ ਰਹਿ ਰਹੇ ਹਨ। ਉਸ ਵਿੱਚ ਪਾਣੀ ਦੀ ਕੋਈ ਤੋਟ ਨਹੀਂ ਹੈ ਅਤੇ ਪੂਰਾ ਪੂਰਾ ਦਿਨ ਪਾਣੀ ਦੀ ਸਪਲਾਈ ਚੱਲਦੀ ਹੈ। ਪਾਣੀ ਦੀ ਸਪਲਾਈ ਕਾਰਣ ਕਲੋਨੀ ਵਿੱਚ ਰਹਿੰਦੇ ਅਫਸਰਾਂ ਅਤੇ ਕਰਮਚਾਰੀਆਂ ਨੂੰ ਮੌਜਾਂ ਹੀ ਮੌਜਾਂ ਲੱਗੀਆਂ ਹੋਈਆਂ ਹਨ। ਪਾਣੀ ਦੀ ਕਿੰਨੀ ਵੀ ਕਿੱਲਤ ਹੋਵੇ ਪਰੰਤੂ ਬਠਿੰਡਾ ਦੀ ਇਸ ਕਲੋਨੀ ਵਿੱਚ ਪਾਣੀ ਦੀ ਸਪਲਾਈ ਨਿਰ ਵਿਘਨ ਚਾਲੂ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਕਈ ਦਿਨ ਦੀ ਨਹਿਰੀ ਬੰਦੀ ਦੌਰਾਨ ਜਦ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਨਹੀਂ ਤਾਂ ਘੱਟ ਕਰ ਦਿੱਤੀ ਗਈ ਸੀ ਅਤੇ ਕਈ ਇਲਾਕਿਆਂ ਵਿੱਚ ਬਿਲਕੁਲ ਬੰਦ ਕਰ ਦਿੱਤੀ ਗਈ ਸੀ। ਇਸ ਦੇ ਚੱਲਦਿਆਂ ਲੋਕ ਪਾਣੀ ਦੀ ਬੂੰਦ ਲਈ ਤਰਸ ਗਏ ਸਨ ਅਤੇ ਨਗਰ ਨਿਗਮ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਨੇ ਵੀ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਆਮ ਲੋਕਾਂ ਨੂੰ ਨਹਿਰੀ ਬੰਦੀ ਹੋਣ ਤੱਕ ਪੌਦਿਆਂ ਜਾਂ ਫਿਰ ਆਪਣੇ ਵਾਹਨ ਨਾ ਧੋਣ ਦੀ ਅਪੀਲ ਕੀਤੀ ਸੀ। ਭਲਾਂ ਦੀ ਸ਼ਹਿਰ ਦੇ ਲੋਕਾਂ ਨੇ ਇਸ ਅਪੀਲ ਵਿੱਚ ਸਹਿਯੋਗ ਪਾਇਆ ਹੋਵੇ ਪਰੰਤੂ ਨਗਰ ਨਿਗਮ ਦੀ ਸਰਕਾਰੀ ਇਸ ਕਲੋਨੀ ਵਿੱਚ ਜਿੱਥੇ ਕਮਿਸ਼ਨਰ ਸਾਹਿਬ ਖੁਦ ਰਹਿੰਦੇ ਹਨ। ਉਥੇ 24 ਘੰਟੇ ਸਪਲਾਈ ਚੱਲਦੀ ਸੀ ਅਤੇ ਕਈ ਅਫਸਰਾਂ ਦੇ ਵਾਹਨ ਵੀ ਧੋਤੇ ਜਾਂਦੇ ਰਹੇ ਹਨ। ਜਿਸ ਦਾ ਫਾਇਦਾ ਕਲੋਨੀ ਦੇ ਪਿਛਲੇ ਪਾਸੇ ਲੱਗੀ ਸਬਜ਼ੀਆਂ ਦੀ ਵਾੜੀ ਨੂੰ ਵੀ ਪੂਰ੍ਹਾ ਪੂਰਾ ਮਿਲਦਾ ਰਿਹਾ ਹੈ। ਅਫਸਰਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਕਈ ਮੁਲਾਜ਼ਮਾਂ ਜਿਹਨਾਂ ਨੇ ਇੱਥੇ ਵਾੜੀ ਵਿੱਚ ਸਬਜ਼ੀਆਂ ਬੀਜੀਆਂ ਹੋਈਆਂ ਹਨ। ਪਾਣੀ ਦੀ ਖੁਲ੍ਹੇਆਮ ਵਰਤੋ ਕਰਦੇ ਰਹੇ ਹਨ ਅਤੇ ਇੱਕ ਵਾਰ ਪਾਣੀ ਛੱਡ ਕੇ ਜਲਦ ਕਦੇ ਬੰਦ ਕਰਨ ਵੱਲ ਧਿਆਨ ਨਹੀਂ ਦਿੱਤਾ ਸੀ। ਨਗਰ ਨਿਗਮ ਅਧਿਕਾਰੀ ਦੇ ਹੁਕਮਾਂ ਦਾ ਕਲੋਨੀ ਵਿੱਚ ਸਬਜ਼ੀਆਂ ਬੀਜਣ ਵਾਲੇ ਮੁਲਾਜ਼ਮਾਂ ਦੇ ਕੰਨਾਂ 'ਤੇ ਭੋਰਾ ਵੀ ਜੂੰ ਨਹੀਂ ਸਰਕੀ ਸੀ। ਉਹ ਇਸ ਭਿਅੰਕਰ ਪਾਣੀ ਕਿੱਲਤ ਸਮੇਂ ਖੁਦ ਮੌਜਾਂ ਮਾਣਦੇ ਰਹੇ। ਜਦੋਂਕਿ ਲੋਕਾਂ ਵਿੱਚ ਪਾਣੀ ਲਈ ਹਾਹਾਕਾਰ ਮੱਚੀ ਰਹੀ ਪਰੰਤੂ ਇਸ ਕਲੋਨੀ ਦੀ ਵਾੜੀ ਵਿੱਚ ਪਾਣੀ ਛੱਡਣ ਵਾਲੇ ਮੁਲਾਜ਼ਮਾਂ ਨੇ ਕਦੇ ਸੰਜਮ ਨਾਲ ਵਰਤੋ ਕਰਨ ਵੱਲ ਧਿਆਨ ਨਹੀਂ ਦਿੱਤਾ। ਇਹੀ ਹਾਲ ਹੁਣ ਵੀ ਹੈ। ਪਾਣੀ ਵਾੜੀ ਵਿੱਚ ਛੱਡ ਤਾਂ ਦਿੱਤਾ ਜਾਂਦਾ ਹੈ ਅਤੇ ਕਈ ਕਈ ਘੰਟੇ ਬੰਦ ਵੀ ਨਹੀਂ ਕੀਤਾ ਜਾਂਦਾ। ਜਿੱਥੇ ਪਾਣੀ ਦੀ ਇਹ ਲਾਪ੍ਰਵਾਹੀ ਕਲੋਨੀ ਵਿੱਚ ਦੇਖੀ ਜਾ ਸਕਦੀ ਹੈ। ਉਥੇ ਹੀ ਸੂਤਰਾਂ ਦਾ ਆਖਣਾ ਹੈ ਕਿ ਕਈ ਅਫਸਰਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਜਿਹਨਾਂ ਦੁਆਰਾ ਵਾੜੀ ਵਿੱਚ ਸਬਜ਼ੀ ਬੀਜੀ ਗਈ ਹੈ। ਇਹ ਸਬਜ਼ੀ ਬੀਜਣ ਬਾਅਦ ਵੇਚ ਕੇ ਇਹਨਾਂ ਮੁਲਾਜ਼ਮਾਂ ਵੱਲੋਂ ਚੰਗੀ ਚੋਖੀ ਕਮਾਈ ਵੀ ਕੀਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਕਲੋਨੀ ਵਿੱਚ ਪਾਣੀ ਇਨ੍ਹੀ ਖੁਲ੍ਹ ਮਿਲੀ ਹੋਈ ਹੈ। ਉਥੇ ਹੀ ਕਈ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਰਾਤਾਂ ਜਾਗ ਕੇ ਪਾਣੀ ਮੋਟਰਾਂ ਨਾਲ ਭਰਨਾ ਪੈਂਦਾ ਹੈ। ਬਠਿੰਡਾ ਸ਼ਹਿਰ ਵਿੱਚ ਕਰੀਬ 28 ਹਜ਼ਾਰ ਜਲ ਸਪਲਾਈ ਦੇ ਕੁਨੈਕਸ਼ਨ ਹਨ ਲੇਕਿਨ ਸ਼ਹਿਰ ਦੀ 30 ਤੋਂ 40 ਫੀਸਦੀ ਅਬਾਦੀ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਹੈ। ਨਿਗਮ ਲੋਕਾਂ ਨੂੰ ਪਾਣੀ ਵਾਲਾ ਬਿੱਲ ਤਾਂ ਹਰ ਮਹੀਨੇ ਦਿੰਦਾ ਹੈ ਪ੍ਰੰਤੂ ਪਾਣੀ ਨਹੀਂ ਦਿੰਦਾ । ਲਾਲ ਸਿੰਘ ਬਸਤੀ ਦੇ ਕਈ ਘਰਾਂ ਨੂੰ ਪਾਣੀ ਨਾ ਮਿਲਣ 'ਤੇ ਵੀ ਹਜ਼ਾਰਾਂ ਦੇ ਬਿਲ ਸਾਲਾਂ ਆਉਂਦੇ ਹੋਣ ਕਾਰਣ ਉਹ ਤੰਗ ਆ ਚੁੱਕੇ ਹਨ ਅਤੇ ਉਹਨਾਂ ਨਗਰ ਨਿਗਮ ਨੂੰ ਇਹ ਬਿਲ ਬੰਦ ਕਰਨ ਲਈ ਅਪੀਲ ਵੀ ਕਈ ਵਾਰ ਕੀਤੀ ਹੈ। ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਵੀ ਇਸ ਦਾ ਰੌਲਾ ਪੈ ਚੁੱਕਾ ਹੈ ਪਰੰਤੂ ਸਭ ਕੁੱਝ ਬੇਅਰਥ ਹੈ। ਗਰਮੀਆਂ 'ਚ ਲਾਲ ਸਿੰਘ ਬਸਤੀ, ਤੇਲੀਆ ਵਾਲਾ ਮੁਹੱਲਾ,ਪੂਜਾਂ ਵਾਲਾ ਮੁਹੱਲਾ ਅਤੇ ਸ਼ਹਿਰ ਦੇ ਕਈ ਹੋਰ ਮੁਹੱਲੇ ਦੇ ਲੋਕਾਂ ਨੂੰ ਰਾਤ ਬਰਾਤੇ ਹੀ ਦੋ ਕੁ ਘੰਟੇ ਪਾਣੀ ਦਿੱਤਾ ਜਾਂਦਾ ਹੈ। ਲਾਲ ਸਿੰਘ ਬਸਤੀ ਦੇ ਹਰੀ ਨਗਰ ਦੇ ਵਾਸੀ ਐਡਵੋਕੇਟ ਐਨ.ਕੇ.ਜੀਤ ਅਤੇ ਚਰਨਜੀਤ ਸਿੰਘ ਦਾ ਆਖਣਾ ਹੈ ਕਿ ਵਾਟਰ ਸਪਲਾਈ ਦਾ ਪਾਣੀ ਨਹੀਂ ਆਉਂਦਾ। ਉਹਨਾਂ ਨੂੰ ਪਾਣੀ ਆਉਣ ਦੀ ਆਸ ਵੀ ਖਤਮ ਹੋ ਚੁੱਕੀ ਹੈ। ਉਹਨਾਂ ਦਾ ਆਖਣਾ ਹੈ ਕਿ ਜਦ ਪਾਣੀ ਆਉਂਦਾ ਸੀ ਤਾਂ ਵੀ ਇਸ ਗੰਦੇ ਪਾਣੀ ਦਾ ਰਲੇਵਾਂ ਹੁੰਦਾ ਸੀ। ਜਿਸ ਕਾਰਣ ਕਈ ਲੋਕ ਬਿਮਾਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ। ਪਾਣੀ ਦਾ ਟੈਂਕਰ ਵੀ ਨਹੀਂ ਆਉਂਦਾ। ਉਹਨਾਂ ਦਾ ਆਖਣਾ ਹੈ ਕਿ ਇਹਨਾਂ ਸਮੱਸਿਆਵਾਂ ਕਾਰਣ ਜਦ ਉਹ ਆਰ.ਓ ਤੋਂ ਪਾਣੀ ਭਰ ਕੇ ਲਿਆਉਂਦੇ ਹਨ ਪਰੰਤੂ ਉਸਦਾ ਦਾ ਸਮਾਂ ਸਵੇਰੇ 8 ਤੋਂ 11 ਹੋਣ ਕਾਰਣ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ 'ਤੇ ਜਾਣ ਦੀ ਕਾਹਲੀ ਹੁੰਦੀ ਹੈ ਅਤੇ ਇਧਰ ਅੰਤਾਂ ਦੀ ਭੀੜ ਲੱਗ ਜਾਂਦੀ ਹੈ। ਜਿੱਥੇ ਦਿੱਕਤ ਖੜ੍ਹੀ ਹੋ ਜਾਂਦੀ ਹੈ। ਉਧਰ ਜਦ ਵਾਟਰ ਸਪਲਾਈ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ 5 ਲੱਖ ਗੇਲਨ ਦੀ ਪਾਣੀ ਦੀ ਟੈਂਕੀ ਤੋਂ ਸਵੇਰੇ 3:30 ਤੋਂ 8:00 ਵਜੇ ਅਤੇ ਸ਼ਾਮ ਨੂੰ ਵੀ 3:30 ਵਜੇ ਤੋਂ ਰਾਤ 8:00 ਵਜੇ ਤੱਕ ਪਾਣੀ ਕਲੋਨੀ ਨੂੰ ਦੇਣ ਦੀ ਗੱਲ ਆਖੀ ਹੈ। ਜਦ ਉਹਨਾਂ ਤੋਂ ਦੁਪਹਿਰ ਵੇਲੇ ਵੀ ਪਾਣੀ ਦੀ ਸਪਲਾਈ ਦਿੱਤੇ ਜਾਣ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਟਿਊਵਬੈਲ ਰਾਹੀਂ ਪਾਣੀ ਦੀ ਸਪਲਾਈ ਦੇਣ ਦੀ ਗੱਲ ਆਖੀ ਹੈ। ਉਹਨਾਂ ਦਾ ਆਖਣਾ ਸੀ ਕਿ ਇਸ ਰਾਹੀਂ ਪਾਣੀ ਵਾੜੀ ਜਾਂ ਕੱਪੜੇ ਧੋਣ ਆਦਿ ਲਈ ਵਰਤਿਆ ਜਾਂਦਾ ਹੈ। ਜੇਕਰ ਇੱਥੇ ਦੇਖਿਆ ਜਾਵੇ ਤਾਂ ਪਾਣੀ ਦੀ ਸਪਲਾਈ ਤਾਂ 24 ਘੰਟੇ ਹੀ ਚੱਲਦੀ ਹੈ। ਉਧਰ ਨਗਰ ਨਿਗਮ ਨੂੰ ਪਾਈ ਮਈ ਵਿੱਚ ਆਰਟੀਆਈ ਜਿਸ ਵਿੱਚ ਪਾਣੀ ਦੀ ਸਪਲਾਈ ਸਬੰਧੀ ਪੁੱਛਿਆ ਗਿਆ ਸੀ। ਉਸਦਾ ਵੀ ਦੋ ਮਹੀਨੇ ਬਾਅਦ ਜਵਾਬ ਨਹੀਂ ਦਿੱਤਾ ਗਿਆ। ਜੇਕਰ ਕਲੋਨੀ ਵਿੱਚ ਪਾਣੀ ਸਪਲਾਈ ਆਮ ਲੋਕਾਂ ਵਾਂਗ ਦਿੱਤੀ ਜਾਂਦੀ ਹੈ ਤਾਂ ਆਰਟੀਆਈ ਦਾ ਜਵਾਬ ਨਾ ਦੇਣਾ ਵੀ ਨਗਰ ਨਿਗਮ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।


ਡੱਬੀ :

ਨਗਰ ਨਿਗਮ ਕਮਿਸ਼ਨਰ ਓਮਾ ਸ਼ੰਕਰ ਨੇ ਇਸ ਮਾਮਲੇ ਦੇ ਸਬੰਧ ਵਿੱਚ ਆਖਿਆ ਹੈ ਕਿ ਸਬਜ਼ੀਆਂ ਦੀ ਵਾੜੀ ਵਿੱਚ ਜਾਂ 24 ਘੰਟੇ ਦੀ ਸਪਲਾਈ ਕਲੋਨੀ ਵਿੱਚ ਚੱਲਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ। ਜੇਕਰ ਅਜਿਹੀ ਕੋਈ ਗੱਲ ਹੈ ਤਾਂ ਚੈਕ ਕਰਵਾਇਆ ਜਾਵੇਗਾ।


Saturday, June 23, 2012

ਲੈ ਬਾਈ ਬਾਬਾ ਆ ਗਈਆ ਇੱਕ ਵਾਰ ਫੇਰ ਚੌਣਾਂ.....

ਆ ਬਾਈ ਗੁਰਜੰਟਿਆਂ......ਕਿਧਰ ਚੱਲਿਆਂ.... ਬੱਸ ਬਾਬਾ ਇਧਰ ਹੀ ਚੱਲਿਆ ਸਾਂ ਅੱਜ ਬਾਬਾ ਬਾਦਲ ਨੇ ਜੋ ਕੱਠ ਦਿਖਾਉਣਾ ਏ। ਆ ਗਈਆਂ ਨਾ ਚੋਣਾਂ ਅਤੇ ਪਾਰਟੀਆਂ ਨੇ ਵੀ ਆਪਣੇ ਉਮੀਦਵਾਰ ਐਲਾਨ 'ਤੇ ਨੇ। ਚੋਣਾਂ ਦਾ ਕੰਮ ਵੀ ਜੋਰਾਂ 'ਤੇ ਐ। ਗੁਰਜੰਟੇ ਨੇ ਸੱਥ ਵਿੱਚ ਬੈਠੇ ਬਾਬੇ ਕੈਲੇ ਨੂੰ ਜਵਾਬ ਦਿੰਦਿਆਂ ਆਖਿਆ। ਹੋਰ ਫੇਰ ਐਤਕੀਂ ਕਿਹੜੀ ਪਾਰਟੀ ਨੂੰ ਪਾਉਣੀਆਂ ਨੇ ਵੋਟਾਂ। ਦੇਖਦੇ ਆਂ ਬਾਬਾ ਕਿਹੜੀ ਨੂੰ ਪਾਈਏ ਅਕਾਲੀਆਂ, ਕਾਂਗਰਸ ਜਾਂ ਫਿਰ ਨਵੀਂ ਪੀਪੀਪੀ ਵਾਲੇ ਨਵੇਂ ਬਣੇ ਸਾਂਝੇ ਮੋਰਚੇ ਨੂੰ। ਬਾਬੇ ਨੇ ਵਿੱਚੋਂ ਹੀ ਗੁਰਜੰਟ ਨੂੰ ਟੋਕਦਿਆਂ ਆਖਿਆ। ਬਾਈ ਜਵਾਨਾਂ ਜਿਹਨੂੰ ਮਰਜ਼ੀ ਵੋਟਾਂ ਪਾ ਲੈ। ਪਾਰਟੀ ਤਾਂ ਹਰ ਆਪਣੇ ਪੰਜ ਸਾਲ ਪੂਰੇ ਕਰ ਲੈਂਦੀ ਐ। ਪਾਰਟੀ ਦੇ ਲੀਡਰ ਆਪਣੀਆਂ ਕਈ ਪੀੜ੍ਹੀਆਂ ਲਈ ਜ਼ਮੀਨਾਂ, ਜਾਇਦਾਦਾਂ ਜੋੜ ਜਾਂਦੇ ਨੇ। ਰਹਿ ਜਾਂਦੇ ਨੇ ਆਪਣੇ ਵਰਗੇ ਮਹਾਤੜ ਅਤੇ ਬੇਬਸ ਲੋਕ। ਪਾਰਟੀ ਸੱਤਾ 'ਚ ਆਉਂਦੀ ਐ। ਲੋਕੀਂ ਆਪਣੇ ਰੋਣੇ ਰੋਂਦੇ ਨੇ, ਤੇ ਲੀਡਰ ਲਾਰੇ ਲਾ ਲਾ ਪੰਜ ਸਾਲ ਪੂਰੇ ਕਰਦੇ ਐ। ਮੁਲਾਜ਼ਮ, ਕਿਸਾਨ, ਮਜ਼ਦੂਰ ਅਤੇ ਬੇਰੁਜ਼ਗਾਰ ਆਪਦੀਆਂ ਮੰਗਾਂ ਨੂੰ ਲੈ ਕੇ ਬਹਿ ਜਾਂਦੇ ਨੇ ਕਦੇ ਬਠਿੰਡਾ ਦੇ ਮਿੰਨੀ ਸਕੱਤਰੇਤ, ਕਦੇ ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ। ਉਧਰ ਵਿਚਾਰੇ ਅੰਨਾ ਹਜ਼ਾਰੇ ਵਰਗੇ ਸਾਫ ਸੁਥਰੇ ਅਕਸ ਵਾਲੇ ਵਿਅਕਤੀ ਭ੍ਰਿਸ਼ਟਾਚਾਰ ਵਰਗੀਆਂ ਨਿਆਮਤਾਂ ਨੂੰ ਖਤਮ ਕਰਨ ਲਈ ਡੇਰੇ ਲਗਾਉਂਦੇ ਨੇ ਦਿੱਲੀ ਵਿਖੇ ਪਰ ਵਿਚਾਰਿਆਂ ਦੇ ਪੱਲੇ ਫਿਰ ਵੀ ਕੁੱਝ ਨਹੀਂ ਪੈਦਾ।
                                            ਸਰਕਾਰਾਂ ਦਾ ਦਬਾਅ ਪੈ ਜਾਂਦਾ 'ਤੇ ਬੱਸ ਫਿਰ ਮਾਜਰਾ ਚੱਲਦਾ ਹੀ ਰਹਿੰਦਾ। ਆ ਵੇਖ ਲੈ ਪੰਜਾਬ ਵਿੱਚ ਪਹਿਲਾਂ ਕਾਂਗਰਸ ਆਈ 'ਤੇ ਲੋਕਾਂ, ਬੇਰੁਜ਼ਗਾਰਾ ਨੇ ਧਰਨੇ ਦਿੱਤੇ । ਧਰਨਿਆਂ 'ਚ ਮਿਲਿਆ ਕੀ ਬੱਸ ਲਾਠੀਆਂ। ਨੌਜਵਾਨਾਂ ਨੂੰ ਰੁਜ਼ਗਾਰ ਤਾਂ ਕੀ ਮਿਲਣਾ .... ਉਨ੍ਹਾਂ ਦੇ ਪੱਲੇ ਪਈਆਂ ਸਿਰਫ ਲਾਠੀਆਂ.....ਪੰਜ ਸਾਲਾਂ ਬਾਅਦ ਫਿਰ ਆ ਗਈ ਅਕਾਲੀ ਸਰਕਾਰ.....ਜਿਹਨੇ ਸੰਸਾਰ ਕਬੱਡੀ ਕੱਪ ਕਰਵਾ ਕੇ ਕਰਵਾਤੀ ਕੌਡੀ-ਕੌਡੀ....ਮਗਰ ਪੁੱਛਣ ਵਾਲਾ ਹੋਵੇ ਭਾਈ ਜੇ ਕੌਡੀ ਕਰਵਾਉਣੀ ਐ, ਤਾਂ ਲੱਖਾਂ ਰੁਪਇਆ ਇਨ੍ਹਾਂ ਕਲਾਕਾਰਾਂ 'ਤੇ ਕਾਹਦੇ ਲਈ ਖਰਾਬ ਕਰਦੇ ਓ। ਏਹ ਜੋ ਪੈਸਾ ਲਗਾਉ ਕਿਸੇ ਗਰੀਬ ਖਿਡਾਰੀ ਨੂੰ ਉੱਚਾ ਚੁੱਕਣ ਲਈ। ਲੱਖਾਂ ਰੁਪਇਆ ਖਰਾਬ ਕਰਤਾ ਉਦੇ ਜਿਦੇ ਇਹ ਫਿਲਮੀ ਕਲਾਕਾਰ ਆਇਆ ਸ਼ਾਹਰੁਖ। ਅਖੇ ਭਈ ਲੋਕਾਂ ਦਾ ਮਨੋਰੰਜਣ ਹੁੰਦਾ.... ਹੁਣ ਤੂੰ ਹੀ ਦੱਸ ਬਾਈ ਗੁਰਜੰਟ ਸਿੰਆਂ ਜੇ ਪ੍ਰਚਾਰ ਆਪਾਂ ਕੌਡੀ ਦਾ ਕਰਨਾ ਤਾਂ ਫਿਲਮੀ ਸਿਤਾਰਿਆਂ ਤੋਂ ਕੀ ਕਰਾਉਣਾ.... ਨੌਜਵਾਨ ਕਰੋੜਪਤੀ ਸ਼ਾਹਰੁਖ ਨੂੰ ਦੇਖ ਤਾਂ ਇਹ ਹੀ ਕਹਿੰਦੇ ਨੇ.... ਬਈ ਲੋਕ ਸ਼ਾਹਰੁਖ 'ਤੇ ਟੁੱਟ ਟੁਟ ਪੈਂਦੇ ਨੇ ਆਪਾਂ ਹੀ ਕੋਈ ਫਿਲਮੀ ਕਲਾਕਾਰ ਹੀ ਬਣੀਏ ਕੀ ਰੱਖਿਆ ਕੌਡੀ ਵਿੱਚ। ਹਾਂ, ਇੱਕ ਗੱਲ ਤਾਂ ਠੀਕ ਐ, ਭਈ ਨੌਜਵਾਨਾਂ ਦਾ ਨਸ਼ਿਆਂ ਵੱਲ ਰੁਝਾਨ ਘੱਟੇਗਾ ਮਗਰ ਜਿਹੜਾ ਕਰੋੜਾਂ ਫਾਲਤੂ ਸਰਕਾਰਾਂ ਨੇ ਖਰਚਿਆ ਉਹ ਕਿੰਨਾ ਦਾ ਪੈਸਾ.... ਹੈ ਤਾਂ ਲੋਕਾਂ ਦਾ ਹੀ। ਇਹੀ ਪੈਸੇ ਨਾਲ ਗਰੀਬਾਂ ਦੀ ਮਦਦ ਕਰਨ ਸਰਕਾਰਾਂ....ਇਨ੍ਹੇ ਵਿੱਚ ਹੀ ਸੱਥ 'ਚ ਬੈਠਾ ਅਮਲੀ ਬੋਲਿਆ, ਬਾਬਾ ਉਹ ਤਾਂ ਛੱਡ ਹੁਣ ਤਾਂ ਇਥੇ ਅੰਤਰਰਾਸ਼ਟਰੀ ਸਟੇਡੀਅਮ ਬਨਣਾ.....ਐਸਟੋਟਰਫ ਦਾ ਵੀ ਕਰੋੜਾਂ ਰੁਪਇਆ ਲਗਾ ਕੇ ਤਿਆਰ ਹੋ ਗਿਆ ਬਾਹਰਲੀਆਂ ਤਕਨੀਕਾਂ ਨਾਲ.... ਉਏ ਅਮਲੀਆਂ ਆਪਣੀਆਂ ਮਾਰਦਾ ਰਹਿਣਾ ਤੂੰ ਆਏਂ ਦੱਸ ਸੁਖਬੀਰ ਕਹਿੰਦਾ ਸੀ ਭਈ ਇੱਥੇ ਆਊਗਾ ਸੰਸਾਰ ਦਾ ਨੰਬਰ ਇੱਕ ਖਿਡਾਰੀ। ਉਹ ਛੋਟੇ ਕੱਦ ਦਾ ਕੀ ਨਾਮ ਹੈ ਸਚਿਨ ਸੁਚਿਨ.... ਤੂੰ ਦੇਖ ਲਿਆ ਮੈਚ ਸਚਿਨ ਦਾ ਬਠਿੰਡਾ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ..... ਲੀਡਰ ਕਹਿੰਦੇ ਸੀ ਕਰਾਵਾਂਗੇ ਅੰਤਰਰਾਸ਼ਟਰੀ ਮੈਚ.....ਉਹ ਤਾਂ ਕੀ ਕਰਾਉਣਾ ਸੀ ਉਥੇ ਕੱਲਾ ਨੀਂਹ ਪੱਥਰ ਈ ਰਹਿ ਗਿਆ.... ਚੱਲ ਫੇਰ ਆਏਂ ਦੱਸ ਕਿ ਭਾਈ ਇੱਥੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਜੂੰ ਜਾਂ ਫੇਰ ਐਸਟੋਟਰਫ ਕਿੰਨਾ ਕੁ ਫਾਇਦਾ ਹੋਊ.... ਇਹ ਸਾਰਾ ਵੋਟਾਂ ਦਾ ਮਾਜਰਾ ਅਮਲੀਆ.... ਚੱਲ ਛੱਡ ਇੰਝ ਦੱਸ ਤੇਰੇ ਮੇਰੇ ਵਰਗੇ ਮਾਹਤੜਾਂ ਨੂੰ ਏਹਦਾ ਕੀ ਫਾਇਦਾ .... ਜਾਂ ਫਿਰ ਕਈ ਸਾਲਾਂ ਤੋਂ ਝੁੱਗੀਆਂ ਝੋਂਪੜੀਆਂ ਵਿੱਚ ਰਾਤਾਂ ਕੱਟਣ ਵਾਲੇ ਲੋਕਾਂ ਨੂੰ ਇਹਦਾ ਕੀ ਫਾਇਦਾ......ਤੂੰ ਹੀ ਦੱਸ ਜਿਹੜੇ ਨੇ ਆਪਣਾ ਹੱਥੀਂ ਕੰਮ ਕਰਨਾ ਜਾਂ ਫੇਰ ਇਹ ਗੁਰਜੰਟੇ ਵਰਗੇ ਪਾੜੇ ਨੇ ਨੌਕਰੀ ਲੱਭਣੀ ਐ..... ਉਹਨੂੰ ਕੀ ਫਾਇਦਾ.... ਉਹਦੇ ਨਾਲ ਕਿਹੜਾ ਨੌਕਰੀ ਮਿਲ ਜੂ ਫੇਰ..... ਕਹਿੰਦੇ ਕਾਂਗਰਸ ਸਰਕਾਰ ਚੰਗੀ ਐ ਪਰ ਮਿਲੇ ਉਹ ਕੇਦ ਪਿੰਡ 'ਚ ਆ ਕੇ..... ਉਹਨਾਂ ਪਤਾ ਕੀਤਾ ਕਿ ਭਈ ਕਿੰਨੀ ਕੁ ਮਹਿੰਗਾਈ ਵੱਧ ਗੀ। ਕੀ ਚਾਹੀਦਾ ਭਾਈ ਲੋਕਾਂ ਨੂੰ। ਲੋਕਾਂ ਨੇ ਉਦੋਂ ਫੇਰ ਕਾਂਗਰਸ ਨੂੰ ਛੱਡ ਬਣਾ ਅਕਾਲੀਆਂ ਨੂੰ ਪਾਤੀਆਂ ਵੋਟਾਂ। ਹੁਣ ਅਕਾਲੀ ਕਹਿੰਦੇ ਐ ਬੜਾ ਪੰਜਾਬ ਵਿੱਚ ਵਿਕਾਸ ਕਰਵਾਇਆ। ਭਈ ਇਹ ਅੰਤਰਰਾਰਸ਼ਟਰੀ ਸਟੇਡੀਅਮ ਨੂੰ ਵਿਕਾਸ ਕਹੀਏ,ਐਸਟੋਟਰ ਜਾਂ ਫਿਰ ਬਣੀਆਂ ਵੱਡੀਆਂ ਸੜਕਾਂ...... ਸ਼ਹਿਰਾਂ 'ਚ ਝੋਂਪੜੀਆਂ ਦੀ ਗਿਣਤੀ ਜਿਉਂ ਦੀ ਤਿਉਂ ਬਣੀ ਰਹਿੰਦੀ ਐ। ਆਮ ਬੰਦੇ ਨੂੰ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ। ਲਾਈਨਮੈਨ ਯੂਨੀਅਨ ਆਗੂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਡੇਢ ਮਹੀਨੇ ਤੋਂ ਬੈਠੇ ਐ ਖੁਲ੍ਹੇ ਆਸਮਾਨ ਥੱਲੇ। ਸਰਕਾਰਾਂ ਨੇ ਲਈ ਕਦੇ ਉਹਨਾਂ ਦੀ ਸਾਰ। ਲੱਖਾਂ ਬੇਰੁਜ਼ਗਾਰ 35-35 ਸਾਲਾਂ ਦੀ ਉਮਰ ਟੱਪ ਗਏ, ਡਿਗਰੀਆਂ ਉਹਨਾਂ ਕੋਲ ਨੇ ਪਰ ਪੈਸੇ ਮੰਗਦੇ ਐ ਆਪਣੇ ਮਾਪਿਆਂ ਤੋਂ। ਕੀ ਇਹ ਵਿਕਾਸ ਐ। ਉਧਰ ਪੰਜਾਬ ਦੀ ਤਕਦੀਰ ਬਦਲਣ ਲਈ ਬਣੀ             ਐ......ਪੀਪੀਪੀ.... ਜਿਹਨੇ ਸਾਂਝਾ ਮੋਰਚਾ ਬਣਾ ਲਿਆ..... ਹੁਣ ਇਹ ਦੱਸੋ ਬਾਈ.... ਮਨਪ੍ਰੀਤ ਪਹਿਲਾਂ ਮੰਤਰੀ ਨਹੀ ਸੀ ਸਰਕਾਰ ਵਿੱਚ। ਉਹਨਾਂ ਕੀ ਕੀਤਾ ਪੰਜਾਬ ਲਈ। ਕੋਲ ਬੈਠੇ ਜੈਲੇ ਨੇ ਜਵਾਬ ਦਿੰਦਿਆਂ ਆਖਿਆ ਬਾਈ ਬਾਬਾ ਗੱਲਾਂ ਤਾਂ ਤੇਰੀਆਂ ਸਾਰੀਆਂ ਠੀਕ ਨੇ। ਆਮ ਲੋਕ ਜਦੋਂ ਤੱਕ ਐਵੇਂ ਲੀਡਰਾਂ ਮਗਰ ਲੱਗੀ ਜਾਣਗੇ ਤਾਂ ਕੀ ਭਲਾ ਹੋਊ ਦੇਸ਼ ਦਾ। ਚੱਲੋ ਮਨਪ੍ਰੀਤ ਜੀ ਹੀ ਦੱਸਣ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਵੀ ਐ। ਤਾਂ ਉਹਨਾਂ ਕੀ ਵਿਉਂਤ ਬਣਾਈ ਐ, ਇਹਨਾਂ ਲੱਖਾਂ ਡਿਗਰੀਆਂ ਚੁੱਕੀ ਫਿਰਦੇ ਵਿਹੜੇ ਪਾੜਿਆਂ ਲਈ। ਕਿਵੇਂ ਮਿਲੂ ਇਹਨਾਂ ਲਾਠੀਆਂ ਖਾਣ ਵਾਲੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ। ਲੀਡਰ ਤਾਂ ਸਾਰੇ ਹੀ ਕਹਿੰਦੇ ਨੇ ਭਾਈ ਅਗਲੇ ਪੰਜ ਸਾਲਾਂ 'ਚ ਬਣਾਦਾਂਗੇ ਪੰਜਾਬ ਨੂੰ ਕੈਲੇਫੋਰਨੀਆਂ। ਸਭ ਤੋਂ ਅਮੀਰ ਮੰਨਿਆਂ ਜਾਂਦਾ ਪੰਜਾਬ ਅੱਜ ਕਰਜਾਈ ਹੋ ਚੁੱਕਿਆ ਐ। ਜਿਹਨੂੰ ਕਰਜੇ 'ਚੋਂ ਕੱਢਣਾ ਬਹੁਤਾ ਮੁਸ਼ਕਿਲ ਐ। ਕਰਜਾਈ ਤਾਂ ਹੋਇਆ ਹੀ ਹੈ ਦੂਜੇ ਪਾਸੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਗਈ। ਅਮਲੀ ਵਿੱਚੋਂ ਹੀ ਫਿਰ ਬੋਲਿਆ,' ਹੁਣ ਸਮਾਂ ਬਾਈ ਲੋਕਾਂ ਨੂੰ ਉਮੀਦਵਾਰਾਂ ਨੂੰ ਦੇਖਕੇ, ਪਰਖ ਕੇ ਅਤੇ ਆਪਣੀਆਂ ਸਮੱਸਿਆਵਾਂ ਲੀਡਰਾਂ ਸਾਹਮਣੇ ਰੱਖ ਕੇ ਹੀ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਸਰਕਾਰਾਂ ਆਉਣ 'ਤੇ ਵਿਕਾਸ ਅਜਿਹਾ ਕਰਵਾਉਣ ਕਿ ਕੋਈ ਬੇਰੁਜ਼ਗਾਰ ਨਾ ਹੋਵੇ। ਪੰਜਾਬ 'ਚ ਹਰ ਘਰ ਖੁਸ਼ਹਾਲ ਹੋਵੇ। ਗੁਰਜੰਟਾਂ ਬੋਲਿਆ.... ਆਪਾਂ ਗੱਲਾਂ 'ਚ ਹੀ ਲੱਗ ਗੇ.....ਚੱਲ ਜਾ ਕੇ ਦੇਖ ਆਈਏ ਭਾਈ ਕੱਠ।
                                                                                           ਹਰਕ੍ਰਿਸ਼ਨ ਸ਼ਰਮਾ
                                                          ਪੰਜਾਬੀ ਟ੍ਰਿਬਿਊਨ, ਬਠਿੰਡਾ 
                                                                                                                                                              9501983111


Monday, June 18, 2012

''ਕੁੜੇ ਨੀਰੂ'' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ''


'ਕੁੜੇ ਨੀਰੂ' ਪਾਣੀ ਦਾ ਗਿਲਾਸ ਲਿਆਈ, ਠੰਡਾ ਜਾ' ਛੋਟੇ ਗੇਟ ਦੇ ਸਾਹਮਣੇ ਬਣੀ ਲੌਬੀ ਵਿੱਚ ਬੈਠੀ ਦਾਦੀ ਮੈਨੂੰ ਵਾਜਾਂ ਮਾਰਦੀ, ਮੈਂ ਅੰਦਰੋਂ ਪਾਣੀ ਲਿਆ ਕੇ ਦੇਣਾ ਤੇ ਕਹਿੰਦੀ 'ਕੁੜੇ ਤੱਤਾ ਐ' ਨਈਂ ਬੇਬੇ ਮੈਂ ਤਾਂ ਫਰਿੱਜ 'ਚੋਂ ਗਲਾਸ ਭਰ ਕੇ ਲਿਆਈਂ ਆਂ'' ਉਹ ਔਕ ਲਾ ਕੇ ਪਾਣੀ ਪੀ ਜਾਂਦੀ ਤੇ ਥੋੜਾ ਪਾਣੀ ਬਚਾ ਕੇ ਬੁੱਕ ਭਰ ਕੇ ਮੂੰਹ ਧੋ ਲੈਂਦੀ। ਗਰਮੀ ਵਿੱਚ ਸਾਰਾ ਦੁਪਹਿਰੇ ਉਹ ਬਾਹਰ ਲੌਬੀ ਵਿੱਚ ਬੈਠੀ ਰਹਿੰਦੀ। ਦਾਦੀ 100 ਵਰ੍ਹਿਆਂ ਤੋਂ ਉਪਰ ਹੋ ਗਈ ਸੀ ਪਰ ਉਸਦਾ ਚਿਹਰਾ ਹਮੇਸ਼ਾ ਖਿੜਿਆ ਰਹਿੰਦਾ। ਉਹ ਹਮੇਸ਼ਾ ਸਾਰੇ ਪਰਿਵਾਰ ਨੂੰ ਅਸੀਸਾਂ ਦਿੰਦੀ ਰਹਿੰਦੀ। ਉਸਨੂੰ ਮੇਰੇ ਵਿਆਹ ਹੋਣ ਦਾ ਬੜਾ ਚਾਅ ਸੀ। ਮੇਰੀ ਉਮਰ 25 ਵਰ੍ਹਿਆਂ ਦੀ ਹੋ ਗਈ। ਜਦੋਂ ਐਮ.ਸੀ.ਏ ਪੂਰੀ ਕੀਤੀ ਤਾਂ ਘਰ ਦਿਆਂ ਨੇ ਮੁੰਡਾ ਦੇਖਣਾ ਸ਼ੁਰੂ ਕੀਤਾ। ਦਾਦੀ ਕਹਿੰਦੀ 'ਮੇਰੀ ਪੋਤੀ ਤਾਂ ਬਾਹਲੀ ਨਰਮ ਐ। ਜਮ੍ਹਾਂ ਗਊ, ਐਵੇਂ ਨਾ ਕਿਸੇ ਅੜਬਾਂ ਦੇ ਫਸਾ ਦਿਉ। ਨਾਲੇ ਮੁੰਡਾ ਵੀ ਹਾਣ ਦਾ ਹੋਵੇ, ਜਿਹੜਾ ਮੇਰੀ ਪੋਤੀ ਨਾਲ ਆਉਂਦਾ ਜਾਂਦਾ ਸੋਹਣਾ ਲੱਗੇ। ਜਦੋਂ ਮੇਰਾ ਰਿਸ਼ਤਾ ਹੋਇਆ ਤਾਂ ਉਸਤੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ, ਉਹ ਉਸੇ ਦਿਨ ਤੋਂ ਹੀ ਗੀਤ ਗਾਉਣ ਲੱਗ ਪਈ। ਉਸਦਾ ਕਮਰਾ ਲੌਬੀ ਦੇ ਐਨ ਸਾਹਮਣੇ ਸੀ, ਜਦੋਂ ਕਈ ਵਾਰੀ ਬਾਰਸ਼ ਪੈ ਜਾਂਦੀ ਤੇ ਉਹ ਅੰਦਰ ਪੈ ਜਾਂਦੀ ਸੀ। 
ਮੇਰੀ ਮੰਗਣੀ ਜੁਲਾਈ 'ਚ ਹੋਈ ਸੀ। ਉਸਤੋਂ ਬਾਅਦ ਬਰਸਾਤ ਸ਼ੁਰੂ ਹੋ ਗਈ। ਉਹ ਅੰਦਰ ਪਈ ਹੁੰਦੀ, ਹੇਕਾਂ ਵਾਲੇ ਗੀਤ ਗਾਉਂਦੀ ਰਹਿੰਦੀ। ਮੈਨੂੰ ਸੱਸਾਂ ਵਾਲੇ ਗੀਤ ਸੁਨਾਉਣ ਲੱਗ ਪੈਂਦੀ । ਜੇ ਕਈ ਵਾਰ ਮੈਂ ਇਹਨਾਂ ਦਾ (ਮੇਰੇ ਪਤੀ) ਦਾ ਨਾਮ ਲੈਂਦੀ ਤਾਂ ਲੜਦੀ ਕਹਿੰਦੀ ਤੂੰ ਆਪਣੇ ਪਾਹੁਣੇ ਦਾ ਨਾਮ ਨਾ ਲਿਆ ਕਰ, ਮਾੜਾ ਹੁੰਦਾ। ਨਾ ਤੂੰ ਉਸੇ ਨਾਲ ਬਾਹਲੀ ਫੋਨ 'ਤੇ ਗੱਲ ਕਰਿਆ ਕਰ। ਮੈਂ ਹੱਸ ਕੇ ਟਾਲ ਦਿੰਦੀ,ਬੇਬੇ ਠੀਕ ਐ ਕਹਿ ਛੱਡਦੀ। ਨਹੀਂ ਕਰਦੀ। ਉਹ ਹਮੇਸ਼ਾ ਮੈਨੂੰ ਨਸੀਹਤਾਂ ਦਿੰਦੀ, ਇਹ ਨਾ ਕਰਿਆ ਕਰ, ਉਹ ਨਾ ਕਰਿਆ। ਅਖਿਰ 23 ਨਵੰਬਰ 2009 ਨੂੰ ਮੇਰਾ ਵਿਆਹ ਹੋ ਗਿਆ ਤੇ ਉਹ ਸਮੇਂ ਬੇਬੇ ਨੇ ਰੱਜ ਕੇ ਗੀਤ ਗਾਏ। ਜਾਗੋ ਕੱਢਣ ਵੇਲੇ ਆਪ ਜਾਗੋ ਫੜ੍ਹ ਕੇ ਮੇਰੀ ਮਾਮੀ ਨੂੰ ਫੜਾਈ। 24 ਨਵੰਬਰ ਨੂੰ ਜਦੋਂ ਮੈਂ ਫੇਰੇ ਦੀ ਰਸਮ ਲਈ ਆਈ ਤਾਂ ਉਸਤੋਂ ਚਾਅ ਨਾ ਚੁੱਕਿਆ ਜਾਵੇ। ਮੇਰੇ ਪਤੀ ਨੂੰ ਆਪਣੇ ਕੋਲ ਬੁਲਾ ਕੇ ਮੰਜੀ 'ਤੇ ਬਿਠਾ ਲਿਆ ਤੇ ਮੇਰੀ ਚਾਚੀ ਨੂੰ ਕਹਿੰਦੀ ਕੁੜੇ ਨੀਰੂ ਦਾ ਪ੍ਰਾਹੁਣਾ ਕਿਹੋ ਜਿਹਾ ਲੱਗਦਾ, ਚਾਚੀ ਕਹਿੰਦੀ, ਬੇਬੇ ਇਹ ਤਾਂ ਆਪਣਾ ਸੋਨੇ ਦਾ ਰੁਪਈਆ, ਬਥੇਰਾ ਸੋਹਣਾ। ਬੇਬੇ ਦਾ ਮੂੰਹ ਖੁਸ਼ੀ ਨਾਲ ਲਾਲ ਹੋ ਗਿਆ। ਤੇ ਸ਼ਾਇਦ ਉਹ ਆਖਰੀ ਸਮਾਂ ਸੀ ਜਦੋਂ ਉਹ ਖੁਲ੍ਹ ਕੇ ਹੱਸੀ, 'ਤੇ ਦੋ ਦਿਨਾਂ ਨੂੰ ਉਸਨੂੰ ਦਸਤ ਲੱਗ ਗਏ ਤੇ ਉਹ ਮੰਜੇ ਨਾਲ ਜੁੜ ਗਈ। ਪੂਰੇ ਦੋ ਮਹੀਨੇ ਉਹ ਮੰਜੇ 'ਤੇ ਪਈ ਰਹੀ। ਮੇਰੀ ਮੰਮੀ ਤੇ ਪਾਪਾ ਉਸਦੀ ਦਿਨ ਰਾਤ ਦੇਖਭਾਲ ਕਰਦੇ। ਮੇਰੀ ਦਾਦੀ ਨੂੰ ਕੋਈ ਸੁੱਧ ਬੁੱਧ ਨਹੀਂ ਸੀ। ਬੱਸ ਉਪਰ ਦੇਖਦੀ ਰਹਿੰਦੀ ਤੇ ਕਹਿੰਦੀ ਮੇਰੇ ਮੂੰਹ

ਵਿੱਚ ਕੁੱਛ ਪਾ ਦੇ,,,,,, ਮੈਂ ਤੇ ਮੇਰਾ ਪਤੀ ਉਸਦਾ ਪਤਾ ਲੈਣ ਗਏ ਤਾਂ ਕਹਿੰਦੀ ਤੁਸੀਂ ਰੋਜ਼ ਰੋਜ਼ ਨਾ ਆਇਆ ਕਰੋ। ਮੈਂ ਤੁਹਾਨੂੰ ਫੋਨ ਕਰੂ, ਫਿਰ ਆਇਉ,,,, ਬੱਸ ਫਿਰ 14 ਜਨਵਰੀ ਦੀ ਰਾਤ ਨੂੰ ਫੋਨ ਆਇਆ ਕਿ ਬੇਬੇ ਪੂਰੀ ਹੋ ਗਈ & ਜਦੋਂ ਮੈਂ ਬੇਬੇ ਦੇ ਅੰਤਿਮ ਸੰਸਕਾਰ 'ਤੇ ਗਈ ਤਾਂ ਬੇਬੇ ਚੁੱਪਚਾਪ,,, ਅੱਖਾਂ ਬੰਦ, ਵਿਹੜੇ ਵਿੱਚ ਪਾਈ ਪਈ ਸੀ। ਬੁੜੀਆਂ ਰੋਣ, ਵੈਣ ਪਾਉਣ ਲੱਗੀਆਂ ਹੋਈਆਂ ਸਨ ਪਰ ਮੇਰੇ ਕੰਨਾਂ ਵਿੱਚ ਬੇਬੇ ਦੇ ਗੀਤਾਂ ਦੀਆਂ ਅਵਾਜਾਂ ਪੈ ਰਹੀਆਂ ਸਨ,,,, ਹਰੀਏ ਨੀ ਰਸ ਭਰੀਏ,ਖਜੂਰੇ ,,,,,ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵਹਿੰਦੇ ਜਾ ਰਹੇ ਸਨ ਅਤੇ ਅੱਜ ਵੀ ਜਦੋਂ ਮੈਂ ਮਾਨਸਾ ਜਾਂਦੀ ਹਾਂ ਤੇ ਕਮਰੇ ਵਿੱਚ ਦਾਖਲ ਹੁੰਦੀ ਆਂ ਤਾਂ ਉਸ ਦੀ ਅਵਾਜ਼ 'ਕੁੜੇ ਨੀਰੂ,'' ਪਾਣੀ ਦਾ ਗਿਲਾਸ ਲੈ ਕੇ ਆਈ ''ਹੋਕਾ ਜਾ ਮੇਰੇ ਕਾਲਜੇ 'ਚੋਂ ਜਿਵੇਂ ਕੋਈ ਹੂਕ ਨਿਕਲਦੀ ਐ'' ਦਾਦੀ ਨੂੰ ਪੂਰ੍ਹੀ ਹੋਇਆਂ ਭਲਾਂ ਦੋ ਸਾਲ ਹੋ ਚੱਲੇ ਨੇ ਪਰ ਅੱਜ ਵੀ ਕਦੇ ਸੁਪਨੇ ਤੇ ਕਦੇ ਕਿਵੇਂ ਦਾਦੀ ਦੀ ਅਵਾਜ਼ 'ਕੁੜੇ ਨੀਰੂ' ਪਾਣੀ ਦਾ ਗਿਲਸ ਲਿਆਈਂ ਠੰਡਾ ਜਾ'' ਮੇਰੇ ਕੰਨਾਂ ਵਿੱਚ ਗੂੰਜਣ ਲੱਗ ਪੈਂਦੀ ਐ। ਨਾਲੇ ਪਤਾ ਐ ਪਿਆਰੀ ਦਾਦੀ ਹੁਣ ਪੂਰੀ ਹੋ ਚੁੱਕੀ ਹੈ।

ਨਰਿੰਦਰ ਸ਼ਰਮਾ (ਨੀਰੂ)9988045744

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...