Wednesday, April 4, 2018

ਭਾਰਤ ਬੰਦ ਦੌਰਾਨ ਹਥਿਆਰਾਂ ਦੀ ਨੁਮਾਇਸ਼ ਤੇ ਹਿੰਸਕ ਘਟਨਾਵਾਂ ਨੇ ਸਹਿਮ ਦਾ ਮਾਹੌਲ ਕੀਤਾ ਪੈਦਾ

ਕਾਰੋਬਾਰੀ ਨਿਵੇਸ਼ ਤੋਂ ਕਰਨਗੇ ਗੁਰੇਜ਼
        ਭਾਵੇਂ ਕਾਂਗਰਸ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਯਕੀਨੀ ਬਨਾਉਣ ਵਿੱਚ ਕਿ 2 ਅਪਰੈਲ ਨੂੰ ਦਲਿਤ ਜਥੇਬੰਦੀਆਂ ਵੱਲੋਂ ਐਲਾਨ ਕੀਤੇ ਭਾਰਤ ਬੰਦ ਦੇ ਸੰਘਰਸ਼ ਦੌਰਾਨ ਕੋਈ ਮੰਦਭਾਗੀ ਅਤੇ ਅਣਸੁਖਾਵੀਂ ਘਟਨਾ ਨਾ ਵਾਪਰੇ ਵਿੱਚ ਕਾਮਯਾਬੀ ਹਾਸਲ ਕੀਤੀ  ਹੈ, ਪਰ ਦਲਿਤ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਅਤੇ ਹਿੰਸਕ ਘਟਨਾਵਾਂ ਨੇ ਪੰਜਾਬ ਦੇ ਕੋਨੇ ਕੋਨੇ ਵਿੱਚ ਲੋਕਾਂ ਵਿੱਚ, ਇੱਕ ਬਹੁਤ ਤਣਾਅ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
       
ਗੱਲ ਇੱਥੋਂ ਤੱਕ ਹੀ ਸੀਮਤ ਨਹੀਂ ਰਹੀ, ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਆਉਣ ਨਾਲ, ਜੋ ਉਦਯੋਗਪਤੀ ਅਤੇ ਕਾਰੋਬਾਰੀ ਆਪਣਾ ਨਿਵੇਸ਼ ਵੱਖ- ਵੱਖ ਖੇਤਰਾਂ ਵਿੱਚ ਕਰਨ ਲੱਗੇ ਸਨ, ਸ਼ਾਇਦ ਉਸ ਨੂੰ ਪਹਿਲੇ ਪੜ੍ਹਾਅ ਵਿੱਚ ਹੀ ਸੱਟ ਲੱਗੀ ਨਜ਼ਰ ਆਉਂਦੀ ਹੈ ਕਿਉਂਕਿ ਬਹੁਤ ਵੱਡੀ ਤਾਦਾਦ ਵਿੱਚ ਕਾਰੋਬਾਰੀ ਅਤੇ ਉਦਯੋਗਪਤੀ, ਜਿਨ੍ਹਾਂ ਨਾਲ ਪੱਤਰਕਾਰ ਨੇ ਵਿਸ਼ੇਸ ਗੱਲਬਾਤ ਕੀਤੀ ਹੈ, ਇਸ ਮੱਤ ਦੇ ਹਨ ਕਿ 2 ਅਪਰੈਲ ਨੂੰ ਦਲਿਤ ਜਥੇਬੰਦੀਆਂ ਵੱਲੋਂ ਕੀਤੇ ਗਏ ਨੰਗੇ ਹਥਿਆਰਾਂ ਦਾ ਨਾਚ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਮਨਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਕਿ ਪੰਜਾਬ ਵਿੱਚ ਨਿਵੇਸ਼ ਕਰਨਾ ਸਮਝਦਾਰੀ ਦੀ ਗੱਲ ਹੈ, ਕਿਉਂਕਿ ਇਹ ਕਿਸੇ ਵੀ ਸੂਰਤ ਵਿੱਚ ਉਹ ਘਾਟੇ ਦਾ ਸੌਦਾ ਨਹੀਂ ਚਾਹੁੰਦੇ।
         ਇੱਥੇ ਹੀ ਬੱਸ ਨਹੀਂ, ਕੁੱਝ ਵੱਡੇ ਡਾਕਟਰ ਵੀ ਵੱਖਰੇ ਵੱਖਰੇ ਰੋਗਾਂ ਦੇ ਮਾਹਿਰ ਹਨ ਅਤੇ ਜਿਨ੍ਹਾਂ ਦਾ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਵੱਡਾ ਨਾਂਅ ਹੈ ਅਤੇ ਜੋ ਪੰਜਾਬ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਆਪਣੇ ਹਸਪਤਾਲ ਖੋਲ੍ਹਣ ਦੀ ਯੋਜਨਾ ਬਣਾ ਰਹੇ ਸਨ, ਇੱਕ ਵਾਰੀ ਉਸ ਵਿਸ਼ੇ ਤੋਂ ਪਾਸੇ ਹੱਟ  ਗਏ ਹਨ ਅਤੇ ਹਸਪਤਾਲ ਬਨਾਉਣ ਲਈ ਕਈ ਕਾਰੋਬਾਰੀਆਂ ਨੇ ਜਗ੍ਹਾ ਦੀ ਭਾਲ ਕਰਨੀ ਵੀ ਬੰਦ ਕਰ ਦਿੱਤੀ ਹੈ।
        ਕਈ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੇ ਇਹ ਖਦਸ਼ਾ ਪ੍ਰਗਟ ਕਰਦੇ ਹੋਏ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਗੱਲ ‘ਤੇ ਕਿ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ ਕਿ ਨਹੀਂ, ਮੁੜ ਵਿਚਾਰ ਸ਼ੁਰੂ ਕਰ ਦਿੱਤਾ ਹੈ।
     ਅਸਰ ਇੱਥੋਂ ਤੱਕ ਵੀ ਦੇਖਣ ਨੂੰ ਵੀ ਮਿਲਿਆ ਹੈ ਕਿ ਜ਼ਮੀਨ ਦੇ ਕਾਰੋਬਾਰ ਨਾਲ ਜੁੜੇ ਲੋਕ ਵੀ ਆਪਣੇ ਨਿਵੇਸ਼ ਹਾਲੇ ਰੋਕਣ ‘ਤੇ ਵਿਚਾਰ ਕਰਨ ਲੱਗ ਪਏ ਹਨ।
   
  ਲੋਕਾਂ ਨਾਲ ਗੱਲਬਾਤ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਭਾਵੇਂ ਸਰਕਾਰ ਨੇ ਬਹੁਤ ਵੱਡੇ ਪੱਧਰ ‘ਤੇ ਉਨ੍ਹਾਂ ਲੋਕਾਂ ਖਿਲਾਫ਼, ਜਿਹੜੇ ਕਿ ਹਿੰਸਕ ਅਤੇ ਸਮਾਜ ਵਿਰੋਧੀ ਕਾਰਵਾਈ ਵਿੱਚ ਬੰਦ ਦੌਰਾਨ ਸ਼ਾਮਲ ਸਨ, ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਲੋਕਾਂ ਦੇ ਮਨਾਂ ਵਿੱਚ ਕਾਰਵਾਈ ਹਾਲੇ ਤਾਈਂ ਸਹਿਮ ਕੱਢਣ ਵਿੱਚ ਸਫਲ ਨਹੀਂ ਹੋਈ ਹੈ। 
     ਹੋਟਲ ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਦੇ ਆਗੂ ਸਤੀਸ਼ ਅਰੋੜਾ ਦਾ ਆਖਣਾ ਹੈ ਕਿ ਪੰਜਾਬ ‘ਚ ਭਾਰਤ ਬੰਦ ਦੀਆਂ ਬਠਿੰਡਾ ਜ਼ਿਲ੍ਹੇ ਵਿੱਚ ਹੋਈਆਂ ਘਟਨਾਵਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਹਨ, ਕਿਉਂਕਿ ਨੰਗੀਆਂ ਤਲਵਾਰਾਂ ਅਤੇ ਹਥਿਆਰ ਪੁਲੀਸ ਦੇ ਸਾਹਮਣੇ ਲਿਜਾਂਣ ਵਾਲੇ ਲੋਕਾਂ ਨੂੰ ਪੁਲੀਸ ਰੋਕਣੋਂ ਲਾਚਾਰ ਨਜ਼ਰ ਆਈ।
       ਹੋਟਲਾਂ ‘ਚ ਦਹਿਸ਼ਤ ਦਾ ਮਾਹੌਲ ਹੈ, ਹੋਟਲਾਂ ਤੇ ਰੈਸਟੋਰੈਂਟਾਂ ਵਿੱਚ  ਨਾਮਾਤਰ ਦੇ ਬਰਾਬਰ ਲੋਕ ਆ ਰਹੇ ਹਨ, ਅਤੇ ਹਫ਼ਤਾ ਭਰ ਹੋਰ ਇਸੇ ਤਰ੍ਹਾਂ ਹਾਲਾਤ ਬਣੇ ਰਹਿਣ ਦੇ ਆਸਾਰ ਬਣ ਗਏ ਹਨ। ਪੰਜਾਬ ‘ਚ ਕਾਰੋਬਾਰੀਆਂ ਵੱਲੋਂ ਕੀਤੇ ਜਾਣ ਵਾਲੇ ਨਿਵੇਸ਼ ਦੇ ਸਬੰਧ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਹਰ ਨਿਵੇਸ਼ ਕਰਤਾਂ ਪਹਿਲਾਂ ਆਪਣੀ ਸੁਰੱਖਿਆ ਭਾਲਦਾ ਹੈ ਤੇ ਫਿਰ ਹੀ ਕੋਈ ਨਿਵੇਸ਼ ਕਰੇਗਾ। ਜੇਕਰ ਕੋਈ ਨਿਵੇਸ਼ ਕਰਨਾ ਵੀ ਚਾਹੁੰਦਾ ਹੈ ਤਾਂ ਅਜਿਹੇ ਹਾਲਾਤਾਂ ਵਿੱਚ ਤਾਂ ਵਿਅਕਤੀ ਬਿਲਕੁਲ ਵੀ ਨਹੀਂ ਕਰੇਗਾ।
          ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਾਜੇਸ਼ ਜਿੰਦਲ ਦਾ ਆਖਣਾ ਹੈ ਕਿ ਭਾਰਤ ਬੰਦ ਦੌਰਾਨ 2 ਅਪਰੈਲ ਨੂੰ ਪੁਲੀਸ ਸਾਹਮਣੇ ਹਥਿਆਰ ਲੈ ਕੇ ਬਠਿੰਡਾ ‘ਚ ਸ਼ਰੇਆਮ ਸ਼ਰਾਰਤੀ ਅਨਸਰਾਂ ਵੱਲੋਂ ਫਿਰਨਾ ‘ਕਸ਼ਮੀਰ ਅੱਤਵਾਦ’ ਤੋਂ ਘੱਟ ਨਹੀਂ ਸੀ। ਕਾਨੂੰਨ ਨੂੰ ਹੱਥ ‘ਚ ਲੈਣਾ ਗੈਰਕਾਨੂੰਨੀ ਗਤੀਵਿਧੀ ਹੈ।
       
ਸਿਆਸੀ ਲੋਕ ਭਾਵੇਂ ਅਜਿਹੀਆਂ ਗਤੀਵਿਧੀਆਂ ਦਾ ਲਾਹਾ ਲੈਂਦੇ ਹਨ, ਪਰ ਜਿਹੜੇ ਲੋਕ ਕਾਨੂੰਨ ਦੇ ਦਾਇਰੇ ਰਹਿੰਦੇ ਹਨ, ਉਨ੍ਹਾਂ ਨਾਲ ਇਹ ਨਾਇਨਸਾਫੀ ਹੈ, ਜਦ ਸ਼ਰੇਆਮ ਕੋਈ ਸ਼ਰਾਰਤੀ ਅਨਸਰ ਪੁਲੀਸ ਸਾਹਮਣੇ ਅਜਿਹੀਆਂ ਗਤੀਵਿਧੀਆਂ ਕਰਦੇ ਰਹਿਣ। ਸ਼ਾਂਤ ਮਈ ਪ੍ਰਦਰਸ਼ਨ ਹਰ ਕਿਸੇ ਨੂੰ ਕਰਨ ਦਾ ਅਧਿਕਾਰ ਹੈ, ਪਰ ਸ਼ਰਾਰਤੀ ਅਨਸਰਾਂ ਵੱਲੋਂ ਤੋੜ ਭੰਨ ਕੀਤੀ ਜਾਣੀ ਗੱਲਤ ਹੈ।
        ਮਿੱਤਲ ਗਰੁੱਪ ਦੇ ਐਮ.ਡੀ ਰਾਜਿੰਦਰ ਮਿੱਤਲ ਨੇ ਕਿਹਾ ਕਿ ਮਾਹੌਲ ਠੀਕ ਹੋਣ ‘ਤੇ ਲੰਬਾ ਸਮਾਂ ਲੱਗ ਜਾਂਦਾ ਹੈ, ਜਦੋਂਕਿ ਵਿਗੜਨ ਲਈ ਸਿਰਫ ਇੱਕ ਦਿਨ ਹੀ ਲੱਗਦਾ। ਸਰਕਾਰਾਂ ਵੱਲੋਂ ਨਿਵੇਸ਼ਕਾਂ ਦੇ ਆਉਣ ਲਈ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ, ਪਰ 2 ਅਪਰੈਲ ਨੂੰ ਬਣੇ ਅਜਿਹੇ ਹਾਲਾਤਾਂ ਨਾਲ ਫਰਕ ਬਹੁਤ ਪੈਂਦਾ ਹੈ, ਜਦ ਨੰਗੇ ਹਥਿਆਰ ਲੈ ਕੇ ਸੜਕਾਂ ‘ਤੇ ਲੋਕ ਉਤਰਦੇ ਹੋਣ ਅਤੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਪਰਟੀ ਦਾ ਨੁਕਸਾਨ ਹੋ ਜਾਂਦਾ ਹੈ। ਅਜਿਹੇ ਸਮੇਂ ਨਿਵੇਸ਼ਕ  ਸੋਚਣ ‘ਤੇ ਜ਼ਰੂਰ ਮਜ਼ਬੂਰ ਹੁੰਦੇ ਹਨ। ਲਾਅ ਐਂਡ ਆਰਡਰ ਦੀ ਸਥਿੱਤੀ ਵਿਗੜਨ ‘ਤੇ ਆਮ ਲੋਕ ਦਿੱਕਤਾਂ ਵਿੱਚ ਘਿਰ ਜਾਂਦੇ ਹਨ। ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸਖਤੀ ਨਾਲ ਅਜਿਹੇ ਮਾਮਲਿਆਂ ਨੂੰ ਨਿਪਟਣਾ ਚਾਹੀਦਾ ਹੈ।
         ਮੁੱਖ ਸੰਸਦੀ ਸਕੱਤਰ ਅਤੇ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੀਆਂ ਮੰਗਾਂ ਦੇ ਬਾਰੇ ਵਿੱਚ ਪ੍ਰਦਰਸ਼ਨ ਕਰਨ  ਦਾ ਹੱਕ ਹੈ, ਪਰ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਕੋਈ ਧੱਕੇਸ਼ਾਹੀ ਆਮ ਲੋਕਾਂ ਨਾਲ ਕੀਤੀ ਜਾਣੀ ਤੇ ਪੁਲੀਸ ਵੱਲੋਂ ਇਸ ਨੂੰ ਨਾ ਰੋਕਿਆ ਜਾ ਸਕਣਾ ਗੱਲਤ ਹੈ, ਇਸ ਨੂੰ ਪੁਲੀਸ ਤੇ ਸਰਕਾਰ ਦੀ ਬੇਬਸੀ ਹੀ ਕਹੀ ਜਾਵੇਗੀ, ਜੋ ਭਾਰਤ ਬੰਦ ਦੌਰਾਨ ਵਾਪਰਿਆ।
        ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਬਾਅਦ ਲਾਅ ਐਂਡ ਆਰਡਰ ਦੀ ਸਥਿੱਤੀ ਲਗਾਤਾਰ ਵਿਗੜਦੀ ਹੀ ਜਾ ਰਹੀ ਹੈ। ਕਾਂਗਰਸ ਸਰਕਾਰ ਨਿਵੇਸ਼ ਲਈ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਦਾ ਦਾਅਵਾ ਕਰਦੀ ਹੈ, ਪਰ ਅਜਿਹੇ ਹਾਲਾਤਾਂ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕਿਸ ਤਰ੍ਹਾਂ ਕੋਈ ਨਿਵੇਸ਼ ਕਰੇਗਾ। ਕਾਂਗਰਸ ਸਰਕਾਰ ਲਗਾਤਾਰ ਫੇਲ੍ਹ ਹੋ ਰਹੀ ਹੈ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...