Thursday, July 17, 2014

ਭਗਵੇ ਕੱਪੜੇ ਅਤੇ ਅਜਨਬੀ ਲੋਕਾਂ ਦੇ ਬਠਿੰਡਾ ਜੰਕਸ਼ਨ 'ਤੇ ਡੇਰੇ ਲਗਾਉਣਾ ਸੁਰੱਖਿਆ ਲਈ ਖਤਰਾ


ਜੀ.ਆਰ.ਪੀ ਅਤੇ ਆਰ.ਪੀ.ਐਫ ਦੀ ਇਹਨਾਂ 'ਤੇ ਨਜ਼ਰ ਰੱਖਣ 'ਚ ਕੀਤੀ ਅਣਗਹਿਲੀ ਪੈ ਸਕਦੀ ਹੈ ਰੇਲਵੇ ਵਿਭਾਗ ਨੂੰ ਮਹਿੰਗੀ 

   ਉੱਤਰੀ ਭਾਰਤ ਦਾ ਸਭ ਤੋਂ ਵੱਡਾ ਜੰਕਸ਼ਨ ਮੰਨੇ ਜਾਣ ਵਾਲੇ ਬਠਿੰਡਾ ਰੇਲਵੇ ਸਟੇਸ਼ਨ 'ਤੇ ਹੁਣ ਪ੍ਰਵਾਸੀ ਅਜਨਬੀ ਲੋਕਾਂ, ਭਿਖਾਰੀ ਅਤੇ ਭਗਵੇ ਕੱਪੜੇ ਪਾ ਸਾਧੂ ਰੂਪੀ ਲੋਕਾਂ ਦਾ ਲੱਗਿਆ ਜਮਾਵੜਾ ਬਠਿੰਡਾ ਸਟੇਸ਼ਨ ਦੀ ਸੁਰੱਖਿਆ ਲਈ ਖਤਰਾ ਬਣਦਾ ਜਾ ਰਿਹਾ ਹੈ ਅਤੇ ਰੇਲਵੇ ਪੁਲੀਸ ਦੀ ਇਹਨਾਂ ਆਉਣ ਵਾਲੇ ਪ੍ਰਵਾਸੀਆਂ ਵੱਲ ਧਿਆਨ ਨਾ ਦੇਣ ਦੀ ਅਣਗਹਿਲੀ ਰੇਲਵੇ ਵਿਭਾਗ ਨੂੰ ਕਦੋਂ ਵੀ ਭਾਰੀ ਪੈ ਸਕਦੀ ਹੈ। 


   ਸਟੇਸ਼ਨ 'ਤੇ ਲਗਾਤਾਰ ਕਈ ਕਈ ਦਿਨ ਰਹਿਣ ਵਾਲੇ ਪ੍ਰਵਾਸੀਆਂ ਨੂੰ ਕਦੇ ਵੀ ਆਰ.ਪੀ.ਐਫ ਜਾਂ ਫਿਰ ਜੀ.ਆਰ.ਪੀ ਪੁਲੀਸ ਚੈਕ ਕਰਨਾ ਮੁਨਾਸਬ ਨਹੀਂ ਸਮਝਦੀ ਅਤੇ ਇਹਨਾਂ ਪ੍ਰਵਾਸੀਆਂ 'ਚੋਂ ਕਈ ਆਪਣੇ ਸੂਬੇ 'ਚ ਅਪਰਾਧ ਕਰਕੇ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਇਹਨਾਂ ਪ੍ਰਵਾਸੀਆਂ ਨੂੰ ਕਈ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਖਾਣ ਪੀਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਜਿਸ ਕਰਕੇ ਇਹ ਲੋਕ ਸਟੇਸ਼ਨ ਦੇ ਆਲੇ ਦੁਆਲੇ ਹੀ ਆਪਣੇ ਡੇਰੇ ਲਗਾ ਕੇ ਰੱਖਦੇ ਹਨ ਅਤੇ ਕਈ ਵਾਰ ਰਾਤ ਨੂੰ ਇਹ ਭਗਵਾ ਪਹਿਰਾਵਾ ਪਾਏ ਹੋਏ ਸਾਧੂ ਰੂਪੀ ਪ੍ਰਵਾਸੀ ਸ਼ਰਾਬੀ ਹੋ ਕੇ ਹੁੜਦੰਗ ਵੀ ਮਚਾਉਂਦੇ ਹਨ, ਜਦੋਂਕਿ ਕਈ ਵਾਰਦਾਤਾਂ 'ਚ ਤਾਂ ਇਹਨਾਂ ਵਿੱਚੋਂ ਕਈ ਸਾਧੂ ਲੜਾਈ ਝਗੜੇ ਦੇ ਮਾਮਲਿਆਂ 'ਚ ਵੀ ਆਏ ਹਨ। ਇਹਨਾਂ 'ਚੋਂ ਕਈ ਤਾਂ ਕਈ ਕਈ ਦਿਨ ਇੱਥੇ ਰਹਿੰਦੇ ਹਨ ਅਤੇ ਮੰਗ ਕੇ ਗੁਜ਼ਾਰਾ ਕਰਦੇ ਹਨ। ਕੁੱਝ ਦਿਨਾਂ ਬਾਅਦ ਬਿਨ੍ਹਾਂ ਟਿਕਟ ਅੱਗੇ ਜਾਣ ਲਈ ਰੇਲ ਗੱਡੀਆਂ 'ਤੇ ਚੜ੍ਹ ਜਾਂਦੇ ਹਨ।   

    ਰੇਲਵੇ ਸੂਤਰਾਂ ਅਨੁਸਾਰ ਇੱਕ ਰੇਲਵੇ ਮੁਸਾਫਰ ਨੇ ਇਹਨਾਂ ਪ੍ਰਵਾਸੀਆਂ ਤੋਂ ਆਉਣ ਵਾਲੀਆਂ ਦਿੱਕਤਾਂ ਦੇ ਬਾਰੇ ਵਿੱਚ ਲਿਖ ਕੇ ਰੇਲਵੇ ਵਿਭਾਗ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਵਿੱਚ ਉਸਨੇ ਰੇਲਵੇ ਵਿਭਾਗ ਅਧਿਕਾਰੀਆਂ ਨੂੰ ਇਹਨਾਂ ਦੂਜੇ ਸੂਬਿਆਂ ਤੋਂ ਆ ਰਹੇ ਕਈ ਅਜਨਬੀ ਪ੍ਰਵਾਸੀਆਂ ਵੱਲੋਂ ਖੜ੍ਹੀਆਂ ਕੀਤੀਆਂ ਜਾਂਦੀਆਂ ਦਿਕਤਾਂ ਦੇ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਕਈ ਰੇਲ ਮੁਸਾਫਰਾਂ ਦਾ ਆਖਣਾ ਹੈ ਕਿ ਇਹ ਭਗਵੇ ਕੱਪੜੇ ਪਾਏ ਸਾਧੂ ਰੂਪੀ ਲੋਕ ਰੇਲਵੇ ਸਟੇਸ਼ਨ 'ਤੇ ਆਪਤੀਜਨਕ ਹਾਲਤ 'ਚ ਵੀ ਪਾਏ ਜਾਂਦੇ ਹਨ ਪਰ ਜੀ.ਆਰ.ਪੀ ਅਤੇ ਆਰ.ਪੀ.ਐਫ ਦੁਆਰਾ ਅਜਿਹੀਆਂ ਹਰਕਤਾਂ ਕਰਨ ਵਾਲੇ ਸਾਧੂਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ। ਜਦੋਂਕਿ ਇਹਨਾਂ ਦੇ ਨਜ਼ਦੀਕ ਤੋਂ ਹੀ ਆਉਣ ਜਾਣ ਵਾਲੀਆਂ ਸਵਾਰੀਆਂ ਲੰਘ ਰਹੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹੁੰਦੇ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਲੰਘਦੇ ਹੋਏ ਸਰਮਸ਼ਾਰ ਹੋ ਜਾਂਦੇ ਹਨ।  

   ਰੇਲਵੇ ਅਧਿਕਾਰੀਆਂ ਦਾ ਵੀ ਆਖਣਾ ਹੈ ਕਿ ਇਹਨਾਂ ਵੱਧ ਰਹੇ ਭਗਵੇ ਕੱਪੜੇ ਵਾਲੇ ਸਾਧੂ ਰੂਪੀ ਲੋਕਾਂ ਜਾਂ ਫਿਰ ਅਵਾਰਾ ਗਰਦ ਘੁੰਮਦੇ ਕਈ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੇ ਕਾਰਣ ਰੇਲਵੇ ਵਿਭਾਗ ਲਈ ਦਿੱਕਤਾਂ ਤਾਂ ਵੱਧ ਹੀ ਰਹੀਆਂ ਹਨ। ਇਹ ਗੰਦਗੀ ਫੈਲਾਉਂਦੇ ਹਨ ਅਤੇ ਹੋਰ ਘਟਨਾਵਾਂ ਵੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਹ ਉਹਨਾਂ ਨੂੰ ਉਠਾਉਣਾ ਤਾਂ ਚਾਹੁੰਦੇ ਹਨ ਪਰ ਆਰ.ਪੀ.ਐਫ ਅਤੇ ਜੀ.ਆਰ.ਪੀ ਪੁਲੀਸ ਦਾ ਇਹਨਾਂ ਵੱਲ ਜ਼ਿਆਦਾ ਧਿਆਨ ਦੇਣਾ ਫਰਜ਼ ਬਣਦਾ ਹੈ ਪਰੰਤੂ ਉਹ ਸਿੱਧੇ ਤੌਰ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੇ। ਜਿਹਨਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
  
 ਇੱਕ ਪਾਸੇ ਜਿੱਥੇ ਰੇਲਵੇ ਵਿਭਾਗ ਨੂੰ ਇਹਨਾਂ ਕਈ ਦਿੱਕਤਾਂ ਦਾ ਸਾਹਮਣਾ ਇਹਨਾਂ ਕਰਕੇ ਕਰਨਾ ਪੈਂਦਾ ਹੈ, ਉਥੇ ਹੀ ਰੇਲਵੇ ਵਿਭਾਗ ਦੀ ਸੁਰਖਿਆ ਵੀ ਖਤਰੇ 'ਚ ਪਈ ਨਜ਼ਰ ਆਉਂਦੀ ਹੈ। ਇਸ ਮਾਮਲੇ 'ਚ ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਦਾ ਆਖਣਾ ਹੈ ਕਿ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਵਿੱਚੋਂ ਉਹਨਾਂ ਦੀ ਸੰਸਥਾ ਵੀ ਇੱਕ ਹੈ। ਉਹ ਤਾਂ ਆਉਣ ਵਾਲੇ ਰੇਲਵੇ ਮੁਸਾਫਰਾਂ ਨੂੰ ਸਹੂਲਤਾਂ ਦੇਣਾ ਚਾਹੁੰਦੇ ਹਨ ਅਤੇ ਸਾਧੂਆਂ ਦੀ ਵੀ ਸੇਵਾ ਕਰਦੇ ਹਨ ਪਰੰਤੂ ਕਈ ਰਾਤ ਨੂੰ ਸ਼ਰਾਬ ਪੀਂਦੇ ਹਨ। ਇਹਨਾਂ 'ਚੋਂ ਕਈ ਸਾਧੂ ਰੂਪੀ ਭਗਵੇ ਕੱਪੜੇ ਪਾ ਕੇ ਲੋਕਾਂ ਨੂੰ ਅਤੇ ਉਹਨਾਂ ਨੂੰ ਗੁੰਮਰਾਹ ਕਰਦੇ ਹਨ। ਇਸ ਨਾਲ ਧਾਰਮਿਕ ਵਿਅਕਤੀਆਂ ਨੂੰ ਠੇਸ ਪੁਜਦੀ ਹੈ। ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਤੇ ਜੇਕਰ ਕੋਈ ਭਗਵੇ ਕੱਪੜੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਫੜਿਆ ਜਾਂਦਾ ਹੈ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਪੁਲੀਸ ਦੁਆਰਾ ਵੀ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਅਤੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। 


 ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੇ ਆਗੂ ਦੇਸਰਾਜ ਛੱਤਰੀਵਾਲਾ ਦਾ ਆਖਣਾ ਹੈ ਕਿ ਜੇਕਰ ਅਜਿਹੇ ਕੋਈ ਬਾਹਰਲੇ ਸੂਬਿਆਂ 'ਚੋਂ ਵਿਅਕਤੀ ਜਾਂ ਭਗਵੇ ਕੱਪੜੇ ਵਾਲਿਆਂ ਸਾਧੂ ਰੂਪੀ ਲੋਕਾਂ ਲਈ ਰੈਣ ਵਸੇਰੇ 'ਚ ਹੀ ਜਗ੍ਹਾ ਹੋਣੀ ਚਾਹੀਦੀ ਹੈ ਅਤੇ ਰੇਲਵੇ ਸਟੇਸ਼ਨ 'ਤੇ ਇਹਨਾਂ ਦਾ ਪੂਰੀ ਤਫਤੀਸ਼ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਕਿੱਥੋਂ ਆਏ ਹਨ ਅਤੇ ਕਿਥੇ ਰਹਿ ਰਹੇ ਹਨ ਅਤੇ ਕੀ ਕਰਦੇ ਹਨ? ਰੇਲਵੇ ਸਟੇਸ਼ਨ ਦੀ ਜਗ੍ਹਾ ਇਹ ਰੈਣ ਵਸੇਰਿਆਂ 'ਚ ਹੀ ਰਹਿਣ ਮਗਰ ਪੂਰਾ ਇਹਨਾਂ ਨੂੰ ਚੈਕ ਕੀਤਾ ਜਾਣਾ ਚਾਹੀਦਾ ਹੈ। 

 ਇਸ ਮਾਮਲੇ 'ਚ ਆਰਪੀਐਫ ਇੰਚਾਰਜ ਰਾਜੇਸ਼ ਰੋਹੇਲਾ ਦਾ ਆਖਣਾ ਹੈ ਕਿ ਉਹ ਬਠਿੰਡਾ ਰੇਲਵੇ ਜੰਕਸ਼ਨ 'ਤੇ ਪੂਰੀ ਨਜ਼ਰ ਰੱਖਦੇ ਹਨ ਪਰੰਤੂ ਸਟਾਫ ਦੀ ਕਮੀ ਹੋਣ ਕਾਰਣ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਉਹ ਇਹਨਾਂ ਵੱਧ ਰਹੀ ਪ੍ਰਵਾਸੀ ਲੋਕਾਂ ਵੱਲ ਧਿਆਨ ਦੇਣ ਨੂੰ ਪਹਿਲ ਦੇ ਰਹੇ ਹਨ ਅਤੇ ਗੰਦਗੀ ਫੈਲਾਉਣ ਵਾਲਿਆ ਖਿਲਾਫ ਵੀ ਮੁਹਿੰਮ ਚਲਾਈ ਹੋਈ ਹੈ।

No comments:

Post a Comment

’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ,

 ਦਾਦੀ ਦੀਆਂ ਮਿੱਠੀਆਂ ਯਾਦਾਂ ਦਾਦੀ ਦੀ ਕੰਨੀ ਪੈਂਦੀ ਐ ਅਵਾਜ਼, ਨਿਕਲਦੀ ਐ ਦਿਲ ’ਚੋਂ ਹੂਕ   ਲੇਖਕ ਨਰਿੰਦਰ ਕੌਰ  ’ਕੁੜੇ ਨੀਰੂ’ ਪਾਣੀ ਦਾ ਗਿਲਾਸ ਲਿਆਈਂ ਠੰਡਾ ਜਾ, ਛੋਟੇ ਗ...