Monday, July 14, 2014

ਚੌਂਕ 'ਚ ਲੱਗਿਆ ਫੁਹਾਰਾ ਵਹਾ ਰਿਹਾ ਆਪਣੀ ਦਸ਼ਾ 'ਤੇ ਹੰਝੂ

       ਸਿਆਸੀ ਨੇਤਾ ਫੁਹਾਰੇ 'ਤੇ ਲਗਾ ਕੇ ਇਸ਼ਤਿਹਾਰ ਮੁਫਤ ਚ ਕਰ ਰਹੇ ਨੇ ਮਸ਼ਹੂਰੀ              ਕਾਰਗਿਲ ਸ਼ਹੀਦ ਸੰਦੀਪ ਸਿੰਘ ਦੇ ਬੁੱਤ ਨਜ਼ਦੀਕ ਪਰਸ ਰਾਮ ਨਗਰ ਦੇ ਚੌਂਕ 'ਚ ਲੱਗੇ ਫੁਹਾਰੇ ਦੇ ਬੰਦ ਪਏ ਹੋਣ ਅਤੇ ਵਿਗੜੀ ਦੁਰਦਸ਼ਾ ਕਾਰਣ ਇਲਾਕੇ ਦੇ ਲੰਘਦੇ ਲੋਕਾਂ ਨੂੰ ਉਪਰੋਕਤ ਫੁਹਾਰਾ ਮੂੰਹ ਚਿੜਾ ਰਿਹਾ ਹੈ। ਇਹ ਫੁਹਾਰਾ ਕਾਫੀ ਸਮਾਂ ਪਹਿਲਾਂ ਚਾਲੂ ਹਾਲਤਾਂ ਵਿੱਚ ਜਿੱਥੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ, ਉਥੇ ਹੀ ਇਸ ਦੇ ਹੁਣ ਸਾਲ ਤੋਂ ਉਪਰ ਦੇ ਸਮੇਂ ਤੋਂ ਬੰਦ ਪਏ ਹੋਣ ਕਾਰਣ ਮੌਜੂਦਾ ਸਮੇਂ 'ਚ ਨਗਰ ਨਿਗਮ ਅਧਿਕਾਰੀਆਂ ਨੂੰ ਆਸ ਪਾਸ ਦੇ ਲੋਕ ਕੋਸਦੇ ਨਜ਼ਰ ਆਉਣ ਲੱਗੇ ਹਨ। ਇੱਕ ਪਾਸੇ ਜਿੱਥੇ ਇਹ ਫੁਹਾਰਾ ਬੰਦ ਹੋਣ ਕਾਰਣ ਚੌਂਕ ਨੂੰ ਗ੍ਰਹਿਣ ਲੱਗ ਗਿਆ ਜਾਪਦਾ ਹੈ, ਉਥੇ ਹੀ ਇਸ ਦੀ ਸਾਫ ਸਫਾਈ ਦੀ ਸਮੱਸਿਆ ਅਤੇ ਗੁਰੂਕੁਲ ਰੋਡ ਦੇ ਨਾਮ ਦਾ ਬੀਡੀਏ ਵੱਲੋਂ ਨਜ਼ਦੀਕ ਹੀ ਲਗਾਇਆ ਬੋਰਡ ਵੀ ਹੁਣ ਸ਼ਹੀਦ ਸੰਦੀਪ ਸਿੰਘ ਦੇ ਬੁੱਤ ਅਤੇ ਫੁਹਾਰੇ ਉਪਰ ਡਿੱਗਣ ਕਾਰਣ ਕਰਕੇ ਦਸ਼ਾ ਬੁਰ੍ਹੀ ਤਰ੍ਹਾਂ ਵਿਗੜੀ ਜਾਪਣ ਲੱਗੀ ਹੈ। ਇਹ ਬੋਰਡ ਜੋ ਲੋਕਾਂ ਨੂੰ ਰੋਡ ਦੱਸਣ ਲਈ ਲਗਾਇਆ ਗਿਆ ਸੀ, ਇਸ ਨੂੰ ਡਿੱਗਣ ਦੇ ਬਾਅਦ ਅਧਿਕਾਰੀਆਂ ਦੁਆਰਾ ਖੜ੍ਹਾ ਕਰਨ ਦੀ ਜਿੰਮੇਵਾਰੀ ਨਹੀਂ ਸਮਝੀ।
photo by pawan sharma
                                                                                                     

   ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਵੇਂ ਲੋਕ ਹੁਣ ਇਸ ਫੁਹਾਰੇ ਦੇ ਨਾ ਚੱਲਣ ਕਾਰਣ ਨਗਰ ਨਿਗਮ ਅਧਿਕਾਰੀਆਂ ਨੂੰ ਕੋਸਦੇ ਹਨ ਪਰ ਇਲਾਕੇ ਵਿੱਚ ਕਈ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਇਸ ਦੇ ਬੰਦ ਪਏ ਹੋਣ ਕਾਰਣ ਇਸ ਦਾ ਫਾਇਦਾ ਆਪਣੇ ਇਸ਼ਤਿਹਾਰ ਲਗਾ ਕੇ ਲੈ ਰਹੇ ਹਨ। ਇਸ ਨਾਲ ਉਪਰੋਕਤ ਨੇਤਾਵਾਂ ਨੂੰ ਬਿਨ੍ਹਾਂ ਪੈਸੇ ਖਰਚੇ ਮੁਫਤ 'ਚ ਹੀ ਮਸ਼ਹੂਰੀ ਮਿਲ ਰਹੀ ਹੈ ਅਤੇ ਇਹਨਾਂ ਨੇਤਾਵਾਂ ਨੂੰ ਕੋਈ ਰੋਕਣ ਵਾਲਾ ਵੀ ਨਹੀਂ। ਨਗਰ ਨਿਗਮ ਅਧਿਕਾਰੀਆਂ ਦੁਆਰਾ ਇਸ ਨੂੰ ਚਲਾਉਣ ਦੀ ਜਹਿਮਤ ਨਾ ਉਠਾਏ ਜਾਣ ਦੇ ਕਾਰਣ ਹੁਣ ਚੌਂਕ 'ਚ ਲੱਗਿਆ ਫੁਹਾਰਾ ਬੇਵਜ੍ਹਾ ਜਗ੍ਹਾ ਰੋਕੇ ਹੋਏ ਪ੍ਰਤੀਤ ਹੋ ਰਿਹਾ ਹੈ।                                                   
               ਆਸ ਪਾਸ ਦੇ ਲੋਕਾਂ ਦਾ ਆਖਣਾ ਹੈ ਕਿ ਪੰਜਾਬ ਸਰਕਾਰ ਦੁਆਰਾ ਨੀਂਹ ਪੱਥਰੇ ਰੱਖੇ ਜਾਂਦੇ ਹਨ ਅਤੇ ਕਈ ਵਾਰ ਲੱਖਾਂ ਰੁਪਏ ਖਰਚ ਕੇ ਪ੍ਰੋਜੈਕਟ ਵੀ ਪੂਰੇ ਹੋ ਜਾਂਦੇ ਹਨ ਪਰੰਤੂ ਇਹਨਾਂ ਨੂੰ ਸੁਚਾਰੂ ਢੰਗ ਨਾਲ ਜਦੋਂ ਚਲਾਇਆ ਨਹੀਂ ਜਾਂਦਾ ਤਾਂ ਇਹਨਾਂ 'ਤੇ ਲਗਾਇਆ ਪੈਸਾ ਵਿਅਰਥ ਹੋ ਜਾਂਦਾ ਹੈ। ਪਰਸ ਰਾਮ ਨਗਰ ਚੌਂਕ 'ਚ ਇਸ ਫੁਹਾਰੇ ਦਾ ਉਦਘਾਟਨ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ  ਨੇ ਸਾਲ 2010 'ਚ ਕੀਤਾ ਸੀ ਪਰੰਤੂ ਉਸ ਤੋਂ ਬਾਅਦ ਕਦੇ ਵੀ ਇਸ ਨੂੰ ਸਹੀ ਢੰਗ ਨਾਲ ਚਲਾਇਆ ਨਹੀਂ ਗਿਆ ਹੈ। ਜ਼ਿਆਦਾਤਰ ਇਹ ਫੁਹਾਰਾ ਬੰਦ ਹੀ ਲੋਕਾਂ ਨੇ ਦੇਖਿਆ ਹੈ। ਇਸ ਫੁਹਾਰੇ ਦੇ ਨਜ਼ਦੀਕ ਹੀ ਦੁਕਾਨ ਕਰਦੇ ਗਗਨ ਸ਼ਰਮਾ ਦਾ ਆਖਣਾ ਹੈ ਕਿ ਇਹ ਪਰਸ ਰਾਮ ਨਗਰ ਚੌਂਕ 'ਚ ਲੱਗਿਆ ਫੁਹਾਰਾ ਪਹਿਲਾਂ ਪਹਿਲ ਕੁੱਝ ਦਿਨ ਤਾਂ ਚੱਲਿਆ ਸੀ ਜਿਸ ਦੇ ਕਾਰਣ ਲੋਕ ਵੀ ਇੱਥੇ ਇਸ ਦਾ ਆਨੰਦ ਮਾਨਣ ਆਉਂਦੇ ਸਨ ਪਰੰਤੂ ਫਿਰ ਇਸ ਨੂੰ ਸੁਚਾਰੂ ਢੰਗ ਨਾਲ ਨਹੀਂ ਚਲਾਇਆ ਗਿਆ। ਹੁਣ ਵੀ ਕਾਫੀ ਸਮੇਂ ਤੋਂ ਬੰਦ ਪਿਆ ਹੋਇਆ ਹੈ ਅਤੇ ਹੁਣ ਇਸ ਦੇ ਆਸ ਪਾਸ ਰੌਣਕਾਂ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ।                                                                                                         
   ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਦਾ ਇੱਕ ਵਾਰ ਠੇਕਾ ਵੀ ਦਿੱਤਾ ਗਿਆ ਸੀ ਪਰੰਤੂ ਉਸ ਸਮੇਂ ਵੀ ਇਸ ਨੂੰ ਸਹੀ ਢੰਗ ਨਾਲ ਨਹੀਂ ਚਲਾਇਆ
ਗਿਆ ਸੀ। ਸਾਬਕਾ ਕੌਂਸਲਰ ਵਿਜੇ ਕੁਮਾਰ ਦਾ ਆਖਣਾ ਹੈ ਕਿ ਪਰਸ ਰਾਮ ਨਗਰ ਦੀ ਸ਼ਾਨ ਵਧਾਉਣ ਲਈ ਲਗਾਇਆ ਫੁਹਾਰਾ ਚੱਲਣਾ ਤਾਂ ਚਾਹੀਦਾ ਹੈ ਅਤੇ ਉਹ ਇਸ ਨੂੰ ਚਲਾਉਣ ਬਾਰੇ ਕੁੱਝ ਮਹੀਨੇ ਪਹਿਲਾਂ ਉਸ ਸਮੇਂ ਦੇ ਤਤਕਾਲੀ  ਨਗਰ ਨਿਗਮ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ ਪਰੰਤੂ ਇਸ ਦਾ ਕੋਈ ਹੱਲ ਨਹੀਂ ਨਿਕਲਿਆ।                                                                                                                                 
   ਇਸ ਮਾਮਲੇ 'ਚ ਜਦ ਨਗਰ ਨਿਗਮ ਕਮਿਸ਼ਨਰ ਦਲਵਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਆਖਣਾ ਸੀ ਕਿ ਉਹਨਾਂ ਨੂੰ ਇਸ ਫੁਹਾਰੇ ਦੇ ਠੇਕੇ 'ਤੇ ਦਿੱਤੇ ਹੋਣ ਦਾ ਤਾਂ ਪਤਾ ਨਹੀਂ ਪਰੰਤੂ ਉਹ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਨੂੰ ਚੈਕ ਕਰਵਾਉਣਗੇ। ਇਸ ਇਲਾਕੇ ਦੇ ਸ਼ਾਨ ਲਈ ਲਗਾਏ ਫੁਹਾਰੇ ਨੂੰ ਜਲਦ ਹੀ ਚਲਵਾ ਦਿੱਤਾ ਜਾਵੇਗਾ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...