Wednesday, August 6, 2014

ਬਠਿੰਡਾ 'ਚ ਨਗਰ ਨਿਗਮ ਦੀ ਹੜਤਾਲ ਨੇ ਵਿਗਾੜੀ ਸ਼ਹਿਰ ਦੀ ਸੁਰ ਤਾਲ


 ਥਾਂ ਥਾਂ ਲੱਗੇ ਕੂੜੇ ਦੇ ਢੇਰ, ਲੋਕ ਹੋ ਰਹੇ ਖੱਜਲ ਖੁਆਰ
       ਨਗਰ ਨਿਗਮ ਬਠਿੰਡਾ 'ਚ ਮਿਉਂਸੀਪਲ ਵਰਕਰਜ਼ ਯੂਨੀਅਨ ਅਤੇ ਸਫਾਈ ਕਰਮਚਾਰੀ ਯੂਨੀਅਨ ਮੁਲਾਜ਼ਮਾਂ ਦੀ ਚੱਲ ਰਹੀ ਅਣਮਿੱਥੇ ਸਮੇਂ ਲਈ 'ਕਲਮ ਤੇ ਝਾੜੂ ਛੋੜ' ਹੜਤਾਲ ਦੇ ਕਾਰਣ ਜਿੱਥੇ ਕੰਮਕਾਜ ਠੱਪ ਹੋ ਜਾਣ ਬਾਅਦ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ, ਉਥੇ ਹੀ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰਾਂ ਕਾਰਣ ਸ਼ਹਿਰ ਵਿੱਚ ਬਦਬੂ ਫੈਲਣ ਲੱਗੀ ਹੈ।ਇਹਨਾਂ ਕੂੜੇ ਦੇ ਢੇਰਾਂ ਕੋਲ ਦੀ ਲੰਘਣ ਵਾਲੇ ਲੋਕਾਂ ਨੂੰ ਆਪਣੇ ਨੱਕ 'ਤੇ ਹੱਥ ਰੱਖ ਕੇ ਲੰਘਣਾ ਪੈਂਦਾ ਹੈ ਅਤੇ ਇਸ ਦੇ ਇਲਾਵਾ ਘਰਾਂ ਵਿੱਚੋਂ ਵੀ  ਕਰਮਚਾਰੀਆਂ ਦੁਆਰਾ ਕੂੜਾ ਨਾ ਲਿਆਉਣ ਦੇ ਕਾਰਣ ਕੂੜੇ ਦੇ ਢੇਰ ਲੱਗ ਗਏ ਹਨ।                                                                                                                                                                                                                                                                                        
      ਸ਼ਹਿਰ ਦਾ 200 ਟਨ ਕੂੜਾ ਰੋਜ਼ਾਨਾ ਚੁੱਕਿਆ ਜਾਣ ਵਾਲਾ ਦੋ ਦਿਨਾਂ ਤੋਂ ਕਰਮਚਾਰੀਆਂ ਦੀ ਹੜਤਾਲ ਦੇ ਕਾਰਣ ਸ਼ਹਿਰ 'ਚ ਪਿਆ ਹੋਇਆ ਹੈ, ਜੋ ਕਿ ਲੋਕਾਂ ਦੀ ਸਿਰਦਰਦੀ ਬਨਣ ਲੱਗਿਆ ਹੈ। ਇੱਕ ਪਾਸੇ ਨਗਰ ਨਿਗਮ ਬਠਿੰਡਾ ਦੇ ਮਿਉਂਸੀਪਲ ਵਰਕਰਜ਼ ਯੂਨੀਅਨ, ਸਫਾਈ ਕਰਮਚਾਰੀ ਯੂਨੀਅਨ ਦੇ ਕਰਮਚਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਹਨ, ਉਥੇ ਹੀ ਬਠਿੰਡਾ ਵਾਸੀਆਂ ਦੀਆਂ ਦਿੱਕਤਾਂ ਵਿੱਚ ਭਾਰੀ ਵਾਧਾ ਹੋ ਗਿਆ ਹੈ। ਦੂਰ ਦੁਰਾਡੇ ਤੋਂ  ਆਪਣੇ ਕੰਮ ਕਰਵਾਉਣ ਲਈ  ਕੰਮ ਛੱਡ ਕੇ ਆਉਣ ਵਾਲੇ ਲੋਕਾਂ ਨੂੰ ਹੜਤਾਲ ਦਾ ਪਤਾ ਲੱਗਣ ਦੇ ਬਾਅਦ ਵਾਪਸ ਖਾਲੀ ਹੱਥ ਪਰਤਣਾ ਪੈ ਰਿਹਾ ਹੈ।                          
      ਸੁਵਿਧਾ ਸੈਂਟਰ, ਹੈਲਥ ਬਰਾਂਚ, ਬਿਲਡਿੰਗ ਬਰਾਂਚ, ਸੈਨੀਟੇਸ਼ਨ ਬਰਾਂਚ, ਤਹਿਬਜ਼ਾਰੀ ਸ਼ਾਖਾ, ਜਨਮ ਅਤੇ ਸਰਟੀਫਿਕੇਟ ਬਰਾਂਚ ਤੋਂ ਇਲਾਵਾ ਪਾਣੀ ਅਤੇ ਸੀਵਰੇਜ ਸ਼ਾਖਾ ਆਦਿ 'ਚ ਆਪਣੀ ਸੀਟ 'ਤੇ ਕੋਈ ਵੀ ਮੁਲਾਜ਼ਮ ਦੇ ਨਾ ਬੈਠੇ ਹੋਣ ਦੇ ਕਾਰਣ ਆਉਣ ਵਾਲੇ ਲੋਕ ਅੱਜ ਮਾਯੂਸ ਹੁੰਦੇ ਰਹੇ, ਜਦੋਂਕਿ ਇਹ ਸ਼ਾਖਾਵਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਮੰਨਵਾਉਣ ਲਈ ਨਗਰ ਨਿਗਮ ਬਠਿੰਡਾ ਦੇ ਗੇਟ 'ਤੇ ਧਰਨਾ ਦਿੰਦੇ ਰਹੇ।                                             
     ਜਨਮ ਸਰਟੀਫਿਕੇਟ ਵਿੱਚ ਦਰੁੱਸਤੀ ਕਰਵਾਉਣ ਲਈ ਚੰਡੀਗੜ੍ਹ ਤੋਂ ਪੁੱਜੇ ਨਵਨੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਬਠਿੰਡਾ ਰਹਿੰਦੇ ਸਨ ਅਤੇ ਹੁਣ ਉਹ ਪੰਚਕੂਲਾ ਸ਼ਿਫਟ ਹੋ ਗਏ ਹਨ। ਅੱਜ ਉਹ ਆਪਣੀ ਮੰਮੀ ਨਾਲ ਜਨਮ ਸਰਟੀਫਿਕੇਟ ਵਿੱਚ ਦਰੁੱਸਤੀ ਕਰਵਾਉਣ ਆਇਆ ਸੀ ਪਰ ਇੱਥੇ ਪੁੱਜ ਕੇ ਉਹਨਾਂ ਨੂੰ ਮੁਲਾਜ਼ਮਾਂ ਦੇ ਹੜਤਾਲ 'ਤੇ ਚਲੇ ਜਾਣ ਦਾ ਪਤਾ ਲੱਗਿਆ ਹੈ। ਉਸਨੇ ਦੱਸਿਆ ਕਿ ਉਸ ਨੂੰ ਆਪਣੇ ਇੱਕ ਜਰੂਰੀ ਕੰਮ ਲਈ ਇਹ ਸਰਟੀਫਿਕੇਟ ਦੀ ਦਰੁਸਤੀ ਕਰਵਾਉਣੀ ਜ਼ਰੂਰੀ ਸੀ।                                                                                  


       ਪਰਸ ਰਾਮ ਨਗਰ ਦੇ ਰਹਿਣ ਵਾਲੇ ਅਰਸ਼ਦੀਪ ਦਾ ਆਖਣਾ ਸੀ ਕਿ ਉਹ ਤਾਂ ਪਾਣੀ ਦਾ ਬਿਲ ਭਰਨ ਲਈ ਨਗਰ ਨਿਗਮ ਬਠਿੰਡਾ ਆਇਆ ਸੀ ਪਰ ਇੱਥੇ ਪੁੱਜ ਕੇ ਪਤਾ ਚੱਲਿਆ ਹੈ ਕਿ ਮੁਲਾਜ਼ਮਾਂ ਦੀ ਅੱਜ ਹੜਤਾਲ ਚੱਲ ਰਹੀ ਹੈ।                                                     ਮਿਉਂਸੀਪਲ ਵਰਕਰਜ਼ ਯੂਨੀਅਨ ਦੇ ਆਗੂ ਭੋਲਾ ਸਿੰਘ, ਰਵਿੰਦਰ ਸਿੰਘ ਚੀਮਾ, ਰਣਜੀਤ ਸਿੰਘ ਦੇ ਇਲਾਵਾ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵੀਰਭਾਨ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਦਰਜਾ-3 ਕਰਮਚਾਰੀਆਂ ਕਲਰਕ, ਸੁਪਰਵਾਈਜ਼ਰ ਅਤੇ ਪੰਪ ਓਪਰੇਟਰ ਤੋਂ ਇਲਾਵਾ ਹੋਰਾਂ ਦੀਆਂ ਬਦਲੀਆਂ ਹੋਰ ਸ਼ਹਿਰਾਂ ਵਿੱਚ ਕੀਤੀਆਂ ਜਾਣ ਦਾ ਨੋਟੀਫਿਕੇਸ਼ਨ ਆ ਚੁੱਕਿਆ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਦਲੀਆਂ ਹੋਣ ਨਾਲ ਮੁਲਾਜ਼ਮਾਂ ਦੀਆਂ ਦਿੱਕਤਾਂ ਵਿੱਚ ਵਾਧਾ ਹੋ ਜਾਵੇਗਾ।                                                                                                                                                                              ਪੰਜਾਬ ਸਰਕਾਰ ਦੁਆਰਾ ਲਗਾਤਾਰ ਧੱਕਾ ਕੀਤਾ ਜਾ ਰਿਹਾ ਹੈ ਅਤੇ ਇਸ ਧੱਕੇਸ਼ਾਹੀ ਦੇ ਵਿਰੁੱਧ ਮੁਲਾਜ਼ਮਾਂ ਨੂੰ ਉਠ ਕੇ ਪੰਜਾਬ ਸਰਕਾਰ ਦੇ ਖਿਲਾਫ ਖੜ੍ਹਾ ਹੋਣ ਬਾਅਦ ਹੀ ਸਮੱਸਿਆਵਾਂ ਦਾ ਕੋਈ ਹੱਲ ਨਿਕਲੇਗਾ। ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੁਆਰਾ ਭੇਜਿਆ ਹੋਇਆ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਇਲਾਵਾ ਹੋਰ ਮੰਗਾਂ ਨਗਰ ਨਿਗਮ ਬਠਿੰਡਾ ਵਿਖੇ 138 ਦਿਹਾੜੀਦਾਰ ਸਫਾਈ ਕਰਮਚਾਰੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਪੈਨਸ਼ਨ ਤੋਂ ਵਾਂਝੇ ਰਹਿ ਗਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪੜ੍ਹੇ ਲਿਖੇ ਸਫਾਈ ਕਰਮਚਾਰੀਆਂ ਨੂੰ ਯੋਗਤਾ ਅਤੇ ਡਿਪਲੋਮਾ ਅਨੁਸਾਰ ਕਲਰਕ/ਸੈਨਟਰੀ ਸੁਪਰਵਾਈਜਰ ਅਤੇ ਫੌਗ ਮਸ਼ੀਨ ਆਪਰੇਟਰਾਂ ਦੀਆਂ 
ਤਰੱਕੀਆਂ ਦਿੱਤੀਆਂ ਜਾਣ।                                                                                                                                                                                                        ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ ਅਤੇ ਇਹ ਹੜਤਾਲ ਉਹਨਾਂ ਦੀ ਲਗਾਤਾਰ ਜ਼ਾਰੀ ਰਹੇਗੀ। ਇਸ ਮੌਕੇ ਕੈਲਾਸ਼ ਚੰਦਰ ਦੇ ਇਲਾਵਾ ਹੋਰ ਕਈ ਵਰਕਰ ਮੌਜੂਦ ਸਨ।
                                                                   photo by vijay 

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...