Sunday, August 24, 2014

ਬਠਿੰਡਾ ਸ਼ਹਿਰ ਬਣਦਾ ਜਾ ਰਿਹਾ ਹੈ ਹਾਦਸਿਆਂ ਦਾ ਸ਼ਹਿਰ

                  ਰੋਜ਼ਾਨਾ ਹੁੰਦੇ ਹਨ ਪੰਜ ਹਾਦਸੇ, ਦਰਜਨ ਦੇ ਕਰੀਬ ਹੁੰਦੇ ਹਨ ਜ਼ਖਮੀ                                                 
       ਬਠਿੰਡਾ ਸ਼ਹਿਰ ਵਿੱਚ ਰੋਜ਼ਾਨਾ ਵਿਚ ਸੜਕ ਹਾਦਸਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਸੜਕਾਂ ਖੂਨੀ ਬਣਦੀਆਂ ਜਾ ਰਹੀਆਂ ਹਨ ਕਿਉਂਕਿ ਸੜਕਾਂ ਤੇ 5 ਦੇ ਕਰੀਬ ਰੋਜ਼ਾਨਾ ਹੋ ਰਹੇ ਹਾਦਸਿਆਂ ਵਿੱਚ 10 ਤੋਂ 12 ਦੇ ਕਰੀਬ ਲੋਕ ਜ਼ਖਮੀ ਹੋ ਰਹੇ ਹਨ। ਜਿਹਨਾਂ ਵਿੱਚੋਂ ਕੁੱਝ ਨੂੰ ਆਪਣੀਆਂ ਜਾਨਾਂ ਵੀ ਗੁਆਣੀਆਂ ਪੈਂਦੀਆਂ ਹਨ ਪਰ ਟ੍ਰੈਫਿਕ ਪੁਲੀਸ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈ। ਹਾਦਸਿਆਂ ਦਾ ਕਾਰਣ ਪੁਲੀਸ ਪ੍ਰਸ਼ਾਸਨ ਵੱਲੋਂ ਇੰਡੀਕੇਸ਼ਨ ਬੋਰਡ ਨਾ ਲਗਾਏ ਜਾਣ ਅਤੇ ਲੋਕਾਂ ਵੱਲੋਂ ਨਿਯਮਾਂ ਸਬੰਧੀ ਜਾਗਰੂਕ ਨਾ ਹੋਣ ਦਾ ਆਖ ਕੇ ਗੱਲ ਠੱਪ ਕਰ ਦਿੱਤੀ ਜਾਂਦੀ ਹੈ। ਹਾਦਸਿਆਂ ਵਿੱਚ ਗਈਆਂ ਜਾਨਾਂ ਦੇ ਮਾਮਲੇ ਤਾਂ ਥਾਣੇ ਪੁੱਜ ਜਾਂਦੇ ਹਨ ਪਰ ਲੋਕਾਂ ਦੇ ਜ਼ਖਮੀ ਹੋਣ ਦੇ ਮਾਮਲਿਆਂ ਬਾਰੇ ਕੋਈ ਜ਼ਿਆਦਾ ਪੜਤਾਲ ਨਹੀਂ ਹੁੰਦੀ।
   

     ਆਮ ਤੌਰ 'ਤੇ ਸਕੂਲਾਂ ਕੋਲੋਂ ਦੀ ਲੰਘਦੇ ਵੱਡੇ ਵਾਹਨ ਅਤੇ ਕਈ ਚੌਰਾਹਿਆਂ 'ਤੇ ਸਕੂਲੀ ਬੱਚੇ ਤੇਜ਼ ਗਤੀ ਦੇ ਵਾਹਨਾਂ ਦੀ ਫੇਟ ਨਾਲ ਰੋਜ਼ਾਨਾ ਹੀ ਜ਼ਖਮੀ ਹੋ ਜਾਂਦੇ ਹਨ। ਬੱਚਿਆਂ ਦੇ ਮਾਪੇ ਪ੍ਰੇਸ਼ਾਨੀਆਂ ਤੋਂ ਆਪਣਾ ਬਚਾਅ ਕਰਨ ਲਈ ਪੁਲੀਸ ਥਾਣਿਆਂ ਵਿੱਚ ਰਿਪੋਰਟ ਦਰਜ ਹੀ ਨਹੀਂ ਕਰਵਾਉਂਦੇ ਕਿਉਂਕਿ ਹਾਦਸਿਆਂ ਉਪਰੰਤ ਜ਼ਿਆਦਾਤਰ ਵਾਹਨ ਚਾਲਕ ਚੌਰਾਹਿਆਂ ਤੇ ਪੁਲੀਸ ਦੀ ਗੈਰਮੌਜੂਦਗੀ ਕਾਰਣ ਭੱਜਣ ਵਿੱਚ ਸਫਲ ਹੋ ਜਾਂਦੇ ਹਨ।
          
    ਟ੍ਰੈਫਿਕ ਵਿਭਾਗ ਤੋਂ ਮਿਲੇ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਵਿੱਚ ਲਗਾਤਾਰ 2300 ਦੇ ਕਰੀਬ ਚਲਾਨ ਕੱਟੇ ਹਨ, ਜਿਨ੍ਹਾਂ ਵਿੱਚੋਂ ਸੀਟ ਬੈਲਟ ਅਤੇ ਲਾਲ ਬੱਤੀ ਦੀ ਉਲੰਘਣਾ ਕਰਨ ਦੇ ਸਭ ਤੋਂ ਵੱਧ ਚਲਾਨ ਹਨ। ਇਹਨਾਂ ਵਿੱਚ ਸੀਟ ਬੈਲਟ ਦੇ 738,ਲਾਲ ਬੱਤੀ ਦੇ 559, ਬਿਨ੍ਹਾਂ ਡਰਾਈਵਿੰਗ ਲਾਇਸੰਸ ਦੇ 346,ਇੰਸ਼ੋਰੈਂਸ ਬਿਨ੍ਹਾਂ 290,ਮੋਬਾਇਲ ਫੋਨ ਵਾਹਨ 'ਤੇ ਸੁਨਣ ਦੇ 187, ਬਿਨ੍ਹਾਂ ਕਾਗਜ਼ਾਤ ਦੇ 127,ਟ੍ਰਿਪਲ ਰਾਈਡਿੰਗ 62, ਤੇਜ਼ ਰਫਤਾਰ 5 ਦੇ ਇਲਾਵਾ ਗੱਲਤ ਪਾਰਕਿੰਗ, ਪ੍ਰੈਸ਼ਰ ਹਾਰਨ ਦੇ ਚਲਾਨ ਕੱਟੇ ਗਏ ਹਨ।  
           
    ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਆਖਣਾ ਹੈ ਕਿ ਸੰਸਥਾ ਦੇ ਵਰਕਰ 24 ਘੰਟੇ ਲੋਕਾਂ ਨੂੰ ਬਚਾਉਣ ਲਈ ਸੇਵਾਵਾਂ ਨਿਭਾਉਂਦੇ ਹਨ ਪਰ ਬਠਿੰਡਾ ਦੀਆਂ ਸੜਕਾਂ 'ਤੇ ਲਗਾਤਾਰ ਇਹ ਹਾਦਸਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਹਨਾਂ 15 ਦਿਨਾਂ 'ਚ ਲੱਗਪਗ 100 ਦੇ ਉਪਰ ਜ਼ਖਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਜਾ ਚੁੱਕਿਆ ਹੈ ਅਤੇ ਜਿਹਨਾਂ ਵਿੱਚੋਂ ਕੁੱਝ ਵਿਅਕਤੀਆਂ ਦੀ ਹਾਦਸਿਆਂ ਵਿੱਚ ਜ਼ਖਮੀ ਹੋਣ ਬਾਅਦ ਮੌਤ ਵੀ ਹੋ ਗਈ ਹੈ। ਇਹਨਾਂ ਵਿੱਚ ਰੋਜ਼ਾਨਾ 5 ਦੇ ਕਰੀਬ ਹਾਦਸੇ ਹੁੰਦੇ ਹਨ ਅਤੇ ਦਰਜਨ ਦੇ ਕਰੀਬ ਲੋਕ ਰੋਜ਼ਾਨਾ ਸੜਕਾਂ 'ਤੇ ਜ਼ਖਮੀ ਹੋ ਜਾਂਦੇ ਹਨ।  

     ਉਹਨਾਂ ਕਿਹਾ ਕਿ ਵੱਡੇ ਵਹੀਕਲਾਂ ਦਾ ਸ਼ਹਿਰ ਵਿੱਚੋਂ ਦੀ ਹੁੰਦੇ ਹੋਏ ਲੰਘਣਾ, ਨਸ਼ਾ ਕਰਕੇ, ਮੋਬਾਇਲ ਕੰਨਾਂ 'ਤੇ ਲਗਾ ਕੇ ਸੁਣਦੇ ਹੋਏ, ਤੇਜ਼ ਰਫਤਾਰ ਨਾਲ ,ਰਾਤ ਨੂੰ ਡਿਪਰ ਦਾ ਇਸਤੇਮਾਲ ਨਾ ਕਰਨਾ, ਟਰੈਕਟਰ ਟਰਾਲੀਆਂ 'ਤੇ ਇੰਡੀਕੇਸ਼ਨਾਂ ਦਾ ਨਾ ਲੱਗੇ ਹੋਣਾ, ਮੋਟਰਸਾਈਕਲਾਂ ਦੀ ਓਵਰ ਸਪੀਡ ਅਤੇ ਸ਼ਹਿਰ ਵਿੱਚ ਚੱਲਣ ਵਾਲੇ ਆਟੋਆਂ ਦੇ ਬੇਲਗਾਮ ਫਿਰਦੇ ਹੋਏ ਕਿਸੇ ਵਾਹਨ ਨੂੰ ਜਲਦ ਸਾਈਡ ਨਾ ਦੇਣਾ ਅਤੇ ਅਵਾਰਾ ਪਸ਼ੂਆਂ ਦੀ ਸੰਖਿਆ ਲਗਾਤਾਰ ਸ਼ਹਿਰ ਵਿੱਚ ਵੱਧਦੇ ਜਾਣ ਦੇ ਕਾਰਣ ਇਹ ਹਾਦਸਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਇਹ ਕਾਰਣਾ ਕਰਕੇ ਸ਼ਹਿਰ ਵਿੱਚ ਹਾਦਸੇ ਵੱਧ ਰਹੇ ਹਨ, ਉਥੇ ਹੀ ਪ੍ਰਸ਼ਾਸਨ ਦੁਆਰਾ ਸੁਚੱਜੇ ਢੰਗ ਨਾਲ ਨਾ ਲਗਾਏ ਇੰਡੀਕੇਸ਼ਨ ਬੋਰਡ ਵੀ ਇਹਨਾਂ ਹਾਦਸਿਆਂ ਦੇ ਵੱਧਣ ਵਿੱਚ ਵੱਡਾ ਕਾਰਣ ਹਨ। ਹੋਰ ਰਾਜਾਂ ਵਿੱਚ ਜਾ ਕੇ ਲੱਗੇ ਇੰਡੀਕੇਸ਼ਨ ਜਗ੍ਹਾ ਜਗ੍ਹਾ ਦਿਖਾਈ ਦਿੰਦੇ ਹਨ ਪਰ ਇੱਥੇ ਘੱਟ ਹੋਣ ਕਾਰਣ ਇਹ ਸਮੱਸਿਆ ਬਣੀ ਹੋਈ ਹੈ।


    ਮਾਲਵਾ ਕਾਲਜ ਦੇ ਐਨ.ਕੇ ਗੋਸਾਈ ਦਾ ਆਖਣਾ ਹੈ ਕਿ ਜੇਕਰ ਆਮ ਲੋਕਾਂ ਨੂੰ ਚਲਾਨਾਂ ਦੀ ਬਜਾਏ ਨਿਯਮ ਸਮਝਾਏ ਜਾਣ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਹੈ। ਵੱਡੇ ਵਾਹਨਾਂ ਨੂੰ ਸ਼ਹਿਰੋਂ ਬਾਹਰ ਦੀ ਕੱਢਿਆ ਜਾਵੇ ਅਤੇ ਇਸ ਲਈ ਪ੍ਰਸ਼ਾਸਨ ਸਾਰਥਕ ਕਦਮ ਉਠਾਵੇ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਆਖਣਾ ਹੈ ਕਿ ਉਮਰ ਹੱਦ ਤੋਂ ਘੱਟ ਹੋਣ 'ਤੇ ਵਿਦਿਆਰਥੀਆਂ ਨੂੰ ਵਾਹਨ ਚਲਾਉਣ ਲਈ ਮਾਪਿਆਂ ਵੱਲੋਂ ਹੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਹਰ ਵਿਅਕਤੀ, ਵਿਦਿਆਰਥੀ ਨੂੰ ਟ੍ਰੈਫਿਕ ਰੂਲਾਂ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ। ਬਠਿੰਡਾ ਵਿੱਚ ਜਦ ਚੌਰਾਹੇ 'ਤੇ ਕੋਈ ਵੀ ਟ੍ਰੈਫਿਕ ਮੁਲਾਜ਼ਮ ਆਸ ਪਾਸ ਹੁੰਦਾ ਹੈ ਜਾਂ ਮੁਲਾਜ਼ਮ ਖੜ੍ਹੇ ਹੁੰਦੇ ਹਨ। ਉਹਨਾਂ ਦੇ ਸਾਹਮਣੇ ਲਾਲ ਬੱਤੀ ਹੁੰਦੇ ਹੋਏ ਹੀ ਆਪਣੇ ਕੱਢ ਕੇ ਅੱਗੇ ਨਿਕਲ ਜਾਂਦੇ ਹਨ। 

   ਟ੍ਰੈਫਿਕ ਪੁਲੀਸ ਦੁਆਰਾ ਲਗਾਤਾਰ ਚਲਾਨ ਕੱਟੇ ਜਾਣ ਦੇ ਨਾਲ ਇਹ ਹਾਦਸਿਆਂ ਵਿੱਚ ਰੋਕ ਲਗਾਉਣਾ ਮੁਮਕਿਨ ਨਹੀਂ। ਇਸ ਲਈ ਵਾਹਨ ਚਾਲਕਾਂ ਨੂੰ ਪੂਰ੍ਹੀ ਤਰ੍ਹਾਂ ਸੁਚੇਤ ਕੀਤਾ ਜਾਣਾ ਹੀ ਸਮੱਸਿਆ ਦਾ ਹੱਲ ਹੈ। ਡਰਾਈਵਿੰਗ ਲਾਇਸੰਸ ਦੇਣ ਸਮੇਂ ਵੀ ਹਫਤਾ ਹਫਤਾ ਟ੍ਰੈਫਿਕ ਰੂਲ ਵਾਹਨ ਚਾਲਕਾਂ ਨੂੰ ਸਮਝਾਏ ਜਾਣ ਦੇ ਕੈਂਪ ਲਗਾਏ ਜਾਣ। ਇਸ ਜਾਗਰੂਕਤਾ ਆਉਣ ਨਾਲ ਇਹ ਹਾਦਸੇ ਆਪਣੇ ਆਪ ਘੱਟ ਜਾਣਗੇ।

     ਟ੍ਰੈਫਿਕ ਇੰਚਾਰਜ ਜਸਕਾਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਸ਼ਹਿਰ ਅੰਦਰ ਹਾਦਸੇ ਘੱਟ ਹੋ ਰਹੇ ਹਨ ਅਤੇ ਉਹ ਛੋਟੇ ਮੋਟੇ ਕੋਈ ਅਚਾਨਕ ਵਾਹਨ ਦੇ ਬਰੇਕ ਲੱਗਣ ਜਾਂ ਗੱਡੀ ਵਿੱਚ ਗੱਡੀ ਲੱਗਣ ਨਾਲ ਹੀ ਹੁੰਦੇ ਹਨ, ਜਦੋਂਕਿ ਸ਼ਹਿਰ ਦੇ ਬਾਹਰ ਜ਼ਰੂਰ ਕਈ ਵਾਰ ਹਾਦਸੇ ਹੁੰਦੇ ਹਨ। ਇਸ ਲਈ ਨੈਸ਼ਨਲ ਹਾਈਵੇ ਤੇ ਮੋਬਾਇਲ ਪੈਟਰੋਲ ਲਗਾਤਾਰ ਕੋਈ ਗੱਡੀ ਪਾਰਕ ਕੀਤੀ ਹੋਣ ਤੇ ਉਸ ਨੂੰ ਸਾਈਡ ਹਟਵਾ ਦਿੰਦੇ ਹਨ ਅਤੇ ਆਮ ਲੋਕਾਂ ਨੂੰ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਦੋ ਮਹੀਆ,। ਚਾਰ ਪਹੀਆ ਵਾਹਨਾਂ ਦੇ ਨਾਲ ਤਿੰਨ ਪਹੀਆ ਵਾਹਨਾਂ ਦੇ ਵੀ ਸਮੇਂ ਸਮੇਂ 'ਤੇ ਚਲਾਨ ਕੱੱਟੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵਾਰ ਵਾਰ ਫੋਨ ਕਰਨ 'ਤੇ ਚੁੱਕਿਆ ਹੀ ਨਹੀਂ ਗਿਆ।  

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...